ਸਤਿਕਾਰਯੋਗ ਖਾਲਸਾ ਜੀਓ,
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫ਼ਤਹਿ॥
ਸੱਭ ਤੋਂ ਪਹਿਲਾਂ ਮੈਂ ਸਮੁੱਚੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਉਸ ਅਕਾਲ-ਪੁਰਖ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾ। ਖਾਲਸਾ ਜੀ, ਪਿਛਲੀ ਲੰਮੀ ਸੋਚ ਵਿਚਾਰ ਤੋਂ ਬਾਅਦ ਮੈਂ ਇਸ ਨਤੀਜੇ ਤੇ ਪਹੁੰਚਿਆ ਹਾਂ ਕਿ 24 ਸਾਲ ਪਹਿਲਾਂ ਪੰਥਕ ਅਤੇ ਸ਼ੰਘਰਸੀ ਮਾਖੌਟੇ ਵਿਚ ਕੌਮ ਦੀ ਅਗਵਾਈ ਕਰਨ ਆਏ ਧੋਖੇਬਾਜ਼ ਮਲਾਹਾਂ ਵੱਲੋਂ ਅਧੂਰੇ ਛੱਡੇ ਸ਼ੰਘਰਸ ਨੂੰ ਪੂਰਾ ਕਰਨ ਲਈ , ਖਾਲਸਾ ਪੰਥ ਨਾਲ ਕੀਤੇ ਧੋਖੇ ਦੀ ਭਰਪਾਈ ਕਰਨ ਲਈ , ਇੰਨਾਂ ਵੱਲੋਂ ਥਕਾਈਆਂ ਅਤੇ ਨਢਾਲ ਕੀਤੀਆਂ ਕੌਮੀ ਭਾਵਨਾਵਾਂ ਵਿਚ ਮੁੜ ਤੋਂ ਜੋਸ਼ ਭਰਨ ਲਈ ਮੈਂ ਆਪਣੇ ਸ਼ੰਘਰਸ ਦੇ ਦੂਸਰੇ ਪੜਾਅ ਦੀ ਸ਼ੁਰੂਆਤ ਇੱਕ(?) ਤੋਂ ਕਰਨਾ ਚਾਹੁੰਦਾ ਹਾਂ। ਇਸ ਲਈ ਆਉਂਦੀਆਂ ਲੋਕ ਸਭਾ ਚੋਣਾਂ ਵਿਚ ਅਜ਼ਾਦ ਉਮੀਦਵਾਰ ਵਜੋਂ ਮੈਂ ਆਪਣਾ ਇੱਕ ਨੁਮਾਇੰਦਾ ਖੜਾ ਕਰਨਾ ਚਾਹੁੰਦਾ ਹਾਂ , ਜਿਹੜਾ ਸੱਚ ਨੂੰ ਸਮਰਪਿਤ ਹੋ ਕੇ ਆਪਣੇ ਕੌਮੀ ਫ਼ਰਜ ਨਿਭਾਉਦਾ ਹੋਇਆ ਖਾਲਸਾ ਪੰਥ ਦੀ ਆਵਾਜ਼ ਨੂੰ ਇਸ ਪੰਜ ਦਰਿਆਵਾਂ ਦੀ ਲਹੂ-ਲੁਹਾਣ ਹੋਈ ਧਰਤੀ ਮਾਂ ਦੇ ਦਰਦ ਨੂੰ , ਕੌਮੀ ਹੱਕਾਂ ਦੀ ਕੌਮੀ ਇਨਸਾਫ਼ ਦੀ ਆਵਾਜ਼ ਨੂੰ,ਸਮੁੱਚੀ ਮਾਨਵਤਾ ਦੀ ਆਵਾਜ਼ ਨੂੰ ਹਿੰਦੋਸਤਾਨ ਦੀ ਪਾਰਲੀਮੈਂਟ ਰਾਹੀਂ ਪੂਰੀ ਦੁਨੀਆਂ ਤੱਕ ਪਹੁੰਚਾ ਸਕੇ । ਇਸ ਲਈ ਮੈਂ ਦੋ ਲੋਕ ਸਭਾ ਸੀਟਾਂ ਦੀ ਨਿਸ਼ਾਨਦੇਹੀ ਕੀਤੀ ਹੈ । ਇਹ ਸੀਟ ਇਕ ਪਟਿਆਲਾ ਅਤੇ ਦੂਸਰੀ ਆਨੰਦਪਰ ਸਾਹਿਬ ਦੀ ਹੈ ।ਪਟਿਆਲਾ ਲੋਕ ਸਭਾ ਸੀਟ ਪਿਛਲੇ ਕਾਫ਼ੀ ਸਮੇਂ ਤੋਂ ਮੋਤੀ ਮਹਿਲ ਦੇ ਕਬਜ਼ੇ ਵਿਚ ਹੈ । ਇਹ ਮੋਤੀ ਮਹਿਲ ਖਾਲਸਾ ਪੰਥ ਨਾਲ ਕੀਤੀਆਂ ਧੋਖੇਬਾਜੀਆਂ ਅਤੇ ਬੇਵਫਾਈਆਂ ਦਾ ਪ੍ਰਤੀਕ ਅਤੇ ਕੇਂਦਰ ਬਿੰਦੂ ਹੈ । ਇਹ ਮੋਤੀ ਮਹਿਲ ਅੰਗਰੇਜ਼ਾਂ ਦੇ ਸਮੇਂ ਤੋਂ ਹੀ ਸਮੇਂ ਦੇ ਜ਼ਾਲਮ ਹੁਕਮਰਾਨਾਂ ਨਾਲ ਮਿਲ ਕੇ ਇਸ ਧਰਤੀ ਤੇ ਰਹਿਣ ਵਾਲੇ ਲੋਕਾਂ ਨਾਲ ਵਿਸਵਾਸ਼ਘਾਤ ਕਰਦਾ ਰਿਹਾ ਹੈ । ਦੋ ਸਾਲ ਪਹਿਲਾਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਿਲਾਫ਼ ਵੀ ਸਾਜ਼ਿਸ ਇਥੋਂ ਹੀ ਰਚੀ ਗਈ ਸੀ । ਇਸ ਲਈ ਗੁਰੂ ਸਾਹਿਬਾਨ ਦੇ ਪਵਿੱਤਰ ਚਰਨਾਂ ਦੀ ਛੂਹ ਪ੍ਰਾਪਤ ਇਸ ਧਰਤੀ ਦੀ ਨੁਮਾਇੰਦਗੀ ਧੋਖੇਬਾਜ ਅਤੇ ਕੌਮ ਨਾਲ ਵਿਸਵਾਸਘਾਤ ਕਰਨ ਵਾਲੇ ਲੋਕਾਂ ਦੇ ਹੱਥਾਂ ਵਿੱਚ ਹੋਣਾ ਖਾਲਸਾ ਪੰਥ ਦਾ ਅਤੇ ਕੌਮੀ ਭਾਵਨਾਵਾਂ ਦਾ ਅਪਮਾਨ ਹੈ ।
ਖਾਲਸਾ ਜੀ , ਦੂਸਰੀ ਸੀਟ ਆਨੰਦਪੁਰ ਸਾਹਿਬ ਦੀ ਹੈ , ਜਿੱਥੇ ਦਸਮੇਸ਼ ਪਿਤਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜ਼ੁਲਮ ਦੇ ਖਿਲਾਫ਼ ਲੜਨ ਲਈ , ਧਰਮ ਅਤੇ ਮਜ਼ਲੂਮਾਂ ਦੀ ਰਾਖੀ ਲਈ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ । ਪਰ ਅਫ਼ਸੋਸ ਕਿ ਅੱਜ ਇਸ ਧਰਤੀ ਤੋਂ ਸਿੱਖ ਧਰਮ ਤੇ ਹਮਲਾ ਕਰਕੇ ਸਮੁੱਚੀ ਸਿੱਖ ਮਾਨਸਿਕਤਾ ਨੂੰ ਲਹੂ-ਲੁਹਾਣ ਕਰਨ ਵਾਲੇ , ਪੰਜਾਬ ਦੀ ਪਵਿੱਤਰ ਧਰਤੀ ਨੂੰ ਨਿਰਦੋਸ਼ ਸਿੱਖਾਂ ਦੇ ਖੂਨ ਨਾਲ ਰੰਗਣ ਵਾਲੇ , ਹਜ਼ਾਰਾਂ ਨਿਰਦੋਸ਼ ਸਿੱਖ ਨੌਜਵਾਨਾਂ ਦਾ ਕਤਲੇਆਮ ਕਰਨ ਵਾਲੇ ਟੋਲੇ ਦਾ ਉਮੀਦਵਾਰ ਜਿੱਤ ਪ੍ਰਾਪਤ ਕਰਦਾ ਹੈ । ਆਨੰਦਪੁਰ ਸਾਹਿਬ ਦੀ ਸੀਟ ਤੋਂ ਕਾਤਲਾਂ ਦਾ ਜਿੱਤਣਾ ਇਸ ਪਵਿੱਤਰ ਧਰਤੀ ਦਾ ਅਤੇ ਖਾਲਸਾਈ ਭਾਵਨਾਵਾਂ ਦਾ ਅਪਮਾਨ ਹੈ ।ਇਸ ਲਈ ਇੰਨਾਂ ਦੋ ਲੋਕ ਸਭਾ ਸੀਟਾਂ ਵਿੱਚੋਂ ਕਿਸੇ ਇੱਕ ਤੇ ਮੈਂ ਆਪਣਾ ਉਮੀਦਵਾਰ ਖੜਾ ਕਰਨਾ ਚਾਹੁੰਦਾ ਹਾਂ । ਇਸ ਕਾਰਜ ਲਈ ਮੈਨੂੰ ਸਮੁੱਚੇ ਖਾਲਸਾ ਪੰਥ ਦੇ ਸੰਤਾਂ ਮਹਾਪੁਰਸ਼ਾ, ਬਜੁਰਗਾਂ ਬੱਚਿਆਂ, ਮਾਵਾਂ ,ਭੈਣਾਂ ,ਵੀਰਾਂ ਦੇ ਆਸ਼ੀਰਵਾਦ ਅਤੇ ਸਹਿਯੋਗ ਦੀ ਲੋੜ ਹੈ । ਵੈਸੇ ਤਾਂ ਇਹ ਸਮੁੱਚੀ ਧਰਤੀ ਹੀ ਮੇਰੀ ਕਰਮ ਭੂਮੀ ਹੈ ਅਤੇ ਸਮੁੱਚਾ ਖਾਲਸਾ ਪੰਥ ਮੇਰਾ ਆਪਣਾ ਪਰਿਵਾਰ ਹੈ । ਪਰ ਮੈਂ ਆਪਣੇ ਇਸ ਸ਼ੰਘਰਸ ਦੀ ਸ਼ੁਰੂਆਤ ਇਕ (?) ਤੋਂ ਹੀ ਕਰਨਾ ਚਾਹੁੰਦਾ ਹਾਂ । ਇਸ ਸਬੰਧੀ ਅੰਤਿਮ ਫੈਸਲਾ ਹੋਰ ਸੋਚ ਵਿਚਾਰ ਤੋਂ ਬਾਅਦ ਹੀ ਲਿਆ ਜਾਵੇਗਾ ।ਇਹ ਚੋਣ ਕਿਸੇ ਹੋਰ ਨੂੰ ਜਿਤਾਉਣ ਜਾਂ ਹਰਾਉਣ ਲਈ ਨਹੀਂ ਸਗੋਂ ਇਸ ਧਰਤੀ ਮਾਂ ਦੇ ਮਾਨ ਸਨਮਾਨ ਲਈ ਲੜੀ ਜਾਵੇਗੀ ।
ਹਮੇਸ਼ਾਂ ਹੀ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਵਿੱਚ ਦੇਖਣ ਦਾ ਚਾਹਵਾਨ
ਤੁਹਾਡਾ ਆਪਣਾ
ਮਿਤੀ ਬਲਵੰਤ ਸਿੰਘ ਰਾਜੋਆਣਾਂ
12.10.2013 ਕੋਠੀ ਨੰ: 16
ਕੇਂਦਰੀ ਜੇਲ੍ਹ ਪਟਿਆਲਾ ਪੰਜਾਬ