Sunday, 6 October 2013

Jathedar Rajoana Congratulates Rozana Ajj Di Awaz On It's 28th Anniversary

Rozana Ajj di Awaaz di 28th Anniversary te, Akhbar ne Amar Shaheed Sant Jarnail Singh Khalsa Bhindrawaleyan valon arambhe sangharsh vich hass hass ke kurbaniyan den vale surmeyan te, ate mojuda samey vich is sangharsh nu chalu rakhan vale Veerji Bhai Balwant Singh Rajoana Ji di soch ate ona di kurbani te maan karde hoye, Khalsa Raaj vali veerji di letter nu lokan tak pochaya. Akhbar kis tarhan chalu hoya te ki mushkilan aiyan, oss varey di daseya geya hai.


ਖਾਲਸਾ ਜੀ ! ਇਹ ਸਾਡੇ ਸਾਰਿਆਂ ਲਈ ਬਹੁਤ ਖੁਸ਼ੀ ਅਤੇ ਸਤੁੰਸ਼ਟੀ ਵਾਲੀ ਗੱਲ ਹੈ ਕਿ ਸਮੁੱਚੇ ਸਿੱਖ ਪੰਥ, ਘੱਟ ਗਿਣਤੀਆਂ ਅਤੇ ਮਨੁੱਖੀ ਅਧਿਕਾਰਾਂ ਅਤੇ ਮੁੱਢਲੀਆਂ ਸਹੂਲਤਾਂ ਤੋਂ ਵਾਂਝੇ ਲਿਤਾੜੇ ਜਾ ਰਹੇ ਨਿਤਾਣੇ ਲੋਕਾਂ ਦੇ ਹੱਕ ਵਿਚ ਹਮੇਸ਼ਾ ਹਾਅ ਦਾ ਨਾਅਰਾ ਮਾਰਨ ਵਾਲਾ 'ਰੋਜ਼ਾਨਾ ਅੱਜ ਦੀ ਆਵਾਜ਼' ਆਪਣੀ ਸਥਾਪਨਾ ਦੇ 28 ਸਾਲ ਪੂਰੇ ਕਰ ਰਿਹਾ ਹੈ। 20ਵੀਂ ਸਦੀ ਦੇ ਮਹਾਨ ਜਰਨੈਲ, ਦਮਦਮੀ ਟਕਸਾਲ ਦੇ 14ਵੇਂ ਜੱਥੇਦਾਰ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਵੱਲੋਂ ਸਿੱਖੀ ਦੀ ਚੜ੍ਹਦੀ ਕਲਾ ਅਤੇ ਪੰਥ ਦੇ ਬੋਲਬਾਲੇ ਦੇ ਮਿਸ਼ਨ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਇਕ ਅਖ਼ਬਾਰ ਦਾ ਸੰਕਲਪ ਲਿਆ ਗਿਆ ਸੀ। ਜਿਸ ਨੂੰ 'ਰੋਜ਼ਾਨਾ ਅੱਜ ਦੀ ਆਵਾਜ਼' ਦੇ ਰੂਪ ਵਿਚ ਪੂਰਾ ਕੀਤਾ ਗਿਆ। ਸੰਤਾਂ ਦੀ ਸੋਚ ਨੂੰ ਸਮਰਪਿਤ 'ਰੋਜ਼ਾਨਾ ਅੱਜ ਦੀ ਆਵਾਜ਼' ਨੂੰ ਆਪਣੇ ਜਨਮ ਤੋਂ ਹੀ ਸਮੇਂ ਦੇ ਜਾਬਰ ਹਾਕਮਾਂ ਦੇ ਤਸ਼ੱਦਦ ਦਾ ਸਾਹਮਣਾ ਕਰਨਾ ਪਿਆ। ਅਖ਼ਬਾਰ ਦੇ ਬਾਨੀ ਸੰਪਾਦਕ ਸ. ਭਰਪੂਰ ਸਿੰਘ ਬਲਬੀਰ ਅਤੇ ਅਖ਼ਬਾਰ ਦੇ ਹੋਰ ਸਟਾਫ਼ ਨੂੰ ਅਖ਼ਬਾਰ ਸ਼ੁਰੂ ਹੋਣ ਦੇ ਤੁਰੰਤ ਬਾਅਦ ਹੀ ਐਨ.ਐਸ.ਏ. ਲਾ ਕੇ ਜੇਲ੍ਹ ਵਿਚ ਬੰਦ ਕਰ ਦਿੱਤਾ ਗਿਆ। ਲੰਬਾ ਸਮਾਂ ਉਨ੍ਹਾਂ ਦੇ ਜੇਲ੍ਹ ਵਿਚ ਰਹਿਣ ਦੌਰਾਨ ਵੀ ਪਿੱਛੋਂ ਅਖ਼ਬਾਰ ਉਨ੍ਹਾਂ ਦੀ ਪਤਨੀ ਤੇ ਹੋਰ ਸਟਾਫ਼ ਨੇ ਭਾਰੀ ਮੁਸ਼ਕਲਾਂ ਝੱਲਦਿਆਂ ਜਾਰੀ ਰੱਖਣ ਦੀ ਕੋਸ਼ਿਸ਼ ਕੀਤੀ। 1989 ਦੌਰਾਨ ਪੰਥ ਮਾਤਾ ਸਾਹਿਬ ਕੌਰ ਚੈਰੀਟੇਬਲ ਟਰੱਸਟ ਵੱਲੋਂ ਦੁਬਾਰਾ ਇਹ ਅਖ਼ਬਾਰ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸਮੇਂ ਦੀ ਸਰਕਾਰ ਨੇ ਫ਼ਿਰ ਇਸਦੇ ਪ੍ਰਬੰਧਕਾਂ ਸਮੇਤ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਖਾਲਸਾ, ਪ੍ਰਬੰਧਕੀ ਸੰਪਾਦਕ ਸ. ਗੁਰਦੀਪ ਸਿੰਘ ਸਮੇਤ ਹੋਰ ਕਈ ਸਟਾਫ਼ ਮੈਂਬਰਾਂ ਨੂੰ ਜੇਲ੍ਹਾਂ ਵਿਚ ਬੰਦ ਕਰਕੇ ਇਸ ਅਖ਼ਬਾਰ ਨੂੰ ਬੰਦ ਕਰਾਉਣ ਦੀ ਕੋਸ਼ਿਸ਼ ਕੀਤੀ। ਪਰ ਸਮੁੱਚੇ ਖਾਲਸਾ ਪੰਥ ਨੇ ਇਸ ਮੁਸ਼ਕਲ ਦੇ ਸਮੇਂ ਅਖ਼ਬਾਰ ਦਾ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿੱਤਾ। ਇਸੇ ਸਾਥ ਦਾ ਸਿੱਟਾ ਹੈ ਕਿ ਅੱਜ ਇਹ ਅਖ਼ਬਾਰ ਆਪਣੀ ਸਥਾਪਨਾ ਦੇ 28 ਸਾਲ ਪੂਰੇ ਕਰਦਿਆਂ ਸਮੁੱਚੇ ਖਾਲਸਾ ਪੰਥ ਦਾ ਮਹੱਤਵਪੂਰਨ ਹਿੱਸਾ ਬਣ ਚੁੱਕਾ ਹੈ। ਜਿਥੋਂ ਤੱਕ 'ਰੋਜ਼ਾਨਾ ਅੱਜ ਦੀ ਆਵਾਜ਼' ਦੀ ਵਿਚਾਰਧਾਰਾ ਦਾ ਸਬੰਧ ਹੈ, ਦਾਸ ਪਹਿਲਾਂ ਹੀ ਕਹਿ ਚੁੱਕਿਆ ਹੈ ਕਿ ਇਹ ਅਖ਼ਬਾਰ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਓਟ ਆਸਰੇ ਨਾਲ ਜਿਸ ਸੋਚ ਨੂੰ ਲੈ ਕੇ ਸਿੱਖ ਸੰਘਰਸ਼ ਆਰੰਭਿਆ ਗਿਆ ਸੀ, ਅਖ਼ਬਾਰ ਉਸੇ ਸੋਚ ਨੂੰ ਅੱਗੇ ਵਧਾ ਰਿਹਾ ਹੈ। ਸਮੁੱਚੀਆਂ ਸਿੱਖ ਜੱਥੇਬੰਦੀਆਂ ਦੀ ਵੀ ਇਹੋ ਸੋਚ ਹੈ ਕਿ

"ਖਾਲਸਾ ਰਾਜ (ਖ਼ਾਲਿਸਤਾਨ) ਦਾ ਜੋ ਸੰਕਲਪ ਹੈ ਇਹ ਸਮੁੱਚੀ ਮਾਨਵਤਾ ਨੂੰ ਆਪਣੇ ਕਲਾਵੇ ਵਿਚ ਲੈਂਦਾ ਹੈ । ਖਾਲਸਾ ਰਾਜ ਦਾ ਸੰਕਲਪ ਸੱਭ ਧਰਮਾਂ ਦਾ ਸਤਿਕਾਰ ਕਰਦਾ ਹੋਇਆ ਉਨ੍ਹਾਂ ਦੀ ਰਾਖੀ ਲਈ ਬਚਨਬੱਧ ਹੈ । ਖਾਲਸਾ ਰਾਜ ਦਾ ਸੰਕਲਪ ਬਿਨਾਂ ਕਿਸੇ ਜਾਤੀ ਜਾਂ ਧਾਰਮਿਕ ਭੇਦਭਾਵ ਦੇ ਸਮੁੱਚੀ ਮਾਨਵਤਾ ਲਈ ਇੱਕੋ ਹੀ ਤਰ੍ਹਾਂ ਦੇ ਇਨਸਾਫ਼ ਦਾ ਬਚਨ ਦਿੰਦਾ ਹੈ । ਖਾਲਸਾ ਰਾਜ ਦਾ ਸੰਕਲਪ ਸਮੁੱਚੀ ਮਾਨਵਤਾ ਨੂੰ ਉਸ ਇੱਕ ਅਕਾਲ-ਪੁਰਖ ਵਾਹਿਗੁਰੂ ਦਾ ਰੂਪ ਜਾਣ ਉਸ ਦੀ ਸੇਵਾ ਨੂੰ ਸਮਰਪਿਤ ਹੈ । ਖਾਲਸਾ ਰਾਜ ਦਾ ਸੰਕਲਪ ਕਿਸੇ ਵੀ ਤਰ੍ਹਾਂ ਦੇ ਜ਼ੁਲਮ ਦੇ ਖਿਲਾਫ਼ ਅਵਾਜ਼ ਬਲੁੰਦ ਕਰਨ ਲਈ ਬਚਨਬੱਧ ਹੈ । ਖਾਲਸਾ ਰਾਜ ਦਾ ਸੰਕਲਪ ਇੱਕ ਤੰਦਰੁਸਤ ਅਤੇ ਨਸ਼ਾ ਮੁਕਤ ਸਮਾਜ ਦੀ ਸਿਰਜਨਾ ਕਰਨਾ ਲੋਚਦਾ ਹੈ । ਖਾਲਸਾ ਰਾਜ ਦਾ ਸੰਕਲਪ ਬੇਟੀਆਂ ਨੂੰ ਕੁੱਖ ਵਿਚ ਹੀ ਮਾਰਨ ਵਾਲੀ ਮਾਨਸਿਕਤਾ ਨੂੰ ਬਦਲ ਕੇ ਬੇਟੀਆਂ ਨੂੰ ਬਰਾਬਰ ਜੀਣ ਦਾ ਅਧਿਕਾਰ ਦਿੰਦਾ ਹੋਇਆ ਉਨ੍ਹਾਂ ਤੇ ਮਾਣ ਕਰਦਾ ਹੈ ਅਤੇ ਆਪਣੀਆਂ ਬੇਟੀਆਂ ਨੂੰ ਸਮੁੱਚੀ ਦੁਨੀਆਂ ਦਾ ਮਾਣ ਬਣਾਉਣਾ ਲੋਚਦਾ ਹੈ । ਖਾਲਸਾ ਜੀ , ਸਾਡੇ ਸ਼ਹੀਦ ਹੋਏ ਹਜ਼ਾਰਾਂ ਵੀਰਾਂ ਵੱਲੋਂ ਕੀਤਾ ਗਿਆ ਸ਼ੰਘਰਸ਼ ਅਤੇ ਸਾਡੇ ਵੱਲੋਂ ਕੀਤਾ ਜਾ ਰਿਹਾ ਸ਼ੰਘਰਸ ਬੇਇਨਸਾਫ਼ੀਆਂ , ਧੋਖੇਬਾਜ਼ੀਆਂ ਅਤੇ ਜ਼ੁਲਮ ਦਾ ਸ਼ਿਕਾਰ ਹੋਈ ਸਿੱਖ ਕੌਮ ਦੇ ਆਤਮ -ਸਨਮਾਨ ਦਾ ਸ਼ੰਘਰਸ ਹੈ । ਸਿੱਖ ਕੌਮ ਨਾਲ ਲਗਾਤਾਰ ਹੋਈਆਂ ਬੇਇਨਸਾਫ਼ੀਆਂ ,ਧੋਖੇਬਾਜ਼ੀਆਂ ਅਤੇ ਜ਼ੁਲਮ ਦੇ ਖਿਲਾਫ਼ ਆਪਣੇ ਹੱਕਾਂ ਲਈ ਅਤੇ ਆਪਣੇ ਆਤਮ-ਸਨਮਾਨ ਲਈ ਸ਼ੰਘਰਸ ਕਰਨ ਵਾਲੇ ਸਿੱਖ ਨੌਜਵਾਨਾਂ ਨੂੰ ਇੰਨ੍ਹਾਂ ਹੀ ਹੁਕਮਰਾਨਾਂ ਵੱਲੋਂ ਅੱਤਵਾਦੀ ਕਰਾਰ ਦੇ ਦਿੱਤਾ ਜਾਂਦਾ ਹੈ । ਖਾਲਸਾ ਜੀ , ਸਿੱਖ ਹੋਣ ਦਾ ਮਤਲਵ ਹਿੰਦੂਆਂ ਨੂੰ ਨਫ਼ਰਤ ਕਰਨਾ ਨਹੀਂ ਹੈ , ਨਾ ਹੀ ਦੂਸਰੇ ਧਰਮਾਂ ਨੂੰ ਨੀਵਾਂ ਅਤੇ ਆਪਣੇ ਆਪ ਹੀ ਨੂੰ ਸ਼੍ਰੇਸਠ ਸਮਝਣਾ ਹੈ । ਸਿੱਖ ਹੋਣ ਦਾ ਮਤਲਬ ਤਾਂ ਆਪਣੇ ਗੁਰੂ ਵੱਲੋਂ ਦਿਖਾਏ ਮਾਰਗ ਤੇ ਚੱਲ ਕੇ ਉਸ ਇੱਕ ਅਕਾਲ-ਪੁਰਖ ਵਾਹਿਗੁਰੂ ਅੱਗੇ ਹੀ ਸ਼ੀਸ ਝੁਕਾਉਣਾ , ਦੂਸਰੇ ਧਰਮਾਂ ਦਾ ਅਤੇ ਦੂਸਰੇ ਧਰਮਾਂ ਦੇ ਲੋਕਾਂ ਦੀਆਂ ਭਾਵਨਾਵਾਂ ਦਾ ਬਰਾਬਰ ਸਤਿਕਾਰ ਕਰਨਾ , ਸਮੁੱਚੀ ਮਾਨਵਤਾ ਨੂੰ ਹੀ ਉਸ ਇੱਕ ਅਕਾਲ-ਪੁਰਖ ਵਾਹਿਗੁਰੂ ਦਾ ਰੂਪ ਜਾਨਣਾ ਹੈ । ਖਾਲਸਾ ਰਾਜ ਦੇ ਸੰਕਲਪ ਦਾ ਧਾਰਨੀ ਹਰ ਸਿੱਖ ਆਪਣੀਆਂ ਦੋਨੋਂ ਬਾਹਾਂ ਫੈਲਾ ਕੇ ਸਮੁੱਚੀ ਮਾਨਵਤਾ ਨੂੰ ਉਸ ਅਕਾਲ-ਪੁਰਖ ਵਾਹਿਗੁਰੂ ਦਾ ਰੂਪ ਜਾਣ ਉਸ ਨੂੰ ਆਪਣੇ ਕਲਾਵੇ ਵਿਚ ਲੈਣਾ ਲੋਚਦਾ ਹੈ । ਸਾਡੇ ਗੁਰੂ ਦੇ ਖਾਲਸਾ ਰਾਜ ਦਾ ਇਹੀ ਸੰਕਲਪ ਹੈ , ਮੈਂ ਇਸੇ ਸੰਕਲਪ ਅੱਗੇ ਹੀ ਸਿਜਦਾ ਕਰਦਾ ਹਾਂ । ਖਾਲਸਾ ਜੀ , ਅੱਜ ਲੋੜ ਹੈ ਕਿ ਅਸੀਂ ਆਪਣੇ ਗੁਰੂ ਦੇ ਖਾਲਸਾ ਰਾਜ ਦੇ ਸੰਕਲਪ ਨੂੰ ਪੂਰੀ ਦੁਨੀਆਂ ਨੂੰ ਦੱਸੀਏ ਜਿਸ ਨੂੰ ਭਾਰਤੀ ਖੁਫ਼ੀਆਂ ਏਜੰਸੀਆਂ ਨੇ ਅਤੇ ਸਿੱਖੀ ਭੇਸ ਵਿਚ ਪਾਲੇ ਹੋਏ ਇੰਨਾਂ ਦੇ ਕਰਿੰਦਿਆਂ ਨੇ ਆਪਣੀਆਂ ਜੀਅ ਤੋੜ ਕੋਸ਼ਿਸਾਂ ਸਦਕਾ ਗਲਤ ਸਾਬਤ ਕਰਨ ਲਈ ਖ਼ਾਲਿਸਤਾਨ ਨਾਮ ਦੀ ਧਾਰਨਾ ਹੀ ਦਹਿਸ਼ਤ, ਫਿਰਕੂ , ਕੱਟੜਤਾ , ਗੋਲੀਆਂ ਚਲਾਉਣਾ , ਬੰਦੇ ਮਾਰਨਾ ਬਣਾ ਦਿੱਤੀ ਹੈ । ਆਉ ਆਪਾਂ ਪੂਰੀ ਦੁਨੀਆਂ ਨੂੰ ਦੱਸੀਏ ਕਿ ਸਿੱਖ ਨੌਜਵਾਨਾਂ ਨੇ ਹਥਿਆਰ ਜ਼ੁਲਮ ਕਰਨ ਜਾਂ ਦਹਿਸ਼ਤ ਫੈਲਾਉਣ ਲਈ ਨਹੀਂ ਸਨ ਚੁੱਕੇ ਸਨ । ਖ਼ਾਲਿਸਤਾਨੀ ਹੋਣ ਦਾ ਮਤਲਵ ਡੱਬ ਵਿਚ ਪਿਸਟਿਲ ਰੱਖਣਾ , ਏ .ਕੇ . ਸੰਤਾਲੀ ਚੁੱਕਣਾ ਹੀ ਨਹੀਂ ਹੈ ਸਗੋਂ ਖ਼ਾਲਿਸਤਾਨੀ ਹੋਣ ਦਾ ਮਤਲਵ ਤਾਂ ਆਪਣੇ ਆਪ ਨੂੰ , ਆਪਣੇ ਜੀਵਨ ਨੂੰ ਸੱਚ ਨੂੰ ਸਮਰਪਿਤ ਕਰਨਾ ਹੈ । ਬਿਨਾਂ ਕਿਸੇ ਡਰ -ਭੈਅ ਦੇ ਕਿਸੇ ਵੀ ਤਰ੍ਹਾਂ ਦੀ ਧੱਕੇਸਾਹੀ ਦੇ , ਜ਼ੁਲਮ ਦੇ ਖਿਲਾਫ਼ ਆਪਣੀ ਅਵਾਜ਼ ਬੁਲੰਦ ਕਰਨਾ ਹੈ । ਦੂਸਰੇ ਦੇ ਹੱਕ ਮਾਰਨੇ ਨਹੀਂ ਆਪਣੇ ਹੱਕ ਛੱਡਣੇ ਨਹੀਂ ਦੀ ਸੋਚ ਦੇ ਧਾਰਨੀ ਬਣਨਾ ਹੈ । ਅੱਜ ਲੋੜ ਹਥਿਆਰਾਂ ਦੀ ਨਹੀਂ ਸਗੋਂ ਵਿਚਾਰਾਂ ਦੀ ਹੈ , ਸਾਨੂੰ ਆਪਣੇ ਵਿਚਾਰਾਂ ਨਾਲ , ਆਪਣੇ ਜੀਵਨ ਨਾਲ ਦੂਸਰੇ ਧਰਮਾਂ ਦੇ ਲੋਕਾ ਦਾ ਵਿਸ਼ਵਾਸ ਜਿੱਤ ਕੇ ਉਨ੍ਹਾਂ ਤੋਂ ਸਹਿਯੋਗ ਲੈਣਾ ਚਾਹੀਦਾ ਹੈ । ਦਿੱਲੀ ਦਰਬਾਰ ਦੀ ਹਰ ਚਾਲ ਨੂੰ ਨਾਕਾਮ ਕਰਨਾ ਚਾਹੀਦਾ ਹੈ ਤਦ ਹੀ ਅਸੀਂ ਆਪਣੀ ਮੰਜ਼ਿਲ ਵੱਲ ਨੂੰ ਕਦਮ ਵਧਾ ਸਕਾਂਗੇ । ਇਕ ਵਾਰ ਫਿਰ 'ਰੋਜ਼ਾਨਾ ਅੱਜ ਦੀ ਆਵਾਜ਼' ਨੂੰ 28 ਸਾਲ ਦਾ ਮਾਣ-ਮੱਤਾ ਸਫ਼ਰ ਪੂਰਾ ਕਰਨ ਦੇ ਖੁਸ਼ੀ ਭਰੇ ਸਮੇਂ ਦੀ ਸਮੁੱਚੇ ਖਾਲਸਾ ਪੰਥ ਨੂੰ ਲੱਖ ਲੱਖ ਵਧਾਈ । ਖਾਲਸਾ ਪੰਥ ਨੂੰ ਹਮੇਸ਼ਾਂ ਹੀ ਚੜ੍ਹਦੀ ਕਲਾ ਵਿਚ ਅਤੇ ਸੁਚੇਤ ਦੇਖਣ ਦਾ ਚਾਹਵਾਨ
ਤੁਹਾਡਾ ਆਪਣਾ
ਬਲਵੰਤ ਸਿੰਘ ਰਾਜੋਆਣਾ
ਕੋਠੀ ਨੰ: 16
ਕੇਂਦਰੀ ਜੇਲ੍ਹ ਪਟਿਆਲਾ ਪੰਜਾਬ