Saturday, 16 March 2013

Jathedar Bhai Balwant Singh Ji Rajoana's Letters 16/03/2013 - Demands Khalistan - Petition



WATCH THE VIDEO ABOVE FOR AN AUDIO READING OF THE 1ST LETTER TO THE SIKH NATION THE 2ND LETTER IS TO THE INDIAN PRESIDENT DECLARING KHALISTAN!




ਸਤਿਕਾਰਯੋਗ ਖਾਲਸਾ ਜੀਓ,
ਵਾਹਿਗੁਰੂ ਜੀ ਕਾ ਖਾਲਸਾ ॥
ਵਾਹਿਗੁਰੂ ਜੀ ਕੀ ਫ਼ਤਹਿ॥
ਸੱਭ ਤੋਂ ਪਹਿਲਾਂ ਮੈਂ ਸਮੁੱਚੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਉਸ ਅਕਾਲ- ਪੁਰਖ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ । ਖਾਲਸਾ ਜੀ , ਜਦੋਂ ਜਦੋਂ ਵੀ ਖਾਲਸਾ ਪੰਥ ਆਪਣੇ ਹੱਕਾਂ ਪ੍ਰਤੀ , ਆਪਣੇ ਕੌਮੀ ਫਰਜਾਂ ਪ੍ਰਤੀ ਸੁਚੇਤ ਹੁੰਦਾ ਹੈ ਤਾਂ ਉਦੋਂ ਉਦੋਂ ਹੀ ਸਿੱਖੀ ਭੇਸ ਵਿੱਚ ਸਥਾਪਤ ਕੀਤੇ ਦਿੱਲੀ ਦਰਬਾਰ ਦੇ ਕਰਿੰਦੇ ਖਾਲਸਾ ਪੰਥ ਨੂੰ ਗੁੰਮਰਾਹ ਕਰਨ ਲਈ ਅਤੇ ਸਿੱਖੀ ਸਿਧਾਂਤਾਂ ਨੂੰ ਦਿੱਲੀ ਦੇ ਪੈਰਾਂ ਵਿਚ ਰੋਲਣ ਲਈ ਯਤਨਸ਼ੀਲ ਹੋ ਜਾਂਦੇ ਹਨ । ਖਾਲਸਾ ਜੀ , ਜਦੋਂ ਪਿਛਲੇ ਸਾਲ ਮਾਰਚ 2012 ਨੂੰ ਸਮੁੱਚਾ ਖਾਲਸਾ ਪੰਥ “ ਸ੍ਰੀ ਅਕਾਲ ਤਖ਼ਤ ਸਾਹਿਬ” ਤੇ ਇੱਕਠ ਹੋਇਆ ਅਤੇ ਖਾਲਸਾ ਪੰਥ ਦੇ ਬੱਚੇ ਤੋਂ ਲੈ ਕੇ ਬਜੁਰਗ ਤੱਕ ਨੇ ਦਿੱਲੀ ਤਖ਼ਤ ਤੇ ਬੈਠੇ ਹੁਕਮਰਾਨਾਂ ਤੋਂ ਕਿਸੇ ਵੀ ਤਰ੍ਹਾਂ ਦਾ ਰਹਿਮ ਮੰਗਣ ਤੋਂ ਇਨਕਾਰ ਕਰਦੇ ਹੋਏ ਸੜਕਾਂ ਤੇ ਨਿਕਲ ਕੇ ਕੇਸਰੀ ਝੰਡੇ ਹੱਥ ਵਿਚ ਫੜ੍ਹ ਕੇ ਹਿੰਦੋਸਤਾਨ ਤੋਂ ਆਜ਼ਾਦੀ ਦੀ ਮੰਗ ਕੀਤੀ ਅਤੇ ਸਮੁੱਚੀ ਦੁਨੀਆਂ ਜਿਥੇ ਕਿਤੇ ਵੀ ਖਾਲਸੇ ਦਾ ਵਾਸ ਸੀ ਇਸ ਮੰਗ ਨਾਲ ਸਹਿਮਤ ਹੁੰਦੀ ਹੋਈ ਕੇਸਰੀ ਰੰਗ ਵਿਚ ਰੰਗੀ ਗਈ । ਖਾਲਸਾ ਜੀ , ਇਸ ਕੇਸਰੀ ਵਰਤਾਰੇ ਤੋਂ ਬਾਅਦ ਸਿੱਖ ਕੌਮ ਦੇ ਧਾਰਮਿਕ ਆਗੂਆਂ ਦਾ , ਰਾਜਸੀ ਆਗੂਆਂ ਦਾ ਅਤੇ ਸਿੱਖ ਬੁੱਧੀਜੀਵੀਆਂ ਦਾ ਇਹ ਫੁਜ਼ ਬਣਦਾ ਸੀ ਕਿ ਇੰਨਾਂ ਕੌਮੀ ਭਾਵਨਾਵਾਂ ਦੀ ਤਰਜਮਾਨੀ ਕਰਦੀ ਹੋਈ ਕੋਈ ਲਹਿਰ ਖੜ੍ਹੀ ਕੀਤੀ ਜਾਂਦੀ , ਇਸ ਵਰਤਾਰੇ ਵਿੱਚੋਂ ਪੈਦਾ ਹੋਈਆਂ ਕੌਮੀ ਸਵੈਮਾਨ ਦੀਆਂ ਭਾਵਨਾਵਾਂ ਨਾਲ ਕੌਮ ਦੇ ਨੌਜਵਾਨਾਂ ਦੇ ਜੀਵਨ ਨੂੰ ਸੰਵਾਰਨ ਦਾ ਯਤਨ ਕੀਤਾ ਜਾਂਦਾ ਪਰ ਕੌਮੀ ਨੇਤਾਵਾਂ ਦੇ ਆਪਣੇ ਫਰਜਾਂ ਤੋਂ ਮੁਨਕਰ ਹੋਣ ਕਾਰਣ ਅਤੇ ਕਲਮਾਂ ਦੇ ਵਿਕਾਊ ਹੋਣ ਦੇ ਕਾਰਣ ਅਜਿਹਾ ਸੰਭਵ ਨਹੀਂ ਹੋ ਸਕਿਆ ਸਗੋਂ ਦੁਸ਼ਮਣਾਂ ਨੇ ਇਸ ਵਰਤਾਰੇ ਨੂੰ ਖ਼ਤਮ ਕਰਨ ਲਈ ਮੇਰੇ ਅਤੇ ਮੇਰੀ ਭੈਣ ਦੇ ਖਿਲਾਫ਼ ਕੂੜ ਪ੍ਰਚਾਰ ਸ਼ੁਰੂ ਕਰ ਦਿੱਤਾ ।ਇਸ ਕੇਸਰੀ ਵਰਤਾਰੇ ਵਿੱਚੋਂ ਉਪਜੀਆਂ ਕੌਮੀ ਸਵੈਮਾਨ ਦੀਆਂ ਭਾਵਨਾਵਾਂ ਨੂੰ ਗੁੰਮਰਾਹ ਕਰਨ ਲਈ ਅਤੇ ਕੌਮ ਦੀ ਅਣਖ਼ ਅਤੇ ਗੈਰਤ ਨੂੰ ਦਿੱਲੀ ਦੇ ਪੈਰਾਂ ਵਿਚ ਰੋਲਣ ਦੇ ਯਤਨ ਕੀਤੇ ਗਏ। ਇਸ ਵਰਤਾਰੇ ਤੋਂ ਬਾਅਦ ਚਾਹੀਦਾ ਤਾਂ ਇਹ ਸੀ ਕਿ ਕੌਮ ਦੇ ਬੁੱਧੀਜੀਵੀ ਅਤੇ ਰਾਜਸੀ ਆਗੂ ਕੌਮ ਦੀ ਆਜ਼ਾਦੀ ਦੀ ਮੰਗ ਕਰਦੀ ਕੋਈ ਪਟੀਸ਼ਨ ਤਿਆਰ ਕਰਦੇ ਉਸ ਤੇ ਕਰੋੜਾਂ ਲੋਕਾਂ ਦੇ ਦਸਤਖ਼ਤ ਕਰਵਾ ਕੇ ਦਿੱਲੀ ਦੇ ਹੁਕਮਰਾਨਾਂ ਨੂੰ ਕਾਤਲ ਹੋਣ ਦਾ ਅਹਿਸਾਸ ਕਰਵਾਉਂਦੇ , ਇਸ ਮਸਲੇ ਨੂੰ ਅੰਤਰ ਰਾਸ਼ਟਰੀ ਪੱਧਰ ਤੱਕ ਲੈ ਜਾਣ ਲਈ (ਯੂ.ਐਨ.ਓ) ਸਯੁੰਕਤ ਰਾਸ਼ਟਰ ਸ਼ੰਘ ਤੱਕ ਪਹੁੰਚ ਕਰਦੇ , ਆਪਣੇ ਕੌਮੀ ਫਰਜ਼ਾਂ ਨੂੰ ਸਮਰਪਿਤ ਹੋਣ ਦਾ ਸਬੂਤ ਦਿੰਦੇ ।ਪਰ ਹੋਇਆ ਇਸ ਤੋਂ ਬਿਲਕੁਲ ਉਲਟ ਅੱਜ ਸਿੱਖ ਪੰਥ ਨੂੰ ਗੁੰਮਰਾਹ ਕਰਨ ਲਈ ਕਈ ਪਟੀਸ਼ਨਾਂ ਕੰਮ ਕਰ ਰਹੀਆਂ ਹਨ , ਕਈ ਲੋਕ ਧਰਮ ਤੇ ਹਮਲਾ ਕਰਨ ਵਾਲਿਆਂ ਅਤੇ ਕਾਤਲਾਂ ਤੋਂ ਇੱਕ ਕਰੋੜ ਸਿੱਖਾਂ ਤੋਂ ਰਹਿਮ ਮੰਗਾ ਕੇ ਸਿੱਖੀ ਕਦਰਾਂ ਕੀਮਤਾਂ ਦੇ ਮਜ਼ਾਕ ਉਡਾਉਂਦੇ ਇਸ ਕਾਰਨਾਮੇ ਨੂੰ “ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ” ਵਿਚ ਦਰਜ ਕਰਵਾਉਣਾ ਚਾਹੁੰਦੇ ਹਨ। ਕੋਈ ਕਹਿ ਰਿਹਾ ਹੈ ਕਿ 1984 ਵਿੱਚ ਜੋ ਸਿੱਖ ਕਤਲੇਆਮ ਹੋਇਆ ਇਹ ਸਿੱਖਾਂ ਦੀ ਨਸ਼ਲਕੁਸ਼ੀ ਸੀ ਸਯੁੰਕਤ ਰਾਸ਼ਟਰ ਸ਼ੰਘ ਇਸ ਨੂੰ ਨਸ਼ਲਕੁਸ਼ੀ ਵਜੋਂ ਮਾਨਤਾ ਦੇਵੇ । ਖਾਲਸਾ ਜੀ , ਇਹ ਗੱਲ ਕੌਣ ਨਹੀਂ ਜਾਣਦਾ ਕਿ ਜੂਨ 84 , ਨਵੰਬਰ 84 ਅਤੇ ਇਸ ਤੋਂ ਬਾਅਦ ਜੋ ਪੰਜਾਬ ਦੀ ਧਰਤੀ ਤੇ ਹੋਇਆ ਇਹ ਸਾਰਾ ਕੁਝ ਸਿੱਖਾਂ ਦੀ ਨਸਲਕੁਸ਼ੀ ਕਰਨ ਲਈ ਹੀ ਕੀਤਾ ਗਿਆ ਸੀ । ਖਾਲਸਾ ਜੀ , ਜਿਹੜੇ ਕਤਲੇਆਮ ਦੀ ਜਾਂਚ 29 ਸਾਲਾਂ ਤੋਂ ਦੇਸ਼ ਦੀ ਪੁਲਿਸ ਨੇ ਨਹੀਂ ਕੀਤੀ ਉਸ ਦੀ ਜਾਂਚ ਯੂ . ਐਨ. ਓ ਕਰੇਗਾ ਇਹ ਹਾਸੋਹੀਣੀ ਹੀ ਗੱਲ ਹੈ । ਚਲੋਂ ਜੇਕਰ ਇਹ ਮੰਨ ਵੀ ਲਵੋ ਕਿ ਬਈ ਯੂ. ਐਨ .ਓ ਨੇ ਜਾਂਚ ਕਰਕੇ ਇਸ ਨੂੰ ਨਸ਼ਲਕੁਸ਼ੀ ਵਜੋਂ ਮਾਨਤਾ ਦੇ ਵੀ ਦਿੱਤੀ ਕੀ ਫਿਰ ਸਿੱਖ ਕੌਮ ਦੇ ਮੱਥੇ ਤੇ ਛਤਰ ਝੁਲ ਜਾਣਗੇ ।ਖਾਲਸਾ ਜੀ , ਅਸਲ ਵਿੱਚ ਇੱਕੋ ਹੀ ਏਜੰਡੇ ਤਹਿਤ ਸ਼ੁਰੂ ਹੋਈਆਂ ਇੰਨਾਂ ਸਾਰੀਆਂ ਪਟੀਸਨਾਂ ਦਾ ਮਨੋਰਥ ਇੱਕੋ ਹੀ ਹੈ ਕਿ ਖਾਲਸਾ ਪੰਥ ਦੇ ਮਨਾਂ ਵਿਚ ਉਪਜੀਆਂ ਕੌਮੀ ਆਜ਼ਾਦੀ ਦੀਆਂ , ਕੌਮੀ ਸਵੈਮਾਨ ਦੀਆਂ , ਅਣਖ਼ ਅਤੇ ਗੈਰਤ ਦੀਆਂ ਭਾਵਨਾਵਾਂ ਨੂੰ ਗੁੰਮਰਾਹ ਕਰਕੇ ਇਹਨਾਂ ਨੂੰ ਉਨਾ ਚਿਰ ਤੱਕ ਸੜਕਾਂ , ਗਲੀਆਂ ਵਿਚ ਰਲਿਆ ਜਾਵੇ ਜਦੋਂ ਤੱਕ ਇਹ ਖ਼ੁਦ ਹੀ ਨਿਰਾਸ਼ ਹੋ ਕੇ , ਥੱਕ ਕੇ ਘਰਾਂ ਵਿਚ ਸ਼ਾਂਤ ਹੋ ਕੇ ਬੈਠ ਨਾ ਜਾਣ ।
ਖਾਲਸਾ ਜੀ , ਅਸੀਂ ਸਾਰੇ ਜਾਣਦੇ ਹਾਂ ਕਿ ਜੋ ਇਨਸਾਫ਼ ਸਾਨੂੰ ਪਿਛਲੇ 29 ਸਾਲਾਂ ਤੋਂ ਨਹੀਂ ਮਿਲਿਆ ਉਹ ਹੁਣ ਕਦੇ ਵੀ ਨਹੀਂ ਮਿਲੇਗਾ ਇਹਨਾਂ ਸਾਰੀਆਂ ਕੋਸ਼ਿਸਾਂ ਦਾ ਇੱਕੋਂ ਇੱਕ ਮਨੋਰਥ ਕੌਮ ਦੀ ਆਜ਼ਾਦੀ ਦੀ ਭਾਵਨਾ ਨੂੰ ਗੁੰਮਰਾਹ ਕਰਨਾ ਹੈ ।ਜਦੋਂ ਕਿ ਸੱਚ ਇਹ ਹੈ ਕਿ ਦਿੱਲੀ ਦੇ ਕਤਲੇਆਮ ਅਤੇ ਜ਼ੁਲਮ ਦਾ ਸ਼ਿਕਾਰ ਹੋਏ ਅਸਲ ਪੀੜਤ ਤਾਂ ਆਪਣਿਆਂ ਅਤੇ ਦੁਸ਼ਮਣਾਂ ਦੀ ਬੇਰੁਖੀ ਦਾ ਸ਼ਿਕਾਰ ਹੋ ਕੇ ਆਪਣੇ ਦਿਲਾਂ ਤੇ ਪਂਥਰ ਰੱਖ ਕੇ ਜਿੰਦਗੀ ਦੇ ਹਨੇਰੇ ਰਾਹਾਂ ਦੀ ਦਲਦਲ ਵਿਚ ਕਿਤੇ ਗੁਆਚ ਗਏ ਹਨ । ਇਹ ਜੋ ਥੋੜੇ ਬਹੁਤ ਬਚੇ ਹਨ ਬੱਸ ਇਹਨਾਂ ਨੂੰ ਨਾਲ ਲੈ ਕੇ ਸ਼ੰਘਰਸ ਨੂੰ ਵਪਾਰ ਬਣਾਈ ਬੈਠੇ ਲੋਕ ਇੰਨਾਂ ਦੀਆਂ ਮਜ਼ਬੂਰੀਆਂ ਦਾ ਫਾਇਦਾ ਉਠਾ ਕੇ ਆਪਣਾ ਧੰਦਾ ਪਾਣੀ ਕਰੀ ਜਾ ਰਹੇ ਹਨ ।
ਖਾਲਸਾ ਜੀ , ਇਹ ਰਹਿਮ ਮੰਗਦੀਆਂ ਪਟੀਸ਼ਨਾਂ , ਇਹ ਏਧਰ ਓਧਰ ਗੁੰਮਰਾਹ ਕਰਨ ਵਾਲੀਆਂ ਪਟੀਸ਼ਨਾਂ ਸਾਡੀਆਂ ਆਉਣ ਵਾਲੀਆ ਪੀੜ੍ਹੀਆਂ ਦੇ ਰਾਹਾਂ ਉੱਪਰ ਕੰਡੇ ਵਿਛਾ ਰਹੀਆਂ ਹਨ , ਉਨ੍ਹਾਂ ਦੀ ਸੋਚ ਨੂੰ ਨਿਪੁੰਸਕ ਬਣਾ ਕੇ ਉਨ੍ਹਾਂ ਦੀ ਅਣਖ਼ ਅਤੇ ਗੈਰਤ ਨੂੰ ਖ਼ਤਮ ਕਰਨ ਦਾ ਕੋਝਾ ਯਤਨ ਕਰ ਰਹੀਆਂ ਹਨ ।ਇਸ ਲਈ ਖਾਲਸਾ ਜੀ , ਹੁਣ ਬਹੁਤ ਹੋ ਗਿਆ , ਹੁਣ ਤੱਕ ਬਹੁਤ ਇਨਸਾਫ਼ ਮੰਗ ਲਿਆ ਹੁਣ ਸਾਨੂੰ 29 ਸਾਲ ਹੋ ਗਏ ਹਨ ਕਾਤਲਾਂ ਤੋਂ ਹੀ ਕਾਤਲਾਂ ਨੂੰ ਸਜ਼ਾਵਾਂ ਦੇਣ ਦੀ ਮੰਗ ਕਰਦੇ ਹੋਏ ।ਖਾਲਸਾ ਜੀ , ਹੁਣ ਇਸ ਤੋਂ ਅੱਗੇ ਦੀ ਗੱਲ ਕਰਕੇ ਪੂਰੀ ਦੁਨੀਆਂ ਦਾ ਧਿਆਨ ਆਪਣੀ ਕੌਮ ਵੱਲ ਖਿੱਚਣ ਦਾ ਵੇਲਾ ਹੈ । ਹੁਣ ਮੋਮਬੱਤੀਆਂ ਸਿਰਫ ਕਾਤਲਾਂ ਨੂੰ ਸਜ਼ਾਵਾਂ ਦਿਵਾਉਣ ਲਈ ਹੀ ਨਹੀਂ ਸਗੋਂ ਸਿੱਖ ਕੌਮ ਨਾਲ ਹੋਈਆਂ ਬੇਇਨਸਾਫ਼ੀਆਂ ,ਧੱਕੇਸ਼ਾਹੀਆਂ ਅਤੇ ਜ਼ੁਲਮ ਨੂੰ ਆਧਾਰ ਬਣਾ ਕੇ ਮੇਰੇ ਸ਼ਹੀਦ ਹੋਏ ਵੀਰਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਹਿੰਦੋਸਤਾਨ ਤੋਂ ਆਜ਼ਾਦੀ ਦੀ ਮੰਗ ਕੀਤੀ ਜਾਵੇ ।ਸੰਵਿਧਾਨ ਵਿਚ ਬੋਲਣ ਦੀ ਆਜ਼ਾਦੀ ਦੇ ਮਿਲੇ ਅਧਿਕਾਰ ਦੇ ਤਹਿਤ ਆਪਣੀਆਂ ਭਾਵਨਾਵਾਂ ਪ੍ਰਗਟ ਕਰਨ ਦੇ ਹੱਕ ਦੀ ਵਰਤੋਂ ਕਰਦੇ ਹੋਏ ਦਿੱਲੀ ਦੇ ਹੁਕਮਰਾਨਾਂ ਦੇ ਕੰਨਾਂ ਤੱਕ ਕੌਮ ਦੀ ਆਜ਼ਾਦੀ ਦੀ ਗੱਲ ਪਹੁੰਚਾਉਣ ਲਈ ਆਓ ਆਪਾ ਸਾਰੇ ਰਾਸਟਰਪਤੀ ਨੂੰ ਲਿਖੀ ਇਸ ਲੈਟਰ ਤੇ ਦਸਤਖ਼ਤ ਕਰੀਏ ਅਤੇ ਕੌਮ ਦੀ ਆਜ਼ਾਦੀ ਦੀ ਗੱਲ ਬਿਨਾਂ ਕਿਸੇ ਹਥਿਆਰ ਦੀ ਵਰਤੋਂ ਕੀਤੇ ਸਿਰਫ ਆਪਣੇ ਪੈਂਨ ਦੀ ਵਰਤੋਂ ਕਰਦੇ ਹੋਏ ਕਰੀਏ ,ਕੌਮ ਦੇ ਸੁਨਹਿਰੇ ਭਵਿੱਖ ਦੀ ਸਿਰਜਨਾ ਕਰੀਏ ।
ਖਾਲਸਾ ਜੀ , ਜਦੋਂ ਵੀ ਤੁਸੀ ਰਹਿਮ ਮੰਗਦੀਆਂ ਪਟੀਸਨਾਂ ਤੋਂ ਵਿਹਲੇ ਹੋ ਗਏ ਤਾਂ ਇਸ ਪਟੀਸ਼ਨ ਵਾਰੇ ਵੀ ਗੌਰ ਕਰਨਾ ਕਿਉਂਕਿ ਜੇਕਰ ਅਸੀਂ ਆਪਣੇ ਸ਼ਹੀਦ ਹੋਏ ਵੀਰਾਂ ਦੇ ਸੁਪਨਿਆਂ ਨੂੰ ਪੂਰਾ ਕਰਨਾ ਚਾਹੁੰਦੇ ਹਾਂ ਤਾਂ ਰਸਤਾ ਇਹੀ ਹੈ ਬਾਕੀ ਜਦੋਂ ਵੀ ਤੁਹਾਡੀ ਮਰਜੀ ਹੋਈ ਚੱਲ ਪੈਣਾ ।
ਹਮੇਸ਼ਾਂ ਹੀ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਵਿਚ ਦੇਖਣ ਦਾ ਚਾਹਵਾਨ
ਤੁਹਾਡਾ ਆਪਣਾ
ਮਿਤੀ
16-3-2013 ਬਲਵੰਤ ਸਿੰਘ ਰਾਜੋਆਣਾ
ਕੋਠੀ ਨੰ: 16
ਕੇਂਦਰੀ ਜੇਲ੍ਹ ਪਟਿਆਲਾ
ਪੰਜਾਬ

****************************************************************************************************
 

 WATCH THE VIDEO ABOVE TO THE INDIAN PRESIDENT DECLARING KHALISTAN!



ਸਤਿਕਾਰਯੋਗ ਰਾਸ਼ਟਰਪਤੀ ਜੀ ,
ਸ੍ਰੀ ਪ੍ਰਣਾਬ ਮੁਖਰਜੀ ਜੀ
ਵਾਹਿਗੁਰੂ ਜੀ ਕਾ ਖਾਲਸਾ ॥
ਵਾਹਿਗੁਰੂ ਜੀ ਕੀ ਫ਼ਤਹਿ॥
ਸੱਭ ਤੋਂ ਪਹਿਲਾਂ ਅਸੀਂ ਉਸ ਅਕਾਲ ‐ਪੁਰਖ ਵਾਹਿਗੁਰੂ ਅੱਗੇ ਸਰਬੱਤ ਦੇ ਭਲੇ ਲਈ ਅਰਦਾਸ ਕਰਦੇ ਹਾਂ । ਰਾਸ਼ਟਰਪਤੀ ਜੀ , ਅੱਜ ਅਸੀਂ ਤੁਹਾਡੇ ਨਾਲ ਦਿੱਲੀ ਦੇ ਤਖ਼ਤ ਤੇ ਬੈਠੇ ਹੁਕਮਰਾਨਾਂ ਵੱਲੋਂ ਸਿੱਖ ਕੌਮ ਨਾਲ ਲਗਾਤਾਰ ਕੀਤੇ ਧੋਖੇ , ਬੇਇਨਸਾਫ਼ੀਆਂ ਅਤੇ ਜ਼ੁਲਮ ਤੋਂ ਬਾਅਦ ਜੋ ਸਿੱਖ ਸਮਾਜ ਦੀ ਮਨੋਦਿਸ਼ਾ ਬਣ ਚੁੱਕੀ ਹੈ ਉਸ ਵਾਰੇ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਹਾਂ । ਸਿੱਖ ਕੌਮ ਵੱਲੋਂ ਦੇਸ਼ ਦੀ ਆਜ਼ਾਦੀ ਦੀ ਜ਼ੰਗ ਵਿੱਚ ਪਾਏ ਵੱਡਮੁੱਲੇ ਯੋਗਦਾਨ ਅਤੇ ਖਤਿੀਆਂ ਅਥਾਹ ਕੁਰਬਾਨੀਆਂ ਤੋਂ ਬਾਅਦ ਜਦੋਂ 15 ਅਗਸਤ 1947 ਨੂੰ ਦੇਸ਼ ਅਜ਼ਾਦ ਹੋਇਆ ਤਾਂ ਸਿੱਖ ਕੌਮ ਨੇ ਆਪਣਾ ਭਵਿੱਖ ਹਿੰਦੋਸਤਾਨ ਨਾਲ ਜੋੜਿਆ । ਪਰ ਦਿੱਲੀ ਦੇ ਤਖ਼ਤ ਤੇ ਬੈਠੇ ਹਕਮਰਾਨਾਂ ਨੇ ਸਿੱਖ ਕੌਮ ਨਾਲ ਇੱਕ ਤੋਂ ਬਾਅਦ ਇੱਕ ਧੋਖਾ ਕੀਤਾ। ਦੇਸ਼ ਦੀ ਆਜ਼ਾਦੀ ਵਿਚ ਪਾਏ ਵੱਡਮੁੱਲੇ ਯੋਗਦਾਨ ਅਤੇ ਕੀਤੀਆਂ ਅਥਾਹ ਕੁਰਬਾਨੀਆਂ ਦਾ ਸਿੱਖ ਕੌਮ ਨੂੰ ਪਹਿਲਾਂ ਇਨਾਮ ਇਹ ਦਿੱਤਾ ਗਿਆ ਕਿ ਇੱਕ ਗੁਪਤ ਸਰਕੂਲਰ ਜਾਰੀ ਕਰਕੇ ਇਹ ਕਿਹਾ ਗਿਆ ਕਿ ਸਿੱਖ ਕੌਮ ਇਕ ਜੁਰਾਇਮ ਪੇਸਾ ਕੌਮ ਹੈ ਇਸ ਦੀਆਂ ਗਤੀਵਿਧੀਆਂ ਤੇ ਨਜ਼ਰ ਰੱਖੀ ਜਾਵੇ । ਇਸ ਤੋਂ ਬਾਅਦ ਚਾਹੇ ਭਾਸ਼ਾ ਦੇ ਅਧਾਰ ਤੇ ਪੰਜਾਬੀ ਸੂਬਾ ਬਣਾਉਣ ਦੀ ਗੱਲ ਹੋਵੇ ਜਾਂ ਅਧੂਰਾ ਪੰਜਾਬੀ ਸੂਬਾ ਬਣਾ ਕੇ ਸੂਬੇ ਨੂੰ ਅੱਜ ਤੱਕ ਨਾ ਦਿੱਤੀ ਗਈ ਰਾਜਧਾਨੀ ਦੀ ਗੱਲ ਹੋਵੇ ਦਿੱਲੀ ਦੇ ਤਖ਼ਤ ਤੇ ਬੈਠੇ ਹੁਕਮਰਾਨਾਂ ਦੇ ਸਿੱਖ ਕੌਮ ਨਾਲ ਇੱਕ ਤੋਂ ਬਾਅਦ ਇੱਕ ਧੋਖੇ ਚੱਲਦੇ ਗਏ ।ਇਹ ਧੋਖੇ ਅਤੇ ਬੇਇਨਸਾਫ਼ੀਆਂ ਉਦੋਂ ਇੰਨਾਂ ਹੁਕਮਰਾਨਾਂ ਦੀ ਨਫ਼ਰਤ ਵਿੱਚ ਬਦਲ ਗਏ ਜਦੋਂ ਸਿੱਖਾਂ ਨੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ “ਧਰਮ ਯੁੱਧ ਮੋਰਚਾ” ਲਾਇਆ । ਮੋਰਚੇ ਦੀ ਹੋ ਰਹੀ ਸਫਲਤਾ ਤੋਂ ਘਬਰਾਏ ਹੋਏ ਦਿੱਲੀ ਦੇ ਤਖ਼ਤ ਤੇ ਬੈਠੇ ਕਾਂਗਰਸੀ ਹੁਕਮਰਾਨਾਂ ਨੇ ਇੰਦਰਾਂ ਗਾਂਧੀ ਦੀ ਅਗਵਾਈ ਵਿੱਚ ਸਿੱਖਾਂ ਦੀਆਂ ਹੱਕੀ ਮੰਗਾਂ ਮੰਨਣ ਦੀ ਬਜਾਏ ਜੂਨ 1984 ਨੂੰ ਦੇਸ਼ ਦੀ ਫੌਜ਼ ਨੂੰ ਟੈਕਾਂ ਅਤੇ ਤੋਪਾਂ ਨਾਲ ਲਾਇਸ ਕਰਕੇ ਸਿੱਖਾਂ ਦੇ ਸਰਵ-ਉੱਚ ਧਾਰਮਿਕ ਅਸਥਾਨ “ਸ੍ਰੀ ਹਰਿਮੰਦਰ ਸਾਹਿਬ” ਅੰਮ੍ਰਿਤਸਰ ਤੇ ਹਮਲਾ ਕਰ ਦਿੱਤਾ । ਉਸ ਸਮੇਂ ਸਿੱਖ ਸੰਗਤਾਂ ਪੰਜਵੇਂ ਪਾਤਿਸ਼ਾਹ “ਸ੍ਰੀ ਗੁਰੂ ਅਰਜਨ ਦੇਵ ਜੀ” ਦਾ ਸ਼ਹੀਦੀ ਦਿਹਾੜਾ ਮਨਾ ਰਹੀਆਂ ਸਨ ।ਸਿੱਖਾਂ ਦੀ ਸਰਵ-ਉੱਚ ਅਦਾਲਤ “ਸ੍ਰੀ ਅਕਾਲ ਤਖ਼ਤ ਸਾਹਿਬ” ਨੂੰ ਟੈਕਾਂ ਅਤੇ ਤੋਪਾਂ ਦੇ ਗੋਲਿਆਂ ਨਾਲ ਢਹਿ ਢੇਰੀ ਕਰ ਦਿੱਤਾ , ਹਜ਼ਾਰਾਂ ਨਿਰਦੋਸ਼ ਸਰਧਾਲੂਆਂ ਦਾ ਕਤਲੇਆਮ ਕਰ ਦਿੱਤਾ ਗਿਆ , ਇਹ ਹਮਲਾ ਇਸ ਤਰ੍ਹਾਂ ਕੀਤਾ ਗਿਆ ਜਿਵੇਂ ਕੋਈ ਦੇਸ਼ ਆਪਣੇ ਕਿਸੇ ਦੁਸ਼ਮਣ ਦੇਸ਼ ਤੇ ਹਮਲਾ ਕਰ ਰਿਹਾ ਹੋਵੇ ।ਦਿੱਲੀ ਦੇ ਤਖ਼ਤ ਤੇ ਬੈਠੇ ਕਾਂਗਰਸੀ ਹੁਕਮਰਾਨਾਂ ਦੀ ਇਸ ਘਨੌਣੀ ਕਾਰਵਾਈ ਨੇ ਕਰੋੜਾਂ ਸਿੱਖਾਂ ਦੇ ਹਿਰਦੇ ਲਹੂ ਲੁਹਾਣ ਕਰ ਦਿੱਤੇ , ਆਪ ਜੀ ਨੂੰ ਤਾਂ ਇਸ ਹਮਲੇ ਦੀ ਬਹੁਤ ਗਹਿਰੀ ਜਾਣਕਾਰੀ ਹੈ ਕਿਉਂਕਿ ਉਸ ਸਮੇਂ ਤੁਸੀਂ ਉਸੇ ਇੰਦਰਾਂ ਗਾਂਧੀ ਦੀ ਸਰਕਾਰ ਵਿੱਚ ਵਿੱਤ ਮੰਤਰੀ ਸੀ ਅਤੇ ਇਸ ਹਮਲੇ ਵਿੱਚ ਪੂਰੀ ਤਰ੍ਹਾਂ ਭਾਗੀਦਾਰ ਸੀ । ਹੁਣ ਤਾਂ ਤੁਹਾਡੇ ਫੌਜੀ ਜਰਨੈਲ ਵਿਕਰਮ ਸਿੰਘ ਨੇ ਵੀ ਇਹ ਗੱਲ ਮੰਨ ਲਈ ਹੈ ਕਿ ਸਿੱਖ ਧਰਮ ਤੇ ਕੀਤਾ ਗਿਆ ਇਹ ਹਮਲਾ ਰਾਜਨੀਤੀ ਤੋਂ ਪ੍ਰੇਰਿਤ ਸੀ ਅਤੇ ਇਹ ਹਮਲਾ ਚੋਣਾਂ ਵਿੱਚ ਰਾਜਨੀਤਿਕ ਲਾਭ ਲੈਣ ਲਈ ਹੀ ਕੀਤਾ ਗਿਆ ਸੀ । ਇਸ ਹਮਲੇ ਨੇ ਹਜ਼ਾਰਾਂ ਬੇਗੁਨਾਹ ਅਤੇ ਭੋਲੇ-ਭਾਲੇ ਸਿੱਖਾਂ ਦੀ ਜਾਨ ਲੈ ਲਈ ।
ਰਾਸਟਰਪਤੀ ਜੀ , ਫਿਰ ਜਦੋਂ 31 ਅਕਤੂਬਰ 1984 ਨੂੰ ਸਿੱਖ ਧਰਮ ਤੇ ਹਮਲਾ ਕਰਨ ਅਤੇ ਹਜ਼ਾਰਾਂ ਹੀ ਨਿਰਦੋਸ਼ ਸਿੱਖਾਂ ਦੀ ਕਾਤਲ ਪ੍ਰਧਾਨ ਮੰਤਰੀ ਇੰਦਰਾਂ ਗਾਂਧੀ ਦੇ ਕੀਤੇ ਜ਼ੁਲਮਾਂ ਨੂੰ ਨਾ ਬਰਦਾਸ਼ਤ ਕਰਦੇ ਹੋਏ ਉਸ ਦੇ ਦੋ ਸਿੱਖ ਅੰਗ ਰੱਖਿਅਕਾਂ (ਸ਼ਹੀਦ ਭਾਈ ਬੇਅੰਤ ਸਿੰਘ ਜੀ ਅਤੇ ਸ਼ਹੀਦ ਭਾਈ ਸਤਵੰਤ ਸਿੰਘ ਜੀ ) ਨੇ ਉਸ ਦੀ ਹੱਤਿਆ ਕਰ ਦਿੱਤੀ ਤਾਂ ਇਸ ਤੋਂ ਬਾਅਦ ਸ਼ੁਰੂ ਹੁੰਦੀ ਹੈ ਨਿਰਦੋਸ਼ ਸਿੱਖਾਂ ਦੇ ਖੂਨ ਦੀ ਹੌਲੀ । ਰਾਜੀਵ ਗਾਂਧੀ ਦੀ ਅਗਵਾਈ ਵਿੱਚ ਹਜ਼ਾਰਾਂ ਕਾਂਗਰਸੀਆਂ ਦੇ ਕਾਫਲਿਆਂ ਨੇ ਨਿਰਦੋਸ਼ ਸਿੱਖਾਂ ਦੇ ਘਰਾਂ ਉੱਪਰ ਹਮਲਾ ਕਰ ਦਿੱਤਾ ਜਿੰਨਾਂ ਦਾ ਇੰਦਰਾਂ ਗਾਂਧੀ ਦੇ ਕਤਲ ਨਾਲ ਕੋਈ ਸਬੰਧ ਨਹੀਂ ਸੀ । ਨਿਰਦੋਸ਼ ਸਿੱਖਾਂ ਨੂੰ ਉਨ੍ਹਾਂ ਦੇ ਘਰਾਂ ਵਿੱਚੋਂ ਬਾਹਰ ਕੱਢ ਕੇ ਉਨਾਂ ਦਾ ਬਹੁਤ ਹੀ ਬੇਰਹਿਮੀ ਨਾਲ ਕਤਲੇਆਮ ਕੀਤਾ ਗਿਆ , ਸਿੱਖਾਂ ਦੀਆਂ ਧੀਆਂ ਭੈਣਾਂ ਨਾਲ ਬਲਾਤਕਾਰ ਕਰਕੇ ਉਨਾਂ ਨੂੰ ਕੋਹ-ਕੋਹ ਕੇ ਮਾਰ ਦਿੱਤਾ ਗਿਆ, ਬੱਚਿਆਂ ਅਤੇ ਬਜੁਰਗਾਂ ਨੂੰ ਵੀ ਨਾ ਬਖ਼ਸਿਆ ਗਿਆ ਸਿਰਫ਼ ਤੇ ਸਿਰਫ਼ ਇਸ ਕਸੂਰ ਬਦਲੇ ਕਿ ਉਹ ਸਿੱਖ ਧਰਮ ਨਾਲ ਸਬੰਧ ਰੱਖਦੇ ਸਨ । ਦੇਸ ਦੀ ਰਾਜਧਾਨੀ ਦਿੱਲੀ ਵਿੱਚ ਅਤੇ ਹੋਰ ਕਾਂਗਰਸੀ ਸਰਕਾਰਾਂ ਵਾਲੇ ਰਾਜਾਂ ਵਿੱਚ ਇਹ ਕਹਿਰ ਤਿੰਨ ਦਿਨ ਚੱਲਦਾ ਰਿਹਾ । ਇਸ ਮੌਕੇ ਪੁਲਿਸ ਪ੍ਰਸ਼ਾਸਨ ਸਿਰਫ਼ ਖ਼ਾਮੋਸ਼ ਹੀ ਨਹੀਂ ਰਿਹਾ ਸਗੋਂ ਕਾਤਲਾਂ ਨੂੰ ਗ੍ਰਿਫਤਾਰ ਤਾਂ ਕੀ ਕਰਨਾ ਸੀ ਸਗੋਂ ਇੰਨਾਂ ਕਾਤਲਾਂ ਦੀ ਅਗਵਾਈ ਕਰ ਰਹੇ ਰਾਜੀਵ ਗਾਂਧੀ ਨੇ ਆਪ ਹੀ ਕਾਤਲ , ਆਪ ਹੀ ਪੁਲਿਸ , ਆਪ ਹੀ ਅਦਾਲਤ ਅਤੇ ਆਪ ਹੀ ਜੱਜ ਬਣ ਕੇ ਕਾਤਲਾਂ ਅਤੇ ਬਲਾਤਕਾਰੀਆਂ ਦੇ ਹੱਕ ਵਿੱਚ ਇਹ ਫ਼ੈਸਲਾਂ ਸੁਣਾਕੇ ਕਿ “ਜਦੋਂ ਕੋਈ ਵੱਡਾ ਦਰੱਖਤ ਗਿਰਦਾ ਹੈ ਤਾਂ ਧਰਤੀ ਹਿਲਦੀ ਹੀ ਹੈ” ਸਾਰੇ ਕਾਤਲਾਂ ਨੂੰ ਬਲਾਤਕਾਰੀਆਂ ਨੂੰ ਬਿਨਾਂ ਕੋਈ ਮੁਕੱਦਮਾ ਚਲਾਏ ਬਾ-ਇੱਜਤ ਬਰੀ ਕਰ ਦਿੱਤਾ । ਦੇਸ਼ ਦੇ ਇੰਨਾਂ ਧੋਖੇਬਾਜ ਹੁਕਮਰਾਨਾਂ ਨੇ ਲਹੂ ਲੁਹਾਣ ਹੋਈਆਂ ਸਿੱਖ ਭਾਵਨਾਵਾਂ ਦਾ ਮਜ਼ਾਕ ਉਡਾਉਣ ਲਈ ਕਮਿਸ਼ਨ ਬਣਾਏ ਪਰ ਪਰਨਾਲਾ ਅੱਜ ਤੱਕ ਉਥੇ ਦਾ ਉਥੇ ਹੀ ਹੈ । ਪਿਛਲੇ ਦਿਨੀਂ ਤਰਨਤਾਰਨ ਪੰਜਾਬ ਵਿੱਚ ਇੱਕ ਲੜਕੀ ਨੂੰ ਪੁਲਿਸ ਮੁਲਾਜ਼ਮਾਂ ਵੱਲੋਂ ਕੁੱਟਣ ਦੀ ਸ਼ਰਮਨਾਕ ਘਟਨਾ ਤੇ ਦੇਸ਼ ਦੀ ਸੁਪਰੀਮ ਕੋਰਟ ਤੁਰੰਤ ਕਾਰਵਾਈ ਕਰਦੀ ਹੈ ਪਰ ਦੇਸ਼ ਦੀ ਰਾਜਧਾਨੀ ਵਿੱਚ ਹੋਏ ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਕਤਲਾਂ ਤੇ , ਬਲਾਤਕਾਰਾਂ ਤੇ ਭੇਦ ਭਰੀ ਖ਼ਾਮੋਸ਼ੀ ਧਾਰਨ ਕਰੀ ਬੈਠੀ ਹੈ ।
ਰਾਸਟਰਪਤੀ ਜੀ , ਇਸ ਤੋਂ ਬਾਅਦ ਵੀ ਇੰਨਾਂ ਦਿੱਲੀ ਦੇ ਕਾਂਗਰਸੀ ਹੁਕਮਰਾਨਾਂ ਦੇ ਜ਼ੁਲਮ ਦੀ ਕਹਾਣੀ ਖ਼ਤਮ ਨਹੀਂ ਹੋਈ ਸਗੋਂ ਇਨਾਂ ਹੁਕਮਰਾਨਾਂ ਨੇ ਜਖ਼ਮੀ ਸਿੱਖ ਭਾਵਨਾਵਾਂ ਤੇ ਮੱਲ੍ਹਮ ਲਾਉਣ ਦੀ ਬਜਾਏ ਪੰਜਾਬ ਵਿੱਚ ਰਾਸਟਰਪਤੀ ਰਾਜ ਲਾਗੂ ਕਰਕੇ ਅਤੇ ਧੱਕੇ ਨਾਲ ਹੀ ਬੇਅੰਤ ਸਿੰਘ ਨੂੰ ਕਾਂਗਰਸ ਸਰਕਾਰ ਦਾ ਮੁੱਖ ਮੰਤਰੀ ਬਣਾ ਕੇ ਪੰਜਾਬ ਦੀ ਪਵਿੱਤਰ ਧਰਤੀ ਨੂੰ ਨਿਰਦੋਸ਼ ਸਿੱਖ ਨੌਜਵਾਨਾਂ ਦੇ ਖੂਨ ਨਾਲ ਰੰਗਿਆ । ਪੰਜਾਬ ਦੇ ਪੁਲਿਸ ਥਾਣੇ ਬੁੱਚੜਖਾਨੇ ਬਣਾ ਦਿੱਤੇ ਗਏ ਜਿਥੇ ਹਰ ਰੋਜ਼ ਸਿੱਖ ਨੌਜਵਾਨ , ਬਜੁਰਗ , ਬੱਚੇ ਅਤੇ ਬੀਬੀਆਂ ਝਟਕਾਏ ਜਾਂਦੇ ਸਨ । 25,000 ਸਿੱਖ ਨੌਜਵਾਨਾਂ ਨੂੰ ਉਨਾਂ ਦੇ ਘਰਾਂ ਤੋਂ ਚੁੱਕ ਕੇ ਉਨਾਂ ਦਾ ਕਤਲ ਕਰਕੇ ਉਨਾਂ ਨੂੰ ਲਵਾਰਿਸ ਕਹਿ ਕੇ ਸਾੜ ਦਿੱਤਾ ਗਿਆ ਜਿੰਨਾਂ ਦੀ ਪਹਿਚਾਣ ਹੋਣੀ ਅਜੇ ਵੀ ਬਾਕੀ ਹੈ ।
ਰਾਸਟਰਪਤੀ ਜੀ , ਦਿੱਲੀ ਦੇ ਹੁਕਮਰਾਨਾਂ ਦੀਆਂ ਧੱਕੇਸਾਹੀਆਂ , ਬੇਇਨਸਾਫ਼ੀਆਂ ,ਜ਼ੁਲਮ ਅਤੇ ਪੰਜਾਬ ਨੂੰ ਕਮਜ਼ੋਰ ਕਰਨ ਦੀਆਂ ਸਾਜਿਸ਼ਾਂ ਅੱਜ ਵੀ ਜਾਰੀ ਹਨ । ਅੱਜ ਚਾਹੇ ਪੰਜਾਬ ਦੀ ਆਰਥਿਕਤਾ ਨੂੰ ਤਬਾਹ ਕਰਨ ਦੀ ਗੱਲ ਹੋਵੇ , ਚਾਹੇ ਪੰਜਾਬ ਦੇ ਪਾਣੀਆਂ ਦੀ ਗੱਲ ਹੋਵੇ, ਟੈਕਸਾਂ ਦੀ ਗੱਲ ਹੋਵੇ ਪੰਜਾਬ ਨੂੰ ਖ਼ਤਮ ਕਰਨ ਦੀਆਂ ਸਾਜ਼ਿਸ਼ਾਂ ਅੱਜ ਵੀ ਜਾਰੀ ਹਨ ।
ਰਾਸਟਰਪਤੀ ਜੀ , ਆਜ਼ਾਦੀ ਤੋਂ ਬਾਅਦ ਦਿੱਲੀ ਦੇ ਹੁਕਮਰਾਨਾਂ ਵੱਲੋਂ ਪੀੜ੍ਹੀ ਦਰ ਪੀੜ੍ਹੀ ਸਿੱਖ ਕੌਮ ਨਾਲ ਕੀਤੀਆਂ ਬੇਇਨਸਾਫ਼ੀਆਂ , ਧੋਖਿਆਂ ਦੇ ਕਾਰਣ , ਜੂਨ 1984 ਨੂੰ ਵਰਤਾਏ ਕਹਿਰ ਦੇ ਕਾਰਣ , ਨਵੰਬਰ 1984 ਦੇ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੀ ਪਿਛਲੇ 28 ਸਾਲਾਂ ਤੋਂ ਉਡੀਕ ਕਰਦੇ ਕਰਦੇ ਸਿੱਖਾਂ ਦਾ ਸਬਰ ਹੁਣ ਖ਼ਤਮ ਹੋ ਗਿਆ ਹੈ ਇੰਨਾਂ ਲਗਾਤਾਰ ਹੋ ਰਹੀਆਂ ਬੇਇਨਸਾਫ਼ੀਆਂ ,ਧੱਕੇਸ਼ਾਹੀਆਂ , ਧੋਖੇਬਾਜ਼ੀਆਂ ਅਤੇ ਜ਼ੁਲਮ ਦੇ ਕਾਰਣ ਸਮੁੱਚੇ ਸਿੱਖ ਸਮਾਜ ਦੇ ਮਨਾਂ ਅੰਦਰ ਦੇਸ਼ ਪ੍ਰਤੀ ਬੇਗਾਨਗੀ ਦੀ ਭਾਵਨਾ ਅਤੇ ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਕਾਤਲਾਂ , ਬਲਾਤਕਾਰੀਆਂ ਨੂੰ ਦੇਖ ਕੇ ਅੱਖਾਂ ਬੰਦ ਕਰੀ ਬੈਠੀ ਭਾਰਤੀ ਨਿਆਂਪਾਲਿਕਾਂ ਪ੍ਰਤੀ ਬੇਭਰੋਸਗੀ ਦੀ ਭਾਵਨਾ ਜਨਮ ਲੈ ਚੁੱਕੀ ਹੈ । ਸਮੁੱਚਾ ਸਿੱਖ ਸਮਾਜ ਅੱਜ ਇਹ ਮਹਿਸੂਸ ਕਰਨ ਲੱਗਾ ਹੈ ਕਿ ਉਨਾਂ ਨੂੰ ਇਸ ਦੇਸ਼ ਤੋਂ ਕਦੇ ਵੀ ਇਨਸਾਫ਼ ਨਹੀਂ ਮਿਲੇਗਾ ਇਸ ਲਈ ਅੱਜ ਹਰ ਇੱਕ ਸਿੱਖ ਦੇ ਮਨ ਵਿੱਚ ਇਸ ਦੇਸ਼ ਤੋਂ ਪੂਰਨ ਰੂਪ ਵਿਚ ਅਜ਼ਾਦ ਹੋਣ ਦੀ ਭਾਵਨਾ ਜਨਮ ਲੈ ਚੁੱਕੀ ਹੈ । ਇਸ ਲਈ ਅਸੀਂ ਸਾਰੇ ਆਪ ਜੀ ਰਾਹੀ ਇਸ ਦੇਸ਼ ਤੋਂ ਸਿੱਖਾਂ ਦੇ ਵੱਖਰੇ ਦੇਸ਼ ਲਈ ਪੂਰਨ ਰੂਪ ਵਿੱਚ ਆਜ਼ਾਦੀ ਦੀ ਮੰਗ ਕਰਦੇ ਹਾਂ ।
ਖ਼ਾਲਿਸ਼ਤਾਨ ‐ਜ਼ਿੰਦਾਬਾਦ
ਆਜ਼ਾਦੀ ਦੀ ਮੰਗ ਕਰਨ ਵਾਲਿਆਂ ਦੇ ਨਾਮ ਅਤੇ ਪਤੇ
1.ਕੌਮ ਦੀ ਆਜ਼ਾਦੀ ਲਈ ਸ਼ਹੀਦ ਹੋਏ ਸਮੂਹ ਸ਼ਹੀਦ
2.ਬਲਵੰਤ ਸਿੰਘ ਰਾਜੋਅਣਾ ਕੋਠੀ ਨੰ:16 ਕੇਂਦਰੀ ਜੇਲ੍ਹ ਪਟਿਆਲਾ ਪੰਜਾਬ
3.
4.
5.