ਸਤਿਕਾਰਯੋਗ ਖਾਲਸਾ ਜੀਓ,
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫ਼ਤਹਿ॥
ਸੱਭ ਤੋਂ ਪਹਿਲਾਂ ਮੈਂ ਸਮੁੱਚੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਉਸ ਅਕਾਲ-ਪੁਰਖ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ । ਖਾਲਸਾ ਜੀ , ਜਦੋਂ ਵੀ ਹਰ ਸਾਲ ਜੂਨ ਅਤੇ ਨਵੰਬਰ ਮਹੀਨੇ ਦਾ ਪਹਿਲਾਂ ਹਫਤਾ ਆਉਂਦਾ ਹੈ , ਤਾਂ ਇੰਨਾਂ ਦਿਨਾਂ ਵਿਚ ਦਿੱਲੀ ਦੇ ਤਖ਼ਤ ਤੇ ਬੈਠੇ ਕਾਂਗਰਸੀ ਹੁਕਮਰਾਨਾਂ ਵੱਲੋਂ ਸਿਰਫ਼ ਸੱਤਾ ਦੀ ਪ੍ਰਾਪਤੀ ਲਈ 1984 ਵਿਚ ਸਿੱਖ ਕੌਮ ਤੇ ਕੀਤੇ ਗਏ ਭਿਆਨਕ ਜ਼ੁਲਮ ਦੀ ਦਾਸਤਾਨ ਨੂੰ ਮਹਿਸੂਸ ਕਰਕੇ ਹਰ ਗੈਰਤਮੰਦ ਸਿੱਖ ਦੀ ਰੂਹ ਤੇ ਲੱਗੇ ਹੋਏ ਜਖ਼ਮ ਤਾਜ਼ਾ ਹੋ ਜਾਂਦੇ ਹਨ , ਢਹਿ ਢੇਰੀ ਹੋਇਆ ਪਿਆ “ਸ੍ਰੀ ਅਕਾਲ ਤਖ਼ਤ ਸਾਹਿਬ” , ਪ੍ਰਕਰਮਾ ਵਿਚ ਪਈਆਂ ਹਜ਼ਾਰਾਂ ਨਿਰਦੋਸ਼ ਸਰਧਾਲੂਆਂ ਦੀਆਂ ਲਾਸਾਂ ਸਾਡੀਆਂ ਅੱਖਾਂ ਦੇ ਸਾਹਮਣੇ ਘੁੰਮਣ ਲੱਗ ਪੈਂਦੀਆਂ ਹਨ , ਰਾਜੀਵ ਗਾਂਧੀ ਦੀ ਅਗਵਾਈ ਵਿਚ ਕਾਂਗਰਸੀ ਹੁਕਮਰਾਨਾਂ ਵੱਲੋਂ ਦਿੱਲੀ ਦੀਆਂ ਗਲੀਆਂ ਵਿਚ ਖੇਡੀ ਗਈ ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਖੂਨ ਦੀ ਹੋਲੀ , ਬਚਾਉ ਬਚਾਉ ਕਰਦੀਆਂ ਸਾਡੀਆਂ ਧੀਆਂ ਭੈਣਾਂ ਦੀਆਂ ਚੀਕਾਂ , ਜਿਉਂਦੇ ਸਾੜੇ ਗਏ ਸਾਡੇ ਬਜੁਰਗਾਂ , ਬੱਚਿਆਂ ਦੀਆਂ ਚੀਕਾਂ ਹਰ ਗੈਰਤਮੰਦ ਸਿੱਖ ਦੇ ਕੰਨਾਂ ਵਿਚ ਗੂਜਣ ਲੱਗ ਪੈਂਦੀਆਂ ਹਨ ।ਇਹ ਸਾਰਾ ਜ਼ੁਲਮੀ ਵਰਤਾਰਾ ਸਾਡੀਆਂ ਅੱਖਾਂ ਦੇ ਸਾਹਮਣੇ ਘੁੰਮ ਜਾਂਦਾ ਹੈ । ਸਾਡੇ ਰਾਜਸੀ ਅਤੇ ਧਾਰਮਿਕ ਆਗੂਆਂ ਵੱਲੋਂ ਸਿੱਖ ਕੌਮ ਨਾਲ ਅਤੇ ਆਪਣੇ ਕੌਮੀ ਫਰਜਾਂ ਨਾਲ ਕੀਤੇ ਗਏ ਧੋਖੇ ਦੇ ਕਾਰਣ ਕੌਮੀ ਹੱਕ ਅਤੇ ਕੌਮੀ ਇਨਸਾਫ਼ ਨਾ ਮਿਲ ਸਕਣ ਦੇ ਕਾਰਣ ਸਾਡਾ ਆਲਾ-ਦੁਆਲਾ ਸਾਡੇ ਤੇ ਲਾਹਣਤਾਂ ਪਾਉਂਦਾ ਹੋਇਆ ਵੀ ਨਜ਼ਰ ਆਉਂਦਾ ਹੈ ।
ਇੰਨਾਂ ਲਾਹਣਤਾਂ ਨੂੰ ਮਹਿਸੂਸ ਕਰਕੇ ਸਰਮਸ਼ਾਰ ਹੋਈ ਹਰ ਰੂਹ ਕੁਝ ਨਾ ਕੁਝ ਕਰਕੇ ਆਪਣੇ ਕੌਮੀ ਫ਼ਰਜ ਅਦਾ ਕਰਨਾ ਚਾਹੁੰਦੀ ਹੈ । ਹਰ ਪਾਸੇ ਫੈਲੇ ਧੋਖੇ ਅਤੇ ਫਰੇਬ ਦੇ ਕਾਰਣ ਫਿਰ ਨਿਰਾਸ਼ ਹੋ ਕੇ ਬੈਠ ਜਾਂਦੀ ਹੈ । ਨਿਰਾਸ਼ਾ ਵਿਚ ਇੱਧਰ ਉੁੱਧਰ ਹੱਥ ਮਾਰਦੀ ਕਈ ਵਾਰ ਦਿੱਲੀ ਦੇ ਧੋਖੇ ਦਾ ਸ਼ਿਕਾਰ ਹੋ ਜਾਂਦੀ ਹੈ ।
ਖਾਲਸਾ ਜੀ , ਆਪਣੇ ਕੌਮੀ ਫ਼ਰਜ ਅਦਾ ਕਰਨ ਲਈ ਉੱਠੀਆਂ ਹੋਈਆਂ ਭਾਵਨਾਵਾਂ ਤੇ ਕਾਬਜ ਹੋ ਕੇ ਉਨ੍ਹਾਂ ਨੂੰ ਗੁੰਮਰਾਹ ਕਰਨ ਲਈ ਦਿੱਲੀ ਦੀਆਂ ਏਜੰਸੀਆਂ ਪਿਛਲੇ 30 ਸਾਲਾਂ ਤੋਂ ਸਿੱਖੀ ਮਾਖੌਟੇ ਵਿਚ ਪੂਰੀ ਤਰ੍ਹਾਂ ਸਰਗਰਮ ਹਨ , ਸਾਡੀਆਂ ਭੋਲੀਆਂ ‐ਭਾਲੀਆਂ ਜਖ਼ਮੀ ਕੌਮੀ ਭਾਵਨਾਵਾਂ ਪਿਛਲੇ 30 ਸਾਲਾਂ ਤੋਂ ਇੰਨਾਂ ਦੇ ਧੋਖੇ ਦਾ ਸ਼ਿਕਾਰ ਹੋ ਰਹੀਆਂ ਹਨ ।ਖਾਲਸਾ ਜੀ , ਇਸ ਵਾਰ ਵੀ ਕੁਝ ਲੋਕਾਂ ਵੱਲੋਂ ਇਸ ਜ਼ੁਲਮ ਦੇ ਖਿਲਾਫ਼ ਅਤੇ ਕੌਮੀ ਇਨਸਾਫ਼ ਨਾ ਮਿਲਣ ਦੇ ਰੋਸ ਵਜੋਂ 1 ਨਵੰਬਰ ਨੂੰ ਪੰਜਾਬ ਬੰਦ ਦਾ ਅਤੇ 3 ਨਵੰਬਰ ਨੂੰ ਹੱਕ ਅਤੇ ਇਨਸਾਫ਼ ਨਾਮ ਦਾ ਮਾਰਚ ਯੂ.ਐਨ.ਓ. ਦੇ ਦਫ਼ਤਰ ਤੱਕ ਲਿਜਾਣ ਦਾ ਐਲਾਣ ਕੀਤਾ ਹੋਇਆ ਹੈ । ਖਾਲਸਾ ਜੀ, ਆਉ ਆਪਾ ਆਪਣੇ ਕੌਮੀ ਫ਼ਰਜਾਂ ਪ੍ਰਤੀ ਸੁਚੇਤ ਹੋ ਕੇ ਇਹ ਪੜਚੋਲ ਕਰੀਏ ਕਿ ਪੰਜਾਬ ਬੰਦ ਦਾ ਸੱਦਾ ਦੇਣ ਵਾਲੇ ਅਤੇ ਹੱਕ ਅਤੇ ਇਨਸਾਫ਼ ਦਾ ਮਾਰਚ ਕੱਢਣ ਵਾਲੇ ਇਹ ਲੋਕ ਕੌਣ ਹਨ ? ਖਾਲਸਾ ਜੀ ,ਧਿਆਨ ਦੀ ਤੀਸਰੀ ਅੱਖ ਖੋਲ ਕੇ ਅਸੀਂ ਦੇਖਦੇ ਹਾਂ ਕਿ ਜੂਨ ਅਤੇ ਨਵੰਬਰ 1984 ਨੂੰ ਦਿੱਲੀ ਦੇ ਕਾਂਗਰਸੀ ਹੁਕਮਰਾਨਾਂ ਦੇ ਜ਼ੁਲਮ ਦਾ ਸ਼ਿਕਾਰ ਹੋਈਆਂ ਜਖ਼ਮੀ ਕੌਮੀ ਭਾਵਨਾਵਾਂ , ਕਾਂਗਰਸ , ਅਕਾਲੀ ਦਲ ਅਤੇ ਭਾਜਪਾ ਵਰਗੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਨਾਕਾਰ ਕੇ ਇਸ ਧਰਤੀ ਤੇ ਇੱਕ ਨਵਾਂ ਇਤਿਹਾਸ ਸਿਰਜਣ ਦੇ ਲਈ ਇੱਕ ਆਖੌਤੀ ਗਰਮ ਖਿਆਲੀ ਬਾਗੀ ਧਿਰ ਤੇ ਵਿਸ਼ਵਾਸ ਕਰਕੇ 1989 ਨੂੰ ਹੋਈਆਂ ਲੋਕ ਸਭਾ ਦੀਆਂ ਚੋਣਾਂ ਵਿਚ 13 ਮੈਬਰਾਂ ਵਿਚੋਂ 9 ਲੋਕ ਸਭਾ ਸੀਟਾਂ ਤੇ ਭਾਰੀ ਵੋਟਾਂ ਨਾਲ ਆਪਣੇ ਨੁਮਾਇੰਦਿਆਂ ਨੂੰ ਜਿਤਾ ਕੇ ਆਪਣੇ ਕੌਮੀ ਫ਼ਰਜ ਅਦਾ ਕਰਨ ਲਈ , ਕੌਮ ਤੇ ਹੋਏ ਜ਼ੁਲਮ ਦੀ ਦਾਸਤਾਨ ਨੂੰ ਪਾਰਲੀਮੈਂਟ ਰਾਹੀਂ ਪੂਰੀ ਦੁਨੀਆਂ ਤੱਕ ਪਹੁੰਚਾਉਣ ਲਈ ਪਾਰਲੀਮੈਂਟ ਵਿਚ ਭੇਜਦੀ ਹੈ ਤਾਂ ਕਿ ਉਨ੍ਹਾਂ ਦੇ ਚੁਣੇ ਹੋਏ ਨੁਮਾਇੰਦੇ ਕੌਮੀ ਹੱਕਾਂ ਅਤੇ ਕੌਮੀ ਇਨਸਾਫ਼ ਦੀ ਆਵਾਜ਼ ਪਾਰਲੀਮੈਂਟ ਵਿਚ ਬੁਲੰਦ ਕਰ ਸਕਣ, ਮਾਸੂਮ ਸਿੱਖਾਂ ਦੇ ਕਾਤਲਾਂ , ਬਲਾਤਕਾਰੀਆਂ ਨੂੰ ਦੇਖ ਕੇ ਅੱਖਾਂ ਬੰਦ ਕਰੀ ਬੈਠੇ ਭਾਰਤੀ ਨਿਆਂਇਕ ਸਿਸਟਿਮ ਖਿਲਾਫ਼ ਆਵਾਜ਼ ਬੁਲੰਦ ਕੀਤੀ ਜਾ ਸਕੇ । ਦੋਸ਼ੀਆਂ ਨੂੰ ਨਿਆਂ ਦੇ ਕਟਹਿਰੇ ਵਿਚ ਖੜਾ ਕਰਨ ਲਈ ਯੂ.ਐਨ. ਓ . ਤੱਕ ਪਹੁੰਚ ਕੀਤੀ ਜਾ ਸਕੇ ।
ਆਪਣੇ ਕੌਮੀ ਹੱਕਾਂ ਤੇ ਕੌਮੀ ਇਨਸਾਫ਼ ਦੇ ਸੰਘਰਸ਼ ਨੂੰ ਜਾਰੀ ਰੱਖਿਆ ਜਾ ਸਕੇ । ਪਰ ਖਾਲਸਾ ਜੀ , ਪਾਰਲੀਮੈਂਟ ਅੰਦਰ ਜਾ ਕੇ ਕੌਮੀ ਭਾਵਨਾਵਾਂ ਦਾ ਸਤਿਕਾਰ ਕਰਨ ਲਈ ਕੌਮੀ ਹੱਕਾਂ ਅਤੇ ਕੌਮੀ ਇਨਸਾਫ਼ ਦੀ ਆਵਾਜ਼ ਨੂੰ ਬੁਲੰਦ ਕਰਕੇ ਆਪਣੇ ਕੌਮੀ ਫ਼ਰਜ ਅਦਾ ਕਰਨ ਦੀ ਬਜਾਇ ਪਾਰਲੀਮੈਂਟ ਅੰਦਰ ਜਾਣ ਤੋਂ ਇਨਕਾਰੀ ਹੋਇਆ ਇਹ ਧੋਖਾ ਤਰ੍ਹਾਂ ਤਰ੍ਹਾਂ ਦੀਆਂ ਡਰਾਮੇਬਾਜੀਆਂ ਕਰਦਾ ਜਖ਼ਮੀ ਕੌਮੀ ਭਾਵਨਾਵਾਂ ਨੂੰ ਸੜਕਾਂ , ਗਲੀਆਂ ਵਿਚ ਰੋਲਦਾ , ਕਈ ਤਰ੍ਹਾਂ ਦੇ ਰੰਗਾਂ ਰੂਪਾਂ ਵਿੱਚ ਵਿਚਰਦਾ , ਜਖ਼ਮੀ ਕੌਮੀ ਭਾਵਨਾਵਾਂ ਨੂੰ ਗੁੰਮਰਾਹ ਕਰਦਾ , 1992 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦਾ ਬਾਈਕਾਟ ਕਰਕੇ ਕਾਤਲ ਕਾਂਗਰਸੀ ਹੁਕਮਰਾਨਾਂ ਦੀ ਸਰਕਾਰ ਬਣਾ ਕੇ ਹਜ਼ਾਰਾਂ ਸਿੱਖ ਨੌਜਵਾਨਾਂ ਦੇ ਕਤਲੇਆਮ ਲਈ ਰਾਹ ਪੱਧਰਾ ਕਰਦਾ , ਹਿੰਦੂ ਸਿੱਖਾਂ ਨੂੰ ਆਪਸ ਵਿਚ ਲੜਾ ਕੇ ਕਾਤਲ ਕਾਂਗਰਸ ਪਾਰਟੀ ਵੱਲੋਂ ਧਿਆਨ ਪਰੇ ਕਰਨ ਦੀ ਕੋਸ਼ਿਸ ਕਰਦਾ , 25000 ਸਿੱਖ ਨੌਜਵਾਨਾਂ ਦੇ ਕਤਲੇਆਮ ਲਈ ਜਿੰਮੇਵਾਰ ਕੇ.ਪੀ.ਐਸ. ਗਿੱਲ ਵਰਗੇ ਪੁਲਿਸ ਅਫ਼ਸਰਾਂ ਦੇ ਗਲਾਂ ਵਿਚ ਸਿਰੋਪਾਓ ਪਾ ਕੇ ਉਨ੍ਹਾਂ ਨੂੰ ਸਨਮਾਨਦਾ , ਕਾਂਗਰਸ ਦੇ ਮੁੱਖ ਮੰਤਰੀਆਂ ਦੇ ਗਲਾਂ ਵਿਚ ਸਿਰਾਪਾਓ ਪਾਉਂਦਾ , ਜਗਦੀਸ਼ ਟਾਈਟਲਰ , ਸੱਜਣ ਕੁਮਾਰ ਵਰਗੇ ਕਾਤਲਾਂ ਨੂੰ ਪਾਲਣ ਵਾਲੇ ਗਾਂਧੀ ਪਰਿਵਾਰ ਦੇ ਵਫ਼ਾਦਾਰ ਸਿੱਖਾਂ ਨੂੰ ਵਧੀਆ ਸਿੱਖ ਹੋਣ ਦੇ ਖਿਤਾਬ ਦਿੰਦਾ , ਉਸੇ ਕਾਤਲ ਕਾਂਗਰਸ ਪਾਰਟੀ ਦੀ ਪੰਜਾਬ ਦੀ ਧਰਤੀ ਤੇ ਸਰਕਾਰ ਬਣਾਉਣ ਲਈ ਕੋਸ਼ਿਸਾਂ ਕਰਦਾ , ਕਾਤਲਾਂ ਨੂੰ ਅਦਾਲਤਾਂ ਵਿਚੋਂ ਬਰੀ ਕਰਵਾਉਂਦਾ , ਕੌਮੀ ਫੰਡਾਂ ਤੇ ਕਾਬਜ ਹੋ ਕੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਰੋਲਦਾ , ਉਨ੍ਹਾਂ ਦੀਆਂ ਸਹਾਦਤਾਂ ਨੂੰ ਸਮਾਜ ਲਈ ਸਬਕ ਬਣਾਉਂਦਾ , ਕਾਤਲਾਂ ਦੀ ਚਾਕਰੀ ਕਰਦਾ , ਅਕਾਲ ਤਖ਼ਤ ਸਾਹਿਬ ਤੇ ਜਾ ਕੇ ਖ਼ਾਲਿਸਤਾਨ ਜਿੰਦਾਬਾਦ ਦੇ ਨਾਹਰੇ ਲਾ ਕੇ ਤਲਵਾਰਾਂ ਲਹਿਰਾ ਕੇ ਦੁਸ਼ਮਣੀ ਹਿੱਤਾਂ ਦੀ ਪੂਰਤੀ ਕਰਦਾ , ਸੱਚੀਆਂ ‐ਸੁੱਚੀਆਂ ਕੌਮੀ ਭਾਵਨਾਵਾਂ ਨੂੰ ਰੋਲ ਕੇ , ਥਕਾ ਕੇ , ਨਿਢਾਲ ਅਤੇ ਨਿਰਾਸ਼ ਕਰਕੇ ਚੋਣਾਂ ਨਾ ਲੜਨ ਦਾ ਐਲਾਨ ਕਰਕੇ ਉਨ੍ਹਾਂ ਹੀ ਰਾਜਨੀਤਿਕ ਪਾਰਟੀਆਂ ਨੂੰ ਸਾਡੇ ਤੇ ਸਥਾਪਤ ਹੋਣ ਲਈ ਰਾਹ ਪੱਧਰਾ ਕਰਦਾ ਜਿੰਨ੍ਹਾ ਦੀ ਗੰਦੀ ਰਾਜਨੀਤੀ ਦੀ ਖੇਡ ਨੇ ਹਜ਼ਾਰਾਂ ਸਿੱਖ ਨੌਜਵਾਨਾਂ ਦੀ , ਮਾਵਾਂ ਦੇ ਪੁੱਤਾਂ ਦੀ ਬਲੀ ਲੈ ਲਈ , ਤਰ੍ਹਾਂ ਤਰ੍ਹਾਂ ਦੇ ਟੋਲਿਆਂ ਵਿਚ ਵਿਚਰਦਾ ਇਹ ਧੋਖਾਂ ਅੱਜ ਫਿਰ ਆਪਣਾ ਘਿਨੌਣਾ ਅਤੇ ਢੀਠਤਾ ਵਾਲਾ ਚਿਹਰਾ ਲੈ ਕੇ ਇਕ ਨਵੇਂ ਸਫ਼ਰ ਤੇ ਨਿਕਲਣ ਦੀ ਤਿਆਰੀ ਕਰ ਰਿਹਾ ਹੈ ।
ਖਾਲਸਾ ਜੀ , ਪੰਜਾਬ ਬੰਦ ਦਾ ਸੱਦਾ ਦੇਣ ਵਾਲੇ ਅਤੇ ਯੂ. ਐਨ.ਓ. ਤੱਕ ਮਾਰਚ ਲੈ ਕੇ ਜਾਣ ਵਾਲੇ ਜਿਆਦਾਤਰ ਲੋਕ ਇਸੇ ਧੋਖੇ ਦਾ ਹੀ ਹਿੱਸਾ ਰਹੇ ਹਨ ।
ਖਾਲਸਾ ਜੀ , ਜਦੋਂ ਕਾਤਲ ਸਾਹਮਣੇ ਸਨ , ਦੇਸ਼ ਦੇ ਕਾਤਲ ਕਾਂਗਰਸੀ ਹੁਕਮਰਾਨਾਂ ਵੱਲੋਂ ਉਨ੍ਹਾਂ ਨੂੰ ਉੱਚ ਅਹੁਦੇ ਦੇ ਕੇ ਸਨਮਾਨਿਆ ਜਾ ਰਿਹਾ ਸੀ , ਜਦੋਂ ਉਨ੍ਹਾਂ ਕਾਤਲਾਂ ਦੇ ਖਿਲਾਫ਼ ਸਬੂਤ ਵੀ ਮੌਜੂਦ ਸਨ , ਜਦੋਂ ਪੰਜਾਬ ਦੀ ਧਰਤੀ ਨੂੰ ਨਿਰਦੋਸ਼ ਸਿੱਖ ਨੌਜਵਾਨਾਂ ਦੇ ਖੂਨ ਨਾਲ ਰੰਗਿਆ ਜਾ ਰਿਹਾ ਸੀ ਤਾਂ ਉਸ ਸਮੇਂ ਇੰਨਾਂ ਹੁਕਮਰਾਨਾਂ ਦੇ ਖਿਲਾਫ਼ ਅਤੇ ਕਾਤਲਾਂ ਦੇ ਖਿਲਾਫ਼ ਕੋਈ ਸ਼ੰਘਰਸ ਕਰਨ ਦੀ ਬਜਾਇ ਉਨ੍ਹਾਂ ਦੇ ਗਲਾਂ ਵਿਚ ਸਿਰੋਪਾਉ ਪਾਉਂਦੇ , ਉਨ੍ਹਾਂ ਦਾ ਸਨਮਾਨ ਕਰਦੇ , ਕਾਤਲ ਕਾਂਗਰਸ ਦਾ ਰਾਜ ਭਾਗ ਸਥਾਪਤ ਕਰਨ ਦੀ ਕੋਸ਼ਿਸ ਕਰਦੇ , ਸੱਚ ਨੂੰ ਖ਼ਤਮ ਕਰਕੇ ਅਤੇ ਕਰਵਾ ਕੇ ਜਖ਼ਮੀ ਕੌਮੀ ਭਾਵਨਾਵਾਂ ਤੇ ਸਥਾਪਤ ਹੋਣ ਦੀ ਨਾਕਾਮ ਕੋਸ਼ਿਸ ਕਰਦੇ ਇਸ ਧੋਖੇ ਨੂੰ ਅੱਜ ਜਦੋਂ ਇਹ ਯਕੀਨ ਹੋ ਗਿਆ ਹੈ ਕਿ ਹੁਣ ਕਾਤਲਾਂ ਦੇ ਖਿਲਾਫ਼ ਸਾਰੇ ਸਬੂਤ ਨਸ਼ਟ ਹੋ ਗਏ ਹਨ ਹੁਣ ਕਿਸੇ ਵੀ ਕਾਤਲ ਨੂੰ ਕੋਈ ਸਜ਼ਾ ਨਹੀਂ ਹੋ ਸਕਦੀ , ਬਹੁਤੇ ਕਾਤਲ ਕੁਦਰਤੀ ਮੌਤੇ ਮਰ ਗਏ ਹੋਣਗੇ ਤਾਂ ਇਸ ਧੋਖੇ ਵੱਲੋਂ ਵਿਦੇਸੀ ਫੰਡਾਂ ਨੂੰ ਹੜੱਪਣ ਲਈ ਅਤੇ ਕੌਮੀ ਭਾਵਨਾਵਾਂ ਨੂੰ ਗੁੰਮਰਾਹ ਕਰਨ ਲਈ ਪੰਜਾਬ ਬੰਦ ਦਾ ਸੱਦਾ ਦੇਣਾ ਅਤੇ ਹੱਕ ਅਤੇ ਇਨਸਾਫ਼ ਨਾਮ ਦਾ ਮਾਰਚ ਲੈ ਕੇ ਦਿੱਲੀ ਜਾਣਾ , ਯੂ, ਐਨ.ਓ. ਤੋਂ ਇਨਸਾਫ਼ ਦੀ ਮੰਗ ਕਰਕੇ ਕਾਂਗਰਸੀ ਹੁਕਮਰਾਨਾਂ ਵੱਲੋਂ ਦਿੱਤੇ ਦਰਦ ਅਤੇ ਪੀੜਾ ਉਪਰ ਸਥਾਪਤ ਹੋਣ ਦੀ ਕੋਸ਼ਿਸ ਕਰਨਾ ਬਹੁਤ ਹੀ ਦੁਖਦਾਇਕ ਅਤੇ ਸ਼ਰਮਨਾਕ ਹੈ ।
ਵੈਸੇ ਵੀ 1984 ਤੋਂ ਬਾਅਦ ਹਰ ਉਸ ਸਿੱਖ ਨੂੰ ਜਿਸ ਨੇ ਕਦੇ ਕਾਂਗਰਸ ਦੀ ਮੱਦਦ ਕੀਤੀ ਹੋਵੇ , ਸਿੱਧੇ ਜਾਂ ਅਸਿੱਧੇ ਤੌਰ ਤੇ ਉਨ੍ਹਾਂ ਦਾ ਰਾਜ ਭਾਗ ਕਾਇਮ ਕਰਨ ਲਈ ਕੋਈ ਕੋਸ਼ਿਸ ਕੀਤੀ ਹੋਵੇ , ਉਸ ਨੂੰ ਇਸ ਦਰਦ ਤੇ , ਇਸ ਕੌਮੀ ਪੀੜਾ ਤੇ ਅਫ਼ਸੋਸ ਕਰਨ ਦਾ ਕੋਈ ਨੈਤਿਕ ਹੱਕ ਨਹੀਂ ਹੈ ।
ਖਾਲਸਾ ਜੀ , ਦੁਨੀਆਂ ਦੇ ਇਤਿਹਾਸ ਦੇ ਪੰਨਿਆਂ ਦਾ ਇਹ ਸੱਚ ਹੈ ਕਿ ਹੱਕ ਅਤੇ ਇਨਸਾਫ਼ ਉਨ੍ਹਾਂ ਕੌਮਾਂ ਨੂੰ ਮਿਲਿਆ ਕਰਦੇ ਨੇ , ਦੁਨੀਆਂ ਦੇ ਲੋਕ ਉਨ੍ਹਾਂ ਕੌਮਾਂ ਨੂੰ ਯਾਦ ਕਰਿਆ ਕਰਦੇ ਹਨ ਜਿੰਨ੍ਹਾਂ ਦੀ ਅਗਵਾਈ ਕਰਨ ਵਾਲੇ ਨੇਤਾ ਆਪਣੀ ਕੌਮ ਦੇ ਮਾਨ-ਸਨਮਾਨ ਲਈ ਕੁਝ ਵੀ ਬਲੀਦਾਨ ਕਰਨ ਦੀ ਹਿੰਮਤ ਰੱਖਦੇ ਹੋਣ , ਸੱਚ ਨੂੰ ਅਤੇ ਆਪਣੀਆਂ ਕੌਮੀ ਭਾਵਨਾਵਾਂ ਨੂੰ ਸੱਚੇ ਦਿਲੋਂ ਸਮਰਪਿਤ ਹੋਣ , ਜਿਹੜੇ ਆਪਣਾ ਧਰਮ ਨਿਭਾਉਣਾ ਜਾਣਦੇ ਹੋਣ। ਦੋਗਲੇ ਅਤੇ ਧੋਖੇਬਾਜ ਨੇਤਾਵਾਂ ਦੀ ਅਗਵਾਈ ਵਿਚ ਕੌਮਾਂ ਨੂੰ ਅਕਸਰ ਜਲਾਲਤ ਸਹਿਣੀ ਪੈਂਦੀ ਹੈ ਅਤੇ ਗੁਲਾਮੀ ਦਾ ਜੀਵਨ ਜਿਉਣ ਲਈ ਮਜਬੂਰ ਹੋਣਾ ਪੈਂਦਾ ਹੈ । ਸਿੱਖ ਕੌਮ ਵੱਲੋਂ ਪਿਛਲੇ 30 ਸਾਲ ਤੋਂ ਆਪਣਾ ਇਨਸਾਫ਼ ਅਤੇ ਹੱਕ ਨਾ ਲੈ ਸਕਣ ਦਾ ਮੁੱਖ ਕਾਰਣ ਵੀ ਇਹ ਹੀ ਹੈ । ਧੋਖੇਬਾਜ਼ ਅਤੇ ਦੋਗਲੀ ਨਸ਼ਲ ਦੇ ਨੇਤਾਵਾਂ ਦੇ ਕਾਰਣ ਹੀ ਅੱਜ ਸਿੱਖ ਕੌਮ ਦੁਨੀਆਂ ਦੇ ਸਾਹਮਣੇ ਆਪਣਾ ਮਾਨ ‐ਸਨਮਾਨ ਖੋ ਬੈਠੀ ਹੈ ।
ਖਾਲਸਾ ਜੀ , ਅੱਜ ਸਾਨੂੰ ਇਸ ਸੱਚ ਨੂੰ ਸਵੀਕਾਰ ਕਰ ਲੈਣਾ ਚਾਹੀਦਾ ਹੈ ਕਿ ਇਹ ਇਨਸਾਫ਼ , ਉਨ੍ਹਾਂ ਮਾਸੂਮਾਂ ਨੂੰ , ਪੀੜਤਾਂ ਨੂੰ , ਕੌਮ ਨੂੰ ਹੁਣ ਕਦੇ ਵੀ ਨਹੀਂ ਮਿਲੇਗਾ । ਅੱਜ ਸਾਨੂੰ ਇਨਸਾਫ਼ ਲੈਣ ਲਈ ਕਿਸੇ ਯੂ. ਐਨ. ਓ . ਦੇ ਦਫ਼ਤਰ ਵਿਚ ਜਾਣ ਦੀ ਜ਼ਰੂਰਤ ਨਹੀਂ ਹੈ ਸਗੋਂ ਅੱਜ ਕੌਮ ਦੇ ਰਾਜਸੀ ਅਤੇ ਧਾਰਮਿਕ ਆਗੂਆਂ ਨੂੰ ਆਪਣੀ ਆਤਮਾ ਦੀ ਅਦਾਲਤ ਵਿਚ ਪੇਸ ਹੋ ਕੇ , ਆਪਣੇ ਆਪ ਨੂੰ ਆਪਣੀ ਆਤਮਾ ਦੇ ਕਟਹਿਰੇ ਵਿਚ ਖੜ੍ਹਾ ਕਰਕੇ ਆਪਣੇ ਆਪ ਨੂੰ ਹੀ ਇਹ ਸਵਾਲ ਪੁੱਛਣਾ ਚਾਹੀਦਾ ਹੈ ਕਿ ਪਿਛਲੇ 30 ਸਾਲਾਂ ਦੇ ਦੌਰਾਨ ਕੌਮ ਤੇ ਹੋਏ ਜ਼ੁਲਮ , ਕੌਮ ਨਾਲ ਹੋਈਆਂ ਬੇਇਨਸਾਫ਼ੀਆਂ ਦੇ ਖਿਲਾਫ਼ ਅਸੀਂ ਕਦੋਂ ਅਤੇ ਕਿੱਥੇ ਖੜ੍ਹੇ ਹੋਏ ਹਾਂ , ਕੌਮੀ ਇਨਸਾਫ਼ ਲਈ ਕੌਮੀ ਨੇਤਾਵਾਂ ਨੇ ਕੀ ਕਦੇ ਕੋਈ ਕੋਸ਼ਿਸ ਕੀਤੀ ਵੀ ਹੈ ? ਕਦੇ ਕੋਈ ਸ਼ੰਘਰਸ ਕੀਤਾ ਵੀ ਹੈ ? ਜਦ ਕੋਈ ਸ਼ੰਘਰਸ ਹੀ ਨਹੀਂ ਕੀਤਾ ਤਾਂ ਇਨਸਾਫ਼ ਕਿਵੇਂ ਮਿਲੇਗਾ? ਕੀ ਸਾਡੀ ਆਪਣੀ ਧਰਤੀ ਤੇ ਹਜ਼ਾਰਾਂ ਸਿੱਖ ਨੌਜਵਾਨਾਂ ਦੇ ਕਾਤਲ ਨੂੰ ਰਾਜ ਦਾ ਪੁਲਿਸ ਮੁਖੀ ਨਹੀਂ ਲਗਾਇਆ ਹੋਇਆ ? ਖੁਦ ਉਨ੍ਹਾਂ ਕਾਤਲਾਂ ਨੂੰ ਸਨਮਾਨਣਾ ਅਤੇ ਯੂ.ਐਨ.ਓ.ਤੋਂ ਇਨਸਾਫ਼ ਦੀ ਮੰਗ ਕਰਨਾ ਕੌਮ ਨਾਲ, ਉਸ ਪੀੜਾ ਨਾਲ , ਉਸ ਦਰਦ ਨਾਲ ਧੋਖਾ ਹੈ । ਉਏ ਝੂਠ ਦੇ ਵਪਾਰੀਓ ਹੁਣ ਤਾਂ ਬੱਸ ਕਰੋ, ਬਖ਼ਸ ਦੇਵੋ ਇਸ ਦਰਦ ਨੂੰ , ਇਸ ਪੀੜਾ ਨੂੰ , ਇਸ ਰਿਸਦੇ ਜਖ਼ਮ ਨੂੰ , ਇਸ ਤੇ ਰਾਜਨੀਤੀ ਨਾ ਕਰੋ , ਇਸ ਦੁਖਦੀ ਰਗ ਤੇ ਆਪਣੇ ਨਾਕਾਪ ਹੱਥ ਨਾ ਰੱਖੋ , ਇਹ ਦਰਦ ਤੁਹਾਡੇ ਸਾਰਿਆਂ ਦਾ ਤਖ਼ਤਾ ਪਲਟਣ ਦੀ ਹਿੰਮਤ ਰੱਖਦਾ ਹੈ ।
ਖਾਲਸਾ ਜੀ ਮੈਂ 1 ਨਵੰਬਰ ਨੂੰ ਦਿੱਤੇ ਪੰਜਾਬ ਬੰਦ ਦੇ ਸੱਦੇ ਦਾ ਅਤੇ 3 ਨਵੰਬਰ ਨੂੰ ਯੂ.ਐਨ.ਓ. ਦੇ ਦਫ਼ਤਰ ਤੱਕ ਜਾਣ ਵਾਲੇ ਅਖੌਤੀ ਹੱਕ ਅਤੇ ਇਨਸਾਫ਼ ਦੇ ਮਾਰਚ ਦਾ ਪੂਰਨ ਰੂਪ ਵਿਚ ਵਿਰੋਧ ਕਰਦਾ ਹਾਂ । ਇੰਨ੍ਹਾਂ ਦੋਨਾਂ ਕਾਰਵਾਈਆਂ ਦਾ ਨਵੰਬਰ 1984 ਦੀ ਪੀੜਾ ਨਾਲ , ਦਰਦ ਨਾਲ , ਇਨਸਾਫ਼ ਨਾਲ ਦੂਰ ਦਾ ਵੀ ਕੋਈ ਨਾਤਾ ਨਹੀਂ ਹੈ । ਇਹ ਨਵੰਬਰ 1984 ਦਾ ਕਹਿਰ ਵਰਤਾਉਣ ਵਾਲੀ ਉਸੇ ਕਾਤਲ ਕਾਂਗਰਸ ਪਾਰਟੀ ਵੱਲੋਂ 2017 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲਈ ਆਰੰਭੀਆਂ ਹੋਈਆਂ ਕਾਰਵਾਈਆਂ ਹਨ । ਕਾਤਲ ਖੁਦ ਹੀ ਰੂਪ ਬਦਲ ਕੇ ਕਤਲੇਆਮ ਦੀ ਪੀੜਾ ਤੇ ਸਥਾਪਤ ਹੋਣ ਦਾ ਯਤਨ ਕਰ ਰਹੇ ਹਨ । ਇਸ ਤੋਂ ਇਲਾਵਾ ਇੰਨਾਂ ਕਾਰਵਾਈਆਂ ਦੀ ਹੋਰ ਕੋਈ ਵੀ ਅਹਿਮੀਅਤ ਨਹੀਂ ਹੈ ।
ਖਾਲਸਾ ਜੀ , ਆਉ ਆਪਾ ਸਿੱਖੀ ਮਾਖੌਟੇ ਵਿਚ ਵਿਚਰਦੇ ਇਸ ਧੋਖੇ ਤੋਂ ਸੁਚੇਤ ਹੋ ਕੇ ਇਹ ਪ੍ਰਣ ਕਰੀਏ ਕਿ ਬੇਸੱਕ ਇਸ ਦੇਸ਼ ਦੇ ਹੁਕਮਰਾਨਾਂ ਨੇ ਸਾਨੂੰ ਇਨਸਾਫ਼ ਨਹੀਂ ਦਿੱਤਾ , ਬੇਸੱਕ ਇਸ ਦੇਸ਼ ਦਾ ਨਿਆਇਕ ਸਿਸਟਿਮ ਵੀ ਇਸ ਜ਼ੁਲਮੀ ਵਰਤਾਰੇ ਤੇ ਖਾਮੋਸ਼ ਰਹਿ ਕੇ ਸਾਡੇ ਜਖ਼ਮਾਂ ਤੇ ਲੂਣ ਛਿੜਕਦਾ ਰਿਹਾ , ਬੇਸੱਕ ਅਸੀਂ ਕੌਮ ਲਈ , ਉਨ੍ਹਾਂ ਕਤਲੇਆਮ ਦਾ ਸ਼ਿਕਾਰ ਹੋਏ ਮਾਸੂਮਾਂ ਲਈ ਇਨਸਾਫ਼ ਨਹੀਂ ਲੈ ਸਕੇ ਪਰ ਆਉ ਆਪਾ 2017 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿਚ ਇੰਨਾਂ ਕਾਤਲ ਅਤੇ ਧੋਖੇਬਾਜ਼ ਰਾਜਨੀਤਿਕ ਪਾਰਟੀਆਂ ਦਾ ਤਖ਼ਤਾ ਪਲਟ ਕੇ ਇਸ ਧਰਤੀ ਤੋਂ ਇਨ੍ਹਾਂ ਪਾਰਟੀਆਂ ਦਾ ਰਾਜਨੀਤਿਕ ਤੌਰ ਤੇ ਨਾਮੋ ਨਿਸ਼ਾਨ ਮਿਟਾ ਦੇਈਏ ।ਸੱਚੇ , ਸੁਹਿਰਦ ਅਤੇ ਕੌਮ ਨੂੰ ਸਮਰਪਿਤ ਲੋਕਾਂ ਦੀ ਅਗਵਾਈ ਵਿਚ ਇਸ ਧਰਤੀ ਤੇ ਸੱਚ ਦਾ ਰਾਜ ਸਥਾਪਤ ਕਰੀਏ । ਸਾਡੇ ਵੱਲੋਂ ਅਜਿਹਾ ਕੀਤਾ ਹੋਇਆ ਕੋਈ ਕਾਰਜ ਹੀ ਕੌਮ ਲਈ , ਉਸ ਦਰਦ ਲਈ , ਉਸ ਪੀੜਾ ਲਈ ਸੱਚਾ ਇਨਸਾਫ਼ ਹੋਵੇਗਾ । ਉਨ੍ਹਾ ਮਾਸੂਮਾਂ ਨੂੰ ਸੱਚੀ ਸਰਧਾਂਜਲੀ ਹੋਵੇਗੀ । ਨਹੀਂ ਤਾਂ ਉਨ੍ਹਾਂ ਕਾਤਲਾਂ ਦਾ , ਧੋਖੇਬਾਜ਼ਾਂ ਦਾ ਰਾਜ ਸਥਾਪਤ ਕਰਨ ਲਈ ਯਤਨ ਕਰਨੇ ਅਤੇ ਕੌਮ ਲਈ ਇਨਸਾਫ਼ ਮੰਗਣ ਦੀ ਡਰਾਮੇਬਾਜ਼ੀ ਕਰਨਾ ਕੌਮ ਨਾਲ ਧੋਖਾ ਹੈ । ਧੋਖਾ ਹਮੇਸ਼ਾਂ ਜਲਾਲਤ ਨੂੰ ਹੀ ਜਨਮ ਦਿੰਦਾ ਹੈ । ਸਾਨੂੰ ਮਾਨ ‐ਸਨਮਾਨ ਨਾਲ ਜੀਣ ਲਈ ਇੰਨ੍ਹਾਂ ਕਾਤਲਾਂ ਅਤੇ ਧੋਖੇਬਾਜ ਹੁਕਮਰਾਨਾਂ ਨੂੰ ਇਸ ਧਰਤੀ ਤੋਂ ਹਰਾਉਣਾ ਪਵੇਗਾ ।
ਇਸ ਧਰਤੀ ਤੇ ਸੱਚ ਦੇ ਰਾਜ ਦੀ ਸਥਾਪਨਾ ਦਾ ਚਾਹਵਾਨ
ਤੁਹਾਡਾ ਆਪਣਾ
ਬਲਵੰਤ ਸਿੰਘ ਰਾਜੋਅਣਾ
ਮਿਤੀ 25-10-2014 ਕੋਠੀ ਨੰ:16
ਕੇਂਦਰੀ ਜੇਲ੍ਹ ਪਟਿਆਲਾ
ਪੰਜਾਬ