Tuesday, 9 April 2013

The Original Baghi By Bhai Sukhdeep Singh Ji Barnala

Baghi Song is published in "Jangnama Singhan Te Bipran' in Jan 2006. This poem was part of discussion after 3rd holocaust (1985 era) of Singhs for Sikh revolution.


(ਜਨਵਰੀ 2006 ਵਿੱਚ ਛਪੀ ਕਿਤਾਬ ‘ਜੰਗਨਾਮਾ ਸਿੰਘਾਂ ਤੇ ਬਿਪਰਾਂ’ ਜਿਸ ਵਿੱਚੋਂ ‘ਜ਼ੈਜੀ ਨੇ ‘ਬਾਗੀ’ ਗੀਤ ਗਾਇਆ, ਓਸੇ ਕਿਤਾਬ ਵਿੱਚੋਂ ਇੱਕ ਹੋਰ ਕਵਿਤਾ ਪਾਠਕਾਂ ਦੀ ਕਚਹਿਰੀ ਵਿੱਚ)

ਇਹ ਦੁਨੀਆਂ ਪੂਜਦੀ ਬਾਗੀਆਂ ਨੂੰ - ਸੁਖਦੀਪ ਸਿੰਘ ਬਰਨਾਲਾ

ਇਥੇ ਈਸਾ ਵੀ ਬਾਗੀ ਹੋ ਗਿਆ ਸੀ
ਦਿੱਤਾ ਸੂਲੀ ਤੇ ਉਹਨੂੰ ਲਟਕਾ ਲੋਕੋ

ਫੇਰ ਬਾਗੀ ਹੋਏ ਮਨਸੂਰ ਹੋਣੀਂ
ਮਿਲੀ ਉਹਨੂੰ ਵੀ ਉਹੀ ਸਜ਼ਾ ਲੋਕੋ

ਫੇਰ ਬਾਗੀ ਜਦੋਂ ਸੁਕਰਾਤ ਹੋਇਆ
ਦਿੱਤਾ ਜ਼ਹਿਰ ਪਿਆਲਾ ਪਿਲਾ ਲੋਕੋ

ਸਮਸ਼ ਤਬਰੇਜ ਸੀ ਇਸਲਾਮ ਤੋਂ ਹੋਇਆ ਬਾਗੀ
ਦਿੱਤੀ ਪੁੱਠੀ ਖੱਲ ਲੁਹਾ ਲੋਕੋ

ਬਾਬਾ ਨਾਨਕ ਬਚਪਨ ਤੋਂ ਸੀ ਬਾਗੀ
ਤਾਹੀਓ ਬਾਗੀ ਨੇ ਜਨੇਊ ਪਾਇਆ ਨਾ

ਕਰਮ ਕਾਂਡਾਂ ਤੋਂ ਬਾਬੇ ਨੇ ਕਰੀ ਬਗਾਵਤ
ਉਹ ਬਿਪਰਾਂ ਦੇ ਝਾਂਸੇ ਵਿਚ ਆਇਆ ਨਾ

ਬਾਗੀ ਬਾਬਰ ਤੋਂ ਹੋ ਗਿਆ ਜੁਆਨ ਹੋ ਕੇ
ਅੱਗੇ ਜਾਬਰ ਦੇ ਸਿਰ ਝੁਕਾਇਆ ਨਾ

ਹੋ ਗਿਆ ਭਰਮਾਂ ਤੋਂ ਬਾਗੀ ਸੁਖਦੀਪ ਸਿੰਘਾ
ਬਾਬੇ ਨੇ ਸੂਰਜ ਨੂੰ ਪਾਣੀ ਚੜ੍ਹਾਇਆ ਨਾ

ਬਗਾਵਤ ਮੱਕੇ ਚ ਬਾਬੇ ਨੇ ਕਰ ਦਿੱਤੀ
ਉਥੇ ਕਾਜ਼ੀਆਂ ਨੂੰ ਲੱਗਾ ਸਮਝਾਉਣ ਬਾਬਾ

ਮੁੱਲ੍ਹਿਆਂ ਦਾ ਤੋੜ ਅਭਿਮਾਨ ਉੱਥੇ
ਲੱਗਾ ਸੱਚੀਆਂ ਨਮਾਜ਼ਾਂ ਪੜ੍ਹਾਉਣ ਬਾਬਾ

ਰੱਬ ਬੰਨ੍ਹ ਕੇ ਮੱਕੇ ਵਿਚ ਰੱਖਿਆ ਨਾ
ਲੱਗਾ ਚਾਰੇ ਪਾਸੇ ਰੱਬ ਦਿਖਾਉਣ ਬਾਬਾ

ਸੁਖਦੀਪ ਸਿੰਘਾ ਉਏ ਕਾਜ਼ੀਆਂ ਨੂੰ ਦੱਸਣੇ ਲਈ
ਲੱਗਾ ਮੱਕੇ ਨੂੰ ਅੱਜ ਘੁੰਮਾਉਣ ਬਾਬਾ

ਫੇਰ ਹੋ ਗਏ ਸ਼ਹੀਦਾਂ ਦੇ ਸਿਰਤਾਜ ਬਾਗੀ
ਤੱਤੀ ਤਵੀ ਤੇ ਚੌਂਕੜਾਂ ਮਾਰੀਆ ਸੀ

ਬਾਗੀ ਹੋ ਗਏ ਗੁਰੂ ਹਰਿਗੋਬਿੰਦ ਸਾਹਿਬ
ਮੀਰੀ ਪੀਰੀ ਦੀਆਂ ਤਲਵਾਰਾਂ ਧਾਰੀਆਂ ਸੀ

ਨੌਵੇਂ ਗੁਰੂ ਨੇ ਜ਼ੁਲਮ ਖਿਲਾਫ਼ ਕਰੀ ਬਗਾਵਤ
ਗੱਲਾਂ ਜੱਗ ਤੇ ਕੀਤੀਆਂ ਨਿਆਰੀਆਂ ਸੀ

ਮਤੀ, ਸਤੀ ਦਾਸ ਤੇ ਦਿਆਲਾ ਜੀ ਹੋਏ ਬਾਗੀ
ਜਾਨਾਂ ਮੂਲ ਨਾ ਕੀਤੀਆਂ ਪਿਆਰੀਆਂ ਸੀ

ਕਲਗੀਧਰ ਤਾਂ ਗੁਰੂ ਸੀ ਬਾਗੀਆਂ ਦਾ
ਉਹਦਾ ਬਾਗੀ ਸੀ ਸਾਰਾ ਪਰਿਵਾਰ ਲੋਕੋ

ਛੋਟੇ ਲਾਲ ਸਰਹੰਦ ਵਿਚ ਹੋਏ ਬਾਗੀ
ਗਏ ਧਰਮ ਦੇ ਉੱਤੋਂ ਜਿੰਦ ਵਾਰ ਲੋਕੋ

ਬਗਾਵਤ ਅਜੀਤ ਜੁਝਾਰ ਨੇ ਕਰ ਦਿੱਤੀ
ਹੱਥ ਚੁੱਕ ਲਈ ਸੀ ਤਲਵਾਰ ਲੋਕੋ

ਮਾਈ ਭਾਗੋ ਵੀ ਬਾਗੀ ਸੁਖਦੀਪ ਸਿੰਘਾ
ਸਾਰੇ ਬਾਗੀ ਨੇ ਸਿੰਘ ਸਰਦਾਰ ਲੋਕੋ

ਸ਼ੇਰ ਮੁਹੰਮਦ ਖਾਨ ਮਲੇਰ ਕੋਟਲੇ ਵਾਲਾ
ਬਾਗੀ ਸ਼ਰ੍ਹਾ ਤੋਂ ਹੋ ਗਿਆ ਨਵਾਬ ਮੀਆਂ

ਮੋਤੀ ਮਹਿਰਾ ਤੇ ਟੋਡਰ ਮੱਲ ਹੋਏ ਬਾਗੀ
ਕੀਤਾ ਮੋਹਰਾਂ ਦੇ ਨਾਲ ਹਿਸਾਬ ਮੀਆਂ

ਬਾਜਾਂ ਵਾਲੇ ਨੂੰ ਮਿਲਕੇ ਮਾਧੋ ਦਾਸ ਵੀ
ਬਣ ਗਿਆ ਬਾਗੀ ਬੰਦਾ ਸਿੰਘ ਸਰਦਾਰ ਮੀਆਂ

ਖਿਤਾਬ ਬਹਾਦਰ ਦਾ ਦਿੱਤਾ ਦਸਮੇਸ਼ ਜੀ ਨੇ
ਦਿੱਤੀ ਸ਼ਾਂਤੀ ਮਠਾਂ ਨੂੰ ਲੱਤ ਮਾਰ ਮੀਆਂ

ਬਗਾਵਤ ਬਾਗੀ ਨੇ ਐਸੀ ਫਿਰ ਕਰੀ ਸਿੰਘੋ
ਉਹਨੇ ਦਿੱਤੀ ਸਰਹੰਦ ਉਜਾੜ ਮੀਆਂ

ਕਾਤਿਲ ਗੁਰੂ ਕਿਆਂ ਲਾਲਾਂ ਦਾ ਵਜ਼ੀਰ ਖਾਨ
ਦਿੱਤਾ ਘੋੜੇ ਦੇ ਥੱਲੇ ਲਿਤਾੜ ਮੀਆਂ

ਸਾਡਾ ਬਾਗੀ ਹੈ ਇਤਿਹਾਸ ਸੁਖਦੀਪ ਸਿੰਘਾ
ਸਾਡਾ ਬਾਗੀ ਹੈ ਪੰਥ ਪਰਿਵਾਰ ਮੀਆਂ

ਇਹ ਦੁਨੀਆਂ ਪੂਜਦੀ ਬਾਗੀਆਂ ਨੂੰ
ਨਹੀਂ ਦੂਜਿਆਂ ਦੇ ਇਥੇ ਸਤਿਕਾਰ ਮੀਆਂ।