Saturday, 4 May 2013
Jathedar Rajoana's Letter 4th May 2013
ੴ
ਸਤਿਕਾਰਯੋਗ ਖਾਲਸਾ ਜੀਓ,
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫ਼ਤਹਿ॥
ਸੱਭ ਤੋਂ ਪਹਿਲਾਂ ਮੈਂ ਸਮੁੱਚੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਉਸ ਅਕਾਲ-ਪੁਰਖ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ । ਖਾਲਸਾ ਜੀ , ਪਾਕਿਸਤਾਨ ਦੀ ਕੋਟ ਲਖਪਤ ਜੇਲ੍ਹ ਵਿਚ ਪਿਛਲੇ 23 ਸਾਲਾਂ ਤੋਂ ਬੰਦ ਅਤੇ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਭਾਰਤੀ ਕੈਦੀ ਸਰਬਜੀਤ ਸਿੰਘ ਦਾ ਜੇਲ੍ਹ ਵਿਚ ਬੇਰਹਿਮੀ ਨਾਲ ਕੁੱਟਮਾਰ ਕਰਕੇ ਕੀਤਾ ਗਿਆ ਕਤਲ ਸੱਚਮੁੱਚ ਹੀ ਬਹੁਤ ਦੁਖਦਾਈ ਹੈ । ਕਿਸੇ ਵੀ ਪਰਿਵਾਰ ਨਾਲ ਜੀਵਨ ਵਿਚ ਇਸ ਤਰ੍ਹਾਂ ਦਾ ਹਾਦਸਾ ਹੋ ਜਾਵੇ ਕਿ ਉਸਦਾ ਕੋਈ ਮੈਂਬਰ ਸਰਾਬ ਦੇ ਨਸ਼ੇ ਵਿਚ ਗਲਤੀ ਨਾਲ ਸਰਹੱਦ ਪਾਰ ਕਰਕੇ ਪਾਕਿਸਤਾਨ ਚਲਾ ਗਿਆ ਹੋਵੇ ਅਤੇ ਪਾਕਿਸਤਾਨ ਦੀ ਫੌਜ ਵੱਲੋਂ ਉਸ ਨੂੰ ਗ੍ਰਿਫਤਾਰ ਕਰਕੇ ਉਸ ਤੇ ਝੂਠੇ ਕੇਸ ਪਾ ਕੇ ਉਸ ਨੂੰ ਜੇਲ੍ਹ ਵਿਚ ਬੰਦ ਕਰ ਦਿੱਤਾ ਗਿਆ ਹੋਵੇ, ਉਸ ਨੂੰ ਮੌਤ ਦੀ ਸਜ਼ਾ ਦਾ ਸਾਹਮਣਾ ਕਰਨਾ ਪਵੇ, ਪਿੱਛੇ ਰਹਿ ਗਏ ਪਰਿਵਾਰ ਨੂੰ ਦੁੱਖਾਂ , ਮਜ਼ਬੂਰੀਆਂ ਅਤੇ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪਵੇ, ਇੰਨੇ ਲੰਮੇ ਜੇਲ੍ਹ ਦੇ ਦੁੱਖਾਂ ਭਰੇ ਜੀਵਨ ਤੋਂ ਬਾਅਦ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੋਵੇ।ਇਸ ਤਰ੍ਹਾਂ ਦੇ ਹਾਲਾਤਾਂ ਦਾ ਸਾਹਮਣਾ ਕਰ ਰਹੇ ਪਰਿਵਾਰ ਦੇ ਦੁੱਖਾਂ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਸ ਤਰ੍ਹਾਂ ਦੇ ਜੀਵਨ ਦੇ ਸੰਤਾਪ ਨੂੰ ਉਹੀ ਲੋਕ ਮਹਿਸ਼ੂਸ ਕਰ ਸਕਦੇ ਹਨ ਜੋ ਖੁਦ ਇਸ ਤਰ੍ਹਾਂ ਦਾ ਜੀਵਨ ਬਤੀਤ ਕਰ ਰਹੇ ਹੋਣ । ਇਸ ਤਰ੍ਹਾਂ ਸਰਬਜੀਤ ਦੇ ਪਰਿਵਾਰ ਨਾਲ ਜਿੰਨੀ ਵੀ ਹਮਦਰਦੀ ਕੀਤੀ ਜਾਵੇ ਉਹ ਘੱਟ ਹੈ । ਪਰ ਖਾਲਸਾ ਜੀ , ਸਰਬਜੀਤ ਸਿੰਘ ਦੀ ਮੌਤ ਤੋਂ ਬਾਅਦ ਜੋ ਵਰਤਾਰਾ ਦੇਸ਼ ਦੇ ਹੁਕਮਰਾਨਾਂ ਵੱਲੋਂ ਕੀਤਾ ਜਾ ਰਿਹਾ ਹੈ ਇਹ ਸਮਝ ਤੋਂ ਬਾਹਰ ਹੈ । ਦੇਸ਼ ਦਾ ਪ੍ਰਧਾਨ ਮੰਤਰੀ ਸਰਬਜੀਤ ਸਿੰਘ ਨੂੰ ਦੇਸ ਦਾ ਬਹਾਦਰ ਸਪੂਤ ਕਹਿ ਰਿਹਾ ਹੈ । ਪੰਜਾਬ ਦਾ ਮੁੱਖ ਮੰਤਰੀ ਸਰਬਜੀਤ ਦੀ ਮੌਤ ਤੇ ਤਿੰਨ ਦਿਨਾਂ ਦੇ ਸੋਗ ਦਾ ਐਲਾਨ ਕਰਦਾ ਹੈ , ਸਰਬਜੀਤ ਦਾ ਅੰਤਿਮ ਸੰਸਕਾਰ ਸਰਕਾਰੀ ਸਨਮਾਨਾਂ ਨਾਲ ਕੀਤਾ ਜਾਂਦਾ ਹੈ । ਇਹ ਸਾਰਾ ਵਰਤਾਰਾ ਕਈ ਤਰ੍ਹਾਂ ਦੇ ਸੁਆਲਾਂ ਦੇ ਜੁਆਬ ਮੰਗਦਾ ਹੈ ।
ਖਾਲਸਾ ਜੀ , ਇੱਕ ਵਿਅਕਤੀ ਜੋ ਸ਼ਰਾਬ ਦੇ ਨਸ਼ੇ ਵਿਚ ਗਲਤੀ ਨਾਲ ਸਰਹੱਦ ਪਾਰ ਕਰ ਗਿਆ ਹੋਵੇ ਅਤੇ ਉਸ ਨੂੰ 23 ਸਾਲਾਂ ਦੇ ਦੁੱਖਾਂ ਭਰੇ ਜੀਵਨ ਤੋਂ ਬਾਅਦ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ, ਜੋ ਪਾਕਿਸਤਾਨ ਦੇ ਹੁਕਮਰਾਨਾਂ ਤੋਂ ਆਪਣੀ ਜਿੰਦਗੀ ਦੀ ਭੀਖ ਮੰਗ ਰਿਹਾ ਹੋਵੇ ਉਹ ਵਿਆਕਤੀ ਭਾਰਤ ਦਾ ਬਹਾਦਰ ਸਪੂਤ ਕਿਵੇਂ ਹੋ ਗਿਆ ? ਉਹ ਵਿਆਕਤੀ ਕੌਮੀ ਸ਼ਹੀਦ ਕਿਵੇਂ ਹੋ ਗਿਆ ? ਉਸ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕਿਉਂ ਕੀਤਾ ਗਿਆ ? ਕੀ ਉਸ ਵਿਆਕਤੀ ਨੇ ਜੇਲ੍ਹ ਦੇ ਜੀਵਨ ਵਿਚ ਆਪਣੇ ਦੇਸ਼ ਲਈ ਜਾਂ ਕੌਮੀ ਹਿੱਤਾ ਲਈ ਕੋਈ ਲੜ੍ਹਾਈ ਲੜ੍ਹੀ ? ਕੀ ਉਸ ਨੇ ਕੌਮੀ ਸ਼ਹੀਦ ਦਾ ਦਰਜਾ ਅਤੇ ਭਾਰਤ ਦੇ ਬਹਾਦਰ ਸਪੂਤ ਦਾ ਦਰਜਾ ਨਿਰਦੋਸ਼ ਹੋਣ ਕਾਰਣ ਦਿੱਤਾ ਗਿਆ ? ਖਾਲਸਾ ਜੀ , ਪੰਜਾਬ ਦੇ ਧਰਤੀ ਤੇ ਜੇਕਰ ਉਹ ਕਾਂਗਰਸੀ ਆਗੂ ਆ ਕੇ ਅਜਿਹਾ ਕਰਦੇ ਹਨ ਜਿੰਨ੍ਹਾਂ ਦੇ ਆਪਣੇ ਹੱਥ ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਖੂਨ ਨਾਲ ਰੰਗੇ ਹੋਏ ਹਨ , ਜਿੰਨ੍ਹਾਂ ਲੋਕਾਂ ਨੇ ਦਿੱਲੀ ਦੀਆਂ ਗਲੀਆਂ ਵਿਚ ਤਿੰਨ ਦਿਨ ਸਿੱਖਾਂ ਦਾ ਸ਼ਿਕਾਰ ਖੇਡਿਆ ਹੋਵੇ ਤਾਂ ਇਸ ਵਿਚੋਂ ਉਨਾਂ ਹੁਕਮਰਾਨਾਂ ਦੀ ਮਕਾਰੀ ਸਾਫ਼ ਝਲਕਦੀ ਹੈ । ਇਹ ਸਵਾਲ ਭਾਰਤੀ ਹੁਕਮਰਾਨਾਂ ਤੋਂ ਜੁਆਬ ਮੰਗਦੇ ਹਨ ਕੀ ਉਹ ਅਜਿਹਾ ਪਾਖੰਡ ਦੇਸ਼ ਵਿਚ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਕਰਕੇ ਕਰ ਰਹੇ ਹਨ ਜਾਂ ਫਿਰ ਉਨ੍ਹਾਂ ਵੱਲੋਂ ਸਰਬਜੀਤ ਵਾਰੇ ਕੀਤਾ ਜਾ ਰਿਹਾ ਇਹ ਵਰਤਾਰਾ ਇਸ ਗੱਲ ਵੱਲ ਸੰਕੇਤ ਕਰਦਾ ਹੈ ਕਿ ਸਰਬਜੀਤ ਭਾਰਤੀ ਖੁਫ਼ੀਆ ਏਜੰਸੀਆਂ ਦਾ ਬੰਦਾ ਸੀ ਉਸ ਨੇ ਸਰਹੱਦ ਗਲਤੀ ਨਾਲ ਨਹੀਂ ਸਗੋਂ ਪਾਕਿਸਤਾਨ ਜਾ ਕੇ ਬੰਬ ਧਮਾਕੇ ਕਰਨ ਲਈ ਪਾਰ ਕੀਤੀ । ਠੀਕ ਉਸੇ ਤਰ੍ਹਾਂ ਜਿਸ ਤਰ੍ਹਾਂ ਪਾਕਿਸਤਾਨ ਦੀਆ ਖੁਫ਼ੀਆਂ ਏਜੰਸੀਆਂ ਭਾਰਤ ਵਿਚ ਆਪਣੇ ਬੰਦੇ ਭੇਜ ਕੇ ਬੰਬ ਧਮਾਕੇ ਕਰਵਾਉਂਦੀਆਂ ਹਨ । ਭਾਰਤੀ ਹੁਕਮਰਾਨਾਂ ਵੱਲੋਂ ਸਰਬਜੀਤ ਨੂੰ ਦਿੱਤੇ ਗਏ ਸਨਮਾਨਾਂ ਤੋਂ ਬਾਅਦ ਇਹੀ ਸੱਚ ਸਾਹਮਣੇ ਆਉਂਦਾ ਹੈ ਅਤੇ ਭਾਰਤੀ ਹੁਕਮਰਾਨਾਂ ਨੂੰ ਹੁਣ ਸਰਬਜੀਤ ਵੱਲੋਂ ਪਾਕਿਸਤਾਨ ਵਿਚ ਕੀਤੇ ਗਏ ਬੰਬ ਧਮਾਕਿਆਂ ਦੇ ਸੱਚ ਨੂੰ ਵੀ ਸਵੀਕਾਰ ਕਰ ਲੈਣਾ ਚਾਹੀਦਾ ਹੈ । ਕਿਉਂਕਿ ਜੇਕਰ ਅਜਿਹਾ ਨਹੀਂ ਹੈ ਤਾਂ ਉਸੇ ਕੋਟ ਲਖਪਤ ਜੇਲ੍ਹ ਵਿਚ ਜਨਵਰੀ ਮਹੀਨੇ ਵਿਚ ਕੁੱਟ ਕੁੱਟ ਕੇ ਮਾਰੇ ਗਏ ਭਾਰਤੀ ਕੈਦੀ ਚਮੇਲ ਸਿੰਘ ਦੀ ਮੌਤ ਤੋਂ ਬਾਅਦ ਅਜਿਹਾ ਸੱਭ ਕੁੱਝ ਕਿਉਂ ਨਹੀਂ ਕੀਤਾ ਗਿਆ ? ਜੇਕਰ ਸਰਬਜੀਤ ਸਿੰਘ ਦਾ ਨਿਰਦੋਸ਼ ਹੋਣਾ ਹੀ ਉਸ ਨੂੰ ਕੌਮੀ ਸ਼ਹੀਦ ਅਤੇ ਭਾਰਤ ਦੇ ਬਹਾਦਰ ਸਪੂਤ ਦਾ ਦਰਜਾ ਦਿਵਾਉਂਦਾ ਹੈ ਤਾਂ ਦਿੱਲੀ ਦੀਆਂ ਗਲੀਆਂ ਵਿਚ ਸਮੇਂ ਦੇ ਕਾਂਗਰਸੀ ਹੁਕਮਰਾਨਾਂ ਵੱਲੋਂ ਮਾਰੇ ਗਏ ਹਜ਼ਾਰਾਂ ਨਿਰਦੋਸ਼ ਸਿੱਖਾਂ ਦੀਆਂ , ਉਨ੍ਹਾਂ ਦੀਆਂ ਧੀਆਂ ਭੈਣਾਂ ਦੀਆਂ ਲਾਸਾਂ ਤਿੰਨ ਦਿਨ ਦਿੱਲੀ ਦੀਆ ਗਲੀਆਂ ਵਿਚ ਕਿਉਂ ਰੁਲਦੀਆਂ ਰਹੀਆਂ ? ਉਨ੍ਹਾਂ ਦੀਆਂ ਮ੍ਰਿਤਕ ਦੇਹਾਂ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਦੀ ਬਜਾਏ ਉਨ੍ਹਾਂ ਦੀਆਂ ਲਾਸਾਂ ਨੂੰ ਗੰਦੇ ਨਾਲਿਆਂ ਵਿਚ ਕਿਉਂ ਸੁੱਟਿਆ ਗਿਆ ? ਉਨ੍ਹਾਂ ਨੂੰ ਕੌਮੀ ਸ਼ਹੀਦਾਂ ਦਾ ਦਰਜਾ ਕਿਉਂ ਨਹੀਂ ਦਿੱਤਾ ਗਿਆ ?
ਖਾਲਸਾ ਜੀ , ਇਹੀ ਭਾਰਤੀ ਹੁਕਮਰਾਨਾਂ ਪਾਕਿਸਤਾਨ ਨੂੰ ਸਰਬਜੀਤ ਸਿੰਘ ਦੀ ਫਾਂਸੀ ਦੀ ਸਜ਼ਾ ਨੂੰ ਮਾਨਵਤਾ ਦੇ ਆਧਾਰ ਤੇ ਮਾਫ਼ ਕਰ ਦੇਣ ਦੀਆਂ ਬੇਨਤੀਆਂ ਕਰਦੇ ਰਹੇ ਅਤੇ ਖੁਦ ਸਾਰੇ ਮਨੁੱਖੀ ਅਧਿਕਾਰਾਂ ਨੂੰ ਪਰੇ ਰੱਖ ਕੇ ਅਫ਼ਜਲ ਗੁਰੂ ਨੂੰ ਫਾਂਸੀ ਦੇ ਤਖ਼ਤੇ ਤੇ ਚੜ੍ਹਾਉਂਦੇ ਹਨ । ਖਾਲਸਾ ਜੀ , ਹਜ਼ਾਰਾਂ ਹੀ ਨਿਰਦੋਸ਼ ਸਿੱਖਾਂ ਦੇ ਕਾਤਲ ਅਤੇ ਕਾਤਲਾਂ ਨੂੰ ਉੱਚ ਅਹੁਦੇ ਦੇ ਕੇ ਸਨਮਾਨਤ ਕਰਨ ਵਾਲੇ ਇਹ ਕਾਂਗਰਸੀ ਹੁਕਮਰਾਨਾਂ ਅਤੇ ਸਰਾਬ ਪੀਕੇ ਗਲਤੀ ਨਾਲ ਸਰਹੱਦ ਪਾਰ ਕਰਨ ਵਾਲੇ ਸਰਬਜੀਤ ਨੂੰ ਕੌਮੀ ਸ਼ਹੀਦ ਦਾ ਦਰਜਾ ਦੇਣ ਵਾਲੇ ਇਹ ਪੰਜਾਬ ਦੇ ਮੌਜੂਦਾ ਹੁਕਮਰਾਨ ਜਿਹੜੇ ਕੌਮੀ ਹਿੱਤਾ ਲਈ ਸ਼ਹੀਦ ਹੋਣ ਵਾਲੇ ਆਪਣੇ ਸ਼ਹੀਦਾਂ ਦੇ ਸ਼ਹੀਦੀ ਯਾਦਗਾਰ ਤੇ ਨਾਮ ਲਿਖਣ ਤੋਂ ਵੀ ਮੁਨਕਰ ਹਨ , ਇਹ ਸਾਰੇ ਰਾਜਨੀਤਕ ਲੋਕ ਸਰਬਜੀਤ ਸਿੰਘ ਦੀ ਮੌਤ ਤੇ ਸਿਆਸੀ ਚਾਲਾਂ ਚੱਲ ਕੇ ਖਾਲਸਾ ਪੰਥ ਨੂੰ ਗੁੰਮਰਾਹ ਕਰਕੇ ਚੋਣਾਂ ਜਿੱਤਣ ਲਈ ਜੀਅ ਤੋੜ ਯਤਨ ਕਰ ਰਹੇ ਹਨ। ਖਾਲਸਾ ਪੰਥ ਨੂੰ ਇੰਨਾਂ ਗੁੰਮਰਾਹਕੁੰਨ ਰਾਜਸੀ ਸਕਤੀਆਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ ।
ਹਮੇਸ਼ਾਂ ਹੀ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਅਤੇ ਸੁਚੇਤ ਦੇਖਣ ਦਾ ਚਾਹਵਾਨ
ਮਿਤੀ ਤੁਹਾਡਾ ਆਪਣਾ ਬਲਵੰਤ ਸਿੰਘ ਰਾਜੋਆਣਾ
4-5-2013