Wednesday, 29 May 2013

Jathedar Bhai Balwant Singh Ji Rajoana's Court Statement 28/05/2013 Video


JATHEDAR RAJOANA'S COURT STATEMENT FROM YESTERDAY'S COURT APPEARANCE IN THE FALSE CASE AGAINST HIM..LISTEN TO FIND OUT HOW THE FALSE WITNESSES WERE IN SHOCK!! PLS SHARE
 
 
ਅੱਜ ਵੀਰਜੀ ਸ. ਬਲਵੰਤ ਸਿੰਘ ਰਾਜੋਆਣਾ ਜੀ ਦੀ ਪਟਿਆਲਾ ਕਚਹਿਰੀਆਂ ਵਿਚ ਹਥਿਆਰ ਰੱਖਣ ਦੇ ਮਾਮਲੇ ਵਿਚ ਤਰੀਕ ਸੀ । ਵੀਰਜੀ ਨੇ ਇਸ ਕੇਸ ਦੇ ਇੰਸਪੈਕਟਰ ਰੈਂਕ ਦੇ ਤਫ਼ਤੀਸੀ ਅਫ਼ਸਰ ਨੂੰ ਪਹਿਲਾਂ ਸਵਾਲ ਇਹ ਕੀਤਾ ਸੀ ਕਿ ਤੇਰਾ ਗੁਰੂ ਕੌਣ ਹੈ ਉਸ ਗਵਾਹ ਨੇ ਕਿਹਾ ਕਿ ਮੇਰਾ ਗੁਰੂ “ਸ੍ਰੀ ਗੁਰੂ ਗ੍ਰੰਥ ਸਾਹਿਬ” ਜੀ ਹਨ । ਤਾਂ ਵੀਰਜੀ ਨੇ ਉਸ ਨੂੰ ਕਿਹਾ ਕੀ ਤੂੰ ਜੋ ਵੀ ਬਿਆਨ ਦਿੱਤਾ ਹੈ ਇਹ ਇਸੇ ਗੁਰੂ ਦੀ ਕਸਮ ਖਾ ਕੇ ਦਿੱਤਾ ਹੈ ਉਸ ਵੱਲੋਂ ਕਿਹਾ ਗਿਆ ਕਿ ਮੈਂ ਜੋ ਵੀ ਕਿਹਾ ਧਰਮ ਨਾਲ ਸੱਚ ਕਿਹਾ ਹੈ । ਉਸ ਤੋਂ ਬਾਅਦ ਵੀਰਜੀ ਨੇ ਅਦਾਲਤ ਨੂੰ ਸੰਬੋਧਨ ਹੁੰਦੇ ਹੋਏ ਇਹ ਕਿਹਾ ਕਿ ਜੱਜ ਸਾਹਿਬ ,ਮੇਰਾ ਹਿੰਦੋਸਤਾਨ ਦੀਆਂ ਇਨ੍ਹਾਂ ਕੂੜ ਦਾ ਵਪਾਰ ਕਰਨ ਵਾਲੀਆਂ ਅਦਾਲਤਾਂ ਵਿਚ ਕੋਈ ਭਰੋਸਾ ਨਹੀਂ ਹੈ ਮੈਂ ਆਪਣਾ ਇਹ ਕੇਸ ਉਸ ਅਕਾਲ ‐ਪੁਰਖ ਵਾਹਿਗੁਰੂ ਦੀ ਅਦਾਲਤ ਵਿਚ ਪੇਸ ਕਰਦਾ ਹਾਂ ।ਉਸ ਤੋਂ ਬਾਅਦ ਵੀਰਜੀ ਸ. ਬਲਵੰਤ ਸਿੰਘ ਰਾਜੋਆਣਾ ਜੀ ਨੇ ਅਦਾਲਤ ਵਿਚ ਪੂਰੀ ਗਰਜਵੀਂ ਆਵਾਜ਼ ਵਿਚ ਆਪਣਾ ਬਿਆਨ ਪੜ੍ਹਿਆ ਉਸ ਵਕਤ ਅਦਾਲਤ ਵਿਚ ਪੂਰਾ ਸੱਨਾਟਾ ਛਾ ਗਿਆ । ਵੀਰਜੀ ਨੇ ਆਪਣਾ ਬਿਆਨ ਅਦਾਲਤ ਵਿਚ ਪੜ੍ਹਨ ਤੋਂ ਬਾਅਦ ਖ਼ਾਲਿਸਤਾਨ ਜ਼ਿੰਦਾਬਾਦ ਦੇ ਪੰਜ ਵਾਰ ਨਾਅਰੇ ਲਾਏ ਤੇ ਆਜ਼ਾਦੀ ਦੀ ਮੰਗ ਕੀਤੀ । ਵੀਰਜੀ ਦੇ ਬਿਆਨ ਪੜ੍ਹਨ ਤੋਂ ਬਾਅਦ ਅਦਾਲਤ ਵਿਚ ਵੀਰਜੀ ਦੇ ਖ਼ਿਲਾਫ਼ ਦੂਜਾ ਗਵਾਹ ਪੇਸ ਕੀਤਾ ਗਿਆ ਤਾਂ ਉਸ ਗਵਾਹ ਨੂੰ ਏਨੀ ਜਿਆਦਾ ਘਬਰਾਹਟ ਹੋ ਗਈ ਕਿ ਉਸ ਨੂੰ ਜਦੋਂ ਕਟਹਿਰੇ ਵਿਚ ਖੜ੍ਹਾ ਕੀਤਾ ਗਿਆ ਤਾਂ ਉਸ ਤੋਂ ਕੁਝ ਬੋਲਿਆ ਨਹੀਂ ਗਿਆ ਤਾਂ ਜੱਜ ਸਾਹਿਬ ਤੇ ਸਰਕਾਰੀ ਵਕੀਲ ਵਲੋਂ ਉਸਨੂੰ ਕੁਰਸੀ ਤੇ ਬਿਠਾਇਆ ਗਿਆ ਤੇ ਦਵਾਈ ਵਗੈਰਾ ਦਿੱਤੀ ਗਈ ਤੇ ਵੀਰਜੀ ਨੇ ਜੱਜ ਸਾਹਿਬ ਨੂੰ ਸੰਬੋਧਨ ਹੁੰਦੇ ਹੋਏ ਕਿਹਾ ਕਿ ਜੱਜ ਸਾਹਿਬ ਇਸ ਗਵਾਹ ਨੂੰ ਘਬਰਾਹਟ ਨਹੀਂ ਹੈ ਇਸ ਦੀ ਆਤਮਾ ਜਾਗ ਗਈ ਹੈ ।ਇਸ ਗਵਾਹ ਨੇ ਆਪਣੀ ਗਵਾਹੀ ਸਿਰਫ਼ ਹਾਂ ਹੂੰ ਕਰਕੇ ਹੀ ਦਿੱਤੀ । ਜਦੋਂ ਵੀਰਜੀ ਅਦਾਲਤ ਵਿਚੋਂ ਬਾਹਰ ਆਏ ਤਾਂ ਬਹੁਤ ਸਾਰੇ ਲੋਕ ਵੀਰਜੀ ਦੇ ਦਰਸਨ ਕਰਨ ਲਈ ਅਤੇ ਫ਼ਤਹਿ ਬੁਲਾਉਣ ਲਈ ਖੜ੍ਹੇ ਹੋਏ ਸਨ ਤੇ ਕੁਝ ਲੋਕ ਆਪਣੇ ਮੋਬਾਇਲਾਂ ਤੇ ਵੀਡਿਓ ਵੀ ਬਣਾ ਰਹੇ ਸਨ ।ਵੀਰਜੀ ਦੇ ਇਸ ਕੇਸ ਦੀ ਅਗਲੀ ਤਾਰੀਕ 11 ਜੂਨ ਪਾਈ ਗਈ ਹੈ ।


ਨਾਨਕ ਜੀਅ ਉਪਾਈ ਕੈ ਲਿਖਿ ਨਾਵੈ ਧਰਮ ਬਹਾਲਿਆ ॥
ਓਥੇ ਸਚੇ ਹੀ ਸਚਿ ਨਿਬੜੈ ਚੁਣਿ ਵਖਿ ਕਢੇ ਜਜਮਾਲਿਆ॥
ਥਾਉ ਨ ਪਾਇਨਿ ਕੂੜਿਆਰ ਮੁਹ ਕਾਲੈ ਦੋਜਿਕ ਚਾਲਿਆ ॥
ਤੇਰੈ ਨਾਇ ਰਤੇ ਸੇ ਜਿਣਿ ਗਏ ਹਾਰ ਗਏ ਸਿ ਠਗਣ ਵਾਲਿਆ ॥
ਲਿਖਿ ਨਾਵੈ ਧਰਮੁ ਬਹਾਲਿਆ ॥
ਸਤਿਕਾਰਯੋਗ ਜੱਜ ਸਾਹਿਬ ,
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫ਼ਤਹਿ॥
ਜੱਜ ਸਾਹਿਬ ਜਦੋਂ ਜੂਨ 1984 ਨੂੰ ਹਿੰਦੋਸਤਾਨ ਦੇ ਕਾਂਗਰਸੀ ਹੁਕਮਰਾਨਾਂ ਨੇ ਸਿਰਫ਼ ਕੁਰਸੀ ਹਾਸਿਲ ਕਰਨ ਲਈ ਸਿੱਖਾਂ ਵੱਲੋਂ ਹਿੰਦੋਸਤਾਨ ਦੀ ਆਜ਼ਾਦੀ ਵਿਚ ਪਾਏ ਵੱਡਮੁੱਲੇ ਯੋਗਦਾਨ ਦੇ ਇਨਾਮ ਵਜੋਂ ਦੇਸ ਦੀ ਫੌਜ ਨੂੰ ਟੈਂਕਾਂ ਅਤੇ ਤੋਪਾਂ ਨਾਲ ਲੈਸ ਕਰਕੇ ਸਿੱਖ ਧਰਮ ਤੇ ਹਮਲਾ ਕੀਤਾ, ਹਜ਼ਾਰਾਂ ਨਿਰਦੋਸ਼ ਸਰਧਾਲੂਆਂ ਦਾ ਕਤਲੇਆਮ ਕੀਤਾ ਸਿੱਖਾਂ ਦੀ ਸਰਵ-ਉੱਚ ਅਦਾਲਤ “ਸ੍ਰੀ ਅਕਾਲ ਤਖ਼ਤ ਸਾਹਿਬ” ਜੀ ਨੂੰ ਢਹਿ ਢੇਰੀ ਕਰਕੇ ਕਰੋੜਾਂ ਸਿੱਖਾਂ ਦੇ ਹਿਰਦਿਆਂ ਨੂੰ ਲਹੂ-ਲੁਹਾਨ ਕੀਤਾ ਜਦੋਂ ਇਨ੍ਹਾਂ ਹੀ ਮੱਕਾਰ ਕਾਂਗਰਸੀ ਹੁਕਮਰਾਨਾਂ ਨੇ ਅਤੇ ਕਾਨੂੰਨ ਦੇ ਰਖਵਾਲਿਆਂ ਨੇ ਮਿਲਕੇ ਕਾਤਲਾਂ ਦਾ ਰੂਪ ਧਾਰਨ ਕਰਕੇ ਨਵੰਬਰ 1984 ਨੂੰ ਦਿੱਲੀ ਦੀ ਗਲੀਆਂ ਵਿਚ ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਕਤਲੇਆਮ ਕੀਤਾ ਸਿੱਖਾਂ ਦੀਆਂ ਧੀਆਂ ਭੈਣਾਂ ਨਾਲ ਬਲਾਤਕਾਰ ਕਰਕੇ ਉਹਨ੍ਹਾਂ ਨੂੰ ਕੋਹ ਕੋਹ ਕੇ ਮਾਰਿਆ ।ਦੇਸ ਦੇ ਹੁਕਮਰਾਨਾਂ ਨੇ ਅਤੇ ਕਾਨੂੰਨ ਦੇ ਰਖਵਾਲਿਆਂ ਨੇ ਲੋਕਾਂ ਦੀ ਹਿਫ਼ਾਜਤ ਲਈ ਖਾਧੀ ਹੋਈ ਕਸਮ ਨਾਲ ਧੋਖਾ ਕੀਤਾ ।ਕਾਤਲਾਂ ਨੂੰ ਬਚਾਉਣ ਲਈ ਸਾਰੇ ਸਬੂਤ ਨਸਟ ਕਰਕੇ ਕਾਤਲਾਂ ਨਾਲ ਵਫ਼ਾ ਅਤੇ ਆਪਣੇ ਫ਼ਰਜਾਂ ਨਾਲ ਧੋਖਾ ਕੀਤਾ । ਅੱਜ ਤੱਕ ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਕਾਤਲ ਦੇਸ ਦੇ ਉੱਚ ਅਹੁਦਿਆ ਦਾ ਆਨੰਦ ਮਾਣ ਰਹੇ ਹਨ । ਭਾਰਤੀ ਨਿਆਂਇਕ ਸਿਸਟਿਮ ਜਿਹੜਾਂ ਕਿਸੇ ਅਖ਼ਬਾਰ ਦੀ ਖ਼ਬਰ ਨੂੰ ਜਨਹਿਤ ਪਟੀਸ਼ਨ ਮੰਨ ਕੇ ਕਾਰਵਾਈ ਕਰ ਦਿੰਦਾ ਹੈ , ਉਹ ਦੇਸ ਦੀ ਰਾਜਧਾਨੀ ਵਿਚ ਵੱਡੇ ਪੱਧਰ ਤੇ ਹਜ਼ਾਰਾਂ ਸਿੱਖਾਂ ਦੇ ਹੋਏ ਕਤਲੇਆਮ ਤੋਂ ਬਾਅਦ ਵੀ ਕਾਤਲਾਂ ਨੂੰ ਦੇਖ ਕੇ ਅੱਖਾਂ ਬੰਦ ਕਰਕੇ ਕਾਤਲਾਂ ਨਾਲ ਵਫ਼ਾ ਅਤੇ ਆਪਣੇ ਫ਼ਰਜਾਂ ਨਾਲ ਅੱਜ ਤੱਕ ਧੋਖਾ ਹੀ ਕਰ ਰਿਹਾ ਹੈ । ਜੇਕਰ ਇਹ ਹੁਕਮਰਾਨ ਅਤੇ ਕਾਨੂੰਨ ਦੇ ਰਖਵਾਲੇ ਸਿੱਖ ਧਰਮ ਤੇ ਹਮਲਾ ਕਰਕੇ , ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਕਤਲੇਆਮ ਕਰਕੇ, ਸਿੱਖਾਂ ਦੀਆਂ ਧੀਆਂ ਭੈਣਾਂ ਨਾਲ ਬਲਾਤਕਾਰ ਕਰਕੇ ਵੀ ਦੇਸ ਭਗਤ ਹਨ ਤਾਂ ਅਸੀਂ ਸਿੱਖ ਕੌਮ ਤੇ ਹੋਏ ਏਨੇ ਜ਼ੁਲਮ ਤੋਂ ਬਾਅਦ ਹਥਿਆਰ ਚੁੱਕ ਕੇ ਅੱਤਵਾਦੀ ਕਿਵੇਂ ਹੋ ਗਏ ?
ਜੱਜ ਸਾਹਿਬ , ਸਿੱਖ ਕੌਮ ਤੇ ਹੋਏ ਏਨੇ ਜ਼ੁਲਮ ਤੋਂ ਬਾਅਦ ਕੌਮ ਦੀ ਅਣਖ਼ ਅਤੇ ਗੈਰਤ ਲਈ , ਕੌਮੀ ਇਨਸਾਫ਼ ਲਈ , ਕੌਮ ਦੀ ਆਜ਼ਾਦੀ ਲਈ ਹਜ਼ਾਰਾਂ ਸਿੱਖ ਨੌਜਵਾਨਾਂ ਨੇ ਇਨ੍ਹਾਂ ਜ਼ਾਲਮ ਤਾਕਤਾਂ ਦੇ ਖਿਲਾਫ਼ ਹਥਿਆਰ ਚੁੱਕੇ ਅਤੇ ਇਨ੍ਹਾਂ ਨਾਲ ਜੂਝਦੇ ਹੋਏ ਸ਼ਹੀਦ ਹੋ ਗਏ । ਕੌਮ ਦੀ ਅਣਖ਼ ਅਤੇ ਗੈਰਤ ਲਈ ਸ਼ਹੀਦ ਹੋਏ ਇਨ੍ਹਾਂ ਸੂਰਬੀਰਾਂ ਨੂੰ ਮੈਂ ਸਿਜਦਾ ਕਰਦਾ ਹਾਂ । ਮੈਨੂੰ ਆਪਣੇ ਇਸ ਸੰਘਰਸ਼ ਵਿਚ ਸਾਮਿਲ ਹੋਣ ਦਾ , ਇਸ ਦੌਰਾਨ ਕੀਤੇ ਹੋਏ ਕਿਸੇ ਵੀ ਕੰਮ ਦਾ ਕੋਈ ਅਫ਼ਸੋਸ ਨਹੀਂ ਹੈ । ਪਰ ਜੋ ਇਹ ਕੇਸ ਮੇਰੇ ਤੇ ਪਾਇਆ ਗਿਆ ਹੈ ਇਹ ਬਿਲਕੁਲ ਹੀ ਝੂਠ ਹੈ । ਇਹ ਜੋ ਤਫ਼ਤੀਸੀ ਅਫ਼ਸਰ ਨੇ ਆਪਣੇ ਧਰਮ ਦੀ ਕਸਮ ਖਾ ਕੇ ਬਿਆਨ ਦਰਜ ਕਰਵਾਏ ਹਨ, ਇਹ ਆਪਣੇ ਧਰਮ ਨਾਲ , ਆਪਣੇ ਗੁਰੂ ਨਾਲ ਜਿਸ ਦੀ ਇਸਨੇ ਕਸਮ ਖਾਧੀ ਹੈ ਉਸ ਨਾਲ ਧੋਖਾ ਹੈ । ਇਹ ਸੰਵਿਧਾਨ ਦੀ ਕਸਮ ਖਾ ਕੇ ਇਨਸਾਫ਼ ਲਈ ਪਾਈ ਹੋਈ ਵਰਦੀ ਨਾਲ ਧੋਖਾ ਹੈ । ਮੇਰੇ ਤੇ ਪਾਇਆ ਇਹ ਝੂਠਾ ਕੇਸ ਇਨ੍ਹਾਂ ਕਾਨੂੰਨ ਦੇ ਰਖਵਾਲਿਆ ਦੀ ਧੋਖੇਬਾਜ਼ ਮਾਨਸਿਕਤਾ ਦਾ ਪ੍ਰਗਟਾਵਾ ਹੈ ।
ਜੱਜ ਸਾਹਿਬ, ਜਿਸ ਦੇਸ਼ ਨੇ ਸਿੱਖਾਂ ਦੀ ਸਰਵ-ਉੱਚ ਅਦਾਲਤ “ਸ੍ਰੀ ਅਕਾਲ ਤਖ਼ਤ ਸਾਹਿਬ” ਜੀ ਨੂੰ ਢਹਿ ਢੇਰੀ ਕੀਤਾ ਹੈ , ਉਸ ਦੇਸ ਦੀ ਕਿਸੇ ਵੀ ਅਦਾਲਤ ਵਿਚ ਅਤੇ ਕਾਤਲ ਹੁਕਮਰਾਨਾਂ ਦੇ ਇਸਾਰਿਆਂ ਤੇ ਨੱਚਣ ਵਾਲੇ ਇਸ ਭਾਰਤੀ ਨਿਆਂਇਕ ਸਿਸਟਿਮ ਵਿਚ ਮੇਰਾ ਕੋਈ ਭਰੋਸਾ ਨਹੀਂ ਹੈ । ਇਹ ਇਸ ਦੇਸ ਦੇ ਕਾਨੂੰਨੀ ਸਿਸਟਿਮ ਦਾ ਕਿਹੋ ਜਿਹਾ ਘਿਨੌਣਾ ਸੱਚ ਹੈ ਕਿ ਇਕ ਪਾਸੇ ਸਿੱਖਾਂ ਤੇ ਬਿਲਕੁਲ ਹੀ ਝੂਠੇ ਕੇਸ ਦਰਜ ਕੀਤੇ ਜਾ ਰਹੇ ਹਨ , ਦੂਜੇ ਪਾਸੇ ਸੱਜਣ ਕੁਮਾਰ, ਜਗਦੀਸ਼ ਟਾਈਟਲਰ ਵਰਗੇ ਕਾਤਲਾਂ ਦਾ ਸੱਚ ਜਾਣਦੇ ਹੋਏ ਵੀ ਉਨ੍ਹਾਂ ਨੂੰ ਕਲੀਨ ਚਿੱਟ ਦਿੱਤੀ ਜਾ ਰਹੀ ਹੈ । ਇਹ ਝੂਠ ਅਤੇ ਕੂੜ ਦਾ ਵਪਾਰ ਕਰਨ ਵਾਲੀਆਂ ਹਿੰਦੋਸਤਾਨੀ ਅਦਾਲਤਾਂ ਨੂੰ ਇਨਸਾਫ਼ ਦਾ ਮੰਦਰ ਕਹਿਣਾ ਇਨਸਾਫ਼ ਅਤੇ ਮੰਦਰ ਵਰਗੇ ਪਵਿੱਤਰ ਸਬਦਾਂ ਦੀ ਤੌਹੀਨ ਹੈ । ਮੈਂ ਇਸ ਅਦਾਲਤ ਰਾਹੀਂ ਕੋਈ ਇਨਸਾਫ਼ ਨਹੀਂ ਸਗੋਂ ਹਿੰਦੋਸਤਾਨੀ ਹੁਕਮਰਾਨਾਂ ਤੋਂ ਆਜ਼ਾਦੀ ਦੀ ਮੰਗ ਕਰਦਾ ਹਾਂ ।
ਖ਼ਾਲਿਸਤਾਨ ਜ਼ਿੰਦਾਬਾਦ । ਵੱਲੋਂ ‐ ਬਲਵੰਤ ਸਿੰਘ ਰਾਜੋਆਣਾ
ਮਿਤੀ ਕੋਠੀ ਨੰ -16
28-5-2013 ਕੇਂਦਰੀ ਜੇਲ੍ਹ ਪਟਿਆਲਾ (ਪੰਜਾਬ)