ਗੰਗੂ ਦੀ ਰੂਹ
ਕੱਲ
ਨਨਕਾਣਾ ਸਾਹਿਬ ਦੇ ਸ਼ਹੀਦੀ ਸਾਕੇ ਦਾ ਦਿਨ ਸੀ । ੧੯੨੧ ਵਿੱਚ ੨੦ ਫਰਵਰੀ ਨੂੰ ਭਾਈ ਲਛਮਣ
ਸਿੰਘ, ਤੇ ਸਾਥੀ ਮਹੰਤ ਨਰੈਣੂ ਵੱਲੋਂ ਸ਼ਹੀਦ ਕੀਤੇ ਗਏ ਸਨ । ੨੧ ਫਰਵਰੀ ਨੂੰ ਗੁਰਦਵਾਰਾ
ਜਨਮ ਅਸਥਾਨ ਦੀਆਂ ਚਾਬੀਆਂ ਸਿੰਘਾਂ ਦੇ ਹਵਾਲੇ ਕੀਤੀਆਂ ਗਈਆਂ ਸਨ, ਤੇ ਸ਼ਹੀਦ ਸਿੰਘਾਂ ਦਾ
ਸੰਸਕਾਰ ਕੀਤਾ ਗਿਆ ਸੀ । ਅੱਜ ਦੀ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦੱਲ ਦੀਆਂ
ਜੜ੍ਹਾਂ ਵਿੱਚ ਇਹਨਾਂ ਸ਼ਹੀਦਾਂ ਦਾ ਲਹੂ ਹੈ । ਪਰ ਅਫਸੋਸ ਅੱਜ ਇਹਨਾਂ ਸੰਸਥਾਵਾਂ ਦੇ
ਆਗੂਆਂ ਨੇ ਆਪਣੀਆਂ ਜ਼ਾਤੀ ਗਰਜ਼ਾਂ ਦੀ ਸਿਆਸਤ ਕਰ
ਕੇ ਗੁਰਦਵਾਰੇ ਆਪਣੇ ਹੱਥੀਂ ਮੁੜ੍ਹ "ਮਹੰਤੀ" ਸੋਚ ਦੇ ਹਵਾਲੇ ਕਰ ਦਿੱਤੇ ਹਨ । ਲਾਜਪੱਤ
ਰਾਏ ਵਰਗੇ ਜਿਹੜੇ ਆਗੂ ਉਸ ਵਕਤ ਸਿੰਘਾਂ ਦੇ ਖਿਲਾਫ ਮਹੰਤਾਂ ਦੇ ਹੱਕ ਵਿੱਚ ਖੜ੍ਹਦੇ ਰਹੇ,
ਅੱਜ ਉਸੀ ਸੋਚ ਦੀ ਵਾਰਿਸ ਆਰ ਐਸ ਐਸ ਤੇ ਬੀ ਜੇ ਪੀ ਸਿੱਖਾਂ ਦੀ ਸਿਆਸਤ ਤੇ ਧਰਮ ਤੇ
ਹਾਵੀ ਹੈ । ਨਾਨਕ ਸ਼ਾਹੀ ਕੈਲੰਡਰ ਹੋਵੇ ਜਾਂ ਮਰਿਯਾਦਾ ਦਾ ਕੋਈ ਮਸਲਾ, ਫੈਸਲੇ ਉਹਨਾਂ ਨੂੰ
ਪੁੱਛ ਕੇ ਹੁੰਦੇ ਹਨ, ਜਿਹੜੇ ਸਾਡੀ ਵਿਲੱਖਣ ਹੋਂਦ ਨੂੰ ਹੀ ਨਹੀਂ ਸਵੀਕਾਰਦੇ । ਬਾਦਲ
ਪਰਿਵਾਰ ਤੇ ਸੰਘ ਪਰਿਵਾਰ ਵਿੱਚ ਇਕ ਨਾਪਾਕ ਰਿਸ਼ਤਾ ਸਿੱਖ ਕੌਮ ਦੀ ਵਿਲੱਖਣਤਾ ਦਾ ਮਲੀਆ
ਮੇਟ ਕਰਨ ਦੇ ਰਾਹ ਪਿਆ ਹੋਇਆ ਹੈ । ਦਸਮ ਪਾਤਸ਼ਾਹ ਦੇ "ਸੰਤ ਸਿਪਾਹੀ" ਦੀ ਸੋਚ ਤੋਂ
ਬੇਮੁੱਖ ਹੋਏ ਕੁੱਝ ਡੇਰੇਦਾਰ ਵੀ ਇਹਨਾਂ ਦੇ ਨਾਲ ਖੜ੍ਹੇ ਹਨ ।
ਕੱਲ ਤੇ ਅੱਜ ਗੰਗੂ
ਦਾ ਜ਼ਿਕਰ ਬਾਰ ਬਾਰ ਸੁਣਨ, ਪੜ੍ਹਨ ਨੂੰ ਮਿੱਲਦਾ ਰਿਹਾ ਹੈ । ਗੰਗੂ ਕਦੇ ਸਾਡੀ ਨਫਰਤ ਦਾ
ਪਾਤਰ ਇਕ ਵਿਅਕਤੀ ਸੀ, ਪਰ ਅੱਜ ਇਹ ਨਾਮ ਇਕ ਸੋਚ ਦਾ ਪ੍ਰਤੀਕ ਬਣ ਚੁੱਕਾ ਹੈ । ਮੈਂ ਕੱਲ
ਇੱਕ ਨੌਜਵਾਨ ਮਿੱਤਰ ਨਾਲ ਵਾਅਦਾ ਕੀਤਾ ਸੀ, ਆਪਣੀ ਕਵਿਤਾ "ਗੰਗੂ ਦੀ ਰੂਹ" ਸਾਂਝੀ ਕਰਨ
ਦਾ, ਸੋ ਅੱਜ ਸੱਭ ਨੌਜਵਾਨ ਮਿੱਤਰਾਂ ਲਈ ਇਹ ਕਵਿਤਾ ਸਾਂਝੀ ਕਰ ਰਿਹਾ ਹਾਂ । ਇਹ ਕਵਿਤਾ
ਮੈਂ ਸ਼ਾਇਦ ੧੯੭੫/੭੬ ਿਵੱਚ ਲਿਖੀ ਸੀ, ਤੇ ਮੇਰੀ ਦੂਜੀ ਕਿਤਾਬ "ਗੰਗੂ ਦੀ ਰੂਹ" ਦੀ ਮੁੱਖ
ਕਵਿਤਾ ਸੀ । ਮਿੱਤਰੋ ਕਬੂਲ ਕਰਿਓ, ਤੇ ਗੰਗੂ ਦੀ ਰੂਹ ਦੇ ਸਾਏ ਚੋਂ ਆਜ਼ਾਦ ਹੋਣ ਲਈ ਜੋ
ਵੀ ਕਰ ਸਕੋ ਕਰਿਓ ।
ਗਜਿੰਦਰ ਸਿੰਘ, ਦਲ ਖਾਲਸਾ । ੨੨/੨/੨੦੧੪
ਗੰਗੂ ਦੀ ਰੂਹ
ਐ ਦਿੱਲੀ ਵਾਲਿਓ
ਇਹ ਮੇਰੇ ਲਫਜ ਨੇ
ਖੰਡ ਦੀਆਂ ਰਿਉੜੀਆਂ ਨਹੀਂ
ਜੋ ਚਬਾ ਜਾਉਂਗੇ
ਇਹ ਤਾਂ ਲੋਹੇ ਦੇ ਚਣੇ ਨੇ
ਦੰਦ ਤੋੜਨਗੇ
ਜਦ ਮੂੰਹ 'ਚ ਪਾਉਂਗੇ।
ਇਹ ਜ਼ਹਿਰ ਭਿੱਜੇ ਤੀਰ
ਜੇ ਛਾਤੀ ਚੀਰ ਨਾ ਜਾਵਣ
ਤਾਂ ਗੱਲ ਕਾਹਦੀ
ਤੇ ਦੁਸ਼ਮਣ ਦੀਆਂ ਸਫਾਂ ਅੰਦਰ
ਜਾ ਕੇ ਭੜਥੂ ਨਾ ਪਾਵਣ
ਤਾਂ ਗੱਲ ਕਾਹਦੀ
'ਇਹ ਗਾਂਧੀ
ਇਹ ਨਹਿਰੂ
ਜਾਂ ਨਹਿਰੂ ਦੀ ਧੀ"
ਸਿਲਸਿਲਾ ਖਤਮ ਨਹੀਂ ਹੁੰਦਾ
ਸਿਲਸਿਲਾ ਜਾਰੀ ਹੈ
ਤੇ ਹੁਣ
ਗੰਗੂ ਦੇ ਨਵੇਂ ਵਾਰਸਾਂ ਦੀ ਵਾਰੀ ਹੈ
ਗੱਲ ਚਿਹਰਿਆਂ ਦੀ ਨਹੀਂ
ਗੱਲ ਤਾਂ ਗੰਗੂ ਦੀ ਰੂਹ ਦੀ ਹੈ
ਜੋ ਇਹਨਾਂ ਅੰਦਰ ਵੱਸਦੀ ਹੈ
ਗੁਰੂ ਦੇ ਲਾਲਾਂ ਦਾ
ਸਰਹੰਦ ਜਾ ਕੇ ਭੇਤ ਦਸਦੀ ਹੈ
ਸਰਹੰਦ ਦੀਆਂ ਦੀਵਾਰਾਂ
ਤੇ ਪੁੰਡਰੀ ਦੀਆਂ ਸਮਾਧਾਂ ਵਿਚ
ਕੋਈ ਅੰਤਰ ਨਹੀਂ
ਗੁਰੂ ਦੇ ਲਾਲਾਂ ਤੇ
ਉਥੇ ਵੀ ਕਹਿਰ ਵਸਿਆ ਸੀ
ਇੱਥੇ ਵੀ ਕਹਿਰ ਵਸਿਆ ਹੈ
ਤੇ ਹਾਕਮ ਦਾ ਜਬਰ
ਉਥੇ ਵੀ ਹਸਿਆ ਸੀ
ਇੱਥੇ ਵੀ ਹਸਿਆ ਹੈ
ਹੁਣ ਤਾਂ ਇੰਤਜਾਰ ਹੈ
ਇਕ ਹੋਰ ਬੰਦੇ ਦੀ
ਤੇ ਬਾਜ ਸਿੰਘ ਦੀ
ਜੋ ਆਵੇ ਤੇ ਆਕੇ
"ਅੱਜ ਦੇ ਖਾਨਾਂ" ਦੇ ਸਿਰ ਲਾਹਵੇ
ਗੁਰੂ ਦੇ ਚਾਰ ਲਾਲਾਂ ਦਾ
ਜੋ ਚੜਿਆ ਕਰਜ਼ ਚੁਕਾਵੇ।
…………………………………………………..