Saturday, 3 August 2013

Jathedar Bhai Balwant Singh Ji Rajoana's Letter 3rd August 2013



Listen to the letter in the video above

BREAKING NEWS: JATHEDAR BHAI BALWANT SINGH JI RAJOANA IS SENTENCED TO 2 & A HALF YEARS IN A FAKE CASE AGAINST HIM THIS COMES AFTER HE WAS SENTENCED TO 10 YEARS FOR ANOTHER FAKE CASE AGAINST HIM...NOT TO MENTION THE DEATH SENTENCE....



ਅੱਜ ਵੀਰਜੀ ਸ.ਬਲਵੰਤ ਸਿੰਘ ਰਾਜੋਆਣਾ ਜੀ ਦੀ ਪਟਿਆਲਾ ਕਚਹਿਰੀਆਂ ਅਸਲੇ ਦੇ ਕੇਸ ਦੇ ਫੈਸਲੇ ਦੀ ਤਾਰੀਕ ਸੀ ।ਵੀਰਜੀ ਨੂੰ ਇਸ ਕੇਸ ਵਿਚ ਢਾਈ ਸਾਲ ਕੈਦ ਦੀ ਸਜ਼ਾ ਤੇ 1000 ਰੁ ਜ਼ੁਰਮਾਨਾ ਕੀਤਾ ਗਿਆ ।ਵੀਰਜੀ ਨੇ ਇਹੀ ਕਿਹਾ ਕਿ ਇਹ ਸਜ਼ਾਵਾਂ ਤਾਂ ਮੈਨੂੰ ਪ੍ਰਮਾਤਮਾ ਦੇ ਪ੍ਰਸਾਦਿ ਦੀ ਤਰ੍ਹਾਂ ਹੈ। ਅੱਜ ਫਿਰ ਪਟਿਆਲਾ ਕਚਹਿਰੀਆਂ ਗੂੰਜੀਆਂ ਵੀਰਜੀ ਵੱਲੋਂ ਲਾਏ ਗਏ ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਹਰਿਆਂ ਦੇ ਨਾਲ ।ਵੀਰਜੀ ਦਾ ਅੱਜ ਦਾ ਸ਼ੰਦੇਸ਼ ਇਸ ਤਰ੍ਹਾਂ ਹੈ --

ੴ ਸਤਿਕਾਰ ਯੋਗ ਖਾਲਸਾ ਜੀਓ, ਵਾਹਿਗੁਰੂ ਜੀ ਕਾ ਖ਼ਾਲਸਾ। ਵਾਹਿਗੁਰੂ ਜੀ ਕੀ ਫ਼ਤਿਹ॥

ਸੱਭ ਤੋਂ ਪਹਿਲਾਂ ਮੈਂ ਸਮੁੱਚੇ ਖਾਲਸਾ ਪੰਥ ਦੀ ਚੜਦੀ ਕਲਾ ਲਈ ਉਸ ਅਕਾਲ-ਪੁਰਖ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ ਕਿ ਖਾਲਸਾ ਜੀ, ਅੱਜ ਮੇਰੇ ਤੇ ਦਰਜ ਕੇਸਾਂ ਵਿਚੋਂ ਆਖਰੀ ਕੇਸ ਦੀ ਆਖਰੀ ਤਰੀਕ ਹੈ। ਮੈਂ ਆਪਣੇ ਆਖਰੀ ਸਾਹਾਂ ਤੱਕ ਆਪਣੇ ਕੌਮੀ ਫਰਜ਼ਾਂ ਨੂੰ ਸਮਰਪਿਤ ਰਹਾਂਗਾ। ਇਸ ਮੌਕੇ ਮੇਰਾ ਸਮੁੱਚੇ ਖਾਲਸਾ ਪੰਥ ਨੂੰ ਇਹੀ ਕਹਿਣਾ ਹੈ ਕਿ ਜਦੋਂ ਤੱਕ ਸਾਨੂੰ ਮੀਰੀ ਅਤੇ ਪੀਰੀ ਦੇ ਵਿਲੱਖਣ ਸਿਧਾਂਤ ਨੂੰ ਆਪਣੇ ਵਿੱਚ ਸਮੋਈ ਬੈਠੀ ਸਾਡੀ ਸਰਵ-ਉੱਚ ਅਦਾਲਤ “ ਸ੍ਰੀ ਅਕਾਲ ਤਖ਼ਤ ਸਾਹਿਬ” ਤੇ ਦਿੱਲੀ ਦੇ ਕਾਂਗਰਸੀ ਹੁਕਮਰਾਨਾਂ ਵਲੌਂ ਭੇਜੇ ਟੈਕਾਂ ਅਤੇ ਤੋਪਾਂ ਵਲੋਂ ਚਲਾਏ ਜਾ ਰਹੇ ਗੋਲਿਆਂ ਦੀਆਂ ਅਵਾਜ਼ਾਂ ਸੁਣਾਈ ਦਿੰਦੀਆਂ ਰਹਿਣਗੀਆਂ, ਜਦੋਂ ਤੱਕ ਸ੍ਰੀ ਦਰਬਾਰ ਸਾਹਿਬ ਦੀ ਪਵਿੱਤਰ ਪ੍ਰਕਰਮਾਂ ਵਿੱਚ ਹਿੰਦੋਸਤਾਨੀ ਫੌਜ ਵਲੋਂ ਮਾਰੇ ਗਏ ਹਜ਼ਾਰਾਂ ਨਿਰਦੋਸ਼ ਸ਼ਰਧਾਲੂਆਂ ਦੀਆਂ ਲਾਸ਼ਾਂ ਸਾਨੂੰ ਦਿਖਾਈ ਦਿੰਦੀਆਂ ਰਹਿਣਗੀਆਂ, ਜਦੋਂ ਤੱਕ ਸਾਨੂੰ ਦਿੱਲੀ ਦੇ ਤਖਤ ਤੇ ਬੈਠੇ ਕਾਂਗਰਸੀ ਹੁਕਮਰਾਨਾਂ ਵਲੋਂ ਸਾਡੇ ਧਰਮ ਤੇ ਹਮਲਾ ਕਰਕੇ ਸਾਡੀ ਅਣਖ ਅਤੇ ਗੈਰਤ ਨੂੰ ਦਿੱਤੀ ਚਣੌਤੀ ਮਹਿਸੂਸ ਹੁੰਦੀ ਰਹੇਗੀ, ਜਦੋਂ ਤੱਕ ਧਰਮ ਦੀ ਰਾਖੀ ਕਰਦੇ ਹੋਏ ਸ਼ਹੀਦ ਹੋਏ ਸਾਡੇ ਮਹਾਨ ਸ਼ਹੀਦਾਂ ਦੀਆਂ ਸ਼ਹਾਦਤਾਂ ਸਾਨੂੰ ਯਾਦ ਰਹਿਣਗੀਆਂ, ਜਦੋਂ ਤੱਕ ਇਨ੍ਹਾਂ ਹੀ ਕਾਂਗਰਸੀ ਹੁਕਮਰਾਨਾਂ ਵਲੋਂ ਦਿੱਲੀ ਦੀਆਂ ਗਲੀਆਂ ਵਿੱਚ ਕਤਲ ਕੀਤੇ ਹਜ਼ਾਰਾਂ ਨਿਰਦੋਸ਼ ਸਿੱਖਾਂ ਦੀਆਂ ਲਾਸ਼ਾਂ ਸਾਨੂੰ ਦਿਖਾਈਆਂ ਦਿੰਦੀਆਂ ਰਹਿਣਗੀਆਂ, ਜਦੋਂ ਤੱਕ ਦਿੱਲੀ ਦੀਆਂ ਗਲੀਆਂ ਵਿੱਚ ਨਿਰਬਸਤਰ ਕਰਕੇ ਭਜਾ ਭਜਾ ਕੇ ਮਾਰੀਆਂ ਗਈਆਂ ਸਾਡੀਆਂ ਮਾਵਾਂ, ਧੀਆਂ ਅਤੇ ਭੈਣਾਂ ਦੀਆਂ ਚੀਕਾਂ ਅਤੇ ਪੁਕਾਰਾਂ ਸਾਨੂੰ ਸਾਡੇ ਕੰਨਾਂ ਅੰਦਰ ਸੁਣਾਈ ਦਿੰਦੀਆਂ ਰਹਿਣਗੀਆਂ, ਜਦੋਂ ਤੱਕ ਦਿੱਲੀ ਦੀਆਂ ਗਲੀਆਂ ਵਿੱਚ ਮਾਰੇ ਗਏ ਸਾਡੇ ਮਾਸੂਮ ਬੱਚਿਆਂ ਦੀਆਂ, ਗਲਾਂ ਵਿੱਚ ਟਾਇਰ ਪਾ ਕੇ ਸਾੜੇ ਗਏ ਸਾਡੇ ਬਜ਼ੁਰਗਾਂ ਦੀਆਂ ਚੀਕਾਂ ਸਾਨੂੰ ਸੁਣਾਈ ਦਿੰਦੀਆਂ ਰਹਿਣਗੀਆਂ, ਜਦੋਂ ਤੱਕ ਦਿੱਲੀ ਦੇ ਤਖ਼ਤ ਤੇ ਬੈਠੇ ਇਹਨਾਂ ਕਾਤਲ ਕਾਂਗਰਸੀ ਹੁਕਮਰਾਨਾਂ ਦੇ ਇਸ਼ਾਰਿਆਂ ਤੇ ਭਾਰਤੀ ਨਿਆਂਇਕ ਸਿਸਟਮ ਵਲੋਂ ਕੀਤੀ ਕਾਤਲਾਂ, ਬਲਾਤਕਾਰੀਆਂ ਨਾਲ ਵਫ਼ਾ ਅਤੇ ਸਿੱਖ ਕੌਮ ਨਾਲ ਕੀਤੀ ਬੇਵਫ਼ਾਈ ਸਾਨੂੰ ਮਹਿਸੂਸ ਹੁੰਦੀ ਰਹੇਗੀ, ਜਦੋਂ ਤੱਕ ਇਸ ਜ਼ੁਲਮ ਦੇ ਖਿਲਾਫ ਅਤੇ ਕੌਮ ਦੀ ਅਜ਼ਾਦੀ ਲਈ ਜੂਝਦੇ ਹੋਏ ਸਾਡੇ ਵੀਰਾਂ ਵਲੋਂ ਦੁਸ਼ਮਣਾਂ ਨਾਲ ਕੀਤੇ ਗਹਿਗੱਚ ਮੁਕਾਬਲਿਆਂ ਦੌਰਾਨ ਸ਼ਹਾਦਤਾਂ ਤੋਂ ਪਹਿਲਾਂ ਲਗਾਏ ਗਏ ਆਜ਼ਾਦੀ ਦੇ ਜੈਕਾਰੇ ਸਾਨੂੰ ਸੁਣਾਈ ਦਿੰਦੇ ਰਹਿਣਗੇ, ਜਦੋਂ ਤੱਕ ਆਪਣੇ ਘਰਾਂ ਤੋਂ ਚੁੱਕ ਕੇ ਕਤਲੇਆਮ ਕੀਤੇ ਗਏ ਹਜ਼ਾਰਾਂ ਨਿਰਦੋਸ਼ ਸਿੱਖਾਂ ਦੀਆਂ ਨਦੀਆਂ ਅਤੇ ਨਾਲਿਆਂ ਵਿੱਚ ਰੁਲਦੀਆਂ ਲਾਸ਼ਾਂ ਸਾਨੂੰ ਦਿਖਾਈ ਦਿੰਦੀਆਂ ਰਹਿਣਗੀਆਂ, ਜਦੋਂ ਤੱਕ ਬੁਚੜ ਖਾਨਿਆਂ ਦਾ ਰੂਪ ਧਾਰਨ ਕਰਨ ਵਾਲੇ ਪੁਲਿਸ ਥਾਣਿਆਂ ਅੰਦਰ ਸਾਡੀਆਂ ਧੀਆਂ, ਭੈਣਾਂ ਦੀ ਕੀਤੀ ਬੇਪੱਤੀ, ਕੋਹ ਕੋਹ ਤੇ ਮਾਰੇ ਗਏ ਸਾਡੇ ਬਜ਼ੁਰਗਾਂ ਅਤੇ ਵੀਰਾਂ ਦੀਆਂ ਚੀਕਾਂ ਸਾਨੂੰ ਸੁਣਾਈ ਦਿੰਦੀਆਂ ਰਹਿਣਗੀਆਂ, ਜਦੋਂ ਤੱਕ ਲਹੂ ਲੁਹਾਣ ਹੋਈ ਪੰਜ ਦਰਿਆਵਾਂ ਦੀ ਪਵਿੱਤਰ ਧਰਤੀ ਮਾਂ ਦਾ ਦਰਦ ਅਸੀਂ ਆਪਣੇ ਧੁਰ ਅੰਦਰ ਤੋਂ ਮਹਿਸੂਸ ਕਰਦੇ ਰਹਾਂਗੇ। ਉਦੋਂ ਤੱਕ ਖਾਲਸਾ ਜੀ ਝੂਠ, ਧੌਖਾ, ਫਰੇਬ ਅਤੇ ਮੌਕਾਪ੍ਰਸਤੀ ਦੀ ਇਸ ਕਾਲੀ ਬੋਲੀ ਹਨੇਰੀ ਰਾਤ ਵਿੱਚ ਮੇਰੇ ਸ਼ਹੀਦ ਹੋਏ ਵੀਰਾਂ ਦੇ ਸੁਪਨਿਆਂ ਦੇ ਸਾਕਾਰ ਹੋਣ ਦੀ ਆਸ ਬਾਕੀ ਰਹੇਗੀ।

ਖਾਲਸਾ ਜੀ, ਬੇਸ਼ੱਕ ਦਿੱਲੀ ਦੇ ਤਖ਼ਤ ਤੇ ਬੈਠੇ ਕਾਤਲ ਹੁਕਮਰਾਨਾਂ ਵਲੋਂ ਅਤੇ ਆਪਣੇ ਕੌਮੀ ਫਰਜ਼ਾਂ ਤੋਂ ਮੁਨਕਰ ਹੋ ਕੇ ਮਾਇਆ ਦੇ ਜਾਲ ਵਿੱਚ ਫਸੇ ਸਾਡੇ ਕੌਮੀ ਨੇਤਾਵਾਂ ਵਲੋਂ ਸਾਡੀ ਇਸ ਲਹੂ ਲੋਹਾਨ ਹੋਈ ਧਰਤੀ ਮਾਂ ਦੇ ਸੀਨੇ ਤੇ ਨਸ਼ਿਆਂ ਦਾ ਛੇਵਾਂ ਦਰਿਆ ਵਗਾ ਕੇ ,ਸਾਡੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਵਿੱਚ ਡਬੋ ਕੇ, ਉਹਨਾਂ ਦੇ ਕੰਨਾਂ ਵਿੱਚ ਮੁੰਦਰਾਂ ਪੁਵਾ ਕੇ ,ਉਹਨਾਂ ਤੇ ਪੱਛਮੀ ਸਭਿਆਚਾਰ ਦੇ ਸੰਸਕਾਰ ਥੋਪ ਕੇ ਇਸ ਧਰਤੀ ਤੇ ਹੋਏ ਭਿਆਨਕ ਜ਼ੁਲਮ ਨੂੰ ਭੁਲਾ ਦੇਣ ਦੀਆਂ ਕੋਸ਼ਿਸ਼ਾਂ ਅੱਜ ਵੀ ਜਾਰੀ ਹਨ। ਪਰ ਖਾਲਸਾ ਜੀ, ਜਦੋਂ ਤੱਕ ਤੁਹਾਡੇ ਸੀਨਿਆਂ ਦੇ ਵਿੱਚ ਕੋਮੀ ਫਰਜਾਂ ਦੀ ਲੌਅ ਜਗਦੀ ਰਹੇਗੀ, ਉਦੋਂ ਤੱਕ ਦੁਸ਼ਮਣਾਂ ਦੀ ਹਰ ਚਾਲ ਨਾਕਾਮ ਹੁੰਦੀ ਰਹੇਗੀ। ਖਾਲਸਾ ਜੀ, ਅੱਜ ਲੋੜ ਹੈ ਮੋਜੂਦਾ ਹਾਲਾਤਾਂ ਅਤੇ ਸਮੇਂ ਦੇ ਅਨੁਸਾਰ ਬਹੁਤ ਹੀ ਸੋਚ ਵਿਚਾਰ ਕਰਨ ਤੋਂ ਬਾਅਦ ਆਪਣੀ ਮੰਜਿਲ ਵੱਲ ਨੂੰ ਕਦਮ ਵਧਾਏ ਜਾਣ। ਸਭ ਤੋਂ ਪਹਿਲਾਂ ਪੰਥਕ ਅਤੇ ਸੰਘਰਸ਼ੀ ਮਾਖੌਟੇ ਵਿੱਚ ਵਿਚਰਦੇ ਦਿੱਲੀ ਦਰਬਾਰ ਦੇ ਕਰਿੰਦਿਆਂ ਤੋਂ ਪਾਰ ਪਾਇਆ ਜਾਵੇ, ਜਿਹੜੇ ਪਿਛਲੇ 29 ਸਾਲਾਂ ਤੋਂ ਹੀ ਸਿੱਖ ਭਾਵਨਾਵਾਂ ਨਾਲ ਅਤੇ ਸਿੱਖ ਸੰਘਰਸ਼ ਨਾਲ ਧੋਖਾ ਕਰਕੇ ਪੰਜਾਬ ਦੀ ਧਰਤੀ ਤੇ, ਸਿੱਖ ਧਰਮ ਤੇ ਹਮਲਾ ਕਰਨ ਵਾਲੇ ਅਤੇ ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਕਾਤਲਾਂ ਦੀ ਜਿੱਤ ਲਈ ਰਾਹ ਪੱਧਰਾ ਕਰਕੇ ਕੌਮ ਦੀ ਅਜ਼ਾਦੀ ਲਈ ਸ਼ਹੀਦ ਹੋਏ ਸਾਡੇ ਅਣਖੀ ਨੌਜਵਾਨਾਂ ਦੀਆਂ ਸ਼ਹਾਦਤਾਂ ਦਾ ਅਪਮਾਨ ਕਰਦੇ ਰਹੇ ਹਨ। ਇਹਨਾਂ ਲੋਕਾਂ ਦੀ ਕਾਤਲਾਂ ਨਾਲ ਯਾਰੀ ਹੁਣ ਜੱਗ ਜਾਹਰ ਹੋ ਚੁੱਕੀ ਹੈ। ਪਹਿਲਾਂ ਇਹਨਾਂ ਲੋਕਾਂ ਨੇ ਇੱਕ ਸਾਜਿਸ਼ ਤਹਿਤ ਡੇਰਾ ਬਿਆਸ ਦੀ ਆੜ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਬਾਈਕਾਟ ਕੀਤਾ ਅਤੇ ਫਿਰ ਉਸ ਡੇਰਾ ਬਿਆਸ ਮੁੱਖੀ ਨਾਲ ਰਿਸ਼ਤੇਦਾਰੀਆਂ ਪਾ ਕੇ ਅਤੇ ਫਿਰ ਸਿੱਖ ਧਰਮ ਤੇ ਹਮਲਾ ਕਰਨ ਵਾਲੇ ਅਤੇ ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਕਾਤਲ ਕਾਂਗਰਸੀ ਹੁਕਮਰਾਨਾਂ ਵਲੋਂ ਪੰਜਾਬ ਦੇ ਥਾਪੇ ਨਵੇਂ ਸੂਬੇਦਾਰ ਦੇ ਗਲ ਵਿਚ ਸਿਰਪਾਉ ਅਤੇ ਹੱਥ ਵਿੱਚ ਸ੍ਰੀ ਸਾਹਿਬ ਦੇਕੇ ਸਨਮਾਨਿਤ ਕਰਕੇ ਇਹਨਾਂ ਕਾਤਲਾਂ ਦੇ ਕਰਿੰਦੇ ਹੋਣ ਦਾ ਸਬੂਤ ਦੇ ਦਿੱਤਾ ਹੈ। ਖਾਲਸਾ ਜੀ ਇਹਨਾਂ ਲੋਕਾਂ ਤੋਂ ਪੁੱਛਿਆ ਜਾਣਾ ਚਾਹੀਦਾ ਹੈ ਕਿ ਇਹ ਸਨਮਾਨ ਕੀ ਇਸ ਲਈ ਕੀਤਾ ਗਿਆ ਹੈ ਕਿ ਇਸ ਨੂੰ ਪੰਜਾਬ ਦਾ ਸੂਬੇਦਾਰ ਥਾਪਣ ਵਾਲੇ ਦਿੱਲੀ ਦੇ ਕਾਂਗਰਸੀ ਹੁਕਮਰਾਨਾਂ ਨੇ ਸਿੱਖ ਧਰਮ ਤੇ ਹਮਲਾ ਕਰਕੇ ਹਜ਼ਾਰਾਂ ਨਿਰਦੋਸ਼ ਸ਼ਰਧਾਲੂਆਂ ਦਾ ਕਤਲੇਆਮ ਕੀਤਾ ਸੀ ਜਾਂ ਇਹ ਸਨਮਾਨ ਉਹਨਾਂ ਕਾਂਗਰਸੀ ਹੁਕਮਰਾਨਾਂ ਵਲੋਂ “ਸ੍ਰੀ ਅਕਾਲ ਤਖਤ ਸਾਹਿਬ” ਨੂੰ ਢਾਹੁਣ ਬਦਲੇ ਕੀਤਾ ਗਿਆ ਹੈ।

ਜਾਂ ਫਿਰ ਇਹ ਸਨਮਾਨ ਇਸ ਲਈ ਕੀਤਾ ਗਿਆ ਕਿ ਬਾਜਵਾ ਤੈਨੂੰ ਪੰਜਾਬ ਦਾ ਸੂਬੇਦਾਰ ਥਾਪਣ ਵਾਲੇ ਹੁਕਮਰਾਨਾਂ ਨੇ ਦਿੱਲੀ ਦੀਆਂ ਗਲੀਆਂ ਵਿੱਚ ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਕਤਲੇਆਮ ਕੀਤਾ ਸੀ ਜਾਂ ਫਿਰ ਇਸ ਕਰਕੇ ਕਿ ਉਹਨਾਂ ਹੁਕਮਰਾਨਾਂ ਨੇ ਸਾਡੀਆਂ ਧੀਆਂ, ਭੈਣਾਂ ਨਾਲ ਬਲਾਤਕਾਰ ਕਰਕੇ ਉਹਨਾਂ ਨੂੰ ਕੋਹ ਕੋਹ ਕੇ ਮਾਰਿਆ ਸੀ ਜਾਂ ਫਿਰ ਇਹ ਸਨਮਾਨ ਇਸ ਕਰਕੇ ਕੀਤਾ ਗਿਆ ਹੈ ਕਿ ਬਾਜਵਾ ਤੈਨੂੰ ਪੰਜਾਬ ਦਾ ਸੂਬੇਦਾਰ ਥਾਪਣ ਵਾਲੇ ਕਾਂਗਰਸੀ ਹੁਕਮਰਾਨਾਂ ਨੇ ਪੰਜਾਬ ਦੀ ਧਰਤੀ ਤੇ ਹਜ਼ਾਰਾਂ ਨਿਰਦੋਸ਼ ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਰਵਾਇਆ ਸੀ। ਖਾਲਸਾ ਜੀ, “ਸ੍ਰੀ ਅਕਾਲ ਤਖ਼ਤ ਸਾਹਿਬ” ਦਾ ਬਾਈਕਾਟ ਅਤੇ “ਸ੍ਰੀ ਅਕਾਲ ਤਖ਼ਤ ਸਾਹਿਬ” ਨੂੰ ਢਾਹੁਣ ਵਾਲਿਆਂ ਦਾ ਸਨਮਾਨ ਕਰਨ ਵਾਲੇ ਇਹ ਦਿੱਲੀ ਦਰਬਾਰ ਦੇ ਕਰਿੰਦੇ ਕੀ ਤੁਹਾਨੂੰ ਅਜ਼ਾਦੀ ਲੈ ਕੇ ਦੇਣਗੇ? ਕੀ ਇਹ ਲੋਕ ਹਨ ਸਾਡੇ ਅਜ਼ਾਦੀ ਦੇ ਸੰਘਰਸ਼ ਦੇ ਅਤੇ ਸਾਡੇ ਸ਼ਹੀਦਾਂ ਦੇ ਵਾਰਿਸ? ਕੀ ਇਹਨਾਂ ਤੇ ਭਰੋਸਾ ਕਰਨਾ ਅਤੇ ਇਹਨਾਂ ਦੀ ਮਦਦ ਕਰਨਾ ਕਾਤਲਾਂ ਦੀ ਹੀ ਮਦਦ ਕਰਨਾ ਨਹੀਂ ਹੈ? ਇਹ ਸਮੁੱਚੇ ਖਾਲਸਾ ਪੰਥ ਲਈ ਬਹੁਤ ਹੀ ਗੰਭੀਰ ਸੋਚ ਵਿਚਾਰ ਦਾ ਵਿਸ਼ਾ ਹੈ। ਕਿਉਂਕਿ ਦੁਸ਼ਮਣਾਂ ਵਲੋਂ ਸਿੱਖ ਸੰਘਰਸ਼ ਤੇ ਕੀਤੇ ਕਬਜ਼ੇ ਨੂੰ ਛੁਡਾਏ ਬਿਨਾਂ ਅਸੀਂ ਆਪਣੀ ਮੰਜਿਲ ਵੱਲ ਨੂੰ ਕਦਮ ਨਹੀਂ ਵਧਾ ਸਕਾਂਗੇ। ਖਾਲਸਾ ਜੀ, ਇਹਨਾਂ ਪੰਥਕ ਮਾਖੌਟੇ ਵਿੱਚ ਵਿਚਰਦੇ ਦਿੱਲੀ ਦਰਬਾਰ ਦੇ ਕਰਿੰਦਿਆਂ ਦੀ ਬਦੌਲਤ ਹੀ ਅੱਜ ਉਹ ਕਾਂਗਰਸੀ ਜਿਹਨਾਂ ਦੇ ਇਸ਼ਾਰਿਆਂ ਤੇ ਪੰਜਾਬ ਦੇ ਧਰਤੀ ਤੇ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਹਜ਼ਾਰਾਂ ਨਿਰਦੋਸ਼ ਸਿੱਖ ਨੋਜਵਾਨਾਂ ਦਾ ਕਤਲੇਆਮ ਕੀਤਾ ਸੀ, ਉਹਨਾਂ ਕਾਤਲ ਕਾਂਗਰਸੀ ਹੁਕਮਰਾਨਾਂ ਦਾ ਥਾਪਿਆ ਪੰਜਾਬ ਦਾ ਨਵਾਂ ਸੂਬੇਦਾਰ ਹੀ ਝੂਠੇ ਪੁਲਿਸ ਮੁਕਾਬਲਿਆਂ ਦੀ ਜਾਂਚ ਦੀ ਮੰਗ ਕਰਕੇ ਸਾਡੇ ਅੱਲੇ ਜ਼ਖਮਾਂ ਤੇ ਲੂਣ ਛਿੜਕ ਰਿਹਾ ਹੈ। ਅੱਜ ਹੋਰ ਵੀ ਜਿਹੜੇ ਲੋਕ ਝੂਠੇ ਪੁਲਿਸ ਮੁਕਾਬਲਿਆਂ ਦੀ ਜਾਂਚ ਦੀ ਮੰਗ ਕਰ ਰਹੇ ਹਨ, ਇਹਨਾਂ ਸਾਰਿਆਂ ਤੋਂ ਇਹ ਪੁੱਛਿਆ ਜਾਣਾ ਚਾਹੀਦਾ ਹੈ ਕਿ ਜੇਕਰ ਆਪਣੀ ਤਰੱਕੀ ਖੁਸ ਜਾਣ ਦੇ ਰੋਸ ਵਜੋਂ ਇਹ ਪੁਲਿਸ ਅਧਿਕਾਰੀ ਝੂਠੇ ਪੁਲਿਸ ਮੁਕਾਬਲਿਆਂ ਵਾਲੇ ਬਿਆਨ ਨਾ ਦਿੰਦੇ ਤਾਂ ਫਿਰ ਕੀ ਕਿਸੇ ਜਾਂਚ ਦੀ ਜਰੂਰਤ ਨਹੀਂ ਸੀ? ਜਦੋਂ ਇਹਨਾਂ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਨਿਰਦੋਸ਼ ਸਿੱਖ ਨੌਜਵਾਨਾਂ ਦੇ ਖੂਨ ਦੀ ਹੌਲੀ ਖੇਡੀ ਜਾ ਰਹੀ ਸੀ, ਉਸ ਸਮੇਂ ਇਹ ਲੋਕ ਕੀ ਕਿਸੇ ਹੋਰ ਗ੍ਰਹਿ ਤੇ ਰਹਿੰਦੇ ਸਨ? ਉਸ ਸਮੇਂ ਇਹਨਾਂ ਵਲੋਂ ਕਿਸੇ ਜਾਂਚ ਦੀ ਮੰਗ ਕਿਉਂ ਨਹੀਂ ਕੀਤੀ ਗਈ? ਉਸ ਸਮੇਂ ਇਹਨਾਂ ਝੂਠੇ ਪੁਲਿਸ ਮੁਕਾਬਲਿਆਂ ਬਾਰੇ ਕਿਸੇ ਅਦਾਲਤ ਵਿੱਚ ਕੋਈ ਪਟੀਸ਼ਨ ਕਿਉਂ ਨਹੀਂ ਪਾਈ ਗਈ? ਉਸ ਸਮੇਂ ਇਹਨਾਂ ਨੇ ਸੜਕਾਂ ਤੇ ਨਿਕਲ ਕੇ ਕੋਈ ਸੰਘਰਸ਼ ਕਿਉਂ ਨਹੀਂ ਕੀਤਾ? ਖਾਲਸਾ ਜੀ, ਹੁਣ ਜਦੋਂ ਸਾਨੂੰ ਸਾਰਿਆਂ ਨੂੰ ਇਹ ਪਤਾ ਹੈ ਕਿ ਕਾਤਲਾਂ ਦੇ ਖਿਲਾਫ ਸਾਰੇ ਸਬੂਤ ਨਸ਼ਟ ਕਰ ਦਿੱਤੇ ਹਨ, ਹੁਣ ਕਿਸੇ ਵੀ ਕਾਤਲ ਨੂੰ ਕੋਈ ਸਜ਼ਾ ਨਹੀਂ ਦਿਵਾਈ ਜਾ ਸਕਦੀ ਅਜਿਹੇ ਵਿੱਚ ਝੂਠੇ ਪੁਲਿਸ ਮੁਕਾਬਲੇ ਕਰਨ ਵਾਲੇ ਕਾਤਲਾਂ ਤੋਂ ਹੀ ਇਨਸਾਫ ਦੀ ਉਮੀਦ ਕਰਨਾ, ਕਿਸੇ ਜਾਂਚ ਦੀ ਮੰਗ ਕਰਨਾ, ਉਹ ਵੀ ਉਸ ਪ੍ਰਧਾਨ ਮੰਤਰੀ ਤੋਂ ਜਿਸ ਦੀ ਬੁਕਲ ਵਿੱਚ ਅੱਜ ਵੀ ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਕਾਤਲ, ਬਲਾਤਕਾਰੀ ਬਹੁਤ ਹੀ ਹਿਫਾਜ਼ਤ ਨਾਲ ਬੈਠੇ ਹਨ ਜਾਂ ਉਸ ਮੁੱਖ ਮੰਤਰੀ ਤੋਂ ਜਾਂਚ ਦੀ ਮੰਗ ਕਰਨਾ ਜਿਸ ਦੇ ਰਾਜ ਦੀ ਪੁਲਿਸ ਦਾ ਮੁੱਖੀ ਹੀ ਸਿੱਧੇ ਤੌਰ ਤੇ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਸ਼ਾਮਲ ਰਿਹਾ ਹੋਵੇ, ਆਪਣੀ ਗੁਲਾਮ ਮਾਨਸਿਕਤਾ ਦਾ ਪ੍ਰਗਟਾਵਾ ਕਰਨਾ ਹੀ ਹੈ। ਝੂਠੇ ਪੁਲਿਸ ਮੁਕਾਬਲਿਆਂ ਦੀ ਜਾਂਚ ਦੀ ਮੰਗ ਕਰਨ ਵਾਲੇ ਜ਼ਿਆਦਾਤਰ ਲੋਕ ਸਮੇਂ ਸਮੇਂ ਤੇ ਸਿੱਖ ਨੋਜਵਾਨਾਂ ਦੇ ਕਤਲੇਆਮ ਲਈ ਜਿੰਮੇਵਾਰ ਕਾਂਗਰਸ ਦੇ ਨੇੜੇ ਦੇ ਸਾਥੀ ਰਹੇ ਹਨ। ਖਾਲਸਾ ਜੀ, ਅੱਜ ਸਾਨੂੰ ਇਸ ਸੱਚ ਨੂੰ ਸਵੀਕਾਰ ਕਰ ਲੈਣਾ ਚਾਹੀਦਾ ਹੈ ਕਿ ਸਾਨੂੰ ਕਦੇ ਵੀ ਭਾਰਤੀ ਹੁਕਮਰਾਨਾਂ ਤੋਂ ਅਤੇ ਭਾਰਤੀ ਅਦਾਲਤਾਂ ਤੋਂ ਇਨਸਾਫ ਨਹੀਂ ਮਿਲੇਗਾ।

 ਸਾਡੇ ਧਾਰਮਿਕ ਅਤੇ ਰਾਜਸੀ ਆਗੂਆਂ ਦੇ ਆਪਣੇ ਕੌਮੀ ਫਰਜ਼ਾਂ ਪ੍ਰਤੀ ਸੁਹਿਰਦ ਨਾ ਹੋਣ ਕਾਰਣ ਅਤੇ ਦੋਹਰੇ ਕਿਰਦਾਰ ਕਾਰਣ ਸਮੇਂ ਸਮੇਂ ਤੇ ਹਿੰਦੋਸਤਾਨ ਹੁਕਮਰਾਨ ਅਤੇ ਅਦਾਲਤਾਂ ਸਾਨੂੰ ਜਲੀਲ ਕਰਦੀਆਂ ਰਹਿੰਦੀਆਂ ਹਨ ਅਤੇ ਕਰਦੀਆਂ ਰਹਿਣਗੀਆਂ। ਸਾਡੇ ਧਾਰਮਿਕ ਅਤੇ ਰਾਜਸੀ ਆਗੂਆਂ ਦੇ ਸਿਰਫ ਅਖ਼ਬਾਰੀ ਬਿਆਨਾਂ ਤੱਕ ਹੀ ਸੀਮਤ ਹੋਣ ਕਾਰਣ, ਇਹਨਾਂ ਦੀਆਂ ਗੱਲਾਂ ਅਤੇ ਇਹਨਾਂ ਦੇ ਜੀਵਨ ਵਖੋ-ਵੱਖ ਤਰ੍ਹਾਂ ਦੇ ਹੋਣ ਕਾਰਣ ਹੀ ਇਹ ਲੋਕ ਕਦੇ ਵੀ ਕੌਮੀ ਭਾਵਨਾਵਾਂ ਦੀ ਅਗਵਾਈ ਨਹੀਂ ਕਰ ਸਕੇ। ਕਿਸੇ ਵੀ ਅਦਾਲਤੀ ਵਿਤਕਰੇ ਜਾਂ ਹੁਕਮਰਾਨਾਂ ਵਲੋਂ ਕੀਤੇ ਵਿਤਕਰੇ ਤੋਂ ਬਾਅਦ ਇਹਨਾਂ ਵਲੋਂ ਕਹਿਣਾ ਕਿ “ਇਸ ਦੇਸ਼ ਵਿੱਚ ਸਾਨੂੰ ਇਨਸਾਫ਼ ਦੀ ਕੋਈ ਉਮੀਦ ਨਹੀਂ ਹੈ, ਇਸ ਫੈਸਲੇ ਨਾਲ ਸਾਨੂੰ ਗੁਲਾਮੀ ਦਾ ਅਹਿਸਾਸ ਹੋਇਆ ਹੈ, ਹੁਣ ਸਾਨੂੰ ਆਪਣੇ ਵੱਖਰੇ ਘਰ “ਖਾਲਿਸਤਾਨ” ਦੀ ਜ਼ਰੂਰਤ ਹੈ, ਇਹਨਾਂ ਵਲੋਂ ਦਿੱਤੇ ਇਹ ਬਿਆਨ ਅਸੀਂ ਅਕਸਰ ਅਖਬਾਰਾਂ ਵਿੱਚ ਪੜਦੇ ਰਹਿੰਦੇ ਹਾਂ। ਪਰ ਇਹ ਲੋਕ ਗੁਲਾਮੀ ਦੇ ਅਹਿਸਾਸ ਦੀਆਂ ਗੱਲਾਂ ਕਰਨ ਤੋਂ ਬਾਅਦ ਅਗਲੇ ਹੀ ਪਲ ਹੂਟਰ ਮਾਰਦੀਆਂ ਕਾਰਾਂ ਦੇ ਕਾਫਲੇ ਵਿੱਚ ਸਵਾਰ ਹੋ ਕੇ ਉੱਚ ਅਹੁਦਿਆਂ ਤੇ ਵਿਰਾਜਮਾਨ ਬੈਠੇ ਹੁਕਮਰਾਨਾਂ ਦੀ ਤਰ੍ਹਾਂ ਪੂਰਨ ਅਜਾਦੀ ਦਾ ਆਨੰਦ ਮਾਨ ਰਹੇ ਹੁੰਦੇ ਹਨ। ਇਹ ਲੋਕ ਸਿਰਫ ਗੱਲਾਂ ਹੀ ਗੁਲਾਮੀ ਦੇ ਅਹਿਸਾਸ ਦੀਆਂ ਕਰਦੇ ਹਨ ਪਰ ਇਹਨਾਂ ਦਾ ਜੀਵਨ ਦੁਨਿਆਵੀ ਐਸ਼ੋਅਰਾਮ ਨਾਲ ਭਰਪੂਰ ਹੈ। ਖਾਲਸਾ ਜੀ, ਗੁਲਾਮੀ ਦਾ ਅਹਿਸਾਸ ਅਤੇ ਉੱਚ ਅਹੁਦਿਆਂ ਦਾ ਅਨੰਦ ਇੱਕੋ ਸਮੇਂ ਨਹੀਂ ਹੋ ਸਕਦੇ ਹਨ। ਖਾਲਸਾ ਜੀ, ਗੁਲਾਮੀ ਦਾ ਅਹਿਸਾਸ ਸਾਡੇ ਅਣਖੀ ਸਿੱਖ ਨੌਜਵਾਨਾਂ ਨੂੰ 29 ਸਾਲ ਪਹਿਲਾਂ ਉਦੋਂ ਹੀ ਹੋ ਗਿਆ ਸੀ, ਜਦੋਂ ਦਿੱਲੀ ਦੇ ਤਖਤ ਤੇ ਬੈਠੇ ਹਿੰਦੋਸਤਾਨੀ ਹੁਕਮਰਾਨਾਂ ਨੇ ਸਾਡੇ ਧਰਮ ਤੇ ਟੈਕਾਂ ਅਤੇ ਤੋਪਾਂ ਨਾਲ ਹਮਲਾ ਕਰਕੇ “ਸ੍ਰੀ ਅਕਾਲ ਸਖਤ ਸਾਹਿਬ” ਨੂੰ ਢਹਿ ਢੇਰੀ ਕਰ ਦਿੱਤਾ ਸੀ ਅਤੇ ਹਜ਼ਾਰਾਂ ਹੀ ਨਿਰਦੋਸ਼ ਸ਼ਰਧਾਲੂਆਂ ਦਾ ਕਤਲੇਆਮ ਕਰ ਦਿੱਤਾ ਸੀ। ਗੁਲਾਮੀ ਦਾ ਅਹਿਸਾਸ ਸਾਡੇ ਅਣਖੀ ਵੀਰਾਂ ਨੂੰ ਉਸ ਸਮੇਂ ਹੋ ਗਿਆ ਸੀ ਜਦੋਂ ਦਿੱਲੀ ਦੀਆਂ ਗਲ਼ੀਆਂ ਵਿੱਚ ਤਿੰਨ ਦਿਨ ਸਰਕਾਰੀ ਤੰਤਰ ਨੇ ਕਾਤਲਾਂ ਦਾ ਰੂਪ ਧਾਰਨ ਕਰਕੇ ਹਜ਼ਾਰਾਂ ਨਿਰਦੋਸ਼ ਸਿੱਖਾਂ ਨੂੰ ਸਾਡੇ ਬਜ਼ੁਰਗਾਂ ਨੂੰ, ਬੱਚਿਆਂ ਨੂੰ, ਬੀਬੀਆਂ ਨੂੰ ਕੋਹ ਕੋਹ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਕਿਸੇ ਇੱਕ ਵੀ ਕਾਤਲ ਨੂੰ ਗ੍ਰਿਫਤਾਰ ਕਰਨ ਤੋਂ ਪਹਿਲਾਂ ਹੀ ਕਾਤਲਾਂ ਦੇ ਟੋਲੇ ਦੇ ਮੁੱਖੀ ਰਾਜੀਵ ਗਾਂਧੀ ਨੇ ਸਾਰੇ ਹੀ ਕਾਤਲਾਂ ਨੂੰ ਬਾਇੱਜ਼ਤ ਬਰੀ ਕਰ ਦਿੱਤਾ ਸੀ। ਖਾਲਸਾ ਜੀ, ਸਾਡੇ ਅਣਖੀ ਵੀਰ ਆਪਣੇ ਸਿਰਾਂ ਤੇ ਕਫਨ ਬੰਨ ਕੇ ਕੌਮ ਦੇ ਪੈਰਾਂ ਵਿੱਚ ਪਈਆਂ ਗੁਲਾਮੀ ਦੀਆਂ ਜੰਜੀਰਾਂ ਨੂੰ ਤੋੜਨ ਲਈ ਘਰੋਂ ਨਿਕਲੇ ਫਿਰ ਕਦੇ ਵਾਪਸ ਨਹੀਂ ਆਏ, ਹੱਸ ਹੱਸ ਕੇ ਆਪਣੇ ਧਰਮ, ਆਪਣੀ ਕੌਮ ਤੇ ਕੁਰਬਾਨ ਹੋ ਗਏ।

ਖਾਲਸਾ ਜੀ, ਅੱਜ ਜੇਕਰ 29 ਸਾਲਾਂ ਬਾਅਦ ਸਾਡੇ ਤਖ਼ਤ ਸਹਿਬਾਨ ਦੇ ਜੱਥੇਦਾਰ ਸਾਹਿਬਾਨ ਨੂੰ ਵੀ ਗੁਲਾਮੀ ਦਾ ਅਹਿਸਾਸ ਹੋਇਆ ਹੈ, ਆਪਣੇ ਵੱਖਰੇ ਘਰ “ਖਾਲਿਸਤਾਨ” ਦੀ ਜਰੂਰਤ ਮਹਿਸੂਸ ਹੋਈ ਹੈ ਤਾਂ ਇਹਨਾਂ ਭਾਵਨਾਵਾਂ ਦਾ ਸਵਾਗਤ ਕੀਤਾ ਜਾਣਾ ਚਾਹੀਦਾ ਹੈ। ਜੇਕਰ ਇਹਨਾਂ ਦੇ ਅੰਦਰ ਉਪਜਿਆ ਗੁਲਾਮੀ ਦਾ ਅਹਿਸਾਸ ਸੱਚਾ ਹੈ ਤਾਂ ਫਿਰ ਸਿੰਘ ਸਹਿਬਾਨ ਦਾ ਇਹ ਫਰਜ ਬਣਦਾ ਹੈ ਕਿ ਸ੍ਰੀ ਅਕਾਲ ਤਖਤ ਸਹਿਬ ਤੇ ਪੰਜ ਤਖ਼ਤ ਸਹਿਬਾਨ ਦੇ ਜੱਥੇਦਾਰ ਸਹਿਬਾਨ ਦੀ ਇੱਕਤਰਤਾ ਬੁਲਾਈ ਜਾਵੇ, ਸਿੱਖ ਕੌਮ ਦੇ ਸਮੁੱਚੇ ਬੁੱਧੀਜੀਵੀਆਂ ਨੂੰ ਬੁਲਾ ਕੇ ਇਸ ਗੱਲ ਤੇ ਵਿਚਾਰ ਚਰਚਾ ਕੀਤੀ ਜਾਵੇ ਕਿ ਮੌਜੂਦਾ ਸਮੇਂ ਅਤੇ ਹਾਲਤਾਂ ਦੇ ਅਨੁਸਾਰ ਕੌਮ ਦੇ ਗਲ ਪਈਆਂ ਗੁਲਾਮੀ ਦੀਆਂ ਜੰਜੀਰਾਂ ਨੂੰ ਤੋੜਣ ਲਈ ਕਿਸ ਮੋਰਚੇ ਤੇ ਕਿਸ ਤਰ੍ਹਾਂ ਸੰਘਰਸ਼ ਲੜਿਆ ਜਾਵੇ, ਕਿਵੇਂ ਕੌਮ ਦਾ ਕੋਈ ਨੁਕਸਾਨ ਕਰਵਾਏ ਵਗੈਰ ਹੀ ਵੱਡੀਆਂ ਪ੍ਰਾਪਤੀਆਂ ਕੀਤੀਆਂ ਜਾਣ, ਕਿਵੇਂ ਸਾਡੇ ਧਰਮ ਤੇ ਹਮਲਾ ਕਰਨ ਵਾਲੀ ਅਤੇ ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਕਾਤਲ ਕਾਂਗਰਸ ਨੂੰ ਪੰਜਾਬ ਦੀ ਪਵਿੱਤਰ ਧਰਤੀ ਤੋਂ ਸਦਾ ਲਈ ਰਾਜਸੀ ਤੌਰ ਤੇ ਖਤਮ ਕੀਤਾ ਜਾਵੇ, ਕਿਵੇਂ ਆਪਣੇ ਕੌਮੀ ਫਰਜਾਂ ਤੋਂ ਮੁਨਕਰ ਸਾਡੇ ਰਾਜਸੀ ਅਤੇ ਧਾਰਮਿਕ ਆਗੂਆਂ ਨੂੰ ਉਹਨਾਂ ਦੇ ਕੌਮੀ ਫਰਜਾਂ ਦਾ ਅਹਿਸਾਸ ਕਰਵਾਇਆ ਜਾਵੇ। ਪਰ ਖਾਲਸਾ ਜੀ, ਅਸੀਂ ਇਸ ਸੱਚ ਨੂੰ ਵੀ ਬਹੁਤ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਇਹ ਲੋਕ ਸਿਰਫ ਅਖਬਾਰੀ ਬਿਆਨਬਾਜੀ ਤੱਕ ਹੀ ਸੀਮਤ ਰਹਿਣਗੇ ਕਿਉਂਕਿ ਅਜਾਦੀ ਦਾ ਮਾਰਗ ਕੁਰਬਾਨੀ ਦਾ ਮਾਰਗ ਹੈ ਆਪਣਾ ਸੱਬ ਕੁਝ ਕੁਰਬਾਨ ਕਰ ਦੇਣ ਦਾ ਮਾਰਗ ਹੈ, ਉਂਚ ਅਹੁਦਿਆਂ ਅਤੇ ਲਾਲ ਬੱਤੀਆਂ ਦੀ ਲਾਲਸਾ ਰੱਖਣ ਵਾਲੇ ਲੋਕ ਇਸ ਮਾਰਗ ਦੇ ਪਾਂਧੀ ਕਦੇ ਵੀ ਨਹੀਂ ਬਣ ਸਕਦੇ। ਖਾਲਸਾ ਜੀ, ਅੱਜ ਖਾਲਸਾ ਪੰਥ ਨੂੰ ਜਰੂਰਤ ਇਸ ਗੱਲ ਦੀ ਹੈ ਕਿ ਅਸੀਂ ਕਾਤਲਾਂ ਤੋਂ ਹੀ ਇਨਸਾਫ ਮੰਗ ਕੇ ਆਪਣਾ ਅਪਮਾਨ ਕਰਵਾਉਣ ਦੀ ਬਜਾਏ ਕੌਮੀ ਦਰਦ ਅਤੇ ਕੌਮੀ ਫਰਜ਼ਾਂ ਦੀ ਲੋਅ ਨੂੰ ਆਪਣੇ ਸੀਨਿਆਂ ਵਿੱਚ ਬਾਲਕੇ ਆਪਣਾ ਭਵਿੱਖ ਆਪ ਤਹਿ ਕਰਨ ਲਈ ਜਮੀਨੀ ਪੱਧਰ ਤੇ ਸਖ਼ਤ ਮਿਹਨਤ ਕਰੀਏ। ਇਸ ਦੇ ਲਈ ਸਾਨੂੰ ਕਹਿਣੀ ਅਤੇ ਕਰਣੀ ਦੇ ਇੱਕ ਆਗੂਆਂ ਦੀ ਜਰੂਰਤ ਹੈ, ਸਾਨੂੰ ਉਨ੍ਹਾਂ ਆਗੂਆਂ ਦੀ ਜਰੂਰਤ ਹੈ ਜਿਹੜੇ ਆਪਣੇ ਕੌਮੀ ਫਰਜ਼ਾਂ ਲਈ ਆਪਣਾ ਸਭ ਕੁਝ ਕੁਰਬਾਨ ਕਰ ਦੇਣ ਦਾ ਮਾਦਾ ਰੱਖਦੇ ਹੋ, ਜਿਹੜੇ ਸਿਰਫ ਸੱਚ ਨੂੰ ਆਪਣੇ ਗੁਰੂ ਨੂੰ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੋ ਕੇ ਸਿਰਫ ਤੇ ਸਿਰਫ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਸੋਚਣ। ਜਿਹੜੇ ਦਿੱਲੀ ਤਖ਼ਤ ਦੇ ਅਤੇ ਹੋਰ ਰਾਜਸੀ ਆਗੂਆਂ ਦੇ ਗੁਪਤ ਏਜੰਡੇ ਲਾਗੂ ਕਰਕੇ ਕੌਮੀ ਭਾਵਨਾਵਾਂ ਨਾਲ ਧੌਖਾ ਨਾ ਕਰਨ। ਖਾਲਸਾ ਜੀ, ਮੈਦਾਨ ਖਾਲੀ ਪਿਆ ਹੈ। ਅੱਜ ਜਰੂਰਤ ਹੈ ਸੱਚੇ ਦਿਲੋਂ ਇਸ ਵਿੱਚ ਕੁੱਦਣ ਦੀ। ਜਿਹੜਾ ਵੀ ਕੋਈ ਆਗੂ, ਕੋਈ ਪਾਰਟੀ ਸਿੱਖੀ ਸਿਧਾਂਤਾਂ ਦੀ ਰਖਵਾਲੀ ਕਰਨ ਲਈ ਅਤੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਯਤਨਸ਼ੀਲ ਹੋਵੇਗੀ। ਮੇਰੇ ਵੱਲੌਂ ਉਸ ਨੂੰ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਵੇਗਾ।

ਕਿਉਂਕਿ ਖਾਲਸਾ ਪੰਥ ਦੀ ਚੜ੍ਹਦੀ ਕਲਾ ਹੀ ਮੇਰੇ ਜੀਵਨ ਦਾ ਮਨੋਰਥ ਹੈ। ਖਾਲਸਾ ਜੀ, ਮੇਰੇ ਉਂਪਰ ਦਰਜ ਸਾਰੇ ਕੇਸ ਖਤਮ ਹੋਣ ਤੋਂ ਬਾਅਦ ਜੋ ਮੈਨੂੰ ਪਟਿਆਲਾ ਜੇਲ੍ਹ ਤੋਂ ਕਿਤੇ ਹੋਰ ਤਬਦੀਲ ਕਰਨ ਬਾਰੇ ਕਿਹਾ ਜਾ ਰਿਹਾ ਹੈ, ਇਸ ਬਾਰੇ ਮੇਰਾ ਇਹੀ ਕਹਿਣਾ ਹੈ ਕਿ ਨਾ ਤਾਂ ਮੈਂ ਚੰਡੀਗੜ੍ਹ ਜੇਲ੍ਹ ਪ੍ਰਸਾਸ਼ਨ ਨੂੰ ਜਨਵਰੀ 2010 ਵਿੱਚ ਮੈਨੂੰ ਪਟਿਆਲਾ ਜੇਲ੍ਹ ਭੇਜਣ ਬਾਰੇ ਕਿਹਾ ਸੀ, ਨਾਂ ਹੀ ਮੈਂ ਪਟਿਆਲਾ ਜੇਲ ਪ੍ਰਸਾਸ਼ਨ ਨੂੰ ਕਦੇ ਇੱਥੇ ਹੀ ਰਹਿਣ ਬਾਰੇ ਜਾਂ ਕਿਤੇ ਹੋਰ ਭੇਜਣ ਬਾਰੇ ਕਿਹਾ ਹੈ। ਖਾਲਸਾ ਜੀ, ਜੇਕਰ ਮੈਨੂੰ ਸਵੇਰੇ ਸ਼ਾਮ ਦਿੱਤੀਆਂ ਜਾ ਰਹੀਆਂ 4-4 (ਚਾਰ-ਚਾਰ) ਰੋਟੀਆਂ ਨਾਲ ਪੰਜਾਬ ਦੇ ਖਜਾਨੇ ਤੇ ਭਾਰੀ ਬੋਝ ਪੈਂਦਾ ਹੈ ਤਾਂ ਇਹ ਮੌਜੂਦਾ ਹੁਕਮਰਾਨ ਅਤੇ ਜੇਲ੍ਹ ਪ੍ਰਸਾਸ਼ਨ ਮੈਨੂੰ ਕਿਤੇ ਵੀ ਹੋਰ ਭੇਜ ਸਕਦੇ ਹਨ ਮੈਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਹੈ। ਨਾ ਹੀ ਮੈਂ ਇਸ ਬਾਰੇ ਕਦੇ ਕਿਸੇ ਨੂੰ ਕੋਈ ਬੇਨਤੀ ਕੀਤੀ ਹੈ, ਨਾ ਹੀ ਕਦੇ ਕਰਾਂਗਾ। ਇਹਨਾਂ ਲੋਕਾਂ ਦੀ ਮੈਨੂੰ ਜਿੱਥੇ ਵੀ ਭੇਜਣ ਦੀ ਮਰਜੀ ਹੈ ਭੇਜ ਦੇਣ, ਆਪਣਾ ਹੱਕ ਅਤੇ ਸੱਚ ਦਾ ਸੰਘਰਸ਼ ਹਰ ਜਗ੍ਹਾਂ ਜਾਰੀ ਰਹੇਗਾ।

ਇਸ ਸਬੰਧੀ ਹਰ ਕਿਸੇ ਦਾ ਆਪਣਾ-ਆਪਣਾ ਕਰਮ ਇਤਿਹਾਸ ਦੇ ਪੰਨਿਆਂ ਤੇ ਦਰਜ ਹੋਵੇਗਾ। ਖਾਲਸਾ ਜੀ, ਦੇਸ਼ ਅਤੇ ਵਿਦੇਸ਼ ਵਿੱਚ ਵਸਦੇ ਖਾਲਸਾ ਪੰਥ ਵਲੋਂ ਮਿਲੇ ਪਿਆਰ, ਸਤਿਕਾਰ ਅਤੇ ਸਹਿਯੋਗ ਲਈ ਮੈਂ ਹਮੇਸ਼ਾ ਖਾਲਸਾ ਪੰਥ ਦਾ ਰਿਣੀ ਰਹਾਂਗਾ। ਮੇਰਾ ਹਰ ਸਾਹ ਹਮੇਸ਼ਾ ਖਾਲਸਾ ਪੰਥ ਦੀ ਚੜ੍ਹਦੀ ਕਲਾ ਨੂੰ ਸਮਰਪਿਤ ਰਹੇਗਾ। ਹਮੇਸ਼ਾ ਹੀ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਵਿੱਚ ਦੇਖਣ ਦਾ ਚਾਹਵਾਨ ਤੁਹਾਡਾ ਆਪਣਾ

ਬਲਵੰਤ ਸਿੰਘ ਰਾਜੋਆਣਾ ਕੋਠੀ ਨੰ: 16, ਕੇਂਦਰੀ ਜੇਲ੍ਹ, ਪਟਿਆਲਾ, ਪੰਜਾਬ। ਮਿਤੀ 3-8-2013