Saturday, 20 September 2014

Jathedar Rajoana's Letter 20/09/14 Exposing Hindutva Rulers Of Panjab & Sant Samaj

ਅੱਜ ਵੀਰਜੀ ਨਾਲ ਸਾਡੀ ਮੁਲਾਕਾਤ ਸੀ ।ਵੀਰਜੀ ਨੇ ਜੋ ਸੁਨੇਹਾ ਖਾਲਸਾ ਪੰਥ ਲਈ ਭੇਜਿਆ ਹੈ, ਉਹ ਸੁਨੇਹਾ ਮੈਂ ਖਾਲਸਾ ਪੰਥ ਦੇ ਰੁਬਰੂ ਕਰ ਰਹੀ ਹਾ।


ਸਤਿਕਾਰਯੋਗ ਖਾਲਸਾ ਜੀਓ,
ਵਾਹਿਗੁਰੂ ਜੀ ਕਾ ਖਾਲਸਾ ॥
ਵਾਹਿਗੁਰੂ ਜੀ ਕੀ ਫ਼ਤਹਿ॥


ਸਭ ਤੋਂ ਪਹਿਲਾਂ ਮੈਂ ਸਮੁੱਚੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਉਸ ਅਕਾਲ-ਪੁਰਖ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ ।ਖਾਲਸਾ ਜੀ , ਪਿਛਲੇ ਦਿਨੀਂ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਹੋਣਾਂ ਨੇ ਜੋ ਸਮੁੱਚੀ ਸਿੱਖ ਕੌਮ ਨੂੰ ਅਤੇ ਸਿੱਖ ਜੱਥੇਬੰਦੀਆਂ ਨੂੰ ਭਾਜਪਾ ਦੇ ਖਿਲਾਫ਼ ਇੱਕਜੁੱਟ ਹੋਣ ਦਾ ਸੱਦਾ ਦਿੱਤਾ ਹੈ , ਇਸ ਵਾਰੇ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਇਹੀ ਹਰਨਾਮ ਸਿੰਘ ਹੋਣਾ ਨੇ ਅਜੇ ਚਾਰ ਮਹੀਨੇ ਪਹਿਲਾਂ ਹੋਈਆਂ ਚੋਣਾਂ ਵਿਚ ਅਕਾਲੀ ਦਲ ਅਤੇ ਭਾਜਪਾ ਦੇ ਸਾਂਝੇ ਉਮੀਦਵਾਰਾਂ ਦੀ ਇਹ ਕਹਿ ਕੇ ਹਮਾਇਤ ਕੀਤੀ ਸੀ ਕਿ ਅਜਿਹਾ ਅਸੀਂ ਪੰਥ ਦੇ ਵੱਡਮੁੱਲੇ ਹਿੱਤਾਂ ਲਈ ਕਰ ਰਹੇ ਹਾਂ । ਚੋਣਾਂ ਦੌਰਾਨ ਦਿਨ ਰਾਤ ਇੱਕ ਕਰਕੇ ਚੋਣ ਪ੍ਰਚਾਰ ਵੀ ਕੀਤਾ ਗਿਆ । ਹੁਣ ਖਾਲਸਾ ਜੀ , ਇੰਨ੍ਹਾਂ ਦੇ ਕਹਿਣ ਅਨੁਸਾਰ ਆਰ .ਐਸ. ਐਸ ਦੇ ਮੁਖੀ ਵੱਲੋਂ ਦਿੱਤੇ ਬਿਆਨ ਕਾਰਣ ਅਤੇ ਭਾਜਪਾ ਦੀ ਸਿੱਖ ਵਿਰੋਧੀ ਮਾਨਸਿਕਤਾ ਦੇ ਕਾਰਣ ਸਿੱਖ ਕੌਮ ਦੀ ਹੋਂਦ ਅਤੇ ਹਸਤੀ ਨੂੰ ਖਤਰਾ ਪੈਦਾ ਹੋ ਗਿਆ ਹੈ ਕਿਉਂਕਿ ਇਹ ਲੋਕ ਸਿੱਖਾਂ ਨੂੰ ਇੱਕ ਵੱਖਰੀ ਕੌਮ ਮੰਨਣ ਨੂੰ ਤਿਆਰ ਨਹੀਂ ਹਨ , ਤਾਂ ਫਿਰ ਸਿੱਖ ਕੌਮ ਲਈ ਪੈਦਾ ਹੋਏ ਇਸ ਖ਼ਤਰੇ ਨਾਲ ਨਜਿੱਠਣ ਤੋਂ ਇਲਾਵਾ ਪੰਥ ਦੇ ਹੋਰ ਵੱਡਮੁੱਲੇ ਹਿੱਤ ਕਿਹੜੇ ਹੋਣਗੇ? ਖਾਲਸਾ ਜੀ , ਹਰਨਾਮ ਸਿੰਘ ਹੋਣਾਂ ਨੂੰ ਹੁਣ ਸਿੱਖ ਕੌਮ ਅਤੇ ਸਿੱਖ ਜਥੇਬੰਦੀਆਂ ਨੂੰ ਭਾਜਪਾ ਦੇ ਖਿਲਾਫ਼ ਕੋਈ ਵੀ ਸੱਦਾ ਦੇਣ ਤੋਂ ਪਹਿਲਾਂ ਪਾਰਲੀਮੈਂਟ ਦੀਆਂ ਚੋਣਾਂ ਵਿਚ ਪੰਥ ਦੇ ਵੱਡਮੁੱਲੇ ਹਿੱਤਾ ਲਈ ਜਿਤਾਏ ਅਕਾਲੀ ਦਲ ਦੇ ਮੈਬਰਾਂ ਨੂੰ ਅਤੇ ਮੰਤਰੀ ਪਦ ਲੈ ਕੇ ਬੈਠੀ ਮੰਤਰੀ ਨੂੰ , ਜਿਹੜੇ ਕਿ ਆਰ.ਐਸ.ਐਸ ਅਤੇ ਭਾਜਪਾ ਵੱਲੋਂ ਚਲਾਈ ਜਾ ਰਹੀ ਸਰਕਾਰ ਵਿਚ ਸਾਮਿਲ ਹਨ ਨੂੰ ਇਹ ਕਹਿਣਾ ਚਾਹੀਦਾ ਹੈ ਕਿ ਆਰ. ਐਸ .ਐਸ ਅਤੇ ਭਾਜਪਾ ਦੀ ਸਿੱਖ ਵਿਰੋਧੀ ਮਾਨਸਿਕਤਾ ਦੇ ਖਿਲਾਫ਼ ਪਾਰਲੀਮੈਂਟ ਵਿਚ ਆਪਣੀ ਆਵਾਜ਼ ਬੁਲੰਦ ਕਰਨ ਅਤੇ ਰੋਸ ਵਜੋਂ ਮੰਤਰੀ ਪਦ ਤੋਂ ਅਸਤੀਫਾ ਦੇਣ, ਪੰਜਾਬ ਅਤੇ ਦਿੱਲੀ ਵਿਚ ਚੱਲ ਰਹੇ ਭਾਜਪਾ ਨਾਲ ਆਪਣੇ ਸਾਰੇ ਸਬੰਧ ਤੋੜ ਲੈਣ। ਹਾਂ ਜੇਕਰ ਉਹ ਅਜਿਹਾ ਕਰਨ ਤੋਂ ਇਨਕਾਰ ਕਰਦੇ ਹਨ ਤਾਂ ਫਿਰ ਉਨ੍ਹਾਂ ਨੂੰ ਪਹਿਲਾਂ ਪੰਥ ਦੇ ਵੱਡਮੁੱਲੇ ਹਿੱਤਾ ਨਾਲ ਧੋਖਾ ਕਰਨ ਵਾਲੇ ਗੱਦਾਰ ਘੋਸਿਤ ਕੀਤਾ ਜਾਣਾ ਚਾਹੀਦਾ ਹੈ , ਫਿਰ ਬਾਅਦ ਵਿਚ ਪਹਿਲਾਂ ਖਾਲਸਾ ਪੰਥ ਨੂੰ ਪਹਿਲਾਂ ਆਪਣੇ ਫ਼ਰਜਾਂ ਤੋਂ ਮੁਨਕਰ ਹੋਏ ਅਕਾਲੀਆਂ ਦੇ ਖਿਲਾਫ਼ ਅਤੇ ਫਿਰ ਭਾਜਪਾ ਦੇ ਖਿਲਾਫ਼ ਇੱਕਜੁੱਟ ਹੋਣ ਦਾ ਸੱਦਾ ਦੇਣਾ ਚਾਹੀਦਾ ਹੈ । 


ਨਹੀਂ ਤਾਂ , ਖਾਲਸਾ ਜੀ , ਸਿੱਖ ਕੌਮ ਨੂੰ ਆਪਣੇ ਸੌੜੇ ਸਿਆਸੀ ਹਿੱਤਾ ਲਈ ਅਤੇ ਨਿੱਜੀ ਮਨੋਰਥਾਂ ਲਈ ਭਾਜਪਾ ਦਾ ਵਿਰੋਧ ਕਰਨ ਲਈ ਕਹਿਣਾ ਅਤੇ ਖੁਦ ਉਸੇ ਭਾਜਪਾ ਅਤੇ ਆਰ.ਐਸ.ਐਸ ਵੱਲੋਂ ਚਲਾਈ ਜਾ ਰਹੀ ਸਰਕਾਰ ਦੀਆਂ ਸਰਕਾਰੀ ਸਹੂਲਤਾਂ ਦਾ ਆਨੰਦ ਲੈਣਾ ਖਾਲਸਾ ਪੰਥ ਨਾਲ ਧੋਖਾ ਹੈ ।
ਖਾਲਸਾ ਜੀ , ਜਿਥੋਂ ਤੱਕ ਹਰਨਾਮ ਸਿੰਘ ਹੁਣਾਂ ਦੇ ਕਹਿਣ ਅਨੁਸਾਰ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਦੀ ਫੂਕ ਨਿਕਲਣ ਦਾ ਸਵਾਲ ਹੈ ਤਾਂ ਇੱਥੇ ਹਰਨਾਮ ਸਿੰਘ ਨੂੰ ਇਹ ਪੁੱਛਿਆ ਜਾਣਾ ਚਾਹੀਦਾ ਹੈ ਕਿ ਜਦੋਂ ਤੁਸੀਂ ਹਾਲੇ ਚਾਰ ਮਹੀਨੇ ਪਹਿਲਾਂ ਹੀ ਹੋਈਆਂ ਪਾਰਲੀਮੈਂਟ ਦੀਆਂ ਚੋਣਾਂ ਵਿਚ ਅਕਾਲੀ ਦਲ ਅਤੇ ਭਾਜਪਾ ਦੇ ਸਾਂਝੇ ਉਮੀਦਵਾਰਾਂ ਲਈ ਚੋਣ ਪ੍ਰਚਾਰ ਕਰ ਰਹੇ ਸੀ ਤਾਂ ਕੀ ਤੁਹਾਨੂੰ ਉਸ ਸਮੇਂ ਅਕਾਲੀ ਦਲ ਵੱਲੋਂ ਅਤੇ ਹੋਰ ਰਾਜਨੀਤਿਕ ਪਾਰਟੀਆਂ ਵੱਲੋਂ ਘਰ -2 ਵੰਡੇ ਜਾ ਰਹੇ ਨਸ਼ੇ ਦਿਖਾਈ ਨਹੀਂ ਦਿੱਤੇ , ਘਰ ‐ਘਰ ਭੇਜੀ ਗਈ ਸ਼ਰਾਬ , ਵੰਡੀ ਗਈ ਭੁੱਕੀ ਅਤੇ ਲੋਕਾਂ ਦੀ ਜ਼ਮੀਰ ਨੂੰ ਪੈਸੇ ਨਾਲ ਖਰੀਦਣ ਦੀ ਕੀਤੀ ਗਈ ਕੋਸ਼ਿਸ ਨਜ਼ਰ ਨਹੀਂ ਆਈ । ਆਪਣੇ ਆਪ ਨੂੰ ਸੰਤ , ਬ੍ਰਹਮਗਿਆਨੀ , ਅੰਤਰਯਾਮੀ ਅਖਵਾਉਣ ਵਾਲੇ ਤੁਹਾਡੇ ਸਾਰੇ ਟੋਲੇ ਨੂੰ ਕੀ ਰਾਜਨੀਤਿਕ ਪਾਰਟੀਆਂ ਦੇ ਇਸ ਘਿਨੌਣੇ ਸੱਚ ਦਾ ਪਤਾ ਨਹੀਂ ਲੱਗਿਆ ? ਜਿਸ ਸੱਚ ਵਾਰੇ ਇੱਕ ਸੜਕ ਦੇ ਕਿਨਾਰੇ ਸਬਜ਼ੀ ਦੀ ਰੇਹੜੀ ਲਗਾਉਣ ਵਾਲਾ ਗਰੀਬ ਵਿਅਕਤੀ ਵੀ ਚੰਗੀ ਤਰ੍ਹਾਂ ਜਾਣਦਾ ਹੈ । ਹਰਨਾਮ ਸਿੰਘ ਜੇਕਰ ਤੁਸੀਂ ਸੱਚਮੁੱਚ ਹੀ ਇਸ ਧਰਤੀ ਨੂੰ ਨਸ਼ਾ ਮੁਕਤ ਕਰਨਾ ਚਾਹੁੰਦੇ ਹੋ ਤਾਂ ਉਸ ਸਮੇਂ ਨੈਤਿਕਤਾ ਦੇ ਆਧਾਰ ਤੇ ਤੁਹਾਨੂੰ ਆਪਣੇ ਵੱਲੋਂ ਦਿੱਤੀ ਹਮਾਇਤ ਵਾਪਸ ਲੈਣੀ ਚਾਹੀਦੀ ਸੀ ਅਤੇ ਚੋਣ ਪ੍ਰਚਾਰ ਬੰਦ ਕਰਨਾ ਚਾਹੀਦਾ ਸੀ । ਨਸ਼ਿਆਂ ਦੇ ਸੌਦਾਗਰਾਂ ਲਈ ਚੋਣ ਪ੍ਰਚਾਰ ਕਰਨਾ ਅਤੇ ਨਸ਼ਾ ਵਿਰੋਧੀ ਮੁਹਿੰਮ ਤੇ ਕੋਈ ਟਿੱਪਣੀ ਕਰਨਾ ਸ਼ੋਭਾ ਨਹੀਂ ਦਿੰਦਾ । ਜਾਂ ਫਿਰ ਖਾਲਸਾ ਜੀ , ਇਨ੍ਹਾਂ ਧਾਰਮਿਕ ਲੋਕਾਂ ਵਾਰੇ ਇਹ ਸਮਝਿਆ ਜਾਵੇ ਕਿ ਇਹ ਵੀ ਫਿਲਮੀ ਕਲਾਕਾਰਾਂ ਦੀ ਤਰ੍ਹਾਂ ਪੈਸੇ ਲੈ ਕੇ ਹੀ ਚੋਣ ਪ੍ਰਚਾਰ ਕਰਦੇ ਹਨ , ਜਾਂ ਫਿਰ ਇਹ ਲੋਕ ਸਮੁੱਚੇ ਖਾਲਸਾ ਪੰਥ ਨੂੰ ------- ਹੀ ਸਮਝਦੇ ਹਨ ।


ਖਾਲਸਾ ਜੀ , ਸਾਡੇ ਤੇ ਪੀੜ੍ਹੀ ਦਰ ਪੀੜ੍ਹੀ ਰਾਜ ਕਰਦੇ ਆ ਰਹੇ ਇਹ ਹੁਕਮਰਾਨ ਤਾਂ ਉਹ ਲੋਕ ਹਨ ਜਿੰਨ੍ਹਾ ਨੇ ਪੰਜ ਦਰਿਆਵਾਂ ਦੀ ਪਵਿੱਤਰ ਧਰਤੀ ਮਾਂ ਦੀ ਹਿੱਕ ਤੇ ਨਸ਼ਿਆਂ ਦਾ ਛੇਵਾਂ ਦਰਿਆ ਖ਼ੁਦ ਹੀ ਵਗਾਇਆ ਹੈ । ਇਨ੍ਹਾਂ ਦੀ ਕੋਈ ਵੀ ਨਸ਼ਾ ਵਿਰੋਧੀ ਮੁਹਿੰਮ ਨਹੀਂ ਸਗੋਂ ਇਨ੍ਹਾਂ ਦੀ ਨਸ਼ਾ ਵੰਡ ਮੁਹਿੰਮ ਪਹਿਲਾਂ ਵੀ ਪੂਰੇ ਜੋਰ ਸੋਰ ਨਾਲ ਚੱਲ ਰਹੀ ਸੀ ਅਤੇ ਹੁਣ ਵੀ ਚਲ ਰਹੀ ਹੈ ਅਤੇ ਅੱਗੋ ਵੀ ਚਲਦੀ ਰਹੇਗੀ , ਇਹ ਨਸ਼ਾ ਵੰਡ ਮੁਹਿੰਮ ਇਸ ਧਰਤੀ ਤੇ ਉਸ ਸਮੇਂ ਤੱਕ ਜਾਰੀ ਰਹੇਗੀ ਜਦੋਂ ਤੱਕ ਇਹ ਸਰਮਾਏਦਾਰ , ਕਾਰੋਬਾਰੀ , ਨਸ਼ਿਆਂ ਦੇ ਸੌਦਾਗਰ ਅਧਰਮੀ ਲੋਕ ਸਾਡੇ ਤੇ ਰਾਜ ਕਰਦੇ ਰਹਿਣਗੇ ਅਤੇ ਧਾਰਮਿਕ ਲੋਕ ਆਪਣੇ ਅਸਲ ਫ਼ਰਜਾਂ ਨੂੰ ਭੁੱਲ ਕੇ , ਸੱਚ ਤੋਂ ਬੇਮੁੱਖ ਹੋ ਕੇ ਆਪਣੇ ਨਿੱਜੀ ਮਨੋਰਥਾਂ ਲਈ ਇੰਨ੍ਹਾਂ ਹੁਕਮਰਾਨਾਂ ਦੀ ਚਾਪਲੂਸੀ ਕਰਦੇ ਰਹਿਣਗੇ ਅਤੇ ਇਨ੍ਹਾਂ ਦੀ ਗੋਦ ਦਾ ਨਿੱਘ ਮਾਣਦੇ ਰਹਿਣਗੇ । 

ਖਾਲਸਾ ਜੀ ,ਕੀ ਸਿੱਖ ਕੌਮ ਦੀ ਹੋਂਦ ਅਤੇ ਹਸਤੀ ਅੱਜ ਇੰਨੀ ਕਮਜ਼ੋਰ ਹੋ ਗਈ ਹੈ ਕਿ ਇਸ ਨੂੰ ਕਿਸੇ ਵਿਅਕਤੀ ਜਾਂ ਸੰਸਥਾ ਦੇ ਬਿਆਨ ਦੇਣ ਨਾਲ ਹੀ ਖ਼ਤਰਾ ਪੈਦਾ ਹੋ ਜਾਂਦਾ ਹੈ ? ਕੀ ਸਾਨੂੰ ਆਪਣੀ ਵੱਖਰੀ ਪਹਿਚਾਣ ਲਈ , ਹੋਂਦ ਅਤੇ ਹਸਤੀ ਲਈ ਕਿਸੇ ਭਾਗਵਤ ਦੇ ਸਰਟੀਫਿਕੇਟ ਦੀ ਜ਼ਰੂਰਤ ਹੈ । ਖਾਲਸਾ ਜੀ , ਅੱਜ ਸਿੱਖ ਕੌਮ ਨੂੰ ਅਤੇ ਸਿੱਖ ਧਰਮ ਨੂੰ ਖ਼ਤਰਾ ਕਿਸੇ ਭਾਗਵਤ ਦੇ ਬਿਆਨ ਜਾਂ ਕਿਸੇ ਵੀ ਤਰ੍ਹਾਂ ਦੇ ਡੇਰਾਬਾਦ ਤੋਂ ਨਹੀਂ ਹੈ , ਅੱਜ ਜੇਕਰ ਸਿੱਖ ਕੌਮ ਨੂੰ ਜਾਂ ਸਿੱਖ ਧਰਮ ਨੂੰ ਕੋਈ ਖ਼ਤਰਾ ਹੈ ਤਾਂ ਉਹ ਸਾਡੇ ਦੋਹਰੇ ਕਿਰਦਾਰ ਦੇ ਰਾਜਸੀ ਅਤੇ ਧਾਰਮਿਕ ਆਗੂਆਂ ਤੋਂ ਹੈ । ਸਾਡੇ ਤੇ ਪੀੜ੍ਹੀ ਦਰ ਪੀੜ੍ਹੀ ਰਾਜ ਕਰਦੇ ਆ ਰਹੇ ਅਧਰਮੀ ਲੋਕਾਂ ਤੋਂ ਹੈ । ਇਹ ਲੋਕ ਗੱਲਾਂ ਤਾਂ ਨਿਰਭਉ , ਨਿਰਵੈਰ ਅਕਾਲ-ਪੁਰਖ ਵਾਹਿਗੁਰੂ ਦੀਆਂ ਕਰਦੇ ਹਨ ਪਰ ਹੁਕਮਰਾਨਾਂ ਦੀ ਗੁਲਾਮੀ ਕਰਦੇ ਹਨ । ਇਹ ਲੋਕ ਕੌਮ ਦੀ ਅਣਖ਼ ਅਤੇ ਗੈਰਤ ਲਈ ਸ਼ਹੀਦ ਹੋਣ ਵਾਲੇ ਸ਼ਹੀਦਾਂ ਦੇ ਵਾਰਸ ਬਣਦੇ ਹਨ ਪਰ ਸਾਂਝ ਕਾਤਲਾਂ ਨਾਲ ਰੱਖਦੇ ਹਨ , ਇਹ ਲੋਕ ਸਿੱਖ ਕੌਮ ਤੇ ਹੋਏ ਜ਼ੁਲਮ ਅਤੇ ਹਜ਼ਾਰਾਂ ਸਿੱਖ ਨੌਜਵਾਨਾਂ ਦੇ ਹੋਏ ਕਤਲੇਆਮ ਤੇ ਮਗਰਮੱਛ ਦੇ ਹੰਝੂ ਵਹਾਉਂਦੇ ਹਨ ਪਰ ਖ਼ੁਦ ਜ਼ੁਲਮ ਕਰਨ ਵਾਲੇ ਕਾਤਲਾਂ ਨੂੰ ਉਚੇ ਅਹੁਦਿਆਂ ਨਾਲ ਸਨਮਾਨਦੇ ਹਨ । ਇਹ ਲੋਕ ਗੱਲਾਂ ਨਸ਼ਾ ਵਿਰੋਧੀ ਮੁਹਿੰਮ ਦੀਆਂ ਕਰਦੇ ਨੇ ਪਰ ਖ਼ੁਦ ਘਰ ‐ਘਰ ਤੱਕ ਨਸ਼ੇ ਪਹੁੰਚਾਉਂਦੇ ਹਨ , ਇਹ ਲੋਕ ਆਮ ਜਨਤਾ ਨੂੰ ਮਾਇਆ ਦਾ ਤਿਆਗ ਕਰਨ ਲਈ ਕਹਿੰਦੇ ਹਨ ਪਰ ਖ਼ੁਦ ਸਾਰਾ ਦਿਨ ਮਾਇਆ ਇੱਕਠੀ ਕਰਨ ਦੀਆਂ ਸਕੀਮਾਂ ਘੜਦੇ ਰਹਿੰਦੇ ਹਨ , ਇਹ ਲੋਕ ਗੱਲਾਂ ਰਾਜ ਨਹੀਂ ਸੇਵਾ ਦੀਆਂ ਕਰਦੇ ਹਨ ਪਰ ਗਰੀਬ ਜਨਤਾ ਨੂੰ ਹਰ ਮੋੜ ਹਰ ਗਲੀ ਵਿਚ ਲੁੱਟਦੇ ਨੇ , ਇਸ ਲਈ ਖਾਲਸਾ ਜੀ , ਅੱਜ ਕੌਮ ਨੂੰ , ਧਰਮ ਨੂੰ ਖ਼ਤਰਾ ਕਿਤੋਂ ਬਾਹਰੋਂ ਨਹੀਂ ਹੈ ਸਗੋਂ ਇਨ੍ਹਾਂ ਦੋਹਰੇ ਕਿਰਦਾਰ ਦੇ ਸਾਡੇ ਆਗੂਆਂ ਤੋਂ ਹੈ ।


ਖਾਲਸਾ ਜੀ , ਮੇਰੀ ਸਮੁੱਚੇ ਖਾਲਸਾ ਪੰਥ ਨੂੰ ਸਭ ਧਰਮਾਂ , ਵਰਗਾਂ ਦੇ , ਸੱਚ ਨੂੰ ਪਿਆਰ ਕਰਨ ਵਾਲੇ ਲੋਕਾਂ ਨੂੰ ਇਹ ਬੇਨਤੀ ਹੈ ਕਿ ਆਪਣੇ ਸੌੜੇ ਰਾਜਸੀ ਹਿੱਤਾ ਅਤੇ ਨਿੱਜੀ ਸਵਾਰਥਾਂ ਲਈ ਸਾਨੂੰ ਧਰਮਾਂ , ਵਰਗਾਂ , ਜਾਤਾਂ ,ਪਾਤਾਂ ਵਿਚ ਵੰਡ ਕੇ ਆਪਸ ਵਿਚ ਲੜਾਉਂਦੇ , ਮਰਵਾਉਂਦੇ ਸਾਡੇ ਤੇ ਪੀੜ੍ਹੀ ਦਰ ਪੀੜ੍ਹੀ ਰਾਜ ਕਰਦੇ ਇਨ੍ਹਾਂ ਮੌਕਾਪ੍ਰਸਤ ਰਾਜਸੀ ਆਗੂਆਂ ਅਤੇ ਇਨ੍ਹਾਂ ਦੇ ਧਾਰਮਿਕ ਪਹਿਰਾਵੇ ਵਿਚ ਪਾਲੇ ਹੋਏ ਪਾਖੰਡੀਆਂ ਦੀ ਹਰ ਚਾਲ ਨਾਕਾਮ ਕਰਕੇ ਆਪਸ ਵਿਚ ਪ੍ਰੇਮ ਨਾਲ ਰਹੋ ਅਤੇ ਉਸ ਅਕਾਲ-ਪੁਰਖ ਵਾਹਿਗੁਰੂ ਨਾਲ , ਸੱਚ ਨਾਲ ਜੁੜੋ । ਇਨ੍ਹਾਂ ਪਾਖੰਡੀਆਂ ਦੀਆਂ ਗੁੰਮਰਾਹਕੁੰਨ ਗੱਲਾਂ ਵਿਚ ਆਉਣ ਦੀ ਬਜਾਇ ਆਪਣੀ ਬੁੱਧੀ ਅਨੁਸਾਰ ਜੋ ਵੀ ਫੈਸਲਾ ਲੈਣੇ ਹਨ ਸੋਚ ਸਮਝ ਕੇ ਲਵੋ , ਹਮੇਸ਼ਾਂ ਸੱਚ ਦਾ ਸਾਥ ਦੇਵੋ । ਆਪਣੀ ਜ਼ਮੀਰ ਨੂੰ ਇੰਨਾ ਉੱਚਾ ਚੁੱਕੋ ਕਿ ਕੋਈ ਉਸਦੀ ਕੀਮਤ ਲਗਾਉਣ ਵਾਰੇ ਸੋਚ ਵੀ ਨਾ ਸਕੇ , ਅਣਖ਼ ਅਤੇ ਗੈਰਤ ਨਾਲ ਜੀਣ ਦੀ ਆਦਤ ਪਾਓ । ਆਪਣੇ ਹੱਕਾਂ ਲਈ ਲੜ੍ਹਣਾ ਸਿੱਖੋ , ਆਪਣੇ ਅੰਦਰ ਇਕ ਸੱਭਿਅਕ ਸਮਾਜ ਦੀ ਸਿਰਜਣਾ ਲਈ ਸੱਚ ਦੇ ਰਾਜ ਦੀ ਪ੍ਰਾਪਤੀ ਦੇ ਸੁਪਨੇ ਨੂੰ ਸਜਾਓ , ਆਪਣੇ ਬੱਚਿਆਂ ਨੂੰ ਤਹਿਜ਼ੀਬ , ਨੈਤਿਕਤਾ ਖ਼ੁਦ ਆਪਣੇ ਆਪ ਸਿਖਾਉ। ਆਪਣੀ ਮਾਨਸਿਕਤਾ ਨੂੰ ਇਨਾਂ ਮਜ਼ਬੂਤ ਕਰੋ ਕਿ ਬੇਸੱਕ ਇਹ ਹੁਕਮਰਾਨ ਸਾਡੇ ਆਲੇ ‐ਦੁਆਲੇ ਨਸ਼ੇ ਕਿਉਂ ਨਾ ਵੰਡਾ ਦੇਣ ਅਸੀਂ ਉਨ੍ਹਾਂ ਵੱਲ ਦੇਖੀਏ ਤੱਕ ਵੀ ਨਾ । ਫਿਰ ਇਕ ਦਿਨ ਜ਼ਰੂਰ ਆਵੇਗਾ ਜਦੋਂ ਅਸੀਂ ਇਨ੍ਹਾਂ ਨਸ਼ਿਆਂ ਦੇ ਸੌਦਾਗਰਾਂ ਅਤੇ ਪਾਖੰਡੀਆਂ ਤੋਂ ਮੁਕਤੀ ਪਾ ਕੇ ਇਸ ਧਰਤੀ ਤੇ ਸੱਚ ਦੇ ਰਾਜ ਦੀ ਸਥਾਪਨਾ ਕਰਾਂਗੇ ਅਤੇ ਇਨ੍ਹਾਂ ਦੁਸਟਾਂ ਨੂੰ ਇਨ੍ਹਾਂ ਦੀ ਅਸਲੀ ਜਗ੍ਹਾਂ ਪਹੁੰਚਾਵਾਂਗੇ ।
ਇਸ ਪਵਿੱਤਰ ਧਰਤੀ ਤੇ ਸੱਚ ਦੇ ਰਾਜ ਦੀ ਸਥਾਪਨਾ ਦਾ ਚਾਹਵਾਨ
ਤੁਹਾਡਾ ਆਪਣਾ ਬਲਵੰਤ ਸਿੰਘ ਰਾਜੋਆਣਾ 


ਮਿਤੀ 20.9.2014 ਕੋਠੀ ਨੰ: 16
ਕੇਂਦਰੀ ਜੇਲ੍ਹ ਪਟਿਆਲਾ (ਪੰਜਾਬ)