ਅੱਜ ਵੀਰਜੀ ਸ.ਬਲਵੰਤ ਸਿੰਘ ਰਾਜੋਆਣਾ ਜੀ ਦੀ ਪਟਿਆਲਾ
ਕਚਹਿਰੀਆ ਵਿਚ ਅਸਲੇ ਦੇ ਕੇਸ ਵਿਚ ਤਾਰੀਕ ਸੀ । ਵੀਰਜੀ ਪੂਰੀ ਤਰ੍ਹਾਂ ਚੜ੍ਹਦੀ ਕਲਾ ਵਿਚ
ਸਨ । ਵੀਰਜੀ ਦੇ ਕੇਸ ਦੀ ਅਗਲੀ ਤਾਰੀਕ 25 ਜੂਨ ਹੈ ਜੋ ਕਿ ਵੀਡਿਓ ਕਾਨਫਰੈਂਸਿੰਗ ਰਾਹੀਂ
ਹੋਵੇਗੀ ।ਅਗਲੀ ਤਾਰੀਕ ਇਸੇ ਕੇਸ ਦੀ 9 ਜੁਲਾਈ ਹੈ ਤੇ ਇਸ ਕੇਸ ਦਾ ਫੈਸਲਾ ਇਕ ਦੋ ਤਾਰੀਕਾ ਵਿਚ ਹੋਣ ਵਾਲਾ ਹੈ ਵੀਰਜੀ ਨੇ ਅੱਜ ਮੀਡੀਆ ਨੂੰ ਬਿਆਨ ਵੀ ਜਾਰੀ ਕੀਤਾ ਹੈ ।
ੴ
ਸਤਿਕਾਰਯੋਗ ਖਾਲਸਾ ਜੀਓ,
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫ਼ਤਹਿ॥
ਸੱਭ ਤੋਂ ਪਹਿਲਾਂ ਮੈਂ ਸਮੁੱਚੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਉਸ ਅਕਾਲ-ਪੁਰਖ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ। ਖਾਲਸਾ ਜੀ ਜੂਨ 1984 ਨੂੰ ਦਿੱਲੀ ਦੇ ਤਖ਼ਤ ਤੇ ਬੈਠੇ ਅਬਦਾਲੀ ਦੇ ਵਾਰਿਸ ਕਾਂਗਰਸੀ ਹੁਕਮਰਾਨਾਂ ਵੱਲੋਂ ਸਿੱਖ ਧਰਮ ਤੇ ਟੈਂਕਾਂ ਅਤੇ ਤੋਪਾਂ ਲਈ ਕੀਤੇ ਹਮਲੇ ਦੌਰਾਨ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਿਆਂ ਦੀ ਅਗਵਾਈ ਵਿੱਚ ਧਰਮ ਦੇ ਰਾਖੀ ਕਰਦੇ ਹੋਏ ਅਤੇ ਕੌਮੀ ਆਨ ਸ਼ਾਨ ਲਈ ਸ਼ਹੀਦ ਹੋਏ ਮਹਾਨ ਸ਼ੂਰਵੀਰ ਯੋਧਿਆਂ ਨੂੰ ਅਸੀਂ ਆਪਣੇ ਵਲੋਂ ਸਿਜਦਾ ਕਰਦੇ ਹਾਂ, ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ ਅਤੇ ਸ਼ਹੀਦਾਂ ਦੇ ਅਧੂਰੇ ਸੁਪਨਿਆਂ ਨੂੰ ਪੂਰਾ ਕਰਨ ਦਾ ਯਤਨ ਕਰਦੇ ਰਹਿਣ ਦਾ ਪ੍ਰਣ ਕਰਦੇ ਹਾਂ। ਪਿਛਲੇ ਕਾਫੀ ਸਮੇਂ ਤੋਂ ਆਪਣੇ ਕੌਮੀ ਸ਼ਹੀਦਾਂ ਪ੍ਰਤੀ ਆਪਣੇ ਕੌਮੀ ਫਰਜਾਂ ਤੋਂ ਮੁਨਕਰ ਰਹਿਣ ਤੋਂ ਬਾਅਦ ਇਸ ਸਾਲ 6 ਜੂਨ ਨੂੰ ਖਾਲਸਾ ਪੰਥ ਵੱਲੋਂ ਵੱਡੀ ਪੱਧਰ ਤੇ ਸ਼ਹੀਦੀ ਸਮਾਗਮਾਂ ਵਿੱਚ ਸ਼ਾਮਿਲ ਹੋ ਕੇ ਕੌਮ ਦੇ ਇਨਾਂ ਮਹਾਨ ਸ਼ਹੀਦਾਂ ਨੂੰ ਜੋ ਸ਼ਰਧਾਂਜਲੀ ਭੇਂਟ ਕੀਤੀ ਗਈ ਹੈ, ਇਹ ਸਮੁੱਚੀ ਕੌਮ ਲਈ ਮਾਣ ਵਾਲੀ ਗੱਲ ਹੈ ਅਤੇ ਖਾਲਸਾ ਪੰਥ ਦੇ ਆਪਣੇ ਕੌਮੀ ਫਰਜਾਂ ਪ੍ਰਤੀ ਸੁਚੇਤ ਹੋ ਜਾਣ ਦਾ ਸਬੂਤ ਹੈ।
ਖਾਲਸਾ ਜੀ ਕਿੰਨਾ ਚੰਗਾ ਹੋਵੇ ਜੇਕਰ ਹਰ ਸਾਲ 6 ਜੂਨ ਨੂੰ ਸਮੁੱਚਾ ਖਾਲਸਾ ਪੰਥ “ਸ੍ਰੀ ਅਕਾਲ ਤਖ਼ਤ ਸਾਹਿਬ” ਤੇ ਇੱਕਠਾ ਹੋ ਕੇ ਬਹੁਤ ਹੀ ਤਹਿਜੀਬ ਨਾਲ ਬਿਨਾਂ ਕੋਈ ਨਾਹਰੇਬਾਜੀ ਕੀਤੇ, ਬਿਨਾਂ ਕੋਈ ਹੁੱਲੜਬਾਜੀ ਕੀਤੇ ਸਿਰਫ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੇ ਆਪਣੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰੇ। ਇਸ ਦਿਨ “ਸ੍ਰੀ ਅਕਾਲ ਤਖਤ ਸਾਹਿਬ” ਤੇ ਇੰਨਾ ਵੱਡਾ ਇੱਕਠ ਹੋਵੇ ਕਿ ਅੰਮ੍ਰਿਤਸਰ ਸ਼ਹਿਰ ਦੀਆਂ ਗਲੀਆਂ ਵੀ ਛੋਟੀਆਂ ਪੈ ਜਾਣ। ਸਾਰਾ ਖਾਲਸਾ ਪੰਥ ਨੀਲੀਆਂ ਅਤੇ ਕੇਸਰੀ ਦਸਤਾਰਾਂ ਸਜਾ ਕੇ ਇਨਾਂ ਸਮਾਗਮਾਂ ਵਿੱਚ ਸ਼ਾਮਿਲ ਹੋਵੇ। ਇਸ ਦਿਨ ਸ਼ਹੀਦਾਂ ਦੀ ਯਾਦ ਅਤੇ ਸਿੱਖ ਧਰਮ ਤੇ ਹੋਏ ਹਮਲੇ ਨੂੰ ਯਾਦ ਕਰਦੇ ਸਿੱਖਾਂ ਦੇ ਇੱਕਠ ਦਾ ਇੱਕ ਅਜਿਹਾ ਅਲੌਲਿਕ ਵਰਤਾਰਾ ਹੋਵੇ ਜਿਹੜਾ ਪੂਰੀ ਦੁਨੀਆਂ ਦਾ ਧਿਆਨ ਆਪਣੇ ਵੱਲ ਖਿੱਚੇ ਅਤੇ ਦੁਸ਼ਮਣ ਤਾਕਤਾਂ ਨੂੰ ਭੈਅ-ਭੀਤ ਕਰ ਦੇਵੇ। ਇਸ ਦਿਨ ਇਥੇ ਸਿਰਫ਼ “ਸ੍ਰੀ ਅਕਾਲ ਤਖ਼ਤ ਸਾਹਿਬ” ਦੇ ਜੱਥੇਦਾਰ ਸਾਹਿਬਾਨ ਵੱਲੋਂ ਕੌਮੀ ਭਾਵਨਾਵਾਂ ਦੀ ਤਰਜ਼ਮਾਨੀ ਕਰਦੇ ਹੋਏ ਸੰਦੇਸ਼ ਪੜੇ ਜਾਣ, ਹਿੰਦੋਸਤਾਨ ਦੇ ਕਾਂਗਰਸੀ ਹੁਕਮਰਾਨਾਂ ਵੱਲੋਂ ਰੂਹਾਨੀਅਤ ਦੇ ਕੇਂਦਰ “ਸ੍ਰੀ ਦਰਬਾਰ ਸਾਹਿਬ” ਤੇ ਅਤੇ ਹੋਰ 38 ਗੁਰਦੁਆਰਿਆਂ ਤੇ ਕੀਤੇ ਵਹਿਸ਼ੀ ਹਮਲੇ ਦੀ ਵਿਸਥਾਰ ਪੂਰਬਕ ਜਾਣਕਾਰੀ ਦਿੱਤੀ ਜਾਵੇ। ਇਸ ਦਿਨ ਪੂਰੀ ਦੁਨੀਆਂ ਨੂੰ ਇਹ ਦੱਸਿਆ ਜਾਵੇ ਕਿ ਉਹ ਕਿਹੜੀਆਂ ਤਾਕਤਾਂ ਸਨ ਜਿਹੜੀਆਂ ਸੱਤਾ ਦੇ ਨਸ਼ੇ ਵਿੱਚ ਚੂਰ ਹੋ ਕੇ ਟੈਂਕਾਂ ਅਤੇ ਤੋਪਾਂ ਲੈ ਕੇ ਸਿੱਖਾਂ ਨੂੰ ਸਬਕ ਸਿਖਾਉਣ ਲਈ ਸਿੱਖ ਧਰਮ ਤੇ ਹਮਲਾ ਕਰਕੇ “ਸ੍ਰੀ ਅਕਾਲ ਤਖ਼ਤ ਸਾਹਿਬ” ਨੂੰ ਢਹਿ ਢੇਰੀ ਕਰਨ ਆਈਆਂ ਸਨ। ਇਸ ਦਿਨ ਪੂਰੀ ਦੁਨੀਆਂ ਨੂੰ ਇਹ ਦੱਸਿਆ ਜਾਵੇ ਕਿ ਕਿਵੇਂ ਇੰਨਾਂ ਹਮਲਾਵਰਾਂ ਨੇ ਹਜਾਰਾਂ ਨਿਰਦੋਸ਼ ਸ਼ਰਧਾਲੂਆਂ ਨੂੰ ਤੜਫਾ ਤੜਫਾ ਕੇ ਬਹੁਤ ਹੀ ਵਹਿਸ਼ੀ ਢੰਗ ਨਾਲ ਉਨ੍ਹਾਂ ਦਾ ਕਤਲੇਆਮ ਕੀਤਾ ਸੀ, ਕਿਵੇਂ ਇਨਾਂ ਹਮਲਾਵਰਾਂ ਨੇ “ਸ੍ਰੀ ਦਰਬਾਰ ਸਾਹਿਬ” ਦੀ ਪਵਿੱਤਰ ਧਰਤੀ ਨੂੰ ਹਜਾਰਾਂ ਨਿਰਦੋਸ਼ ਸਿੱਖਾਂ ਦੇ ਖੁਨ ਨਾਲ ਰੰਗਿਆ ਸੀ। ਕਿਵੇਂ ਇੰਨਾਂ ਹਮਲਾਵਰਾਂ ਨੇ “ਸ੍ਰੀ ਗੁਰੂ ਰਾਮ ਦਾਸ ਜੀ” ਦੇ ਪਵਿੱਤਰ ਸਰੋਵਰ ਨੂੰ ਜਿਸ ਵਿੱਚ ਇਸ਼ਨਾਨ ਕਰਕੇ ਇਸ਼ਨਾਨ ਦੀਆਂ 84 ਲੱਖ ਜੂਨਾਂ ਕੱਟੀਆਂ ਜਾਂਦੀਆਂ ਹਨ, ਸਾਰੇ ਪਾਪ ਲਹਿ ਜਾਂਦੇ ਹਨ, ਉਸ ਪਵਿੱਤਰ ਸਰੋਵਰ ਨੂੰ ਨਿਰਦੋਸ਼ ਸਿੱਖਾਂ ਦੇ ਖੂਨ ਨਾਲ ਲਾਲ ਕੀਤਾ ਸੀ। ਕਿਵੇਂ ਸਾਡੇ ਇਨਾਂ ਮਹਾਨ ਸ਼ਹੀਦਾਂ ਨੇ ਇੰਨਾਂ ਦਿੱਲੀ ਤਖ਼ਤ ਦੇ ਹਮਲਾਵਰਾਂ ਨਾਲ ਮੁਕਾਬਲਾ ਕਰਦੇ ਹੋਏ ਜੂਝ ਜੂਝ ਕੇ ਸ਼ਹਾਦਤਾਂ ਦਿੱਤੀਆਂ ਸਨ। ਇਹ ਸਾਰਾ ਜੁਲਮ ਅਤੇ ਕਤਲੇਆਮ ਸਿਰਫ 29 ਸਾਲ ਪਹਿਲਾਂ ਹੋਇਆ ਸੀ। ਅਜਿਹਾ ਕਰਨ ਵਾਲੇ ਹੁਕਮਰਾਨ ਅੱਜ ਵੀ ਦਿੱਲੀ ਤੇ ਤਖ਼ਤ ਤੇ ਬਿਰਾਜਮਾਨ ਹਨ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਇੰਨਾਂ ਧਰਮ ਤੇ ਹਮਲਾ ਕਰਨ ਵਾਲੀਆਂ ਅਤੇ ਹਜਾਰਾਂ ਨਿਰਦੋਸ਼ ਸਿੱਖਾਂ ਦੀਆਂ ਕਾਤਲ ਤਾਕਤਾਂ ਨਾਲ ਕੋਈ ਵੀ ਸਬੰਧ ਨਾ ਰੱਖਣ ਦੇ ਆਦੇਸ਼ ਜਾਰੀ ਕੀਤੇ ਜਾਣ। ਪੰਜਾਬ ਦੀ ਪਵਿੱਤਰ ਧਰਤੀ ਤੋਂ ਇੰਨਾਂ ਕਾਤਲ ਤਾਕਤਾਂ ਨੂੰ ਸਦਾ ਲਈ ਰੁਖਸਤ ਕਰਨ ਦੇ ਸੰਕਲਪ ਕੀਤੇ ਜਾਣ। ਸਿੱਖ ਧਰਮ ਤੇ ਹੋਏ ਇਸ ਵਹਿਸ਼ੀ ਹਮਲੇ ਤੋਂ ਬਾਅਦ ਸ਼ੁਰੂ ਹੋਏ ਸਿੱਖ ਸੰਘਰਸ਼ ਦੌਰਾਨ ਸ਼ਹੀਦ ਹੋਏ ਸਮੁੱਚੇ ਸ਼ਹੀਦਾਂ ਨੂੰ ਵੀ ਇਸ ਦਿਨ ਯਾਦ ਕੀਤਾ ਜਾਵੇ, ਉਨ੍ਹਾਂ ਦੇ ਅਧੂਰੇ ਸੁਪਨਿਆਂ ਨੂੰ ਪੂਰੇ ਕਰਨ ਦੇ ਪ੍ਰੋਗਰਾਮ ਦਿੱਤੇ ਜਾਣ, ਅਜਿਹੀ ਸ਼ਰਧਾਂਜਲੀ ਹੀ ਉਨ੍ਹਾਂ ਮਹਾਨ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।
ਮੇਰੀ ਕੌਮ ਦੇ ਅਣਖੀਲੇ ਵਾਰਸੋਂ ਇਹ ਵਕਤ ਤੁਹਾਡੇ ਜਾਗ ਜਾਣ ਦਾ ਹੈ ਕਿਉਂਕਿ ਇੰਨਾਂ ਸ਼ਹੀਦੀ ਸਮਾਗਮਾਂ ਵਿੱਚ ਉਹ ਲੋਕ ਵੀ ਕੇਸਰੀ ਕਾਫਲੇ ਲੈ ਕੇ, ਕੇਸਰੀ ਝੰਡੇ ਲੈ ਕੇ, ਕੇਸਰੀ ਪੱਗਾਂ ਬੰਨ ਕੇ ਸ਼ਾਮਿਲ ਹੋਏ ਹਨ ਜਿਹੜੇ ਕੱਲ ਤੱਕ ਉਨ੍ਹਾਂ ਧਰਮ ਤੇ ਹਮਲਾ ਕਰਨ ਵਾਲੀਆਂ ਅਤੇ ਹਜਾਰਾਂ ਨਿਰਦੋਸ਼ ਸਿੱਖਾਂ ਦੀਆਂ ਕਾਤਲ ਤਾਕਤਾਂ ਦਾ ਸਾਥ ਦਿੰਦੇ ਰਹੇ ਹਨ, ਜਿਹੜੇ ਪਿਛਲੇ 29 ਸਾਲਾਂ ਤੋਂ ਕੌਮੀ ਭਾਵਨਾਵਾਂ ਦੇ ਵੇਗ ਤੇ ਕਾਬਜ ਹੋ ਕੇ ਉਨ੍ਹਾਂ ਨੂੰ ਗੂੰਮਰਾਹ ਕਰਨ ਦਾ ਯਤਨ ਕਰਕੇ ਸ਼ਹੀਦਾਂ ਨਾਲ, ਸਿੱਖ ਸੰਘਰਸ਼ ਨਾਲ ਧੋਖਾ ਅਤੇ ਕਾਤਲਾਂ ਨਾਲ ਵਫ਼ਾ ਕਰਦੇ ਰਹੇ ਹਨ। ਜਿਹੜੇ ਦਿੱਲੀ ਦੇ ਤਖਤ ਤੇ ਬੈਠੇ ਕਾਂਗਰਸੀ ਹੁਕਮਰਾਨਾਂ ਦੇ ਨੁਮਾਇੰਦਿਆਂ ਨੂੰ ਪੰਜਾਬ ਦੀ ਧਰਤੀ ਤੇ ਚੋਣਾਂ ਵਿੱਚ ਜਿਤਾ ਕੇ ਸ਼ਹੀਦਾਂ ਦਾ ਅਪਮਾਨ ਕਰਦੇ ਰਹੇ ਹਨ। ਇਹ ਤੁਹਾਡੇ ਜਾਗਣ ਦੀ ਵੇਲਾ ਹੈ ਜਾਗ ਜਾਉ ਇਹ ਤੁਹਾਡੇ ਸੋਚ ਵਿਚਾਰ ਦਾ ਸਮਾਂ ਹੈ ਆਪਣੇ ਗੁਰੂ ਦੇ ਸਨਮੁੱਖ ਖੜ ਕੇ ਸਿਰਫ ਸੱਚ ਨੂੰ ਸਮਰਪਿਤ ਹੋ ਕੇ ਸੋਚ ਵਿਚਾਰ ਕਰਨ ਦੀ ਜਰੂਰਤ ਹੈ।
ਖਾਲਸਾ ਜੀ, ਸ਼ਹੀਦੀ ਸਮਾਗਮਾਂ ਦੇ ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਖਾਲਿਸਤਾਨ-ਜਿੰਦਾਬਾਦ ਦੇ ਨਾਹਰੇ ਲਾਉਂਦੇ, ਹੁੱਲੜਬਾਜੀ ਕਰਦੇ ਅਤੇ ਨੰਗੀਆਂ ਤਲਵਾਰਾਂ ਲਹਿਰਾਉਣ ਵਾਲੇ ਦਿੱਲੀ ਦਰਬਾਰ ਦੀ ਡਿਊਟੀ ਕਰਨ ਵਾਲੇ ਪੰਥਕ ਮਾਖੋਟੇ ਅਤੇ ਸੰਘਰਸ਼ੀ ਮਾਖੋਟੇ ਵਿੱਚ ਵਿਚਰਦੇ ਇੰਨਾ ਦਿੱਲੀ ਦਰਬਾਰੀਆਂ ਨੂੰ ਤੁਸੀਂ ਕੌਮ ਦੇ ਰਹਿਬਰ ਜਾ ਕੌਮ ਦੀ ਅਜਾਦੀ ਦੇ ਦਾਅਵੇਦਾਰ ਨਾ ਸਮਝ ਲੈਣਾ। ਅਸਲ ਵਿੱਚ ਇਹ ਲੋਕ ਹਰ ਸਾਲ 6 ਜੂਨ ਨੂੰ “ਸ੍ਰੀ ਅਕਾਲ ਤਖ਼ਤ ਸਾਹਿਬ” ਤੇ ਨਾਹਰੇਬਾਜੀ ਕਰਕੇ, ਹੁੱਲੜਬਾਜੀ ਕਰਕੇ ਇਸ ਰੁਹਾਨੀਅਤ ਦੇ ਕੇਂਦਰ ਤੇ ਦਿੱਲੀ ਤਖ਼ਤ ਵੱਲੋਂ ਕੀਤੇ ਵਹਿਸ਼ੀ ਹਮਲੇ ਨੂੰ ਠੀਕ ਠਹਿਰਾਉਣ ਦਾ ਯਤਨ ਕਰਦੇ ਹਨ, ਮੀਡੀਏ ਦਾ ਧਿਆਨ ਆਪਣੇ ਵੱਲ ਖਿੱਚ ਕੇ ਦਿੱਲੀ ਤਖ਼ਤ ਵੱਲੋਂ ਕੀਤੇ ਅਸਲ ਜੁਲਮ ਦੀ ਦਾਸਤਾਨ ਤੋਂ ਦੁਨੀਆਂ ਦਾ ਧਿਆਨ ਪਰੇ ਕਰਨ ਦਾ ਯਤਨ ਕਰਕੇ ਦਿੱਲੀ ਦਰਬਾਰ ਦੀ ਡਿਊਟੀ ਕਰਦੇ ਹਨ। ਇਹ ਉਹ ਲੋਕ ਹਨ ਜਿਹੜੇ ਡੇਰਾਬਾਦ ਦੇ ਖਿਲਾਫ ਸੰਘਰਸ਼ ਕਰਨ ਲਈ ਵੱਡੇ ਵੱਡੇ ਦਾਅਵੇ ਕਰਦੇ “ਸ੍ਰੀ ਅਕਾਲ ਤਖ਼ਤ ਸਾਹਿਬ” ਦੇ ਜੱਥੇਦਾਰ ਸਾਹਿਬਾਨ ਦਾ ਬਾਈਕਾਟ ਕਰਕੇ ਖੁਦ ਉਨ੍ਹਾਂ ਹੀ ਡੇਰਿਆ ਅੱਗੇ ਸਿਜਦਾ ਕਰਦੇ ਡੇਰੇਦਾਰ ਹੀ ਬਣ ਗਏ ਹਨ। ਅਸਲ ਵਿੱਚ ਇੰਨਾਂ ਦਾ ਸੱਚ ਪਹਿਲਾਂ ਤੋਂ ਹੀ ਇਹੀ ਹੈ।
ਖਾਲਸਾ ਜੀ, ਕਿੰਨਾ ਚੰਗਾ ਹੋਵੇ ਜੇਕਰ ਇਹ ਲੋਕ 6 ਜੂਨ ਨੂੰ “ਸ੍ਰੀ ਅਕਾਲ ਤਖ਼ਤ ਸਾਹਿਬ” ਤੇ ਨਾਹਰੇ ਲਾਉਣ ਦੀ ਬਜਾਏ ਦਿੱਲੀ ਜਾ ਕੇ ਰਾਸ਼ਟਰਪਤੀ ਭਵਨ ਅੱਗੇ ਦੇਸ਼ ਦੀ ਪਾਰਲੀਮੈਂਟ ਅੱਗੇ ਅਜਾਦੀ ਦੇ ਖਾਲਿਸਤਾਨ-ਜਿੰਦਾਬਾਦ ਦੇ ਨਾਹਰੇ ਲਾਉਣ। ਕਿੰਨਾ ਚੰਗਾ ਹੋਵੇ ਜੇਕਰ ਇਹ ਆਪਣੀਆਂ ਤਲਵਾਰਾਂ “ਸ੍ਰੀ ਅਕਾਲ ਤਖ਼ਤ ਸਾਹਿਬ” ਤੇ ਲਹਿਰਾਉਣ ਦੀ ਬਜਾਏ ਭਾਰਤੀ ਨਿਆਂਇਕ ਸਿਸਟਿਮ ਦੇ ਜੁਆਈ ਬਣੇ ਬੈਠੇ ਹਜਾਰਾਂ ਨਿਰਦੋਸ਼ ਸਿੱਖਾਂ ਦੇ ਕਾਤਲਾਂ ਅੱਗੇ ਜਾ ਕੇ ਲਹਿਰਾਉਣ।
ਖਾਲਸਾ ਜੀ, ਸਾਡੇ ਵੱਲੋਂ ਲੰਮਾਂ ਸਮਾਂ ਆਪਣੇ ਕੌਮੀ ਸ਼ਹੀਦਾਂ ਦੀਆਂ ਸ਼ਹਾਦਤਾਂ ਤੋਂ ਮੁਨਕਰ ਰਹਿਣ ਅਤੇ ਆਪਣੇ ਕੌਮੀ ਫਰਜਾਂ ਤੋਂ ਮੁਨਕਰ ਹੋਣ ਦੇ ਕਾਰਨ ਹੀ ਇਹ ਕਾਤਲ ਤਾਕਤਾਂ ਇੰਨਾ ਜੁਲਮ ਕਰਨ ਤੋਂ ਬਾਅਦ ਵੀ ਦੋ ਵਾਰ ਪੰਜਾਬ ਦੀ ਸੱਤਾ ਤੇ ਕਾਬਜ ਹੋਈਆਂ ਹਨ। ਅੱਜ ਵੀ ਇੰਨਾ ਕਾਤਲ ਤਾਕਤਾਂ ਦੇ ਨੁਮਾਇੰਦੇ ਪੰਜਾਬ ਦੀ ਧਰਤੀ ਤੇ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਦੇ ਹਨ। ਇਹ ਗੱਲ ਸਮੁੱਚੇ ਖਾਲਸਾ ਪੰਥ ਲਈ ਸੋਚ ਵਿਚਾਰ ਦੀ ਹੈ ਕਿ ਇਹ ਕਾਤਲ ਕਾਂਗਰਸ ਇੰਨਾ ਜੁਲਮ ਕਰਨ ਤੋਂ ਬਾਅਦ ਵੀ ਪੰਜਾਬ ਦੀ ਧਰਤੀ ਤੇ ਜਿੱਤ ਕਿਉਂ ਪ੍ਰਾਪਤ ਕਰਦੀ ਹੈ? ਕੀ ਇੰਨਾਂ ਦੀ ਜਿੱਤ ਸਾਡੀ ਅਣਖ਼ ਅਤੇ ਗੈਰਤ ਲਈ ਲਲਕਾਰ ਨਹੀਂ ਹੈ? ਕੀ ਇੰਨਾਂ ਦੀ ਜਿੱਤ ਸਾਡੇ ਮਹਾਨ ਸ਼ਹੀਦਾਂ ਦਾ ਅਪਮਾਨ ਨਹੀਂ ਹੈ? ਕੀ ਇੰਨਾਂ ਦੀ ਜਿੱਤ ਸਾਡੇ ਸਿੱਖ ਹੋਣ ਤੇ ਸਵਾਲ ਖੜਾ ਨਹੀਂ ਕਰਦੀ? ਕੀ ਇੰਨਾ ਕਾਤਲ ਤਾਕਤਾਂ ਦੇ ਨੁਮਾਇੰਦਿਆਂ ਨੂੰ ਵਧੀਆ ਸਿੱਖ ਕਹਿੰਦੇ ਸਮੇਂ ਸਾਡੀ ਰੂਹ ਨਹੀਂ ਕੰਬਦੀ? ਕੀ ਇੰਨਾਂ ਕਾਤਲਾ ਤਾਕਤਾਂ ਦੇ ਨੁਮਾਇੰਦਿਆਂ ਨੂੰ ਚੋਣਾਂ ਵਿੱਚ ਵੋਟਾਂ ਪਾਉਂਦੇ ਸਮੇਂ ਸਾਨੂੰ ਇੰਨਾਂ ਦੇ ਜੁਲਮ ਦੀ ਦਾਸਤਾਨ ਯਾਦ ਨਹੀਂ ਰਹਿੰਦੀ? ਕੀ ਚੋਣਾਂ ਵਿੱਚ ਇਨਾਂ ਧਰਮ ਤੇ ਹਮਲਾ ਕਰਨ ਵਾਲੀਆਂ ਕਾਤਲ ਤਾਕਤਾਂ ਨੂੰ ਵੋਟ ਪਾਉਣ ਤੋਂ ਬਾਅਦ ਸਾਨੂੰ ਆਪਣੇ ਆਪ ਨੂੰ ਗੁਰੂ ਦਾ ਸਿੱਖ ਦਸ਼ਮੇਸ਼ ਪਿਤਾ ਦਾ ਪੁੱਤਰ ਕਹਿਲਾਉਣ ਦਾ ਕੋਈ ਨੈਤਿਕ ਹੱਕ ਹੈ? ਕੀ ਇਨਾਂ ਕਾਤਲ ਤਾਕਤਾਂ ਦੀ ਵੋਟ ਪਾਉਣ ਤੋਂ ਬਾਅਦ ਅਸੀਂ ਇੰਦਰਾ ਗਾਂਧੀ ਦੇ ਪੁੱਤ ਨਹੀਂ ਬਣ ਜਾਂਦੇ?
ਖਾਲਸਾ ਜੀ, ਬੇਸ਼ਕ 29 ਸਾਲ ਬਾਅਦ ਵੀ ਇੰਨੀਆਂ ਕੁਰਬਾਨੀਆਂ ਕਰਕੇ ਅਸੀਂ ਆਪਣੇ ਸ਼ਹੀਦ ਹੋਏ ਵੀਰਾਂ ਦੇ ਸੁਪਨਿਆਂ ਨੂੰ ਸਾਕਾਰ ਨਹੀਂ ਕਰ ਸਕੇ ਇਸ ਲਈ ਅਸੀਂ ਹਮੇਸ਼ਾਂ ਕਟਹਿਰੇ ਵਿੱਚ ਖੜੇ ਰਹਾਂਗੇ। ਬੇਸ਼ਕ ਸਾਰੇ ਲੋਕ ਹਥਿਆਰ ਚੁੱਕ ਕੇ ਸੰਘਰਸ਼ ਨਹੀਂ ਕਰ ਸਕੇ। ਪਰ ਕੀ ਅਸੀਂ ਇੱਕ ਬੰਦ ਕਮਰੇ ਵਿੱਚ ਮਿਲੇ ਵੋਟ ਪਾਉਣ ਦੇ ਅਧਿਕਾਰ ਦੀ ਵਰਤੋਂ ਕਰਦੇ ਸਮੇਂ ਆਪਣੇ ਗੁਰੂ ਨੂੰ ਆਪਣੇ ਸ਼ਹੀਦਾਂ ਨੂੰ ਯਾਦ ਕਰਕੇ ਇੰਨਾਂ ਕਾਤਲ ਤਾਕਤਾਂ ਨੂੰ ਸਦਾ ਲਈ ਪੰਜਾਬ ਦੀ ਪਵਿੱਤਰ ਧਰਤੀ ਤੋਂ ਅਲੋਪ ਨਹੀਂ ਕਰ ਸਕਦੇ? ਅਜਿਹਾ ਕਰਕੇ ਵੀ ਅਸੀਂ ਆਪਣੇ ਗੁਰੂ ਦੀਆਂ ਆਪਣੇ ਸ਼ਹੀਦਾਂ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਦੇ ਹਾਂ। ਉਨ੍ਹਾਂ ਮਹਾਨ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਦੇ ਸਕਦੇ ਹਾਂ। ਖਾਲਸਾ ਪੰਥ ਹਮੇਸ਼ਾ ਚੜਦੀ ਕਲਾ ਵਿੱਚ ਦੇਖਣ ਦਾ ਚਾਹਵਾਨ।
ਤੁਹਾਡਾ ਆਪਣਾ
ਮਿਤੀ: 11.06.2013 ਬਲਵੰਤ ਸਿੰਘ ਰਾਜੋਆਣਾ
ਕੋਠੀ ਨੰ. 16
ਕੇਂਦਰੀ ਜੇਲ ਪਟਿਆਲਾ (ਪੰਜਾਬ)