Sunday, 20 October 2013

Jathedar Rajoana's Letter Regarding Bandhi Chor Divas & 1984 Nov Genocide 19/10/2013







 

ਸਤਿਕਾਰਯੋਗ ਖਾਲਸਾ ਜੀਓ,
ਵਾਹਿਗੁਰੂ ਜੀ ਕਾ ਖਾਲਸਾ ॥
ਵਾਹਿਗੁਰੂ ਜੀ ਕੀ ਫ਼ਤਹਿ॥
ਸੱਭ ਤੋਂ ਪਹਿਲਾਂ ਮੈਂ ਸਮੁੱਚੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਉਸ ਅਕਾਲ-ਪੁਰਖ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ। ਖਾਲਸਾ ਜੀ , ਹਰ ਸਾਲ ਨਵੰਬਰ ਦਾ ਪਹਿਲਾਂ ਹਫਤਾ ਹਰ ਗੈਰਤਮੰਦ ਸਿੱਖ ਦੀਆਂ ਅੱਖਾਂ ਨਮ ਕਰ ਜਾਂਦਾ ਹੈ । ਉਸ ਦੀਆਂ ਅੱਖਾਂ ਦੇ ਸਾਹਮਣੇ ਦਿੱਲ਼ੀ ਦੇ ਤਖ਼ਤ ਤੇ ਬੈਠੇ ਕਾਂਗਰਸੀ ਹੁਕਮਰਾਨਾਂ ਵੱਲੋਂ ਨਵੰਬਰ 1984 ਨੂੰ ਸਿੱਖਾਂ ਉਪਰ ਵਰਤਾਇਆ ਕਹਿਰ ਘੁੰਮਣ ਲੱਗ ਪੈਂਦਾ ਹੈ । ਸਿੱਖ ਮਾਨਸਿਕਤਾ ਨੂੰ ਦਿੱਤੇ ਗਹਿਰੇ ਜਖ਼ਮ ਤਾਜਾ ਹੋ ਜਾਂਦੇ ਹਨ । ਜੂਨ 1984 ਨੂੰ ਸਿੱਖ ਧਰਮ ਤੇ ਹਮਲਾ ਕਰਕੇ , “ਸ੍ਰੀ ਅਕਾਲ ਤਖ਼ਤ ਸਾਹਿਬ” ਜੀ ਨੂੰ ਢਹਿ ਢੇਰੀ ਕਰਕੇ , ਹਜਾਰਾਂ ਨਿਰਦੋਸ਼ ਸਰਧਾਲੂਆਂ ਦਾ ਕਤਲੇਆਮ ਕਰਕੇ ਸਿੱਖ ਮਾਨਸਿਕਤਾ ਨੂੰ ਲਹੂ-ਲੁਹਾਣ ਕਰਨ ਵਾਲੇ ਦਿੱਲੀ ਦੇ ਤਖ਼ਤ ਤੇ ਬੈਠੇ ਇੰਨ੍ਹਾਂ ਕਾਂਗਰਸੀ ਹੁਕਮਰਾਨਾਂ ਨੇ ਸਿੱਖਾਂ ਦੇ ਅੱਲ੍ਹੇ ਜਖ਼ਮਾਂ ਤੇ ਮੱਲ੍ਹਮ ਲਾਉਣ ਦੀ ਬਜਾਏ ਨਵੰਬਰ 1984 ਨੂੰ ਦੇਸ਼ ਦੀ ਰਾਜਧਾਨੀ ਦਿੱਲੀ ਅਤੇ ਦੇਸ਼ ਦੇ ਹੋਰ ਪ੍ਰਮੁੱਖ ਸਹਿਰਾਂ ਵਿੱਚ ਸਿੱਖਾਂ ਉਪਰ ਜੋ ਕਹਿਰ ਵਰਤਾਇਆ ਇਸ ਵਾਰੇ ਸੋਚ ਕੇ ਅੱਜ ਵੀ ਹਰ ਇਨਸਾਫ਼ ਪਸੰਦ ਵਿਅਕਤੀ ਦੀ ਰੂਹ ਕੰਬ ਜਾਂਦੀ ਹੈ । ਨਵੰਬਰ ਦਾ ਪਹਿਲਾ ਹਫ਼ਤਾ ਸਾਨੂੰ ਦਿੱਲੀ ਦੀਆਂ ਗਲੀਆਂ ਵਿੱਚ ਮਾਰੇ ਗਏ ਸਾਡੇ ਬਜੁਰਗਾਂ , ਵੀਰਾਂ , ਬੱਚਿਆਂ ਅਤੇ ਬਲਾਤਕਾਰ ਕਰਕੇ ਮਾਰੀਆਂ ਗਈਆਂ ਸਾਡੀਆਂ ਧੀਆਂ ‐ਭੈਣਾਂ ਦੀਆਂ ਚੀਕਾਂ ਸਾਨੂੰ ਸਾਡੇ ਕੰਨਾਂ ਵਿੱਚ ਸੁਣਾ ਜਾਂਦਾ ਹੈ । ਨਵੰਬਰ ਦਾ ਇਹ ਪਹਿਲਾਂ ਹਫ਼ਤਾ ਹਰ ਸਾਲ ਸਾਨੂੰ ਸਲਾਖਾਂ ਦੀ ਬਜਾਏ ਉੱਚੇ ਅਹੁਦਿਆਂ ਤੇ ਬੈਠੇ ਕਾਤਲਾਂ ਨੂੰ ਦੇਖ ਕੇ , ਕੌਮੀ ਇਨਸਾਫ਼ ਲੈਣ ਵਿੱਚ ਨਾਕਾਮ ਰਹਿਣ ਕਰਕੇ ਲਾਹਣਤਾਂ ਵੀ ਪਾ ਜਾਂਦਾ ਹੈ ਅਤੇ ਆਪਾ ਪੜਚੋਲ ਦਾ ਸੁਨੇਹਾ ਵੀ ਦੇ ਜਾਂਦਾ ਹੈ ।
ਖਾਲਸਾ ਜੀ , ਇਸ ਸਾਲ ਨਵੰਬਰ ਦੇ ਪਹਿਲੇ ਹਫ਼ਤੇ 3 ਨਵੰਬਰ ਨੂੰ ਬੰਦੀ ਛੋਡ ਦਿਵਸ ਅਤੇ ਦੀਵਾਲੀ ਹੈ । ਮੇਰੀ ਸਮੁੱਚੇ ਖਾਲਸਾ ਪੰਥ ਅੱਗੇ ਇਹ ਬੇਨਤੀ ਹੈ ਇਸ ਵਾਰ ਤਿੰਨ ਨਵੰਬਰ ਨੂੰ ਜਦੋਂ ਸਮੁੱਚਾ ਖਾਲਸਾ ਪੰਥ ਬੰਦੀ ਛੋਡ ਦਿਵਸ ਤੇ ਛੇਵੇਂ ਪਾਤਿਸਾਹ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗਵਾਲੀਅਰ ਦੇ ਕਿਲੇ ਵਿੱਚੋਂ ਰਿਹਾਅ ਹੋਣ ਦੀ ਖੁਸੀ ਵਿਚ ਅਤੇ ਦੀਵਾਲੀ ਨੂੰ ਆਪਣੇ ਘਰਾਂ ਉਪਰ ਦੀਪਮਾਲਾ ਕਰ ਰਿਹਾ ਹੋਵੇਗਾ ।ਤਾਂ ਉਸ ਸਮੇਂ ਨਵੰਬਰ 1984 ਨੂੰ ਦਿੱਲੀ ਦੀਆਂ ਗਲੀਆਂ ਵਿੱਚ ਮਾਰੇ ਗਏ ਹਜ਼ਾਰਾਂ ਨਿਰਦੋਸ਼ ਸਿੱਖਾਂ ਨੂੰ ਯਾਦ ਜ਼ਰੂਰ ਕੀਤਾ ਜਾਵੇ। ਸਾਨੂੰ ਇਸ ਸਾਲ ਦੀ ਇਹ ਸਾਰੀ ਦੀਪ ਮਾਲਾ ਉਨਾਂ ਕਤਲੇਆਮ ਦਾ ਸ਼ਿਕਾਰ ਹੋਏ ਸਿੱਖਾਂ ਨੂੰ ਸਮਰਪਿਤ ਕਰਨੀ ਚਾਹੀਦੀ ਹੈ । ਇਸ ਵਾਰ ਸਾਰੇ ਜਾਗਦੀ ਰੂਹ ਵਾਲੇ ਸਿੱਖਾਂ ਦਾ ਇਹ ਫਰਜ ਬਣਦਾ ਹੈ ਕਿ ਉਹ ਇਸ ਵਾਰ ਤਿੰਨ ਨਵੰਬਰ ਨੂੰ ਕਿਸੇ ਵੀ ਤਰ੍ਹਾਂ ਦੇ ਪਟਾਕੇ ਨਾ ਚਲਾਉਣ , ਸਗੋਂ ਦਿੱਲੀ ਦੇ ਤਖ਼ਤ ਤੇ ਬੈਠੇ ਇੰਨ੍ਹਾਂ ਕਾਂਗਰਸੀ ਹੁਕਮਰਾਨਾਂ ਵੱਲੋਂ ਵਰਤਾਏ ਇਸ ਕਹਿਰ ਦੀ ਜਾਣਕਾਰੀ ਆਪਣੇ ਬੱਚਿਆਂ ਨੂੰ ਦੇਣ ਅਤੇ ਦੱਸਣ ਕਿ ਸਾਂਤੀ ਦੇ ਮਾਖੌਟੇ ਪਾਈ ਫਿਰਦੇ ਇੰਨ੍ਹਾਂ ਹੁਕਮਰਾਨਾਂ ਦੇ ਅਸਲ ਚਿਹਰੇ ਕਿੰਨੇ ਘਨੌਣੇ ਹਨ ।
ਖਾਲਸਾ ਜੀ , ਆਓ ਆਪਾ ਸਾਰੇ ਮਿਲ ਕੇ ਇਸ ਸਾਲ ਪਟਾਕਿਆਂ ਤੇ ਖਰਚ ਆਉਣ ਵਾਲੇ ਪੈਸਿਆ ਨਾਲ ਨਵੰਬਰ 1984 ਦੇ ਪੀੜਤਾ ਦੀ ਆਰਥਿਕ ਮੱਦਦ ਕਰੀਏ । ਇਸ ਸਬੰਧੀ ਮੇਰੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਸਾਹਿਬਾਨ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਖਾਲਸਾ ਜੀ ਨੂੰ ਇਹ ਬੇਨਤੀ ਹੈ ਕਿ ਉਹ ਸਮੁੱਚੇ ਸਿੱਖ ਸਮਾਜ ਨੂੰ ਤਿੰਨ ਨਵੰਬਰ ਨੂੰ ਬੰਦੀ ਛੋਡ ਦਿਵਸ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪਟਾਕੇ ਨਾ ਚਲਾਉਣ ਦੇ ਆਦੇਸ ਜਾਰੀ ਕੀਤੇ ਜਾਣ ਅਤੇ ਆਪਣੀ ਇੱਛਾ ਅਨੁਸਾਰ ਪਟਾਕਿਆਂ ਤੇ ਖਰਚ ਆਉਣ ਵਾਲੇ ਪੈਸਿਆ ਨਾਲ ਪੀੜਤਾ ਦੀ ਮੱਦਦ ਕਰਨ ਲਈ ਕਿਹਾ ਜਾਵੇ । ਇਸ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਇੱਕ ਬੈਂਕ ਅਕਾਉਂਟ ਨੰਬਰ ਵੀ ਖਾਲਸਾ ਪੰਥ ਲਈ ਜਾਰੀ ਕੀਤਾ ਜਾਵੇ ਤਾਂ ਕਿ ਹਰ ਸਿੱਖ ਇਸ ਵਿਚ ਆਪਣਾ ਬਣਦਾ ਯੋਗਦਾਨ ਪਾ ਸਕੇ । ਇਸ ਸਾਲ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਵੀ ਕੋਈ ਆਤਿਸ਼ਬਾਜੀ ਨਾ ਕੀਤੀ ਜਾਵੇ , ਸਗੋਂ ਆਤਿਸਬਾਜੀ ਤੇ ਖਰਚ ਆਉਣ ਵਾਲੀ ਸਾਰੀ ਰਕਮ ਪੀੜਤਾ ਦੇ ਅਕਾਉਂਟ ਵਿਚ ਜਮਾ ਕਰਵਾ ਦਿੱਤੀ ਜਾਵੇ । ਫਿਰ ਇਹ ਸਾਰੀ ਰਕਮ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਰਹਿਨੁਮਾਈ ਹੇਠ ਉਨ੍ਹਾਂ ਨਵੰਬਰ 1984 ਦੇ ਪੀੜਤਾ ਨੂੰ ਦੇ ਦਿੱਤੀ ਜਾਵੇ ਅਤੇ ਉਨ੍ਹਾਂ ਦੇ ਜਖ਼ਮਾਂ ਤੇ ਮੱਲ੍ਹਮ ਲਾਉਣ ਦੀ ਕੋਸ਼ਿਸ ਕੀਤੀ ਜਾਵੇ । ਇਸ ਤਰਾਂ ਪਟਾਕਿਆਂ ਤੇ ਫਜੂਲ ਖਰਚੀ ਕਰਕੇ ਪ੍ਰਦੂਸਣ ਫੈਲਾਉਣ ਦੀ ਬਜਾਏ ਅਸੀਂ ਪੀੜਤਾਂ ਦੀ ਮੱਦਦ ਕਰਕੇ ਆਪਣੇ ਕੌਮੀ ਫਰਜ ਅਦਾ ਕਰਦੇ ਹੋਏ ਸਮੁੱਚੀ ਦੁਨੀਆਂ ਨੂੰ ਆਪਣੇ ਜਾਗਦੇ ਹੋਣ ਦਾ ਸਬੂਤ ਦੇਈਏ ਅਤੇ ਆਪਣੇ ਗੁਰੂ ਦੀਆਂ ਸੱਚੀਆਂ ਖੁਸੀਆਂ ਪ੍ਰਾਪਤ ਕਰੀਏ ।
ਹਮੇਸਾਂ ਹੀ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਵਿੱਚ ਦੇਖਣ ਦਾ ਚਾਹਵਾਨ
ਮਿਤੀ ਤੁਹਾਡਾ ਆਪਣਾ ਬਲਵੰਤ ਸਿੰਘ ਰਾਜੋਆਣਾ
19-10-2013 ਕੋਠੀ ਨੰ: 16
ਕੇਂਦਰੀ ਜੇਲ੍ਹ ਪਟਿਆਲਾ (ਪੰਜਾਬ)