Sunday, 20 October 2013

Jathedar Rajoana's Letter Regarding Penji Kamaldeep Kaur & Elections 19/10/2013







ਸਤਿਕਾਰਯੋਗ ਖਾਲਸਾ ਜੀਓ,
ਵਾਹਿਗੁਰੂ ਜੀ ਕਾ ਖਾਲਸਾ ॥
ਵਾਹਿਗੁਰੂ ਜੀ ਕੀ ਫ਼ਤਹਿ॥
ਸੱਭ ਤੋਂ ਪਹਿਲਾਂ ਮੈਂ ਸਮੁੱਚੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਉਸ ਅਕਾਲ-ਪੁਰਖ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ । ਖਾਲਸਾ ਜੀ , ਅੱਜ ਮੈਂ ਇਥੇ ਇਹ ਸਪੱਸਟ ਕਰਦਾ ਹਾਂ ਕਿ ਆਪਣੇ ਕੌਮੀ ਹੱਕਾਂ ਦੀ , ਕੌਮੀ ਇਨਸਾਫ਼ ਦੀ ਅਵਾਜ਼ ਨੂੰ ਪੂਰੀ ਦੁਨੀਆਂ ਤੱਕ ਪਹੁੰਚਾਉਣ ਲਈ ਸਾਡੇ ਵੱਲੋਂ ਪਟਿਆਲਾ ਲੋਕ ਸਭਾ ਹਲਕੇ ਤੋਂ ਚੋਣ ਲਵੀ ਜਾਵੇਗੀ । ਮੇਰੇ ਵੱਲੋਂ ਇਹ ਚੋਣ ਮੇਰੀ ਭੈਣ ਬੀਬੀ ਕਮਲਦੀਪ ਕੌਰ ਸਮੁੱਚੇ ਖਾਲਸਾ ਪੰਥ ਦੇ ਸਹਿਯੋਗ ਨਾਲ ਅਜ਼ਾਦ ਉਮੀਦਵਾਰ ਦੇ ਤੌਰ ਤੇ ਲੜੇਗੀ । ਮੇਰੀ ਇਹ ਭੈਣ ਇੰਨ੍ਹਾਂ ਔਖੇ ਰਾਹਾਂ ਤੇ ਪਿਛਲੇ 20 ਸਾਲਾਂ ਤੋਂ ਲਗਾਤਾਰ ਸੰਘਰਸ਼ ਕਰਦੀ ਹੋਈ ਮੇਰੇ ਨਾਲ ਸਾਏ ਦੀ ਤਰ੍ਹਾਂ ਵਿਚਰ ਰਹੀ ਹੈ । ਮੇਰੇ ਸੰਘਰਸ਼ ਦੀ ਅਸਲ ਵਾਰਿਸ ਹੈ ।
ਖਾਲਸਾ ਜੀ , ਪਿਛਲੇ ਦਹਾਕਿਆਂ ਵਿੱਚ ਹੋਈਆਂ ਘਟਨਾਵਾਂ ਵਾਰੇ ਕੀਤੀ ਲੰਮੀ ਸੋਚ ਵਿਚਾਰ ਤੋਂ ਬਾਅਦ ਮੈਂ ਇਸ ਨਤੀਜੇ ਤੇ ਪਹੁੰਚਿਆ ਹਾਂ ਕਿ ਮੌਜੂਦਾ ਚੋਣ ਪ੍ਰਕ੍ਰਿਆ ਤੋਂ ਦੂਰ ਹੋ ਕੇ ਕਾਤਲ ਅਤੇ ਲੁਟੇਰੇ ਸਰਮਾਏਦਾਰ ਲੋਕਾਂ ਦੇ ਹੱਥਾਂ ਵਿੱਚ ਸੱਤਾ ਸੌਂਪ ਕੇ ਅਸੀਂ ਆਪਣੇ ਕੋਈ ਵੀ ਕੌਮੀ ਹੱਕ ਅਤੇ ਕੌਮੀ ਇਨਸਾਫ਼ ਕਦੇ ਵੀ ਪ੍ਰਾਪਤ ਨਹੀਂ ਕਰ ਸਕਦੇ । ਜੇਕਰ ਪੰਜਾਬ ਦੀ ਧਰਤੀ ਨੂੰ ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਖੂਨ ਨਾਲ ਰੰਗਣ ਵਾਲੇ ਕਾਤਲ ਹੁਕਮਰਾਨ ਹੀ ਸਾਡੀ ਇਸ ਧਰਤੀ ਤੋਂ ਜਿੱਤ ਪ੍ਰਾਪਤ ਕਰਦੇ ਹਨ ਤਾਂ ਇਹ ਸਮੁੱਚੇ ਖਾਲਸਾ ਪੰਥ ਲਈ ਬਹੁਤ ਹੀ ਨਮੋਸ਼ੀ ਵਾਲੀ ਗੱਲ ਹੈ ।ਚੁੱਪਚਾਪ ਕਾਤਲਾਂ ਨੂੰ ਇਸ ਧਰਤੀ ਤੋਂ ਜਿੱਤਦੇ ਦੇਖਣਾ ਆਪਣੇ ਕੌਮੀ ਫ਼ਰਜਾ ਤੋਂ ਮੁਨਕਰ ਹੋਣਾ ਹੀ ਹੈ । ਸੜਕਾਂ ਤੇ ਨਾਹਰੇਬਾਜੀ ਕਰਕੇ , ਰੈਲੀਆਂ ਕਰਕੇ ਅਸੀਂ ਆਪਣੀ ਕੋਈ ਵੀ ਮੰਜਿਲ ਪ੍ਰਾਪਤ ਨਹੀਂ ਕਰ ਸਕਦੇ ।ਇਸ ਲਈ ਸਾਨੂੰ ਆਪਣਾ ਹਰ ਸ਼ੰਘਰਸ ਜੋਸ਼ ਦੇ ਨਾਲ ਹੋਸ਼ ਵਿੱਚ ਰਹਿ ਕੇ ਕਰਨਾ ਪਵੇਗਾ ।ਇਸ ਲਈ ਬੰਦ ਕਮਰੇ ਵਿੱਚ ਮਿਲੇ ਸਾਨੂੰ ਵੋਟ ਪਾਉਣ ਦੇ ਅਧਿਕਾਰ ਦੀ ਵਰਤੋਂ ਕਰਕੇ ਅਸੀਂ ਸਾਡੇ ਧਰਮ ਤੇ ਹਮਲਾ ਕਰਨ ਵਾਲੇ ਅਤੇ ਹਜ਼ਾਰਾਂ ਹੀ ਨਿਰਦੋਸ਼ ਸਿੱਖਾਂ ਦੇ ਕਾਤਲਾਂ ਨੂੰ ਰਣਭੂਮੀ ਵਿੱਚ ਹਰਾ ਕੇ ਆਪਣੇ ਕੌਮੀ ਫਰਜ਼ ਅਦਾ ਕਰਦੇ ਹੋਏ ਸੱਚ ਦੇ ਸੰਘਰਸ਼ ਵਿੱਚ ਆਪਣਾ ਯੋਗਦਾਨ ਪਾ ਸਕਦੇ ਹਾਂ ਅਤੇ ਆਪਣੀ ਮੰਜਿਲ ਵੱਲ ਨੂੰ ਕਦਮ ਵਧਾ ਸਕਦੇ ਹਾਂ ।
ਖਾਲਸਾ ਜੀ , 90 ਦੇ ਦਹਾਕੇ ਵਿੱਚ ਜਦੋਂ ਦਿੱਲੀ ਦੇ ਤਖ਼ਤ ਤੇ ਬੈਠੇ ਕਾਂਗਰਸੀ ਹੁਕਮਰਾਨਾਂ ਨੇ ਪਹਿਲਾਂ ਪੰਜਾਬ ਵਿੱਚ ਰਾਸਟਰਪਤੀ ਰਾਜ ਲਾਗੂ ਕਰਕੇ ਅਤੇ ਫਿਰ ਧੱਕੇ ਨਾਲ ਹੀ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣਾਕੇ ਪੰਜਾਬ ਦੀ ਪਵਿੱਤਰ ਧਰਤੀ ਨੂੰ ਹਜਾਰਾਂ ਨਿਰਦੋਸ਼ ਸਿੱਖ ਨੌਜਵਾਨਾਂ ਦੇ ਖੂਨ ਨਾਲ ਰੰਗਿਆ । ਫਿਰ ਜਦੋਂ ਇਹ ਕਾਤਲ ਹੁਕਮਰਾਨ ਸਾਡੇ ਵੀਰਾਂ ਦੀਆਂ ਲਾਸਾਂ ਤੇ ਅਤੇ ਲਹੂ ਲੁਹਾਣ ਹੋਈ ਪੰਜ ਦਰਿਆਵਾਂ ਦੀ ਧਰਤੀ ਮਾਂ ਦੀ ਹਿੱਕ ਤੇ ਮੁੰਬਈ ਦੀਆਂ ਡਾਸਰਾਂ ਨੂੰ ਨਚਾ ਕੇ ਸਾਡੀਆਂ ਜਖ਼ਮੀ ਭਾਵਨਾਵਾਂ ਦਾ ਮਜ਼ਾਕ ਉਡਾ ਰਹੇ ਸਨ ਤਾਂ ਉਸ ਸਮੇਂ ਕੌਮ ਦੀ ਅਣਖ਼ ਅਤੇ ਗੈਰਤ ਲਈ , ਇਸ ਧਰਤੀ ਮਾਂ ਪ੍ਰਤੀ ਆਪਣੇ ਬਣਦੇ ਕੌਮੀ ਫਰਜ਼ ਨਿਭਾਉਣ ਲਈ ਅਸੀਂ ਪਟਿਆਲੇ ਦੀਆਂ ਇੰਨ੍ਹਾਂ ਗਲੀਆਂ ਵਿੱਚ ਘੁੰਮਦੇ -2 ਹੀ ਆਪਣਾ ਸੀਸ ਆਪਣੇ ਗੁਰੂ ਦੇ ਚਰਨਾਂ ਵਿੱਚ ਅਰਪਣ ਕਰਕੇ ਇਸ ਸ਼ੰਘਰਸ ਵਿੱਚ ਆਪਣਾ ਪੈਰ ਪਾਇਆ ਅਤੇ ਫਿਰ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ।
ਖਾਲਸਾ ਜੀ , ਗ੍ਰਿਫਤਾਰੀ ਤੋਂ ਬਾਅਦ ਜੇਲ੍ਹ ਦੇ ਪਿਛਲੇ 18 ਸਾਲਾਂ ਦੇ ਸਫ਼ਰ ਦੌਰਾਨ ਮੈਂ ਹਿੰਦੋਸਤਾਨ ਦੀਆਂ ਅਦਾਲਤਾਂ ਦੀ ਹਿੱਕ ਤੇ ਕੌਮੀ ਦਰਦ ਅਤੇ ਕੌਮੀ ਇਨਸਾਫ਼ ਦੀ ਦਾਸਤਾਨ ਲਿਖਦਾ ਰਿਹਾ ਅਤੇ ਕੌਮੀ ਇਨਸਾਫ਼ ਦੇਣ ਤੋਂ ਮੁਨਕਰ ਇੰਨਾਂ ਅਦਾਲਤਾਂ ਨੂੰ ਇੰਨ੍ਹਾਂ ਦਾ ਅਸਲ ਪੱਖਪਾਤੀ ਚਿਹਰਾ ਦਿਖਾਉਂਦਾ ਹੋਇਆ ਅੱਜ ਬਿਨਾਂ ਕਿਸੇ ਗਿਲੇ ਸਿਕਵੇ ਦੇ ਫਾਂਸੀ ਦੇ ਤਖ਼ਤੇ ਤੇ ਖੜਾ ਵੀ ਕੌਮ ਦੀ ਅਣਖ਼ ਅਤੇ ਗੈਰਤ ਲਈ ਕੁਝ ਕਰਨਾ ਲੋਚਦਾ ਹਾਂ । ਮੇਰਾ ਇਹ ਜੀਵਨ ਅਤੇ ਹਰ ਸਾਹ ਖਾਲਸਾ ਪੰਥ ਦੀ ਅਮਾਨਤ ਹੈ ਅਤੇ ਇਸ ਦੀ ਹੀ ਸੇਵਾ ਨੂੰ ਸਮਰਪਿਤ ਹੈ ।
ਖਾਲਸਾ ਜੀ , ਹੁਣ ਮੈਂ ਆਪਣੇ ਸ਼ੰਘਰਸ ਦੇ ਦੂਸਰੇ ਪੜਾਅ ਦੀ ਸੁਰੂਆਤ ਵੀ ਇਥੋਂ ਪਟਿਆਲਾ ਦੀ ਧਰਤੀ ਤੋਂ ਹੀ ਕਰਨਾ ਚਾਹੁੰਦਾ ਹਾਂ । ਇਹ ਸੀਟ ਪਿਛਲੇ 15 ਸਾਲਾਂ ਤੋਂ ਸਾਡੇ ਧਰਮ ਤੇ ਹਮਲਾ ਕਰਨ ਵਾਲੀ ਅਤੇ ਹਜਾਰਾਂ ਹੀ ਨਿਰਦੋਸ਼ ਸਿੱਖਾਂ ਦੀ ਕਾਤਲ ਕਾਂਗਰਸ ਪਾਰਟੀ ਦੀ ਨੁਮਾਇੰਦਗੀ ਕਰਦੇ ਮੋਤੀ ਮਹਿਲ ਦੇ ਕਬਜੇ ਵਿੱਚ ਹੈ । ਇਹ ਮੋਤੀ ਮਹਿਲ ਖਾਲਸਾ ਪੰਥ ਦੇ ਖਿਲਾਫ਼ ਰਚੀਆਂ ਗਈਆਂ ਸਾਜਿਸਾਂ ਅਤੇ ਰਚੀਆਂ ਜਾ ਰਹੀਆਂ ਸਾਜਿਸਾਂ ਦਾ ਕੇਂਦਰ ਬਿੰਦੂ ਹੈ । ਇਹ ਮੋਤੀ ਮਹਿਲ ਖਾਲਸਾ ਰਾਜ ਦੇ ਸ਼ੰਘਰਸ ਨੂੰ ਗੁੰਮਰਾਹ ਕਰਨ ਵਾਲੇ , ਸਿੱਖ ਸ਼ੰਘਰਸ ਦੀ ਪਿੱਠ ਵਿਚ ਛੁਰਾ ਮਾਰਨ ਵਾਲੇ , ਇਸਨੂੰ ਫਿਰਕੂ ਰੰਗ ਦੇਣ ਵਾਲੇ ਸਿੱਖੀ ਭੇਸ ਵਿਚ ਵਿਚਰਦੇ ਦਿੱਲੀ ਦਰਬਾਰ ਦੇ ਕਰਿੰਦਿਆਂ ਦਾ ਮੁੱਖ ਦਫ਼ਤਰ ਹੈ । ਇਸ ਲਈ ਮੇਰੀ ਇਹ ਕੋਸ਼ਿਸ ਹੈ ਕਿ ਸੱਚ ਦਾ ਰਾਜ ਸਥਾਪਿਤ ਕਰਨ ਲਈ ਅਤੇ ਕੌਮੀ ਹੱਕਾਂ ਦੀ ਆਵਾਜ਼ ਨੂੰ ਪੂਰੀ ਦੁਨੀਆਂ ਤੱਕ ਪਹੁੰਚਾਉਣ ਲਈ ਸਾਜ਼ਿਸਾਂ ਦੇ ਮੁੱਖ ਕੇਂਦਰ ਨੂੰ ਬੰਦ ਕਰਨਾ ਸਭ ਤੋਂ ਜ਼ਰੂਰੀ ਹੈ । ਇਸੇ ਲਈ ਹੀ ਸਾਡੇ ਵੱਲੋਂ ਪਟਿਆਲਾ ਲੋਕ ਸਭਾ ਹਲਕੇ ਤੋਂ ਚੋਣ ਲੜਨ ਦਾ ਫੈਸਲਾ ਕੀਤਾ ਗਿਆ ਹੈ ।
ਖਾਲਸਾ ਜੀ , ਮੇਰਾ ਇਹ ਸ਼ੰਘਰਸ ਆਪਣੇ ਕੌਮੀ ਫ਼ਰਜ ਨਿਭਾਉਂਦਾ ਹੋਇਆ ਸਭ ਧਰਮਾਂ ਦਾ ਬਰਾਬਰ ਸਤਿਕਾਰ ਕਰਦਾ ਹੋਇਆ ਸਮੁੱਚੀ ਮਾਨਵਤਾ ਨੂੰ ਹੀ ਆਪਣੇ ਕਲਾਵੇ ਵਿਚ ਲੈਂਦਾ ਹੈ । ਮੇਰਾ ਇਹ ਸ਼ੰਘਰਸ ਇੰਨ੍ਹਾਂ ਰਜਵਾੜੇ ਅਤੇ ਸਰਮਾਏਦਾਰ ਹੁਕਮਰਾਨਾਂ ਵੱਲੋਂ ਚੋਣਾਂ ਦੌਰਾਨ ਇੱਕ ਵਸਤੂ ਦੀ ਤਰ੍ਹਾਂ ਖ੍ਰੀਦੇ ਅਤੇ ਵੇਚੇ ਜਾਂਦੇ ਆਮ ‐ਇਨਸਾਨ ਦੇ ਆਤਮ-ਸਨਮਾਨ ਦਾ ਸ਼ੰਘਰਸ ਹੈ । ਮੇਰਾ ਇਹ ਸ਼ੰਘਰਸ ਇੰਨ੍ਹਾਂ ਰਾਜਿਆਂ ਅਤੇ ਸਰਮਾਏਦਾਰ ਹੁਕਮਰਾਨਾਂ ਦੀ ਪੀੜ੍ਹੀ ਦਰ ਪੀੜ੍ਹੀ ਚੱਲੀ ਆ ਰਹੀ ਗੁਲਾਮੀ ਤੋਂ ਇਕ ਆਮ ਇਨਸਾਨ ਨੂੰ ਆਜ਼ਾਦ ਕਰਵਾਉਣ ਅਤੇ ਸਭ ਵਰਗਾਂ ਅਤੇ ਧਰਮਾਂ ਦੇ ਸਹਿਯੋਗ ਨਾਲ ਸੱਚ ਦਾ ਰਾਜ ਸਥਾਪਿਤ ਕਰਨ ਵੱਲ ਨੂੰ ਕਦਮ ਵਧਾਉਣ ਦੀ ਕੋਸ਼ਿਸ ਅਤੇ ਸੁਰੂਆਤ ਹੈ । ਮੇਰਾ ਇਹ ਸ਼ੰਘਰਸ ਭ੍ਰਿਸਟਾਚਾਰ ਮੁਕਤ ,ਨਸ਼ਾਮੁਕਤ , ਭੈਅ-ਮੁਕਤ ਅਤੇ ਤੰਦਰੁਸਤ ਅਤੇ ਇੱਕ ਸੱਭਿਅਕ ਸਮਾਜ ਦੀ ਸਿਰਜਨਾ ਕਰਨਾ ਸੋਚਦਾ ਹੈ ।
ਖਾਲਸਾ ਜੀ , ਸਾਡੀ ਇਸ ਚੋਣ ਮੁਹਿੰਮ ਦੌਰਾਨ ਕਿਸੇ ਵੀ ਤਰ੍ਹਾਂ ਦੇ ਨਸ਼ਿਆਂ ਦੀ ਅਤੇ ਪੈਸੇ ਦੀ ਵੰਡ ਕਰਕੇ ਮਾਨਵਤਾ ਦਾ ਅਪਮਾਨ ਨਹੀਂ ਕੀਤਾ ਜਾਵੇਗਾ । ਸਾਡੀ ਇਹ ਚੋਣ ਕਸੌਟੀ ਹੋਵੇਗੀ ਉਨ੍ਹਾਂ ਲੋਕਾਂ ਲਈ ਜਿਹੜੇ ਪਿਛਲੇ ਸਾਲ ਮਾਰਚ 2012 ਤੋਂ ਬਾਅਦ ਰਾਜਨੀਤਿਕ ਅਤੇ ਧਾਰਮਿਕ ਤੌਰ ਤੇ ਮੇਰੇ ਹਮਦਰਦ ਅਤੇ ਮੇਰੀ ਸੋਚ ਦੇ ਹਾਮੀ ਬਣਕੇ ਲੋਕਾਂ ਵਿਚ ਵਿਚਰ ਰਹੇ ਹਨ ।ਇਹ ਚੋਣ ਉਨ੍ਹਾਂ ਸਾਰਿਆਂ ਦੇ ਅਸਲ ਸੱਚ ਦੀ ਪਰਖ ਕਰੇਗੀ ਕਿ ਕੀ ਉਹ ਸੱਚਮੁੱਚ ਹੀ ਸੱਚ ਦੇ ਮਾਰਗ ਦੇ ਪਾਂਧੀ ਹਨ ਜਾਂ ਫਿਰ ਆਪਣੇ -2 ਸਵਾਰਥਾਂ ਦੀ ਪੂਰਤੀ ਤੱਕ ਹੀ ਸੀਮਤ ਹਨ । ਸੱਚ ਦਾ ਸਹਾਰਾ ਲੈ ਕੇ ਆਪਣਾ ਝੂਠ ਲੋਕਾਂ ਵਿਚ ਸਥਾਪਿਤ ਕਰਨ ਦੀ ਕੋਸ਼ਿਸ ਵਿਚ ਹਨ ।
ਖਾਲਸਾ ਜੀ , ਪਿਛਲੇ ਸਾਲ ਮਾਰਚ 2012 ਵਿਚ ਤੁਹਾਡੇ ਵੱਲੋਂ ਕੀਤੇ ਸ਼ੰਘਰਸ ਕਾਰਣ ਮੈਨੂੰ ਮਿਲੇ ਇਸ ਜੀਵਨ ਨੂੰ ਤੁਹਾਡੀ ਸੇਵਾ ਵਿਚ ਅਰਪਣ ਕਰਨ ਲਈ , ਉਸ ਵਿਸਵਾਸ਼ ਅਤੇ ਸ਼ੰਘਰਸ ਨੂੰ ਸਹੀ ਦਿਸ਼ਾ ਦੇਣ ਲਈ ਅਤੇ ਅੱਗੇ ਵਧਾਉਣ ਲਈ ਮੈਨੂੰ ਤੁਹਾਡੇ ਵਡਮੁੱਲੇ ਸਹਿਯੋਗ ਦੀ ਜ਼ਰੂਰਤ ਹੈ ।
ਖਾਲਸਾ ਜੀ , ਮੇਰੇ ਸਮੁੱਚੇ ਖਾਲਸਾ ਪੰਥ ਅੱਗੇ ਇਹ ਬੇਨਤੀ ਹੈ ਕਿ ਪਟਿਆਲਾ ਲੋਕ ਸਭਾ ਹਲਕੇ ਤੋਂ ਮੇਰੇ ਵੱਲੋਂ ਚੋਣ ਲੜ ਰਹੀ ਮੇਰੀ ਭੈਣ ਬੀਬੀ ਕਮਲਦੀਪ ਕੌਰ ਨੂੰ ਆਪਣੀ ਭੈਣ ਅਤੇ ਪੰਥ ਦੀ ਬੇਟੀ ਜਾਣ ਚੋਣਾਂ ਵਿੱਚ ਪੂਰਨ ਸਹਿਯੋਗ ਦਿੱਤਾ ਜਾਵੇ । ਮੇਰੇ ਜੇਲ੍ਹ ਦੀ ਫਾਂਸੀ ਕੋਠੀ ਵਿੱਚ ਬੰਦ ਹੋਣ ਕਾਰਣ ਅਤੇ ਸਾਡੇ ਕੋਲ ਪ੍ਰਚਾਰ ਦੇ ਸਾਧਨ ਸੀਮਤ ਹੋਣ ਕਾਰਣ ਮੇਰੇ ਇਸ ਸੁਨੇਹੇ ਨੂੰ ਹੀ ਇਸ ਤਰ੍ਹਾਂ ਸਮਝਣਾ ਹੈ ਕਿ ਜਿਵੇਂ ਮੈਂ ਆਪ ਹੀ ਤੁਹਾਡੇ ਘਰ ਆ ਕੇ ਤੁਹਾਡੇ ਵਡਮੁੱਲੇ ਸਹਿਯੋਗ ਲਈ ਬੇਨਤੀ ਕਰ ਰਿਹਾ ਹੋਵਾਂ ।ਇਹ ਸਮੁੱਚਾ ਖਾਲਸਾ ਪੰਥ ਹੀ ਮੇਰਾ ਆਪਣਾ ਪਰਿਵਾਰ ਹੈ । ਇੰਨ੍ਹਾਂ ਆਉਣ ਵਾਲੀਆਂ ਚੋਣਾਂ ਵਿਚ ਸਮੁੱਚੇ ਖਾਲਸਾ ਪੰਥ ਨੇ ਇਸ ਚੋਣ ਨੂੰ ਆਪਣੀ ਹੀ ਚੋਣ ਜਾਣ ਘਰ-ਘਰ ਜਾ ਕੇ ਆਪ ਹੀ ਪ੍ਰਚਾਰ ਕਰਨਾ ਹੈ । ਕਿਉਂਕਿ ਇਹ ਸ਼ੰਘਰਸ ਕੌਮ ਦੀ ਅਣਖ਼ ਅਤੇ ਗੈਰਤ ਦਾ ਸ਼ੰਘਰਸ ਹੈ ,ਇਸ ਧਰਤੀ ਮਾਂ ਦੇ ਕੌਮੀ ਸਵੈਮਾਨ ਦਾ ਸ਼ੰਘਰਸ ਹੈ । ਮੈਨੂੰ ਪੂਰੀ ਉਮੀਦ ਹੈ ਕਿ ਖਾਲਸਾ ਪੰਥ ਪਟਿਆਲਾ ਲੋਕ ਸਭਾ ਹਲਕੇ ਤੋਂ ਖਾਲਸੇ ਦੀ ਜਿੱਤ ਦਾ ਝੰਡਾ ਝੁਲਾ ਕੇ , ਇੱਕ ਨਵਾਂ ਇਤਿਹਾਸ ਸਿਰਜ ਕੇ ਪੂਰੀ ਦੁਨੀਆਂ ਦਾ ਧਿਆਨ ਆਪਣੇ ਵੱਲ ਖਿਚੇਗਾ ਅਤੇ ਪੰਜਾਬ ਦੀ ਇਸ ਪਵਿੱਤਰ ਧਰਤੀ ਤੋਂ ਇਕ ਨਵੇਂ ਯੁੱਗ ਦੀ ਅਤੇ ਨਵੀਂ ਕ੍ਰਾਂਤੀ ਦੀ ਸੁਰੂਆਤ ਕਰੇਗਾ ।
ਮੇਰੀ ਖਾਲਸਾ ਪੰਥ ਦੇ ਸਮੁੱਚੇ ਬੁੱਧੀਜੀਵੀਆਂ ਨੂੰ , ਧਾਰਮਿਕ ਸੰਸਥਾਵਾਂ ਨੂੰ , ਟਕਸਾਲਾਂ ਨੂੰ ਅਤੇ ਸੰਤਾਂ ਮਹਾਪੁਰਸਾਂ ਨੂੰ ਇਹ ਬੇਨਤੀ ਹੈ ਕਿ ਇਸ ਸ਼ੰਘਰਸ ਵਿੱਚ ਮੇਰੀ ਭੈਣ ਬੀਬੀ ਕਮਲਦੀਪ ਕੌਰ ਨੂੰ ਪੂਰਨ ਸਹਿਯੋਗ ਦਿੱਤਾ ਜਾਵੇ ਤਾਂ ਕਿ ਪਟਿਆਲੇ ਦੀ ਧਰਤੀ ਤੇ ਖਾਲਸਾ ਪੰਥ ਦੀ ਜਿੱਤ ਦਾ ਝੰਡਾ ਝੁਲਾਇਆ ਜਾ ਸਕੇ ।
ਹਮੇਸਾਂ ਹੀ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਵਿਚ ਦੇਖਣ ਦਾ ਚਾਹਵਾਨ
ਮਿਤੀ ਤੁਹਾਡਾ ਆਪਣਾ ਬਲਵੰਤ ਸਿੰਘ ਰਾਜੋਆਣਾ
19-10-2013 ਕੋਠੀ ਨੰ: 16
ਕੇਂਦਰੀ ਜੇਲ੍ਹ ਪਟਿਆਲਾ (ਪੰਜਾਬ)