ਪੰਥਕ ਕਟਿਹਰੇ ਵਿੱਚ ਕੌਣ?
ਗਜਿੰਦਰ ਸਿੰਘ, ਦਲ ਖਾਲਸਾ । ੧੭-੭-੨੦੧੪ ।
ਅੱਜ
ਅਖਬਾਰਾਂ ਵਿੱਚ ਇਹ ਪੜ੍ਹਨ ਨੂੰ ਮਿਲਿਆ ਕਿ ਬਾਦਲ ਸਾਹਬ ਹਰਿਆਣਾ ਗੁਰਦਵਾਰਾ ਪ੍ਰਬੰਧਕ
ਕਮੇਟੀ ਦੇ ਬਣਨ ਤੇ ਇਸ ਲਈ ਬਹੁਤੇ ਪ੍ਰੇਸ਼ਾਨ ਹੋ ਗਏ ਨੇ ਕਿ ਉਹ ਇਹ ਨਹੀਂ ਚਾਹੁੰਦੇ ਕਿ
ਇੱਤਹਾਸ ਵਿੱਚ ਉਹਨਾਂ ਦੇ ਦੌਰ ਤੇ ਸ਼ਰੋਮਣੀ ਕਮੇਟੀ ਦੇ ਦੋਫਾੜ ਹੋਣ ਦਾ ਧੱਬਾ ਲੱਗੇ । ਅਗਰ
ਗੱਲ ਇਹੀ ਹੈ ਤਾਂ ਬਾਦਲ ਸਾਹਬ ਨੂੰ ਸਮਝ ਲੈਣਾ ਚਾਹੀਦਾ ਹੈ ਕਿ "ਜੱਥੇਦਾਰਾਂ" ਵੱਲੋਂ
ਹਰਿਆਣਾ ਦੇ ਤਿੰਨ ਸਿੱਖ ਲੀਡਰਾਂ ਦੇ ਖਿਲਾਫ ਲਿੱਤੇ ਫੈਸਲੇ ਨੇ ਉਹਨਾਂ ਦੀ ਲੀਡਰੀ ਦੇ ਦੌਰ
ਨੂੰ ਕਲੰਕਿਤ ਕਰ ਦਿੱਤਾ ਹੈ । ਹਰਿਆਣਾ ਕਮੇਟੀ ਦੇ ਬਣਨ ਨਾਲ ਪੰਥ ਦੋਫਾੜ੍ਹ ਨਹੀਂ ਸੀ
ਹੋਇਆ, "ਜੱਥੇਦਾਰਾਂ" ਦੇ ਇਸ ਫੈਸਲੇ ਨਾਲ ਦੋਫਾੜ੍ਹ ਹੋਣ ਦੇ ਰਾਹ ਪੈ ਗਿਆ ਹੈ ।
"ਜੱਥੇਦਾਰਾਂ" ਦਾ ਇਹ ਫੈਸਲਾ ਗੈਰ ਸਿਧਾਂਤਕ ਤਾਂ ਹੈ ਹੀ, ਪੰਥ ਦੇ ਸਾਂਝੇ ਸਰੂਪ ਤੇ ਆਤਮਾ
ਨੂੰ ਜ਼ਖਮੀ ਕਰਨ ਵਾਲਾ ਵੀ ਹੈ । ਇੱਤਹਾਸ ਕਦੇ ਇਹੋ ਜਿਹੇ ਫੈਸਲਿਆਂ ਦੇ ਨਾਲ ਨਹੀਂ
ਤੁਰਿਆ, ਇਸ ਫੈਸਲੇ ਨੂੰ ਕਰਨ ਵਾਲੇ ਤੇ ਇਸ ਦੀ ਹਮਾਇਤ ਕਰਨ ਵਾਲਿਆਂ ਨੂੰ ਇੱਕ ਦਿਨ
ਇੱਤਹਾਸ ਦੇ ਸਾਹਮਣੇ ਸ਼ਰਮਿੰਦਾ ਹੋਣਾ ਪਵੇਗਾ । ਇਹਨਾਂ ਦੀਆਂ ਆਣ ਵਾਲੀਆਂ ਨਸਲਾਂ ਨੂੰ ਵੀ
ਸ਼ਰਮਿੰਦਾ ਹੋਣਾ ਪਵੇਗਾ ।
"ਜੱਥੇਦਾਰਾਂ" ਦੇ ਇਸ ਫੈਸਲੇ ਨਾਲ ਉਹਨਾਂ ਦੇ ਹੋਰ ਬਹੁਤ ਸਾਰੇ
ਪਹਿਲਾਂ ਕੀਤੇ ਫੈਸਲੇ ਵੀ ਆਪਣਾ ਪ੍ਰਭਾਵ ਗਵਾ ਲੈਣਗੇ, ਜਿਨ੍ਹਾਂ ਤੇ ਪੰਥਕ ਦੋਚਿੱਤੀ
ਕਾਰਨ ਵਕਤ ਨੇ ਚੁੱਪ ਧਾਰੀ ਹੋਈ ਸੀ । ਅੱਜ ਪੰਥਕ ਕਟਿਹਰੇ ਵਿੱਚ ਹਰਿਆਣਾ ਦੇ ਸਿੱਖ ਲੀਡਰ
ਨਹੀਂ ਹਨ, "ਜੱਥੇਦਾਰ" ਖੁੱਦ ਖੜ੍ਹੋ ਹੋ ਗਏ ਹਨ । ਬਾਦਲ ਸਾਹਬ ਅਗਰ ਸੱਚਮੁੱਚ ਤੁਹਾਨੂੰ
ਇੱਤਹਾਸ ਵਿੱਚ ਆਪਣੇ ਸਥਾਨ ਦੀ ਫਿਕਰ ਹੈ, ਤਾਂ ਇਸ ਫੈਸਲੇ ਨੂੰ ਹੀ ਨਹੀਂ, ਆਪਣੇ ਸਮੁੱਚੇ
ਰਵਈਏ ਨੂੰ ਬਦਲੋ । ਇਹ ਸਾਰਾ ਪੰਥ ਜਾਣਦਾ ਹੈ ਕਿ ਅਜਿਹੇ ਫੈਸਲੇ ਕਰਵਾਣੇ ਤੇ ਬਦਲਣੇ,
ਤੁਹਾਡੇ ਇਸ਼ਾਰਿਆਂ ਦੇ ਮੁਹਤਾਜ ਹੁੰਦੇ ਹਨ । ਉਮਰ ਦੇ ਹਿਸਾਬ ਨਾਲ ਤੁਸੀਂ ਹੁਣ ਉਸ ਸਟੇਜ
ਤੇ ਹੋ, ਕਿ ਆਪਣੇ ਅੱਜ ਦੀ ਨਹੀਂ ਕੱਲ ਦੀ ਫਿਕਰ ਹੋਣਾ ਕੁਦਰਤੀ ਹੈ । ਉਮਰ ਦਾ ਇੱਕ ਵੱਡਾ
ਹਿੱਸਾ "ਪੰਥ" ਜਿਹੇ ਪਵਿੱਤਰ ਲਫਜ਼ ਨਾਲ ਜੁੜ੍ਹ ਕੇ ਰਹੇ ਹੋ, ਜਿਸ ਨਾਲ ਬੇਬਹਾ ਸ਼ਹੀਦਾਂ
ਦੀਆਂ ਕਰਬਾਨੀਆਂ ਜੁੜੀਆਂ ਹੋਈਆਂ ਨੇ ।
ਸ਼੍ਰੋਮਣੀ ਕਮੇਟੀ ਦੇ ਬਣਨ ਵੇਲੇ ਪੰਥ ਨੇ ਜਿੰਨੀਆਂ
ਕੁਰਬਾਨੀਆਂ ਦਿੱਤੀਆਂ ਸਨ, ਉਸ ਤੋਂ ਕਈ ਗੁਣਾ ਜ਼ਿਆਦਾ ਪੰਥ ਦੀ ਆਜ਼ਾਦ ਹਸਤੀ ਲਈ ਬਾਦ ਵਿੱਚ
ਦਿੱਤੀਆਂ ਜਾ ਚੁੱਕੀਆਂ ਨੇ । ਜੇ ਤੁਸੀਂ ਆਪਣੀਆਂ ਗਲਤੀਆਂ ਨਾ ਸੁਧਾਰੀਆਂ, ਇਹ
ਕੁਰਬਾਨੀਆਂ ਤੇ ਇਹਨਾਂ ਸ਼ਹੀਦਾਂ ਦਾ ਡੁਲ਼੍ਹਆਿ ਲਹੂ ਤੁਹਾਡੀਆਂ ਆਣ ਵਾਲੀਆਂ ਨਸਲਾਂ ਨੂੰ ਵੀ
ਬੇਚੈਨ ਰੱਖੇਗਾ । ਤੁਸੀਂ ਆਪਣੇ ਹਰ ਵਿਰੋਧ ਦਾ ਮੁਕਾਬਲਾ, ਵਿਰੋਧੀ ਨੂੰ ਕਾਂਗਰਸ ਦਾ
"ਏਜੰਟ" ਕਹਿ ਕੇ ਕਰਦੇ ਰਹੇ ਹੋ । ਤੁਹਾਡਾ ਇਹ ਰਵਈਆ, ਤੁਹਾਡੇ ਸਿਆਸੀ ਪੈਂਤੜੇ ਤੋਂ ਵੱਧ
ਕੁੱਝ ਨਹੀਂ ਹੈ, ਇਹ ਗੱਲ ਹੁਣ ਪੰਥ ਦੇ ਵੱਡੇ ਹਿੱਸੇ ਨੂੰ ਸਮਝ ਆ ਚੁੱਕੀ ਹੈ ।
ਪੰਥ
ਦੁਸ਼ਮਣੀ ਦੀ ਤੱਕੜੀ ਵਿੱਚ ਤੋਲਿਆਂ, ਤੁਹਾਡੇ ਘਿਓ ਖਿਚੜੀ ਭਰਾ ਬੀ ਜੇ ਪੀ ਵਾਲਿਆਂ ਦਾ
ਪੱਲਾ ਕਾਂਗਰਸ ਤੋਂ ਵਧੇਰੇ ਭਾਰੂ ਹੈ । ਮੇਰੇ ਵਰਗੇ ਅਜ਼ਾਦੀ ਪਸੰਦ ਤੁਹਾਨੂੰ ਲੀਡਰ ਨਹੀਂ
ਮੰਨਦੇ, ਪਰ ਫਿਰ ਵੀ ਤੁਸੀਂ ਇੱਕ ਵੱਡੀ ਜੱਥੇਬੰਦੀ ਦੇ ਆਗੂ ਹੋ । ਤੁਹਾਡੀ ਸਾਰੀ ਸਿਆਸੀ
ਜ਼ਿੰਦਗੀ, ਤੇ ਤੁਹਾਡੇ ਅਨੇਕਾਂ ਫੈਸਲੇ ਦੱਸਦੇ ਹਨ ਕਿ ਤੁਸੀਂ ਪੰਥ ਨਾਲ ਵਫਾ ਨਹੀਂ ਕਮਾਈ,
ਪਰ ਫਿਰ ਵੀ ਅਕਾਲੀ ਦੱਲ ਨਾਲ ਪੰਥ ਦੇ ਨਾਮ ਤੇ ਜੁੜ੍ਹੇ ਸਿੱਦੇ ਸਾਦੇ ਤੇ ਅਣਭੋਲ ਲੋਕ
ਤੁਹਾਨੂੰ ਲੀਡਰ ਮੰਨਦੇ ਨੇ । ਤੁਹਾਡੀ ਜ਼ਮੀਰ ਦਾ ਕੋਈ ਕੋਨਾ ਅਗਰ ਅੱਜ ਵੀ ਜ਼ਿੰਦਾ ਹੈ
ਤਾਂ ਘੱਟੋ ਘੱਟ ਅਜਿਹੇ ਸਿੱਦੇ ਸਾਦੇ ਲੋਕਾਂ ਨੂੰ ਜੋ ਪੰਥ ਦੇ ਨਾਮ ਤੇ ਤੁਹਾਡੇ ਨਾਲ
ਜੁੜ੍ਹੇ ਹੋਏ ਨੇ, ਉਹਨਾਂ ਨੂੰ ਗੁਨਾਹਗਾਰ ਨਾ ਬਣਾਓ । ਮੈਂ ਬੀਤੀ ਸਾਰੀ ਜ਼ਿੰਦਗੀ,
ਖਾਲਿਸਤਾਨ ਲਹਿਰ ਦਾ ਹਿੱਸਾ ਹੋਣ ਦੇ ਬਾਵਜੂਦ ਸ਼੍ਰੋਮਣੀ ਕਮੇਟੀ ਦੇ ਹੱਕ ਵਿੱਚ ਰਿਹਾ ਹਾਂ ।
ਜੁਝਾਰੂ ਲਹਿਰ ਦੀ ਸਿਖਰ ਵੇਲੇ ਜਦੋਂ ਇੱਕ ਜੁਝਾਰੂ ਧਿਰ ਵੱਲੋਂ ਸ਼ਰੋਮਣੀ ਕਮੇਟੀ ਨੂੰ ਭੰਗ
ਕਰਨ ਦਾ ਐਲਾਨ ਕਰ ਦਿੱਤਾ ਗਿਆ ਸੀ, ਤਾਂ ਵੱਡੇ ਵੱਡੇ ਨਾਵਾਂ ਵਾਲੇ ਅਨੇਕਾਂ ਅਕਾਲੀ
ਲੀਡਰਾਂ ਨੇ ਚੁੱਪ ਧਾਰ ਲਈ ਸੀ । ਮੈਂ ਉਸ ਵੇਲੇ ਵੀ ਸ਼੍ਰੋਮਣੀ ਕਮੇਟੀ ਦੇ ਹੱਕ ਵਿੱਚ
ਲਿਖਦਾ ਰਿਹਾ ਹਾਂ । ਹੋਰ ਕਈ ਕਾਰਨਾਂ ਦੇ ਨਾਲ ਮੇਰੀ ਸੋਚ ਦੀ ਦ੍ਰਿੜਤਾ ਦਾ ਵੱਡਾ ਆਧਾਰ
"ਸ਼੍ਰੋਮਣੀ ਕਮੇਟੀ" ਵੱਲੋਂ ਲਾਗੂ ਅਕਾਲ ਤਖੱਤ ਸਾਹਿਬ ਦੀ ਪੰਥ ਪ੍ਰਵਾਨਤ ਮਰਿਯਾਦਾ ਸੀ ।
ਮੈਂ ਸਮਝਦਾ ਸਾਂ ਕਿ ਇਹ ਮਰਿਯਾਦਾ ਹੀ ਪੰਥ ਨੂੰ ਧਾਰਮਿੱਕ ਤੌਰ ਇੱਕਸੁਰ ਰੱਖਣ ਦਾ ਠੋਸ
ਆਧਾਰ ਹੈ । ਬਾਦਲ ਸਾਹਬ ਦੀ ਲੀਡਰਸ਼ਿੱਪ ਵਿੱਚ ਸ਼੍ਰੋਮਣੀ ਮਕੇਟੀ ਨੇ, ਬਾਦਲ ਸਾਹਬ ਦੇ
ਸਿਆਸੀ ਹਿੱਤਾਂ ਦੀ ਰਾਖੀ ਕਰਦੇ ਹੋਏ, ਇਸ ਸਾਂਝੀ ਮਰਿਯਾਦਾ ਦਾ ਹੀ ਭੋਗ ਪਾ ਦਿੱਤਾ ਹੈ ।
ਅੱਜ ਇਹ ਮਰਿਯਾਦਾ ਦਰਬਾਰ ਸਾਹਿਬ ਤੇ ਅਕਾਲ ਤਖੱਤ ਸਾਹਿਬ ਤੇ ਵੀ ਲਾਗੂ ਨਹੀਂ ਰਹਿ ਗਈ,
ਹੋਰ ਕਿਤੇ ਇਹਨਾਂ ਨੇ ਕੀ ਲਾਗੂ ਕਰਨੀ ਜਾਂ ਕਰਵਾਣੀ ਸੀ । ਅੱਜ ਸ਼ਰੋਮਣੀ ਕਮੇਟੀ ਦੇ ਪੱਲੇ
ਕੁੱਝ ਨਹੀਂ ਰਿਹਾ, ਜਿਸ ਤੇ ਉਹ ਮਾਣ ਕਰ ਸਕੇ, ਜਿਸ ਕਰ ਕੇ ਉਸ ਦੀ ਹਾਮੀ ਭਰੀ ਜਾ ਸਕੇ ।
ਐਸੀ ਸਥਿੱਤੀ ਵਿੱਚ ਅਗਰ ਹਰਿਆਣੇ ਦੇ ਸਿੱਖ ਆਪਣੇ ਲਈ ਵੱਖਰਾ ਰਸਤਾ ਚੁਣਦੇ ਹਨ, ਤਾਂ ਇਸ
ਵਿੱਚ ਉਹ ਗਲਤ ਕਿਵੇਂ ਹੋਏ ।
ਪੰਥ ਦਾ ਸੁਹਿਰਦ ਤਬਕਾ ਕਿਸ ਆਧਾਰ ਤੇ ਉਹਨਾਂ ਨੂੰ ਗਲਤ
ਕਹੇ? ਜੱਥੇਦਾਰਾਂ ਬਾਰੇ ਮੈਂ ਇਸ ਲਈ ਕੁੱਝ ਨਹੀਂ ਕਹਿਣਾ ਚਾਹੁੰਦਾ ਕਿ ਉਹਨਾਂ ਦਾ ਆਪਣਾ
ਕੋਈ ਵਜੂਦ ਹੀ ਨਹੀਂ ਹੈ । ਪਿੱਛਲੇ ਲੰਮੇ ਸਮੇਂ ਤੋਂ ਉਹਨਾਂ ਦੇ ਕਿਸੇ ਬਿਆਨ, ਕਿਸੇ
ਫੈਸਲੇ ਨੂੰ ਪੜ੍ਹ ਕੇ ਕੋਈ ਪੰਥਕ ਹਿਰਦਾ ਖੁਸ਼ ਨਹੀਂ ਹੋ ਸਕਿਆ । ਜਿਸ ਦਿਨ ਇਹ ਇੱਕ
ਪਰਿਵਾਰ ਦੀ ਬਜਾਏ, ਪੰਥ ਦੀ ਰੂਹ ਨਾਲ ਤੁਰਦੇ ਦਿਸਣਗੇ, ਉਸ ਦਿਨ ਇਹਨਾਂ ਬਾਰੇ ਗੱਲ ਕਰਨੀ
ਬਣੇਗੀ ।