Press statement released by Dal Khalsa office:
DAL KHALSA INTERNATIONAL PRESIDENT SARDAR HARCHARANJIT SINGH DHAMI
ਖਾਲਿਸਤਾਨ ਦੀ ਸਿਰਜਣਾ ਸਾਡੀ ਜਿੰਦ-ਜਾਨ ਹੈ: ਦਲ ਖਾਲਸਾ
ਦਲ ਖਾਲਸਾ ਨੇ ਕਿਹਾ ਕਿ ਗੁਰੂ ਸਿਧਾਂਤਾਂ ਅਤੇ ਯੂ.ਐਨ. ਓ. ਦੇ ਨਿਯਮਾਂ ਅਨੁਸਾਰ ਹਰ ਮਨੁੱਖ ਨੂੰ ਬਰਾਬਰ
ਜਿਊਣ, ਮਨੁੱਖੀ ਅਤੇ ਧਾਰਮਿਕ ਆਜ਼ਾਦੀ ਦਾ ਨਿੱਘ ਮਾਨਣ ਦਾ ਪੂਰਾ ਹੱਕ ਹੈ, ਤਾਂ ਫਿਰ ਕਿਉਂ
ਆਲਮੀ ਬਰਾਦਰੀ ਅਤੇ ਭਾਰਤੀ ਹਕੂਮਤ ਸਿੱਖਾਂ ਨੂੰ ਸਵੈ-ਨਿਰਣੇ ਦੇ ਹੱਕ ਤੋਂ ਵਾਂਝੇ ਰੱਖ
ਰਹੀ ਹੈ।
ਖ਼ਾਲਸਤਾਨ ਐਲਾਨਨਾਮੇ ਦੀ ੨੬ ਵੀਂ ਵਰੇਗੰਢ ਮੌਕੇ ਜਾਰੀ ਆਪਣੇ
ਨੀਤੀ-ਬਿਆਨ ਵਿੱਚ ਪਾਰਟੀ ਪ੍ਰਧਾਨ ਹਰਚਰਨਜੀਤ ਸਿੰਘ ਧਾਮੀ ਨੇ ਕਿਹਾ ਕਿ ਸਿੱਖ ਕੌਮ ਨੇ ਇਕ
ਲੰਮਾ ਸੰਘਰਸ਼ ਲੜਿਆ ਹੈ ਜੋ ਕਈ ਬਦਲਵੇਂ ਰੂਪਾਂ ਵਿਚ ਅੱਜ ਵੀ ਜ਼ਾਰੀ ਹੈ। ਉਹਨਾਂ ਕਿਹਾ ਕਿ
ਭਾਈ ਫੌਜਾ ਸਿੰਘ ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਤੋਂ ਲੈਕੇ ਭਾਈ ਦਿਲਾਵਰ ਸਿੰਘ
ਤੱਕ ਬਹੁਤ ਸਾਰੇ ਕੌਮੀ ਯੋਧੇ ਸ਼ਹਾਦਤਾਂ ਪਾ ਗਏ ਹਨ ਜਿਨਾਂ ਅੱਗੇ ਉਹ ਆਪਣਾ ਸੀਸ ਝੁਕਾਉਂਦੇ
ਹਨ।
ਜ਼ਿਕਰਯੋਗ ਹੈ ਕਿ ੨੬ ਵਰ ਪਹਿਲਾਂ ੨੯ ਅਪਰੈਲ ਵਾਲੇ ਦਿਨ ਅਕਾਲ ਤਖਤ ਸਾਹਿਬ
ਤੋਂ, ਦਮਦਮੀ ਟਕਸਾਲ ਵਲੋਂ ਗਠਿਤ ਕੀਤੀ ਗਈ ਪੰਜ ਮੈਂਬਰੀ ਪੰਥਕ ਕਮੇਟੀ ਨੇ ਖ਼ਾਲਸਤਾਨ ਦਾ
ਐਲਾਨ ਕੀਤਾ ਸੀ।
ਉਹਨਾਂ ਕਿਹਾ ਕਿ ਬੀਤੇ ਸਮੇਂ ਦੌਰਾਨ ਪੰਜਾਬ ਅੰਦਰ ਬੇਤਹਾਸ਼ਾ
ਖੂਨ ਡੁੱਲਿਆ ਹੈ। ਹਰ ਉਹ ਵਿਅਕਤੀ ਚਾਹੇ ਉਹ ਕਿਸੇ ਵੀ ਧਰਮ, ਜਾਤ ਜਾਂ ਕਿੱਤੇ ਨਾਲ ਸਬੰਧ
ਰੱਖਦਾ ਸੀ, ਜਿਹੜਾ ਬੇਦੋਸ਼ਾ ਹੀ 'ਜੰਗ ਹਿੰਦ-ਪੰਜਾਬ' ਦੀ ਬਲੀ ਚੜਿਆ ਹੈ, ਉਸ ਦਾ ਸਾਨੂੰ
ਦੁੱਖ ਹੈ, ਅਫਸੋਸ ਹੈ। ਉਹਨਾਂ ਕਿਹਾ ਕਿ ਆਲਮੀ ਭਾਈਚਾਰਾ, ਖ਼ਾਲਸਤਾਨ ਦੇ
ਸਮਰਥਕਾਂ/ਮੁਖਾਲਫਾਂ ਅਤੇ ਭਾਰਤੀ ਸਿਵਲ ਸੁਸਾਇਟੀ ਦੀ ਸਾਂਝੀ ਜ਼ਿਮੇਵਾਰੀ ਹੈ ਕਿ ਉਹ ਸੰਘਰਸ਼
ਦੇ ਮੌਜੂਦਾ ਦੌਰ ਨੂੰ ਖੁਸ਼ਗਵਾਰ ਅਤੇ ਹਿੰਸਾ-ਰਹਿਤ ਰੱਖਣ। ਉਹਨਾਂ ਮੰਨਿਆ ਕਿ ਪੰਜਾਬ
ਹਿੰਦੂਆਂ, ਮੁਸਲਮਾਨਾਂ, ਈਸਾਈਆਂ, ਸਿੱਖਾਂ ਸਾਰਿਆਂ ਦਾ ਹੈ, ਜੋ ਇਸ ਦੇ ਵਾਸੀ/ਬਸ਼ਿੰਦੇ
ਹਨ।
ਉਹਨਾਂ ਕਿਹਾ ਬੀਤੇ ੨੬ ਵਰਿਆਂ ਅੰਦਰ ਆਲਮੀ, ਭਾਰਤ ਅਤੇ ਸਿੱਖਾਂ ਦੇ
ਅੰਦਰੂਨੀ ਹਾਲਾਤਾਂ ਵਿੱਚ ਵੱਡੀ ਤਬਦੀਲੀ ਆਈ ਹੈ। ਉਹਨਾਂ ਕਿਹਾ ਕਿ ਅੱਜ ਲੋੜ ਹੈ ਬੀਤੇ
ਦੀਆਂ ਘਟਨਾਵਾਂ ਉਤੇ ਸੰਜੀਦਗੀ ਅਤੇ ਹਮਦਰਦੀ ਨਾਲ ਵਿਚਾਰ ਕਰਨ ਦੀ। ਉਹਨਾਂ ਸਪਸ਼ਟ ਕੀਤਾ ਕਿ
ਪੰਜਾਬ ਵਿੱਚ ਸਥਾਪਿਤ ਕੀਤੀ ਗਈ ਸ਼ਾਂਤੀ ਫੋਕੀ ਹੈ। ਉਹਨਾਂ ਬੀਤੇ ਦਿਨੀ ਗੁਰਦਾਸਪੁਰ ਵਿਖੇ
ਸ਼ਹੀਦ ਹੋਏ ਜਸਪਾਲ ਸਿੰਘ ਦੇ ਕਤਲ ਦਾ ਵਿਸ਼ੇਸ਼ ਜ਼ਿਕਰ ਕਰਦਿਆਂ ਕਿਹਾ ਕਿ ਬੰਦੂਕ ਅਤੇ ਤਸ਼ਦਦ
ਨਾਲ ਸਥਾਪਿਤ ਕੀਤੀ ਗਈ ਖਾਮੋਸ਼ੀ ਨੂੰ ਸਰਕਾਰ ਨੇ ਸ਼ਾਂਤੀ ਦਾ ਨਾਂ ਦੇ ਦਿੱਤਾ ਹੈ। ਉਹਨਾਂ
ਅਫਸੋਸ ਜਤਾਇਆ ਕਿ ਅੱਜ ਵੀ ਪੰਜਾਬ ਦੇ ਕੁਦਰਤੀ ਸੋਮੇ, ਦਰਿਆਈ ਪਾਣੀ, ਜ਼ਮੀਨ, ਮਾਣ-ਸਨਮਾਨ
ਅਤੇ ਆਜ਼ਾਦੀ ਨੂੰ ਸਰਕਾਰੀ ਜਬਰ ਅਤੇ ਅੰਨੀ ਤਾਕਤ ਦੇ ਜ਼ੋਰ ਉਤੇ ਲਤਾੜਿਆ ਅਤੇ ਖੋਹਿਆ ਜਾ
ਰਿਹਾ ਹੈ।
ਉਹਨਾਂ ਕਿਹਾ ਕਿ ਗਿਣਤੀ ਪੱਖੋਂ ਭਾਂਵੇ ਉਹ “ਮੁੱਠੀ ਭਰ“ ਹੀ ਸਹੀ,
ਪਰ ਉਹ ਸਿਧਾਂਤਾਂ ਨਾਲ ਜੁੜੇ ਹੋਏ ਹਨ ਅਤੇ ਇਸ ਨਾਤੇ ਸਪਸ਼ਟ ਕਰਨਾ ਚਾਹੁੰਦਾ ਹਨ ਕਿ
ਖ਼ਾਲਸਤਾਨ ਦੀ ਸਿਰਜਣਾ ਉਹਨਾਂ ਦੀ ਜ਼ਿੰਦ-ਜਾਨ ਹੈ।