Wednesday, 18 July 2012

Dal Khalsa & Other Sikh Jathebandia Protest Against Radhaswamis Destruction Of Gurdwara

DAL KHALSA'S BHAI SARBJIT SINGH GHUMAN ALONGSIDE OTHER SIKH ACTIVISTS OF VARIOUS SIKH JATHEBANDIA UNITED AS ONE PROTESTING AGAINST THE HINDUTVA RADHASWAMI CULT WHICH DESTROYED A GURDWARA SAHIB & IS TAKING OVER THE LAND OF POOR FARMERS/VILLAGERS

 ਬਿਆਸ, 17 ਜੁਲਾਈ (ਦਿਨੇਸ਼ ਸ਼ਰਮਾ, ਪਰਮਜੀਤ ਰੱਖੜਾ, ਰਾਜਨ)-ਬੀਤੇ ਦਿਨੀਂ ਨਜ਼ਦੀਕੀ ਪਿੰਡ ਵੜੈਚ ਵਿਖੇ ਗੁਰਦੁਆਰਾ ਸਾਹਿਬ ਢਾਹੇ ਜਾਣ ਦੇ ਵਿਰੋਧ 'ਚ ਸਿੱਖ ਜਥੇਬੰਦੀਆਂ ਵੱਲੋਂ ਅੱਜ ਬਿਆਸ ਵਿਖੇ ਕਰੀਬ ਡੇਢ ਘੰਟਾ ਜੀ. ਟੀ. ਰੋਡ ਜਾਮ ਰੱਖਿਆ ਗਿਆ ਜਿਸ ਨਾਲ ਜੀ. ਟੀ. ਰੋਡ 'ਤੇ ਦੋਵੀਂ ਪਾਸੇ ਲੰਬੀਆਂ ਲਾਈਨਾਂ ਲੱਗ ਗਈਆਂ ਤੇ ਰਾਹਗੀਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਅੱਜ ਸਵੇਰ ਤੋਂ ਹੀ ਬਿਆਸ ਤੋਂ ਡੇਰਾ ਬਿਆਸ ਵੱਲ ਜਾਂਦੇ ਰਸਤਿਆਂ 'ਤੇ ਪੁਲਿਸ ਫੋਰਸ ਦਾ ਭਾਰੀ ਜਮਾਵੜਾ ਰਿਹਾ ਤੇ ਇਸੇ ਦੌਰਾਨ ਸਿੱਖ ਜਥੇਬੰਦੀਆਂ ਨੇ ਜੀ. ਟੀ. ਰੋਡ 'ਤੇ ਸਥਿਤ ਗੁਰਦੁਆਰਾ ਅਮਾਨਤਸਰ ਸਾਹਿਬ ਵਿਖੇ ਇੱਕਠੇ ਹੋਣਾ ਸ਼ੁਰੂ ਕਰ ਦਿੱਤਾ। ਪ੍ਰਸ਼ਾਸ਼ਨ ਵੱਲੋਂ ਜਥੇਬੰਦੀਆਂ ਕੋਲੋਂ ਅੱਜ 17 ਜੁਲਾਈ ਤੱਕ ਫੈਸਲੇ ਦਾ ਸਮਾਂ ਮੰਗਿਆ ਗਿਆ ਸੀ ਪਰ ਅੱਜ ਤੱਕ ਗੱਲ ਕਿਸੇ ਪਾਸੇ ਨਾ ਲੱਗਣ ਕਾਰਨ ਹੀ ਜਥੇਬੰਦੀਆਂ ਨੇ ਇਹ ਜੀ. ਟੀ. ਰੋਡ ਜਾਮ ਕਰਨ ਦਾ ਫੈਸਲਾ ਲਿਆ। ਇਸ ਮੌਕੇ ਜ਼ਿਲ੍ਹਾ ਅੰਮ੍ਰਿਤਸਰ (ਦਿਹਾਤੀ) ਦੇ ਪੁਲਿਸ ਮੁਖੀ ਪ੍ਰੀਤਪਾਲ ਸਿੰਘ ਵਿਰਕ, ਏ. ਡੀ. ਸੀ. ਅੰਮ੍ਰਿਤਸਰ ਤੇ ਤਹਿਸੀਲਦਾਰ ਬਾਬਾ ਬਕਾਲਾ ਨੇ ਅੱਜ ਧਰਨਾਕਾਰੀਆਂ ਨੂੰ ਅੱਜ ਇਕ ਵਾਰ ਫੇਰ ਵਿਸ਼ਵਾਸ਼ ਦੁਆਇਆ ਕਿ ਇਸ ਮਾਮਲੇ ਦੀ ਜਾਂਚ ਲਈ ਸ਼੍ਰੋਮਣੀ ਕਮੇਟੀ ਦੀ ਇਕ ਪੰਜ ਮੈਂਬਰੀ ਕਮੇਟੀ ਨਿਯੁਕਤ ਹੋ ਚੁੱਕੀ ਹੈ ਜੋ ਕਿ ਆਉਂਦੇ ਦਿਨਾਂ 'ਚ ਆਪਣੀ ਰਿਪੋਰਟ ਦੇ ਦੇਵੇਗੀ। ਇਨ੍ਹਾਂ ਅਧਿਕਾਰੀਆਂ ਨੇ ਸਿੱਖ ਜਥੇਬੰਦੀਆਂ ਨੂੰ ਇਸ ਕਮੇਟੀ ਦੀ ਰਿਪੋਰਟ ਦੀ ਉਡੀਕ ਇੱਕ ਹਫਤੇ ਤੱਕ ਕਰਨ ਲਈ ਕਿਹਾ ਤਾਂ ਜੋ ਰਿਪੋਰਟ ਆਉਣ ਪਿਛੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਨਾਲ ਹੀ ਅਗਲਾ ਫੈਸਲਾ ਲਿਆ ਜਾਵੇ। ਇਸ ਪਿਛੋਂ ਧਰਨੇ ਦੀ ਅਗਵਾਈ ਕਰ ਰਹੇ ਜਥੇਦਾਰ ਅਮਰੀਕ ਸਿੰਘ ਵੱਲੋਂ ਸਿੱਖ ਸੰਗਤਾਂ ਨੂੰ ਧਰਨਾ ਚੁੱਕਣ ਦੀ ਅਪੀਲ ਕਰਨ ਪਿਛੋਂ ਇਹ ਧਰਨਾ ਚੁੱਕਿਆ ਗਿਆ ਤੇ ਜੀ. ਟੀ. ਰੋਡ 'ਤੇ ਆਵਾਜਾਈ ਸ਼ੁਰੂ ਹੋ ਗਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਪ੍ਰਧਾਨ ਭਾਈ ਬਲਬੀਰ ਸਿੰਘ ਮੁੱਛਲ ਨੇ ਕਿਹਾ ਕਿ ਜੇਕਰ ਇਕ ਹਫਤੇ ਬਾਅਦ ਵੀ ਕੋਈ ਇਨਸਾਫ ਨਾ ਮਿਲਿਆ ਤਾਂ ਇਹ ਸੰਘਰਸ਼ ਦੁਬਾਰਾ ਸ਼ੁਰੂ ਹੋ ਜਾਵੇਗਾ। ਇਸ ਮੌਕੇ ਭਾਈ ਬਲਬੀਰ ਸਿੰਘ ਮੁੱਛਲ, ਭਾਈ ਅਮਰੀਕ ਸਿੰਘ ਅਜਨਾਲਾ, ਭਾਈ ਕੁਲਦੀਪ ਸਿੰਘ ਰਜਧਾਨ, ਭਾਈ ਨਿਸ਼ਾਨ ਸਿੰਘ, ਗਿਆਨੀ ਦਵਿੰਦਰ ਸਿੰਘ ਬਟਾਲਾ, ਭਾਈ ਲਖਵਿੰਦਰ ਸਿੰਘ ਆਦੋਵਾਲੀ ਆਦਿ ਤੋਂ ਇਲਾਵਾ ਭਾਰੀ ਗਿਣਤੀ 'ਚ ਸਿੱਖ ਸੰਗਤਾਂ ਹਾਜ਼ਰ ਸਨ।