Friday, 13 June 2014

Jathedar Rajoana's Letter 6/6/14 Thanking Sikhs,Exposing AAP Kejriwal,Akalis,Congress,RSS

In the letter below Jathedar Bhai Balwant Singh Ji Rajoana gives his reasons for putting up his sister Bibi Kamaldeep Kaur Ji in the Patiala 2014 elections.Jathedar Rajoana says he accepts the results of
15313 votes as a blessing from Akal Purakh Waheguru.Bhai Sahib also exposes the Pakhandi Sants who support those very parties which are there to undermine the Sikh Nation such as the Akalis,Congress,AAP etc.


Jathedar Rajoana further states that PM Narinder Modi & the RSS have made history by implementing their plan of Hindutva by electing Modi as PM.The question is when will Sikhs do the same and fight to attain their freedom?


On the issue of AAP & Arvind Kejriwal - who Jathedar Rajoana calls Delhi Da Kejriwal,he asks why Sikhs fall for such false parties without knowing who is really backing them.Bhai Sahib describes how seeing pictures of Sikhs running around with AAP brooms is akin to them wiping out their history & voice,once again falling for the Hindutva Indian System by supporting such Parties designed to undermine the Sikh Voice.


Jathedar Rajoana in great detail exposes the AAP,Congress,Akalis,BJP & RSS he further states that he will continue his fight for Freedom as before till the very end.


ਇਸ ਕਸੌਟੀ ਦੀ ਪ੍ਰਾਪਤੀ ਇਹ ਰਹੀ ਕਿ ਸੱਚ ਝੂਠ ਦੇ ਸਾਰੇ ਬੰਧਨ ਤੋੜ ਕੇ ਅਜ਼ਾਦ ਹੋ ਗਿਆ


ਸਤਿਕਾਰਯੋਗ ਖਾਲਸਾ ਜੀਓ,
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫ਼ਤਹਿ॥




ਸੱਭ ਤੋਂ ਪਹਿਲਾਂ ਮੈਂ ਉਸ ਅਕਾਲ-ਪੁਰਖ ਵਾਹਿਗੁਰੂ ਅੱਗੇ ਸਮੁੱਚੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਦਾ ਹਾਂ । ਖਾਲਸਾ ਜੀ , ਕੌਮੀ ਹੱਕਾਂ ਅਤੇ ਕੌਮੀ ਇਨਸਾਫ਼ ਦੀ ਆਵਾਜ਼ ਨੂੰ ਪਾਰਲੀਮੈਂਟ ਰਾਹੀਂ ਪੂਰੀ ਦੁਨੀਆਂ ਤੱਕ ਪਹੁੰਚਣ ਲਈ ਮੇਰੇ ਵੱਲੋਂ ਪਟਿਆਲਾ ਲੋਕ ਸਭਾ ਹਲਕੇ ਤੋਂ ਆਪਣੀ ਭੈਣ ਬੀਬੀ ਕਮਲਦੀਪ ਕੌਰ ਰਾਜੋਆਣਾਂ ਨੂੰ ਆਜਾਦ ਉਮੀਦਵਾਰ ਬਣਾ ਕੇ ਜੋ ਚੋਣ ਲੜੀ ਗਈ ਇਸ ਵਿਚ ਇਸ ਹਲਕੇ ਦੇ ਲੋਕਾਂ ਵੱਲੋਂ ਜੋ ਵੀ ਫਤਵਾ ਦਿੱਤਾ ਗਿਆ ਹੈ ਮੈਂ ਇਸ ਨੂੰ ਉਸ ਅਕਾਲ-ਪੁਰਖ ਵਾਹਿਗੁਰੂ ਦੀ ਰਜਾ ਸਮਝ ਕੇ ਸਵੀਕਾਰ ਕਰਦਾ ਹਾਂ । ਖਾਲਸਾ ਜੀ , ਪਿਛਲੇ ਸਮੇਂ ਦੌਰਾਨ ਮਾਰਚ 2012 ਨੂੰ ਖਾਲਸਾ ਪੰਥ ਵੱਲੋਂ ਅਤੇ ਇਸ ਧਰਤੀ ਤੇ ਵਸਦੇ ਲੋਕਾਂ ਵੱਲੋਂ ਕੌਮੀ ਮਾਨ-ਸਨਮਾਨ ਦੇ ਅਤੇ ਸੱਚ ਦੇ ਸ਼ੰਘਰਸ਼ ਦੇ ਹੱਕ ਵਿਚ ਆਪਣੇ ‐ਆਪਣੇ ਘਰਾਂ ਉਪਰ ਕੇਸਰੀ ਝੰਡੇ ਲਹਿਰਾ ਕੇ ਜੋ ਸਮਰਥਨ ਦਿੱਤਾ ਗਿਆ ਸੀ ਉਸ ਨੂੰ ਦੇਖ ਕੇ ਮੇਰੇ ਮਨ ਵਿਚ ਅਕਸਰ ਇਹ ਖਿਆਲ ਆਉਂਦਾ ਸੀ ਕਿ ਜੇਕਰ ਇੰਨੇ ਲੋਕ ਆਪਣੇ ਕੌਮੀ ਹੱਕਾਂ ਅਤੇ ਕੌਮੀ ਫਰਜਾਂ ਪ੍ਰਤੀ ਸੁਚੇਤ ਹਨ , ਸੱਚ ਦੇ ਹੱਕ ਵਿਚ ਸਮੇਂ ਦੇ ਹੁਕਮਰਾਨਾਂ ਦੇ ਖਿਲਾਫ਼ ਖੜਨ ਦੀ ਹਿੰਮਤ ਰੱਖਦੇ ਹਨ , ਜੇਕਰ ਧਾਰਮਿਕ ਪਹਿਰਾਵੇ ਵਿਚ ਵਿਚਰਦੇ ਲੋਕ ਆਪਣੇ ਡੇਰਿਆਂ ਦੇ ਬਾਹਰ ਮੇਰੀਆਂ ਫੋਟੋਆਂ ਅਤੇ ਸੰਦੇਸ਼ਾਂ ਦੇ ਵੱਡੇ ਵੱਡੇ ਹੋਲਡਰ ਲਗਾ ਕੇ ਅਤੇ ਲੋਕਾਂ ਨੂੰ ਮੇਰੀਆਂ ਕਹਾਣੀਆਂ ਸੁਣਾ ਕੇ ਮਾਣ ਮਹਿਸੂਸ ਕਰਦੇ ਹਨ ਤਾਂ ਫਿਰ ਕੌਮੀ ਹੱਕ ਅਤੇ ਕੌਮੀ ਇਨਸਾਫ਼ ਕਿਉਂ ਪ੍ਰਾਪਤ ਨਹੀਂ ਕੀਤਾ ਜਾ ਸਕਦਾ ?ਆਪਣੇ ਕੌਮੀ ਫ਼ਰਜ ਅਦਾ ਕਰਨ ਲਈ ਇਹ ਸੋਚਕੇ ਮੈਂ ਚੋਣ ਲੜਨ ਦਾ ਐਲਾਨ ਕੀਤਾ ਕਿ ਇਹ ਲੋਕ ਸੱਚ ਦੇ ਰਾਜ ਦੀ ਪ੍ਰਾਪਤੀ ਲਈ ਇੰਨਾਂ ਚੋਣਾਂ ਵਿਚ ਮੇਰਾ ਸਹਿਯੋਗ ਕਰਕੇ ਮਾਣ ਮਹਿਸੂਸ ਕਰਨਗੇ ।ਇਸ ਸਬੰਧ ਵਿਚ ਮੇਰੀ ਭੈਣ ਬੀਬੀ ਕਮਲਦੀਪ ਕੌਰ ਰਾਜੋਆਣਾਂ ਵੱਲੋਂ ਔਖੇ ਹਾਲਾਤਾਂ ਵਿਚ ਲਗਾਤਾਰ 6 ਮਹੀਨੇ ਦਿਨ ਰਾਤ ਇੱਕ ਕਰਕੇ ਸ਼ੰਘਰਸ ਕੀਤਾ ਗਿਆ । 


ਪਟਿਆਲਾ ਹਲਕੇ ਦੇ 1000 ਪਿੰਡਾਂ ਵਿਚ ਮੇਰੀ ਭੈਣ ਖੁਦ ਚੱਲ ਕੇ ਸੱਚ ਦਾ ਪੈਗਾਮ ਲੈ ਕੇ ਗਈ , ਹਰ ਪਿੰਡ , ਹਰ ਗਲੀ ਅਤੇ ਘਰ -2 ਤੱਕ ਸੱਚ ਦਾ ਪੈਗਾਮ ਪਹੁੰਚਾਇਆ ਗਿਆ ਤਾਂ ਕਿ ਕੋਈ ਇਹ ਨਾ ਕਹਿ ਸਕੇ ਕਿ ਸਾਨੂੰ ਪਤਾ ਹੀ ਨਹੀਂ ਲੱਗਿਆ ਕਿ ਤੁਸੀਂ ਚੋਣਾਂ ਲੜਨ ਦਾ ਐਲਾਨ ਕੀਤਾ ਸੀ । ਚੋਣ ਨਿਸ਼ਾਨ ਵੀ ਘਰ-2 ਤੱਕ ਪਹੁੰਚਾਇਆ ਗਿਆ । ਇਹ ਚੋਣਾਂ ਕਸੌਟੀ ਸਨ ਉਨ੍ਹਾਂ ਸਾਰੇ ਲੋਕਾਂ ਲਈ ਜਿਹੜੇ ਮੇਰੀਆਂ ਫੋਟੋਆਂ ਚੁੱਕ ਕੇ ਸੱਚ ਦੇ ਮਾਰਗ ਦੇ ਪਾਂਧੀ ਹੋਣ ਦਾ ਦਾਅਵਾ ਕਰਦੇ ਮੇਰੀ ਸੋਚ ਤੇ ਮਾਣ ਮਹਿਸੂਸ ਕਰਦੇ ਸਨ । ਖਾਲਸਾ ਜੀ , ਕੁਝ ਸਮਾਂ ਪਹਿਲਾਂ ਹੀ ਜਦੋਂ ਪੰਜਾਬ ਪੁਲਿਸ ਦੇ ਇੱਕ ਥਾਣੇਦਾਰ ਸੁਰਜੀਤ ਸਿੰਘ ਨੇ ਬੇਕਸੂਰ ਸਿੱਖ ਨੌਜਵਾਨਾਂ ਦੇ ਕੀਤੇ ਗਏ ਝੂਠੇ ਪੁਲਿਸ ਮੁਕਾਬਲਿਆਂ ਦਾ ਸੱਚ ਬਿਆਨ ਕੀਤਾ ਤਾਂ ਧਾਰਮਿਕ ਪਹਿਰਾਵੇ ਵਿਚ ਵਿਚਰਦੇ ਕੁਝ ਲੋਕਾਂ ਵੱਲੋਂ ਅਖ਼ਬਾਰਾਂ ਵਿਚ ਇਹ ਬਿਆਨ ਦਿੱਤੇ ਗਏ ਕਿ ਜੇਕਰ ਮੌਜੂਦਾ ਸਰਕਾਰ ਨੇ ਨਿਰਦੋਸ਼ ਸਿੱਖ ਨੌਜਵਾਨਾਂ ਦੇ ਕੀਤੇ ਗਏ ਝੂਠੇ ਪੁਲਿਸ ਮੁਕਾਬਲਿਆਂ ਦੀ ਜਾਂਚ ਨਾ ਕਰਵਾਈ ਤਾਂ ਅਸੀਂ ਇਸ ਸਰਕਾਰ ਦੇ ਖਿਲਾਫ਼ ਸ਼ੰਘਰਸ ਕਰਦੇ -2 ਕਿਸੇ ਵੀ ਹੱਦ ਤੱਕ ਜਾ ਸਕਦੇ ਹਾਂ । ਇੰਨਾਂ ਲੋਕਾਂ ਦੇ ਇਹ ਵਿਚਾਰ ਪੜ੍ਹਕੇ ਮੇਰੇ ਮਨ ਵਿਚ ਉਸ ਸਮੇਂ ਵੀ ਇਹ ਖਿਆਲ ਆਇਆ ਸੀ ਕਿ ਕੀ ਇੰਨਾਂ ਧਾਰਮਿਕ ਪਹਿਰਾਵੇ ਵਿਚ ਵਿਚਰਦੇ ਲੋਕਾਂ ਦੇ ਮਨ ਵਿਚ ਸੱਚਮੁੱਚ ਹੀ ਇੰਨਾਂ ਝੂਠੇ ਪੁਲਿਸ ਮੁਕਾਬਲਿਆਂ ਵਿਚ ਮਾਰੇ ਗਏ ਸਿੱਖ ਨੌਜਵਾਨਾਂ ਪ੍ਰਤੀ ਦਰਦ ਜਾਗ ਗਿਆ ਹੈ ? ਕੀ ਇਹ ਲੋਕ ਸੱਚਮੁੱਚ ਹੀ ਅਜਿਹਾ ਸ਼ੰਘਰਸ਼ ਕਰਕੇ ਆਪਣੇ ਕੌਮੀ ਫ਼ਰਜ ਅਦਾ ਕਰਨੇ ਚਾਹੁੰਦੇ ਹਨ ਜਾਂ ਫਿਰ ਇਹ ਲੋਕ ਸਰਕਾਰ ਤੇ ਦਬਾਅ ਬਣਾ ਕੇ ਆਪਣੇ ਕੋਈ ਨਿੱਜੀ ਮਨੋਰਥ ਹੱਲ ਕਰਵਾਉਣਾ ਚਾਹੁੰਦੇ ਹਨ । 

ਇੰਨਾਂ ਚੋਣਾਂ ਦੌਰਾਨ ਇੰਨਾਂ ਲੋਕਾਂ ਦੇ ਉਸ ਦਰਦ ਦਾ ਅਤੇ ਮੌਜੂਦਾ ਹੁਕਮਰਾਨਾਂ ਖਿਲਾਫ਼ ਸ਼ੰਘਰਸ਼ ਕਰਦੇ-2 ਕਿਸੇ ਵੀ ਹੱਦ ਤੱਕ ਜਾਣ ਦਾ ਜੋ ਸੱਚ ਸਾਹਮਣੇ ਆਇਆ ਉਹ ਹੈਰਾਨ ਕਰਨ ਵਾਲਾ ਹੈ ।ਇਹ ਲੋਕ ਇਨ੍ਹਾਂ ਹੁਕਮਰਾਨਾਂ ਦੇ ਖਿਲਾਫ਼ ਸ਼ੰਘਰਸ਼ ਕਰਦੇ -2 ਉਨ੍ਹਾਂ ਹੁਕਮਰਾਨਾਂ ਦੀ ਗੋਦੀ ਵਿਚ ਹੀ ਜਾ ਕੇ ਬੈਠ ਜਾਣਗੇ ਇਹ ਮੈਂ ਕਦੇ ਸੋਚਿਆ ਨਹੀਂ ਸੀ ।ਇੰਨਾਂ ਲੋਕਾਂ ਵੱਲੋਂ ਲਏ ਫੈਸਲਿਆਂ ਤੋਂ ਮੈਨੂੰ ਇਹੀ ਮਹਿਸੂਸ ਹੋਇਆ ਜਿਵੇਂ ਇਹ ਲੋਕ ਮੈਨੂੰ ਕਹਿ ਰਹੇ ਹੋਣ ਕਿ ਅਸੀਂ ਤੇਰੀਆਂ ਫੋਟੋਆਂ ਲਾ ਸਕਦੇ ਹਾਂ , ਤੇਰੀਆਂ ਕਹਾਣੀਆਂ ਲੋਕਾਂ ਨੂੰ ਸੁਣਾ ਸਕਦੇ ਹਾਂ ਇਸ ਨਾਲ ਸਾਨੂੰ ਫਾਇਦਾ ਹੁੰਦਾ ਹੈ ਸਾਡੀ ਗੋਲਕ ਦਾ ਭਾਰ ਵੱਧਦਾ ਹੈ , ਹਾਂ ਜੇਕਰ ਤੂੰ ਮਰ ਜਾਂਦਾ ਤਾਂ ਫਿਰ ਦੇਖਦਾ ਅਸੀਂ ਤੈਨੂੰ ਕੀ ਤੋਂ ਕੀ ਬਣਾ ਕੇ ਪੇਸ ਕਰਦੇ , ਤੂੰ ਤਾਂ ਜਿਉਂਦਾ ਬਚ ਕੇ ਸਾਡੇ ਸਾਹਮਣੇ ਖੜਾ ਸੱਚ ਦੇ ਰਾਜ ਦੀ ਪ੍ਰਾਪਤੀ ਲਈ ਸਾਡੇ ਤੋਂ ਸਹਿਯੋਗ ਦੀ ਮੰਗ ਕਰ ਰਿਹਾ ਹੈ . ਜਾਹ ਅਸੀਂ ਤੇਰਾ ਸਾਥ ਨਹੀਂ ਦੇ ਸਕਦੇ ਕਿਉਂਕਿ ਜੇਕਰ ਅਸੀਂ ਅਜਿਹਾ ਕੀਤਾ ਤਾਂ ਸਾਨੂੰ ਸਮੇਂ ਦੇ ਹੁਕਮਰਾਨਾਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਵੇਗਾ , ਸਾਡੀ ਗੋਲਕ ਖ਼ਤਮ ਹੋ ਸਕਦੀ ਹੈ , ਸਾਡੇ ਵਿਦੇਸ਼ਾਂ ਦੇ ਵੀਜੇ ਕੌਣ ਲਗਵਾ ਕੇ ਦੇਵੇਗਾ , ਸਾਡਾ ਦੇਸ਼ ਵਿਦੇਸ਼ ਵਿਚ ਫੈਲਿਆ ਹੋਇਆ ਕਾਰੋਬਾਰ ਕਿਵੇਂ ਚੱਲੇਗਾ , ਉਸ ਦੀ ਸਾਂਭ ਸੰਭਾਲ ਕੌਣ ਕਰੇਗਾ , ਜਾਹ ਅਸੀਂ ਸੱਚ ਦੇ ਮਾਰਗ ਦੇ ਪਾਂਧੀ ਨਹੀਂ ਹਾਂ , ਨਾ ਹੀ ਸਾਡੇ ਜੀਵਨ ਦਾ ਮਨੋਰਥ ਸੱਚ ਦੇ ਰਾਜ ਦੀ ਪ੍ਰਾਪਤੀ ਹੈ । ਸਾਡਾ ਸੱਚ ਨਾਲ ਕੋਈ ਵਾਸਤਾ ਨਹੀਂ ਹੈ । ਖਾਲਸਾ ਜੀ , ਇਹ ਕਿਹੋ ਜਿਹੇ ਧਾਰਮਿਕ ਲੋਕ ਹਨ ਜਿਹੜੇ ਲੋਕਾਂ ਨੂੰ ਕਹਾਣੀਆਂ ਸਾਡੇ ਮਹਾਨ ਸ਼ਹੀਦਾਂ ਦੀਆਂ ਸੁਣਾਉਂਦੇ ਹਨ ਪਰ ਸਾਥ ਉਨ੍ਹਾਂ ਜ਼ਾਲਮਾਂ ਦਾ ਦੇਣ ਲਈ ਕਹਿੰਦੇ ਹਨ ਜਿੰਨ੍ਹਾਂ ਦੇ ਖਿਲਾਫ਼ ਜੂਝਦੇ ਹੋਏ ਸਾਡੇ ਸ਼ਹੀਦਾਂ ਨੇ ਆਪਣੀਆਂ ਸ਼ਹਾਦਤਾਂ ਦਿੱਤੀਆਂ ਹਨ । ਇਹ ਲੋਕ ਜਾਣਦੇ ਸਨ ਕਿ ਜੇਕਰ ਮੇਰੀ ਭੈਣ ਇੰਨਾਂ ਚੋਣਾਂ ਵਿਚ ਜਿੱਤ ਗਈ ਉਹ ਪਾਰਲੀਮੈਂਟ ਵਿਚ ਜਾ ਕੇ ਉਹ ਇਤਿਹਾਸ ਸਿਰਜ ਦੇਵੇਗੀ , ਉਹ ਫ਼ਰਜ ਅਦਾ ਕਰ ਦੇਵੇਗੀ ਜਿਹੜੇ ਫ਼ਰਜ ਅਦਾ ਕਰਨ ਤੋਂ ਸਾਡੇ ਕੌਮੀ ਨੇਤਾ ਹੁਣ ਤੱਕ ਮੁਨਕਰ ਰਹੇ ਹਨ।ਇੰਨਾਂ ਚੋਣਾਂ ਵਿਚ ਆਪਣੇ ਆਪ ਨੂੰ ਖ਼ਾਲਿਸਤਾਨੀ ਕਹਾਉਣ ਵਾਲੇ ਆਖੌਤੀ ਸ਼ੰਘਰਸ਼ੀ ਲੋਕ ਵੀ ਮੇਰੇ ਸਾਹਮਣੇ ਖੜੇ ਮੇਰੇ ਨਾਲ ਮੁਕਾਬਲਾ ਕਰਦੇ ਨਜ਼ਰ ਆਏ ।

ਖਾਲਸਾ ਜੀ , ਹੁਣ ਫਿਰ ਇਹ ਧਾਰਮਿਕ ਅਤੇ ਸ਼ੰਘਰਸ਼ੀ ਮਾਖੌਟੇ ਵਿਚ ਵਿਚਰਦੇ ਲੋਕ ਸ਼ਹੀਦਾਂ ਦੀਆ ਬਰਸੀਆਂ ਮਨਾ ਕੇ ਸ਼ਹੀਦਾਂ ਦੇ ਵਾਰਿਸ ਹੋਣ ਦਾ ਢੋਂਗ ਕਰਨਗੇ । ਲੱਖਾਂ ਲੋਕ ਇੰਨਾਂ ਦੇ ਸ਼ਹੀਦੀ ਸਮਾਗਮਾਂ ਵਿਚ ਸ਼ਹੀਦਾਂ ਨੂੰ ਅਤੇ ਸ਼ਹੀਦਾਂ ਦੀ ਸੋਚ ਨੂੰ ਸਿਜਦਾ ਕਰਨ ਲਈ ਆਉਣਗੇ ।ਖਾਲਸਾ ਜੀ , ਇਥੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇਕਰ ਇਹ ਧਾਰਮਿਕ ਪਹਿਰਾਵੇ ਵਿਚ ਵਿਚਰਦੇ ਅਤੇ ਸ਼ਹੀਦੀ ਸਮਾਗਮਾਂ ਵਿਚ ਪਹੁੰਚਦੇ ਲੱਖਾਂ ਲੋਕ ਸ਼ਹੀਦਾਂ ਤੇ ਅਤੇ ਸ਼ਹੀਦਾਂ ਦੀ ਸੋਚ ਤੇ ਮਾਣ ਕਰਦੇ ਹਨ ਤਾਂ ਫਿਰ ਚੋਣਾਂ ਦੌਰਾਨ ਇਹ ਲੋਕ ਵੋਟਾਂ ਕਿਸ ਪਾਰਟੀ ਨੂੰ ਪਾਉਂਦੇ ਹਨ ਕਿਉਂਕਿ ਇਸ ਧਰਤੀ ਤੋਂ ਤਾਂ ਸਾਡੇ ਧਰਮ ਤੇ ਹਮਲਾ ਕਰਨ ਵਾਲੇ ਅਤੇ ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਕਾਤਲਾਂ ਦੇ ਨੁਮਾਇੰਦੇ ਜਿੱਤਦੇ ਅਤੇ ਜਿੱਤ ਰਹੇ ਹਨ ਜਾਂ ਫਿਰ ਸ਼ਹੀਦਾਂ ਦੀ ਸੋਚ ਨਾਲ ਘ੍ਰਿਣਾ ਕਰਨ ਵਾਲੇ ਨਸ਼ਿਆਂ ਦੇ ਸੌਦਾਗਰ ਜਿੱਤਦੇ ਰਹੇ ਹਨ । ਕੀ ਜਿਹੜੇ ਨੁਮਾਇੰਦਿਆਂ ਨੂੰ ਇਹ ਲੋਕ ਵੋਟਾਂ ਪਾਉਂਦੇ ਹਨ ਉਨ੍ਹਾਂ ਨੇ ਕਦੇ ਸ਼ਹੀਦਾਂ ਦੇ ਸੁਪਨੇ ਸਾਕਾਰ ਕਰਨ ਦੀ ਕੋਈ ਕੋਸ਼ਿਸ ਕੀਤੀ ਹੈ ? ਕੀ ਉਨ੍ਹਾਂ ਨੇ ਕਦੇ ਸ਼ਹੀਦਾਂ ਤੇ ਅਤੇ ਸ਼ਹੀਦਾਂ ਦੀ ਸੋਚ ਤੇ ਮਾਣ ਕੀਤਾ ਹੈ ? ਕੀ ਇੰਨ੍ਹਾਂ ਦੇ ਨੁਮਾਇੰਦਿਆਂ ਨੇ ਇਸ ਧਰਤੀ ਤੇ ਦਿੱਲੀ ਦੇ ਕਾਂਗਰਸੀ ਹੁਕਮਰਾਨਾਂ ਵੱਲੋਂ ਕੀਤੇ ਜ਼ੁਲਮ ਦੀ ਦਾਸਤਾਨ ਨੂੰ ਪਾਰਲੀਮੈਂਟ ਵਿਚ ਉਠਾ ਕੇ ਪੂਰੀ ਦੁਨੀਆਂ ਨੂੰ ਦੱਸਣ ਦੀ ਕੋਈ ਕੋਸ਼ਿਸ ਕੀਤੀ ਹੈ ।ਜੇਕਰ ਜਵਾਬ ਨਹੀਂ ਹੈ ਤਾਂ ਫਿਰ ਕੀ ਇਹ ਸੋਚਿਆ ਜਾਵੇ ਕਿ ਸ਼ਹੀਦੀ ਸਮਾਗਮਾਂ ਦਾ ਆਯੋਜਨ ਕਰਨ ਵਾਲੇ ਅਤੇ ਸ਼ਹੀਦੀ ਸਮਾਗਮਾਂ ਵਿਚ ਪਹੁੰਚਣ ਵਾਲੇ ਲੱਖਾਂ ਲੋਕ ਸ਼ਹੀਦਾਂ ਨੂੰ ਅਤੇ ਸ਼ਹੀਦਾਂ ਦੀ ਸੋਚ ਨੂੰ ਸਿਜਦਾ ਕਰਨ ਨਹੀਂ ਸਗੋਂ ਸ਼ਹੀਦੀ ਸਮਾਗਮਾਂ ਤੇ ਬਣੇ ਤਰ੍ਹਾਂ ਤਰ੍ਹਾਂ ਦੇ ਪਕਵਾਨਾਂ ਨੂੰ ਅਤੇ ਜਲੇਬੀਆਂ ਨੂੰ ਸਿਜਦਾ ਕਰਨ ਆਉਂਦੇ ਹਨ ਅਤੇ ਆਪਣੇ ਢਿੱਡ ਤੇ ਹੱਥ ਫੇਰ ਕੇ ਦੁਸ਼ਮਣ ਤਾਕਤਾਂ ਦੇ ਹੱਕ ਵਿਚ ਭੁਗਤਣ ਲਈ ਫਿਰ ਇਥੋਂ ਚਲੇ ਜਾਂਦੇ ਹਨ । ਜੇਕਰ ਅਸੀਂ ਇੰਨਾਂ ਸ਼ਹੀਦੀ ਸਮਾਗਮਾਂ ਤੇ ਕਹਾਣੀਆ ਗੁਰੁ ਸਾਹਿਬਾਨ ਦੀਆਂ ਸ਼ਹਾਦਤਾਂ ਦੀਆਂ , ਸਾਹਿਬਜਾਦਿਆਂ ਦੀ ਸ਼ਹਾਦਤਾਂ ਦੀਆਂ , ਸਾਡੇ ਮਹਾਨ ਸ਼ਹੀਦਾਂ ਦੀਆਂ ਸ਼ਹਾਦਤਾਂ ਦੀਆਂ ਸੁਣਾਉਂਦੇ ਅਤੇ ਸੁਣਦੇ ਹਾਂ ਪਰ ਸਾਥ ਅਸੀਂ ਅਬਦਾਲੀ ਦੇ , ਸੂਬਾ ਸਰਹਿੰਦ ਦੇ ਵਾਰਿਸਾਂ ਦਾ ਦਿੰਦੇ ਹਾ ਤਾਂ ਇੰਨਾਂ ਸ਼ਹੀਦੀ ਸਮਾਗਮਾਂ ਦਾ , ਇਥੇ ਕੀਤੇ ਧਰਮ ਪ੍ਰਚਾਰ ਦਾ , ਕੀਤੇ ਅੰਮ੍ਰਿਤ ਪ੍ਰਚਾਰ ਦਾ ਕੀ ਅਰਥ ਰਹਿ ਜਾਂਦਾ ਹੈ । 


ਧਾਰਮਿਕ ਪਹਿਰਾਵੇ ਵਿਚ ਵਿਚਰਦੇ ਇਹ ਲੋਕ ਸ਼ਹੀਦੀ ਸਮਾਗਮ ਕਰਦੇ , ਧਰਮ ਪ੍ਰਚਾਰ ਕਰਦੇ , ਅੰਮ੍ਰਿਤ ਸੰਚਾਰ ਕਰਦੇ ਪਰ ਧਰਮ ਤੇ ਹਮਲਾ ਕਰਨ ਵਾਲੀਆਂ ਤਾਕਤਾਂ ਦੇ ਨੁਮਾਇੰਦਿਆਂ ਦਾ ਸਾਥ ਦਿੰਦੇ ਇਹ ਲੋਕ ਜਦੋਂ ਧਾਰਮਿਕ ਪਹਿਰਾਵੇ ਵਿਚ ਸਜ- ਧਜ ਕੇ ਸ਼ੀਸ਼ੇ ਅੱਗੇ ਖੜਦੇ ਹੋਣਗੇ ਤਾਂ ਆਪਣੇ ਆਪ ਨੂੰ ਦੇਖ ਕੇ ਕੀ ਮਹਿਸੂਸ ਕਰਦੇ ਹੋਣਗੇ , ਇਹ ਤਾਂ ਸਿਰਫ ਉਹੀ ਜਾਣਦੇ ਹਨ ।
ਖਾਲਸਾ ਜੀ , ਇੰਨਾਂ ਚੋਣਾਂ ਵਿਚ ਲੋਕਾਂ ਨੇ ਉਨ੍ਹਾਂ ਹੁਕਮਰਾਨਾਂ ਨੂੰ ਵੋਟਾਂ ਪਾਈਆਂ ਜਿਹੜੇ ਸਾਨੂੰ ਹਰ ਮੋੜ , ਹਰ ਗਲੀ ਵਿਚ ਲੁੱਟ ਰਹੇ ਹਨ ,ਜਿਹੜੇ ਸਾਡੇ ਘਰਾਂ ਦੇ ਵਿਹੜਿਆਂ ਤੱਕ ਨਸ਼ੇ ਪਹੁੰਚਾਉਣ ਲਈ ਖੁਦ ਜਿੰਮੇਵਾਰ ਹਨ । ਜਿੰਨਾ ਨੇ ਇੰਨਾਂ ਚੋਣਾਂ ਵਿਚ ਘਰ ‐ਘਰ ਭੁੱਕੀ ਅਤੇ ਸਰਾਬ ਵਰਗੇ ਨਸ਼ੇ ਪਹੁੰਚਾ ਕੇ ਸਾਡੀ ਤਬਾਹੀ ਦੇ ਬੀਜ ਬੀਜੇ ਹੋਣ । ਲੋਕਾਂ ਨੇ ਵੋਟਾਂ ਉਨ੍ਹਾਂ ਹੁਕਮਰਾਨਾਂ ਨੂੰ ਪਾਈਆਂ ਜਿੰਨ੍ਹਾਂ ਨੇ ਸਾਡੇ ਧਰਮ ਤੇ ਹਮਲਾ ਕੀਤਾ , ਜਿੰਨਾਂ ਨੇ ਸਾਡਾ “ਸ੍ਰੀ ਅਕਾਲ ਤਖ਼ਤ ਸਾਹਿਬ” ਢਾਹਿਆ , ਜਿੰਨਾਂ ਨੇ ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਕਤਲੇਆਮ ਕੀਤਾ , ਜਿੰਨਾਂ ਨੇ ਸਾਡੀਆਂ ਧੀਆਂ ਭੈਣਾਂ ਨਾਲ ਬਲਾਤਕਾਰ ਕਰਕੇ ਉਨ੍ਹਾਂ ਨੂੰ ਕੋਹ ਕੋਹ ਕੇ ਮਾਰਿਆ , ਜਿੰਨ੍ਹਾਂ ਨੇ ਪੰਜਾਬ ਦੀ ਧਰਤੀ ਨੂੰ ਹਜ਼ਾਰਾਂ ਨਿਰਦੋਸ਼ ਸਿੱਖ ਨੌਜਵਾਨਾਂ ਦੇ ਖੁਨ ਨਾਲ ਰੰਗਿਆ ,ਜਿੰਨ੍ਹਾਂ ਨੇ ਨਿਰਦੋਸ਼ ਸਿੱਖਾਂ ਦਾ ਕਤਲੇਆਮ ਕਰਨ ਵਾਲੇ ਲੋਕਾਂ ਨੂੰ ਉੱਚ ਅਹੁਦਿਆਂ ਨਾਲ ਨਿਵਾਜਿਆ । 


ਇੰਨਾਂ ਚੋਣਾਂ ਵਿਚ ਲੋਕਾਂ ਨੇ ਵੋਟਾਂ ਹਰਿਆਣੇ ਅਤੇ ਦਿੱਲੀ ਦੇ ਕੇਜਰੀਵਾਲ ਨੂੰ ਪਾਈਆਂ ਜਿਸ ਵਾਰੇ ਅਜੇ ਇਹ ਨਹੀਂ ਪਤਾ ਕਿ ਇਹ ਵਿਅਕਤੀ ਹੈ ਕੌਣ ? ਇਸ ਦੇ ਪਿੱਛੇ ਕਿਹੜੀ ਤਾਕਤ ਕੰਮ ਕਰ ਰਹੀ ਹੈ । ਇੱਥੇ ਵਸਦੇ ਲੋਕਾਂ ਨੂੰ ਇਸਦੀ ਕੁਰਬਾਨੀ ਇਹ ਦੱਸੀ ਗਈ ਕਿ ਇਸ ਕੇਜਰੀਵਾਲ ਨੇ ਪਹਿਲਾਂ ਹਜ਼ਾਰਾਂ ਨਿਰਦੋਸ਼ ਸਿੱਖਾਂ ਦੀ ਕਾਤਲ ਕਾਂਗਰਸ ਪਾਰਟੀ ਦੇ ਸਹਿਯੋਗ ਨਾਲ ਸਰਕਾਰ ਬਣਾਈ ਫਿਰ ਉਸੇ ਕਾਂਗਰਸ ਪਾਰਟੀ ਦੇ ਖਿਲਾਫ਼ ਨਵੰਬਰ 1984 ਦੇ ਕਤਲੇਆਮ ਵਾਰੇ SIT ਬਣਾਉਣ ਦੀ ਸਿਫ਼ਾਰਸ਼ ਕਰਨ ਦੀ ਨੋਟੰਕੀ ਕੀਤੀ । ਇਸ ਧਰਤੀ ਤੇ ਵਸਦੇ ਲੋਕਾਂ ਦੇ ਹੱਥਾਂ ਵਿਚ ਫੜਿਆ ਦਿੱਲੀ ਦੇ ਕੇਜਰੀਵਾਲ ਦਾ ਝਾੜੂ ਦੇਖ ਕੇ ਇਹ ਮਹਿਸੂਸ ਹੋਇਆ ਕਿ ਜਿਵੇਂ ਇਹ ਲੋਕ ਦਿੱਲੀ ਦੇ ਕੋਈ ਸਫ਼ਾਈ ਕਰਮਚਾਰੀ ਹੋਣ ਅਤੇ ਦਿੱਲੀ ਆਪਣੇ ਵੱਲੋਂ ਇਸ ਧਰਤੀ ਤੇ ਕੀਤੇ ਜ਼ੁਲਮ ਦੀ ਦਾਸਤਾਨ ਦੀ ਕਹਾਣੀ ਨੂੰ ਇੰਨਾਂ ਲੋਕਾਂ ਦੇ ਹੱਥੋਂ ਹੀ ਸਾਫ਼ ਕਰਵਾਉਣਾ ਚਾਹੁੰਦੀ ਹੋਵੇ । ਇਸ ਝਾੜੂ ਦੇ ਆਲੇ ‐ਦੁਆਲੇ ਸਿੱਖੀ ਮਾਖੌਟੇ ਵਿਚ ਵਿਚਰਦੇ ਦਿੱਲੀ ਦੇ ਕਰਿੰਦੇ ਇਸ ਝਾੜੂ ਦਾ ਅਸਲ ਮਨੋਰਥ ਬਿਆਨ ਕਰ ਰਹੇ ਹਨ । ਕਿਸੇ ਅਖ਼ਬਾਰ ਵਿਚ ਇੱਕ ਬਜੁਰਗ ਸਰਦਾਰ ਦੀ ਝਾੜੂ ਹੱਥ ਵਿਚ ਫੜ੍ਹ ਕੇ ਨੱਚਦੇ ਦੀ ਫੋਟੋ ਦੇਖ ਕੇ ਇੰਝ ਲੱਗਦਾ ਸੀ ਕਿ ਜਿਵੇਂ ਇਹ ਫੋਟੋ ਸਾਡੀ ਕੌਮ ਦੀ ਅਸਲ ਸੱਚ ਨੂੰ ਅਤੇ ਇਸ ਦੇਸ਼ ਵਿਚ ਸਾਡੀ ਅਸਲ ਹੈਸੀਅਤ ਨੂੰ ਬਿਆਨ ਕਰ ਰਹੀ ਹੋਵੇ ਕਿ ਕਿਵੇਂ ਸਾਨੂੰ ਇੰਨੇ ਜ਼ੁਲਮ ਸਹਿਣ ਤੋਂ ਬਾਅਦ ਵੀ ਦਿੱਲੀ ਦੀ ਗੁਲਾਮੀ ਵਿਚ ਹੀ ਅਨੰਦ ਮਹਿਸੂਸ ਹੋ ਰਿਹਾ ਹੈ । ਖਾਲਸਾ ਜੀ , ਇਹ ਗੁਰੂਆਂ ਪੀਰਾਂ ਦੀ ਧਰਤੀ , ਯੋਧੇ ਮਹਾਬਲੀਆਂ ਦੀ ਧਰਤੀ , ਇਹ ਮਹਾਨ ਸ਼ਹੀਦਾਂ ਦੀ ਧਰਤੀ , ਜਿਥੇ ਧਾਰਮਿਕ ਪਹਿਰਾਵੇ ਵਿਚ ਆਪਣੇ ਆਪ ਨੂੰ ਸੰਤ ਕਹਾਉਣ ਵਾਲੇ ਹਜ਼ਾਰਾਂ ਲੋਕ ਵਿਚਰਦੇ ਹੋਣ , ਜਿੱਥੇ ਹਰ ਰੋਜ਼ ਸ਼ਹੀਦੀ ਸਮਾਗਮਾ , ਵੱਡੇ ‐ਵੱਡੇ ਧਾਰਮਿਕ ਸਮਾਗਮ ਅਖ਼ਬਾਰਾਂ ਦੀਆਂ ਵੱਡੀਆਂ ‐ ਸੁਰਖੀਆਂ ਬਣਦੇ ਹੋਣ । 

ਜਿੱਥੇ ਹਰ ਰੋਜ਼ ਮਹਾਨ ਸ਼ਹੀਦਾਂ ਦੀਆਂ ਸ਼ਹਾਦਤਾਂ ਦੀਆਂ ਦਾਸਤਾਨਾਂ ਸੁਣਾਈਆ ਅਤੇ ਸੁਣੀਆਂ ਜਾਂਦੀਆਂ ਹੋਣ, ਜਿਥੇ ਵੱਸਦੇ ਲੋਕਾਂ ਦੇ ਹੱਥਾਂ ਵਿਚ ਗੁਰੁ ਸਾਹਿਬਾਨ ਨੇ ਜ਼ੁਲਮ ਦੇ ਖਿਲਾਫ਼ ਲੜਨ ਲਈ , ਇਸ ਧਰਤੀ ਤੇ ਫੈਲੇ ਅੰਧਕਾਰ ਨੂੰ ਦੂਰ ਕਰਨ ਲਈ ਖੰਡਾ ਫੜਾਇਆ ਸੀ ਉਨ੍ਹਾਂ ਹੱਥਾਂ ਵਿਚ ਦਿੱਲੀ ਦੇ ਕੇਜਰੀਵਾਲ ਦਾ ਝਾੜੂ ਫੜਿਆ ਦੇਖ ਕੇ ਇਸ ਗੱਲ ਦੀ ਸਮਝ ਆ ਜਾਂਦੀ ਹੈ ਕਿ ਇਸ ਦੇਸ਼ ਵਿਚ ਕਿਉਂ ਸਾਨੂੰ ਸਾਡੇ ਹੱਕ ਨਹੀਂ ਦਿੱਤੇ ਗਏ , ਕਿਉਂ ਸਾਡੇ ਧਰਮ ਤੇ ਹਮਲਾ ਹੋਇਆ , ਕਿਉਂ ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਕਾਤਲਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ । ਕਿਉਂ ਅਸੀਂ ਇਨਸਾਫ਼ ਨਹੀਂ ਲੈ ਸਕੇ , ਕਿਉਂ ਇੰਨੇ ਜ਼ੁਲਮ ਕਰਨ ਤੋਂ ਬਾਅਦ ਵੀ ਦਿੱਲੀ ਦੀ ਕਾਂਗਰਸ ਦੇ ਨੁਮਾਇੰਦੇ ਇਸ ਧਰਤੀ ਤੇ ਜਿੱਤ ਕੇ ਸਾਡੇ ਤੇ ਰਾਜ ਕਰਦੇ ਰਹੇ ਹਨ , ਕਿਉਂ ਇੰਨੇ ਜ਼ੁਲਮ ਸਹਿਣ ਤੋਂ ਬਾਅਦ ਵੀ ਅਸੀਂ ਦੋਸ਼ੀ ਹੀ ਹਾਂ ਅਤੇ ਦਿੱਲੀ ਇੰਨੇ ਜ਼ੁਲਮ ਕਰਨ ਤੋਂ ਬਾਅਦ ਵੀ ਦੇਸ਼ ਭਗਤੀ ਦਾ ਮਾਖੌਟਾ ਪਾਉਣ ਵਿਚ ਕਾਮਯਾਬ ਰਹੀ । 

ਖਾਲਸਾ ਜੀ , ਜੇਕਰ ਇਸ ਧਰਤੀ ਤੇ ਵਸਦੇ ਲੋਕ ਹੁਣ ਇਹ ਮਹਿਸੂਸ ਕਰਦੇ ਹਨ ਕਿ ਹੁਣ ਸਾਨੂੰ ਸਾਡੇ ਕੌਮੀ ਹੱਕ ਅਤੇ ਕੌਮੀ ਇਨਸਾਫ਼ ਦਿੱਲੀ ਦਾ ਕੇਜਰੀਵਾਲ ਲੈ ਕੇ ਦੇਵੇਗਾ ਤਾਂ ਇਸ ਧਰਤੀ ਤੇ ਹਰ ਰੋਜ਼ ਹੁੰਦੇ ਵੱਡੇ- 2 ਧਾਰਮਿਕ ਸਮਾਗਮਾਂ ਦਾ ਅਤੇ ਇੰਨਾਂ ਸਮਾਗਮਾਂ ਵਿਚ ਹਾਜਰੀ ਭਰਦੇ ਲੱਖਾਂ ਲੋਕਾਂ ਦੇ ਇਕੱਠ ਦਾ ਕੀ ਅਰਥ ਰਹਿ ਜਾਂਦਾ ਹੈ । ਕੀ ਅਸੀਂ ਇਸ ਧਰਤੀ ਤੇ 100-200 ਬੰਦੇ ਵੀ ਅਜਿਹੇ ਪੈਦਾ ਨਹੀਂ ਕਰ ਸਕੇ ਜਿਹੜੇ ਆਪਣੇ ਗੁਰੂ ਨੂੰ , ਸੱਚ ਨੂੰ ਅਤੇ ਲੋਕ ਸੇਵਾ ਨੂੰ ਸਮਰਪਿਤ ਹੋ ਕੇ ਇਸ ਧਰਤੀ ਤੇ ਵੱਸਦੇ ਲੋਕਾਂ ਦੀ ਹੋਣੀ ਨੂੰ ਸਵਾਰ ਸਕਣ , ਲੋੜ ਪੈਣ ਤੇ ਆਪਣੀ ਕੁਰਬਾਨੀ ਵੀ ਦੇ ਸਕਣ , ਇਸ ਧਰਤੀ ਤੇ ਫੈਲੇ ਅੰਧਕਾਰ ਨੂੰ ਦੂਰ ਕਰਨ ਲਈ ਯਤਨਸ਼ੀਲ ਹੋ ਸਕਣ । ਜੇਕਰ ਅਜਿਹਾ ਨਹੀਂ ਹੈ ਤਾਂ ਫਿਰ ਇਨ੍ਹਾਂ ਧਾਰਮਿਕ ਸਮਾਗਮਾਂ ਦਾ , ਇੰਨਾਂ ਵਿਚ ਹਾਜਰੀ ਭਰਨ ਦਾ ਕੋਈ ਮਤਲਵ ਨਹੀਂ ਹੈ । 

ਖਾਲਸਾ ਜੀ , ਇੰਨਾਂ ਚੋਣਾਂ ਵਿਚ ਹਿੰਦੂ ਸਮਾਜ ਵੱਲੋਂ ਇਕ ਮਾਣਮੱਤਾ ਇਤਿਹਾਸ ਸਿਰਜਿਆ ਗਿਆ ਹੈ । ਜਿਸ ਨਰਿੰਦਰ ਮੋਦੀ ਨੂੰ ਦੇਸ਼ ਦੇ ਬਹੁਤੇ ਲੋਕ ਕਾਤਲ ਕਹਿੰਦੇ ਸਨ , ਅਮਰੀਕਾ ਵਰਗੇ ਦੇਸ਼ ਜਿਸਨੂੰ ਕਾਤਲ ਜਾਣ ਆਪਣੇ ਦੇਸ਼ ਦਾ ਵੀਜਾ ਦੇਣ ਤੋਂ ਇਨਕਾਰ ਕਰਦੇ ਸਨ , ਉਸੇ ਨਰਿੰਦਰ ਮੋਦੀ ਤੇ , ਉਸ ਵੱਲੋਂ ਕੀਤੇ ਕੰਮਾਂ ਤੇ ਹਿੰਦੂ ਸਮਾਜ ਨੇ ਮਾਣ ਕੀਤਾ , ਉਸ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਬਣਾ ਕੇ ਇੰਨਾਂ ਚੋਣਾਂ ਵਿਚ ਖੜਾ ਕੀਤਾ, ਅਯੁੱਧਿਆ ਵਿਚ ਰਾਮ ਮੰਦਰ ਬਣਾਉਣ ਦਾ ਪ੍ਰਣ ਕੀਤਾ । ਸਾਰੇ ਹਿੰਦੂ ਸੰਤਾਂ , ਮਹਾਪੁਰਸ਼ਾਂ ਨੇ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਉਣ ਲਈ ਦਿਨ ਰਾਤ ਮਿਹਨਤ ਕੀਤੀ । R S S ਵਰਗੀ ਕੱਟੜ ਜੱਥੇਬੰਦੀ ਨੇ ਦੇਸ਼ ਦੇ ਕੋਨੇ ਕੋਨੇ ਵਿਚ ਜਾ ਕੇ ਹਰ ਸ਼ਹਿਰ , ਹਰ ਪਿੰਡ , ਹਰ ਗਲੀ ਵਿਚ ਨਰਿੰਦਰ ਮੋਦੀ ਦੇ ਹੱਕ ਵਿਚ ਪ੍ਰਚਾਰ ਕੀਤਾ , ਬਾਬਾ ਰਾਮ ਦੇਵ ਵਰਗੇ ਯੋਗੀ ਆਪਣੇ ਆਸ਼ਰਮ ਇਸ ਕਸਮ ਨਾਲ , ਇਸ ਸੰਕਲਪ ਨਾਲ ਛੱਡ ਕੇ ਚਲੇ ਗਏ ਕਿ ਇਸ ਦੇਸ਼ ਨੂੰ ਕਾਂਗਰਸ ਮੁਕਤ ਦੇਸ਼ ਅਤੇ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਬਣਾ ਕੇ ਹੀ ਵਾਪਸ ਆਵਾਂਗਾ , ਜੇਕਰ ਮੈਂ ਅਜਿਹਾ ਨਾ ਕਰ ਸਕਿਆ ਤਾਂ ਫਿਰ ਮੈਂ ਆਪਣੇ ਆਸ਼ਰਮ ਵਿਚ ਕਦੇ ਵਾਪਸ ਨਹੀਂ ਆਵਾਂਗਾ । ਦੇਸ਼ ਦੇ ਹਰ ਸ਼ਹਿਰ ,ਹਰ ਗਲੀ ਵਿਚ ਜਾ ਕੇ ਮੋਦੀ ਦੇ ਹੱਕ ਵਿਚ ਲਗਾਤਾਰ 6 ਮਹੀਨੇ ਪ੍ਰਚਾਰ ਹੁੰਦਾ ਰਿਹਾ , ਹਿੰਦੂ ਧਨਾਢਾਂ ਨੇ ਆਪਣੇ ਖਜਾਨਿਆਂ ਦੇ ਮੂੰਹ ਖੋਲ ਦਿੱਤੇ ਤਾਂ ਕਿ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਇਆ ਜਾ ਸਕੇ । ਅਖੀਰ ਹਿੰਦੂ ਸੰਤਾਂ , ਮਹਾਪੁਰਸ਼ਾ ਅਤੇ ਯੋਗੀਆਂ ਵੱਲੋਂ ਕੀਤੀ ਮਿਹਨਤ ਸਫਲ ਹੋਈ , ਨਰਿੰਦਰ ਮੋਦੀ ਇੱਕਲਾ ਹੀ ਪੂਰਨ ਬਹੁਮਤ ਨਾਲ ਦੇਸ਼ ਦਾ ਪ੍ਰਧਾਨ ਮੰਤਰੀ ਬਣਨ ਵਿਚ ਕਾਮਯਾਬ ਹੋ ਕੇ ਇੱਕ ਇਤਿਹਾਸ ਸਿਰਜ ਗਿਆ । ਖਾਲਸਾ ਜੀ , ਕਿਸੇ ਵੀ ਧਰਮ ਦਾ ਅਸਲ ਪ੍ਰਚਾਰ ਉਸ ਧਰਮ ਦੇ ਲੋਕਾਂ ਵੱਲੋਂ ਕੀਤਾ ਹੋਇਆ ਕਰਮ ਹੀ ਹੁੰਦਾ ਹੈ । ਦੂਜੇ ਪਾਸੇ ਸਾਡੇ ਧਾਰਮਿਕ ਪਹਿਰਾਵੇ ਵਿਚ ਵਿਚਰਦੇ ਲੋਕ ਚੋਣਾਂ ਤੋਂ ਠੀਕ 10 ਦਿਨ ਪਹਿਲਾਂ ਤੱਕ ਇਹ ਇੰਤਜਾਰ ਕਰਦੇ ਰਹੇ ਅਤੇ ਦੇਖਦੇ ਰਹੇ ਕਿ ਹਵਾ ਦਾ ਰੁੱਖ ਕਿਸ ਪਾਸੇ ਵੱਲ ਹੈ । ਸੱਚ ਦੇ ਹੱਕ ਵਿਚ , ਇਸ ਧਰਤੀ ਤੇ ਫੈਲੇ ਅੰਧਕਾਰ ਨੂੰ ਦੂਰ ਕਰਨ ਲਈ ਕੋਈ ਲੋਕ ਲਹਿਰ ਖੜੀ ਕਰਨ ਦੀ ਬਜਾਇ , ਨਸ਼ਿਆਂ ਦੇ ਸੌਦਾਗਰਾਂ ਅਤੇ ਕਾਤਲਾਂ ਦੇ ਹੱਕ ਵਿਚ ਲੋਕਾਂ ਨੂੰ ਸਾਥ ਦੇਣ ਨੂੰ ਕਹਿੰਦੇ ਰਹੇ , ਮੈਦਾਨ ਵਿਚ ਕੋਈ ਸ਼ੰਘਰਸ ਕਰਨ ਦੀ ਬਜਾਇ ਵਿਦੇਸ਼ਾਂ ਵਿਚ ਬੈਠ ਕੇ ਆਨੰਦ ਮੰਗਲ ਕਰਦੇ ਰਹੇ ।ਇਸ ਧਰਤੀ ਤੇ ਅੰਧਕਾਰ ਫੈਲ਼ਾਉਦੀਆਂ ਬੇਰਹਿਮ ਹਵਾਵਾਂ ਨੂੰ ਰੋਕਣ ਦੀ ਬਜਾਏ ਹਵਾ ਦੇ ਰੁੱਖ ਨਾਲ ਚੱਲਣ ਵਾਲੇ ਲੋਕ ਧਾਰਮਿਕ ਨਹੀਂ ਸਗੋਂ ਮੌਕਾਪ੍ਰਸਤ ਹੁੰਦੇ ਹਨ । ਅਸਲ ਧਰਮੀ ਉਹੀ ਹੈ ਜੋ ਔਖੇ ਰਾਹਾਂ ਤੇ , ਤੱਪਦੀ ਰੇਤ ਦੇ ਚੱਲ ਕੇ ਇੰਨਾਂ ਬੇਰਹਿਮ ਹਵਾਵਾਂ ਦਾ ਰੁੱਖ ਬਦਲਣ ਦੀ ਕੋਸ਼ਿਸ ਕਰਦਾ ਹੈ , ਸੱਚ ਦੇ ਮਾਰਗ ਤੇ ਚੱਲਦਾ ਹੈ । ਬਿਨਾਂ ਇਹ ਸੋਚੇ ਕਿ ਅੱਗੇ ਮੈਨੂੰ ਇੰਨਾਂ ਰਾਹਾਂ ਤੇ ਕੀ ਮਿਲੇਗਾ , ਇੰਨਾਂ ਰਾਹਾਂ ਤੇ ਚੱਲਦੇ -2 ਜੋ ਵੀ ਮਿਲਦਾ ਹੈ ਉਸਨੂੰ ਉਸ ਅਕਾਲ ‐ਪੁਰਖ ਵਾਹਿਗੁਰੂ ਦੀ ਰਜ਼ਾ ਸਮਝ ਕੇ ਸੀਨ੍ਹੇ ਨਾਲ ਲਾ ਲੈਂਦੇ ਹੈ ।


ਖਾਲਸਾ ਜੀ , ਇੰਨਾਂ ਚੋਣਾਂ ਦੌਰਾਨ ਮੇਰੀ ਭੈਣ ਬੀਬੀ ਕਮਲਦੀਪ ਕੌਰ ਰਾਜੋਆਣਾਂ ਆਪਣਾ ਸਾਰਾ ਕੁਝ ਇਸ ਸ਼ੰਘਰਸ਼ ਨੂੰ ਅਰਪਣ ਕਰਕੇ ਆਪਣੇ ਕੌਮੀ ਫਰਜ ਅਦਾ ਕਰਨ ਲਈ ਇੱਕਲੀ ਹੀ ਜੂਝਦੀ ਰਹੀ । ਇਹ ਧਾਰਮਿਕ ਪਹਿਰਾਵੇ ਵਿਚ ਵਿਚਰਦੇ , ਅਤੇ ਸ਼ਹੀਦਾਂ ਦੇ ਵਾਰਿਸ ਬਣ ਬੈਠੇ ਲੋਕ ਜਾਂ ਤਾਂ ਦੁਸ਼ਮਣ ਦੀ ਤਰ੍ਹਾਂ ਸਾਹਮਣੇ ਖੜ੍ਹੇ ਨਜ਼ਰ ਆਏ ਜਾਂ ਦੂਰ ਖੜੇ ਦੁਸ਼ਮਣਾਂ ਨਾਲ ਹੱਥ ਮਿਲਾਉਂਦੇ ਨਜ਼ਰ ਆਏ । ਮੈਂ ਆਪਣੀ ਭੈਣ ਵੱਲੋਂ ਕੀਤੇ ਗਏ ਇਸ ਸ਼ੰਘਰਸ਼ ਤੇ ਮਾਣ ਕਰਦਾ ਹਾਂ । ਕੁਲ ਮਿਲਾ ਕੇ ਸਾਡੇ ਇਸ ਸ਼ੰਘਰਸ ਦਾ ਅਤੇ ਸਾਡੀ ਕਸੌਟੀ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ , 15313 ਵੋਟਾਂ 1+5+3+1+3= 13 , ਇਸੇ 13 ਮਾਰਚ ਨੂੰ ਮੇਰੇ ਵਾਰੰਟ ਜਾਰੀ ਹੋਏ , 13 ਨੰਬਰ ਉਪਰ ਹੀ ਸਾਡਾ ਚੋਣ ਨਿਸ਼ਾਨ ਸੀ , ਨਤੀਜਾ ਵੀ 13 ਹੀ ਆਇਆ । ਇਸ ਨਤੀਜੇ ਵਿਚ ਮੈਨੂੰ ਉਸ ਅਕਾਲ ‐ਪੁਰਖ ਵਾਹਿਗੁਰੂ ਦਾ ਇਹ ਸੁਨੇਹਾ ਨਜ਼ਰ ਆਉਂਦਾ ਹੈ ਕਿ ਇਹ ਹੀ ਤੇਰਾ ਹੈ ਬਾਕੀ ਸਭ ਝੂਠ ਸੀ , ਹਵਾ ਦੇ ਰੁੱਖ ਨਾਲ ਚੱਲਣ ਵਾਲਾ , ਜਿਸ ਦਿਨ ਹਵਾ ਤੇਰੇ ਪੱਖ ਦੀ ਹੋਵੇਗੀ ਉਹ ਤੇਰੇ ਵੱਲ ਹੋਵੇਗਾ । ਪਰ ਅਸਲ ਵਿਚ ਇਹ 13 ਹੀ ਤੇਰਾ ਹੈ । ਇਸ ਕਸੌਟੀ ਦੀ ਪ੍ਰਾਪਤੀ ਇਹ ਰਹੀ ਕਿ ਸੱਚ ਝੂਠ ਦੇ ਸਾਰੇ ਬੰਧਨ ਤੋੜ ਕੇ ਅਜ਼ਾਦ ਹੋ ਗਿਆ , ਸੱਚ ਇਸ ਫਿਜ਼ਾ ਵਿਚ ਹਮੇਸ਼ਾਂ ਅਜ਼ਾਦ ਰਹੇਗਾ , ਕੋਈ ਵੀ ਝੂਠ ਦਾ ਵਪਾਰੀ , ਝੂਠ ਦਾ ਸੌਦਾਗਰ ਸੱਚ ਤੇ ਕਾਬਜ਼ ਨਹੀਂ ਹੋ ਸਕੇਗਾ , ਕੋਈ ਵੀ ਮਗਰਮੱਛ ਦੇ ਹੰਝੂ ਨਹੀਂ ਵਹਾ ਸਕੇਗਾ ।


ਖਾਲਸਾ ਜੀ , ਇਸ ਸ਼ੰਘਰਸ ਦੌਰਾਨ ਜਿੰਨ੍ਹਾਂ ਭੈਣ ‐ਭਰਾਵਾਂ ਨੇ ਆਪਣੀ ਹੱਕ ਸੱਚ ਦੀ ਕਮਾਈ ਵਿਚੋਂ ਵੱਡਮੁੱਲਾ ਯੋਗਦਾਨ ਕੀਤਾ ਹੈ , ਉਨ੍ਹਾਂ ਸਾਰਿਆਂ ਦਾ ਬਹੁਤ- 2 ਧੰਨਵਾਦ ਹੈ , ਉਨ੍ਹਾਂ ਦਾ ਇਹ ਸਹਿਯੋਗ ਪ੍ਰਮਾਤਮਾ ਦੀ ਦਰਗਾਹ ਵਿਚ ਕਬੂਲ ਹੋਵੇਗਾ ਕਿਉਂਕਿ ਅਕਾਲ-ਪੁਰਖ ਵਾਹਿਗੁਰੂ ਆਪ ਜਾਣੀ ਜਾਣ ਹਨ । ਇੱਕ ਦਿਨ ਉਹ ਜ਼ਰੂਰ ਆਵੇਗਾ ਜਦੋਂ ਤੁਹਾਨੂੰ ਸਾਰਿਆਂ ਨੂੰ ਆਪਣੇ ਦਿੱਤੇ ਸਹਿਯੋਗ ਤੇ ਮਾਣ ਮਹਿਸੂਸ ਹੋਵੇਗਾ ।


ਖਾਲਸਾ ਜੀ , ਮੇਰਾ ਅੱਜ ਵੀ ਇਹੀ ਕਹਿਣਾ ਹੈ ਕਿ ਇਸ ਧਰਤੀ ਤੇ ਸੱਚ ਦੇ ਰਾਜ ਦੀ ਸਥਾਪਨਾ ਲਈ ਅਜਿਹੇ ਕਿਸੇ ਫਰੰਟ ਦੀ ਜਰੂਰਤ ਹੈ ਜਿਸ ਦੀ ਵਾਂਗਡੋਰ ਕਿਸੇ ਦਿੱਲੀ ਦੇ ਝਾੜੂ ਦੇ ਹੱਥ ਵਿਚ ਨਾ ਹੋਵੇ , ਨਾ ਹੀ ਕਿਸੇ ਖੂਨੀ ਪੰਜੇ ਦੇ ਹੱਥ ਵਿਚ ਹੋਵੇ , ਨਾ ਹੀ ਇਸ ਧਰਤੀ ਤੇ ਅੰਧਕਾਰ ਫੈਲਾਉਂਦੀ ਅਤੇ ਨਸ਼ਿਆਂ ਦਾ ਵਪਾਰ ਕਰਦੀ ਕਿਸੇ ਤੱਕੜੀ ਦੇ ਹੱਥ ਵਿਚ ਹੋਵੇ , ਸਗੋਂ ਜਿਸ ਦੀ ਵਾਂਗਡੋਰ ਆਨੰਦਪੁਰ ਵਾਸੀ ਖੰਡੇ ਦੀ ਧਾਰ ਤੇ ਨੱਚਣ ਵਾਲੇ ਖਾਲਸੇ ਦੇ ਹੱਥ ਹੋਵੇ , ਮੀਰੀ ਪੀਰੀ ਦੇ ਮਾਲਕ “ਸ੍ਰੀ ਅਕਾਲ ਤਖ਼ਤ ਸਾਹਿਬ” ਜੀ ਨੂੰ ਸਮਰਪਿਤ ਲੋਕਾਂ ਦੇ ਹੱਥ ਵਿਚ ਹੋਵੇ , ਤਾਂ ਹੀ ਇਸ ਧਰਤੀ ਤੇ ਫੈਲੇ ਅੰਧਕਾਰ ਨੂੰ ਦੂਰ ਕਰਕੇ ਸੱਚ ਦੇ ਰਾਜ ਦੀ ਸਥਾਪਨਾ ਕੀਤੀ ਜਾ ਸਕੇਗੀ । ਖਾਲਸਾ ਜੀ , ਮੇਰਾ ਇਹ ਜੀਵਨ ਹਮੇਸ਼ਾਂ ਸੱਚ ਨੂੰ ਸਮਰਪਿਤ ਹੋ ਕੇ ਇਸ ਧਰਤੀ ਤੇ ਸੱਚ ਦੇ ਰਾਜ ਦੀ ਸਥਾਪਨਾ ਲਈ ਯਤਨਸ਼ੀਲ ਰਹੇਗਾ । ਬੇਸ਼ੱਕ ਸਾਡੇ ਲਈ ਅੱਗੇ ਰਸਤਾ ਮੁਸ਼ਕਿਲ ਹੈ ਪਰ ਉਸ ਅਕਾਲ-ਪੁਰਖ ਵਾਹਿਗੁਰੂ ਦੀ ਮਿਹਰ ਸਦਕਾ ਅਸੀਂ ਆਪਣੇ ਰਾਹਾਂ ਤੇ ਚੱਲਦੇ ਰਹਾਂਗੇ । ਕਿਉਂਕਿ ਔਖੇ ਰਾਹਾਂ ਤੇ ਚੱਲ ਕੇ ਹੀ ਪਰਬਤਾਂ ਨੂੰ ਸਰ ਕੀਤਾ ਜਾ ਸਕਦਾ ਹੈ । ਪਰਬਤਾਂ ਨੂੰ ਸਰ ਕਰਨ ਦੀ ਕੋਸ਼ਿਸ ਆਖ਼ਰੀ ਸਾਹ ਤੱਕ ਜਾਰੀ ਰਹੇਗੀ । ਇਸ ਲਈ ਹਮੇਸ਼ਾਂ ਹੀ ਖਾਲਸਾ ਪੰਥ ਦੇ ਆਸ਼ੀਰਵਾਦ ਅਤੇ ਸਹਿਯੋਗ ਦੀ ਜਰੂਰਤ ਰਹੇਗੀ ।

ਹਮੇਸ਼ਾ ਹੀ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਵਿਚ ਦੇਖਣ ਦਾ ਚਾਹਵਾਨ
ਤੁਹਾਡਾ ਆਪਣਾ
ਬਲਵੰਤ ਸਿੰਘ ਰਾਜੋਆਣਾਂ
ਮਿਤੀ ਕੋਠੀ ਨੰ: 16
7-6-2014 ਕੇਂਦਰੀ ਜੇਲ੍ਹ ਪਟਿਆਲਾ
ਪੰਜਾਬ