Dal Khalsa UK

Dal Khalsa UK

Dal Khalsa UK's Official Facebook Page Join Now!

Dal Khalsa UK on Facebook

Wednesday, 10 July 2013

Jathedar Bhai Balwant Singh Rajoana Ji's Letter | 9th July 2013 |

Ajj Veerji Bhai Balwant Singh Rajoana Ji di Patiala kachehriyan vich, asla rakhan de case vich peshi si. Veerji ne ajj is case vich apne Section 313 de beyaan dite jina beyana vich veerji ne keha ke jis Hindustan ne sikhan di sarv uch adalat 'Sri Akal Takht Sahib Ji' nu teh teri kita, hazaaran nirdosh sikhan da katal kita, katilan nu dekh ke akhan band kitiyan os Hindustan di kise vi adalat vich ona nu koi bharosa nhi te oh ena adalatan rahin Hindustan ton quom di azaadi di mang karde ne. Veerji ne ona te paye hoye case vare keha ke eh case jhootha hai. Oss ton Baad Veerji ne adalat de vich 5 vaar Khalistan Zindabaad de nahre laye.

Veerji di agli tareek 23 July hai. Ajj Veerji ne sadi sarv uch adalat 'Sri Akal Takht Sahib ' valon March 2012 vich ashirvaad de roop vich veerji nu dita hoya 'Patshahee jamaa' pehanke Hindustan diyan adaltan vich quom di awaaz buland kiti. Veerji ne Khalsa Panth de naam jo sandesh jari kita oh is tarhan hai.



੧ਓ


ਸਤਿਕਾਰਯੋਗ ਖਾਲਸਾ ਜੀਓ,
ਵਾਹਿਗੁਰੂ ਜੀ ਕਾ ਖਾਲਸਾ ॥
ਵਾਹਿਗੁਰੂ ਜੀ ਕੀ ਫ਼ਤਹਿ॥
ਸਭ ਤੋਂ ਪਹਿਲਾਂ ਮੈਂ ਸਮੁੱਚੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਉਸ ਅਕਾਲ-ਪੁਰਖ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ । ਖਾਲਸਾ ਜੀ , ਖਾਲਸਾ ਰਾਜ (ਖ਼ਾਲਿਸਤਾਨ) ਦਾ ਜੋ ਸੰਕਲਪ ਹੈ ਇਹ ਸਮੁੱਚੀ ਮਾਨਵਤਾ ਨੂੰ ਆਪਣੇ ਕਲਾਵੇ ਵਿਚ ਲੈਂਦਾ ਹੈ । ਖਾਲਸਾ ਰਾਜ ਦਾ ਸੰਕਲਪ ਸੱਭ ਧਰਮਾਂ ਦਾ ਸਤਿਕਾਰ ਕਰਦਾ ਹੋਇਆ ਉਨ੍ਹਾਂ ਦੀ ਰਾਖੀ ਲਈ ਬਚਨਬੱਧ ਹੈ । ਖਾਲਸਾ ਰਾਜ ਦਾ ਸੰਕਲਪ ਬਿਨਾਂ ਕਿਸੇ ਜਾਤੀ ਜਾਂ ਧਾਰਮਿਕ ਭੇਦਭਾਵ ਦੇ ਸਮੁੱਚੀ ਮਾਨਵਤਾ ਲਈ ਇੱਕੋ ਹੀ ਤਰ੍ਹਾਂ ਦੇ ਇਨਸਾਫ਼ ਦਾ ਬਚਨ ਦਿੰਦਾ ਹੈ । ਖਾਲਸਾ ਰਾਜ ਦਾ ਸੰਕਲਪ ਸਮੁੱਚੀ ਮਾਨਵਤਾ ਨੂੰ ਉਸ ਇੱਕ ਅਕਾਲ-ਪੁਰਖ ਵਾਹਿਗੁਰੂ ਦਾ ਰੂਪ ਜਾਣ ਉਸ ਦੀ ਸੇਵਾ ਨੂੰ ਸਮਰਪਿਤ ਹੈ । ਖਾਲਸਾ ਰਾਜ ਦਾ ਸੰਕਲਪ ਕਿਸੇ ਵੀ ਤਰ੍ਹਾਂ ਦੇ ਜ਼ੁਲਮ ਦੇ ਖਿਲਾਫ਼ ਅਵਾਜ਼ ਬਲੁੰਦ ਕਰਨ ਲਈ ਬਚਨਬੱਧ ਹੈ । ਖਾਲਸਾ ਰਾਜ ਦਾ ਸੰਕਲਪ ਇੱਕ ਤੰਦਰੁਸਤ ਅਤੇ ਨਸ਼ਾ ਮੁਕਤ ਸਮਾਜ ਦੀ ਸਿਰਜਨਾ ਕਰਨਾ ਲੋਚਦਾ ਹੈ । ਖਾਲਸਾ ਰਾਜ ਦਾ ਸੰਕਲਪ ਬੇਟੀਆਂ ਨੂੰ ਕੁੱਖ ਵਿਚ ਹੀ ਮਾਰਨ ਵਾਲੀ ਮਾਨਸਿਕਤਾ ਨੂੰ ਬਦਲ ਕੇ ਬੇਟੀਆਂ ਨੂੰ ਬਰਾਬਰ ਜੀਣ ਦਾ ਅਧਿਕਾਰ ਦਿੰਦਾ ਹੋਇਆ ਉਨ੍ਹਾਂ ਤੇ ਮਾਣ ਕਰਦਾ ਹੈ ਅਤੇ ਆਪਣੀਆਂ ਬੇਟੀਆਂ ਨੂੰ ਸਮੁੱਚੀ ਦੁਨੀਆਂ ਦਾ ਮਾਣ ਬਣਾਉਣਾ ਲੋਚਦਾ ਹੈ ।

ਖਾਲਸਾ ਜੀ , ਸਾਡੇ ਸ਼ਹੀਦ ਹੋਏ ਹਜ਼ਾਰਾਂ ਵੀਰਾਂ ਵੱਲੋਂ ਕੀਤਾ ਗਿਆ ਸ਼ੰਘਰਸ਼ ਅਤੇ ਸਾਡੇ ਵੱਲੋਂ ਕੀਤਾ ਜਾ ਰਿਹਾ ਸ਼ੰਘਰਸ ਬੇਇਨਸਾਫ਼ੀਆਂ , ਧੋਖੇਬਾਜ਼ੀਆਂ ਅਤੇ ਜ਼ੁਲਮ ਦਾ ਸ਼ਿਕਾਰ ਹੋਈ ਸਿੱਖ ਕੌਮ ਦੇ ਆਤਮ ‐ਸਨਮਾਨ ਦਾ ਸ਼ੰਘਰਸ ਹੈ । ਇਸ ਨੂੰ ਸਿੱਖ ਕੌਮ ਦੀ ਤਰਾਸਦੀ ਹੀ ਕਿਹਾ ਜਾਵੇਗਾ ਕਿ ਉਸਨੂੰ ਹਿੰਦੋਸਤਾਨ ਦੀ ਆਜ਼ਾਦੀ ਵਿਚ ਪਾਏ ਵੱਡਮੁੱਲੇ ਯੋਗਦਾਨ ਦੇ ਬਦਲੇ ਹਿੰਦੋਸਤਾਨੀ ਹੁਕਮਰਾਨਾਂ ਵੱਲੋਂ ਧੋਖਾ ਅਤੇ ਬੇਵਫ਼ਾਈ ਹੀ ਮਿਲੀ । ਇਹ ਦਿੱਲੀ ਦੇ ਤਖ਼ਤ ਤੇ ਬੈਠੇ ਹਿੰਦੋਸਤਾਨੀ ਹੁਕਮਰਾਨਾਂ ਦੀ ਰਾਜਨੀਤੀ ਦੀ ਕਿਹੋ ਜਿਹੀ ਘਿਨੌਣੀ ਖੇਡ ਹੈ ਕਿ ਇਹ ਲੋਕ ਸਾਡੇ ਨਾਲ ਹਰ ਮੋੜ ਤੇ ਧੋਖਾ ਅਤੇ ਬੇਵਫ਼ਾਈ ਕਰਕੇ , ਸਾਡੇ ਧਰਮ ਤੇ ਹਮਲਾ ਕਰਕੇ , ਸਾਡੀ ਸਰਵ-ਉਂਚ ਅਦਾਲਤ “ ਸ੍ਰੀ ਅਕਾਲ ਤਖ਼ਤ ਸਾਹਿਬ” ਜੀ ਨੂੰ ਟੈਕਾਂ ਅਤੇ ਤੋਪਾਂ ਨਾਲ ਢਹਿ ਢੇਰੀ ਕਰਕੇ , ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਖੂਨ ਦੀ ਹੌਲੀ ਖੇਡ ਕੇ , ਕਾਤਲਾਂ ਦੀ ਹਿਫ਼ਾਜਤ ਹੀ ਨਹੀਂ ਸਗੋਂ ਕਾਤਲਾਂ ਨੂੰ ਉਂਚੇ ਸਨਮਾਨ ਦੇ ਕੇ ਸਾਡੀਆਂ ਜਖ਼ਮੀ ਭਾਵਨਾਵਾਂ ਦਾ ਮਜ਼ਾਕ ਉਡਾ ਕੇ ਵੀ ਆਪਣੇ ਘਿਨੌਣੇ ਕਾਤਲ ਚਿਹਰਿਆਂ ਦੇ ਉਂਪਰ ਦੇਸ਼ਭਗਤੀ ਦਾ ਮਾਖੌਟਾ ਪਾਉਣ ਵਿਚ ਕਾਮਯਾਬ ਹੁੰਦੇ ਹਨ। ਸਿੱਖ ਕੌਮ ਨਾਲ ਲਗਾਤਾਰ ਹੋਈਆਂ ਬੇਇਨਸਾਫ਼ੀਆਂ ,ਧੋਖੇਬਾਜ਼ੀਆਂ ਅਤੇ ਜ਼ੁਲਮ ਦੇ ਖਿਲਾਫ਼ ਆਪਣੇ ਹੱਕਾਂ ਲਈ ਅਤੇ ਆਪਣੇ ਆਤਮ-ਸਨਮਾਨ ਲਈ ਸ਼ੰਘਰਸ ਕਰਨ ਵਾਲੇ ਸਿੱਖ ਨੌਜਵਾਨਾਂ ਨੂੰ ਇੰਨ੍ਹਾਂ ਹੀ ਹੁਕਮਰਾਨਾਂ ਵੱਲੋਂ ਅੱਤਵਾਦੀ ਕਰਾਰ ਦੇ ਦਿੱਤਾ ਜਾਂਦਾ ਹੈ ।

ਖਾਲਸਾ ਜੀ , ਕੌਮ ਦੇ ਇੰਨ੍ਹਾਂ ਹਾਲਾਤਾਂ ਲਈ ਜਿੰਮੇਵਾਰ ਕੋਈ ਹੋਰ ਨਹੀਂ ਹੈ , ਸਗੋਂ ਅਸੀਂ ਖ਼ੁਦ ਹੀ ਹਾਂ । ਸਾਡੀ ਕੌਮੀ ਲੀਡਰਸਿਪ ਹੀ ਆਪਣੇ ਹੱਕਾਂ ਦੀ ਰਾਖੀ ਨਹੀਂ ਕਰ ਸਕੀ , ਨਾ ਹੀ ਉਨ੍ਹਾਂ ਵਿਚ ਆਪਣੇ ਕੌਮੀ ਹੱਕ ਅਤੇ ਕੌਮੀ ਇਨਸਾਫ਼ ਲੈਣ ਲਈ ਕੋਈ ਬਚਨਬੱਧਤਾ ਹੀ ਨਜ਼ਰ ਆਉਂਦੀ ਹੈ । ਆਪਣੇ ਕੌਮੀ ਫ਼ਰਜਾਂ ਤੋਂ ਮੁਨਕਰ ਇਨ੍ਹਾਂ ਲੋਕਾਂ ਦੀ ਕਾਰੋਬਾਰੀ ਅਤੇ ਸਮਝੌਤਾਵਾਦੀ ਮਾਨਸਿਕਤਾ ਸਿਰਫ ਕੁਰਸੀ ਪ੍ਰਾਪਤ ਕਰਨ ਤੱਕ ਹੀ ਸੀਮਤ ਹੈ । ਇਹ ਸਾਡੀ ਬਦਕਿਸਮਤੀ ਹੀ ਕਹੀ ਜਾਵੇਗੀ ਕਿ ਸਾਨੂੰ ਆਪਣੇ ਕੌਮੀ ਫ਼ਰਜਾਂ ਤੋਂ ਭਗੌੜੇ ਲੋਕਾਂ ਨੂੰ ਆਪਣੇ ਉਂਪਰ ਬਰਦਾਸਤ ਕਰਨਾ ਪੈ ਰਿਹਾ ਹੈ । ਕਿਉਂਕਿ ਸਾਡੇ ਕੋਲ ਹੋਰ ਕੋਈ ਦੂਸਰਾ ਰਾਹ ਹੀ ਨਹੀਂ ਬਚਦਾ । ਸਾਡੇ ਇੱਕ ਪਾਸੇ ਆਪਣੇ ਕੌਮੀ ਫ਼ਰਜਾਂ ਤੋਂ ਭਗੌੜੇ ਕਾਰੋਬਾਰੀ ਲੋਕ ਹਨ ਅਤੇ ਦੂਸਰੇ ਪਾਸੇ ਸਾਡੇ ਵਿਸ਼ਵਾਸ ਦੇ ਕਾਤਲ , ਸਾਡੇ ਧਰਮ ਦੇ ਕਾਤਲ , ਸਾਡੇ ਵੀਰਾਂ ਦੇ ਕਾਤਲ , ਸਾਡੀਆਂ ਮਾਸੂਮ ਧੀਆਂ ਭੈਣਾਂ ਦੇ ਕਾਤਲ ਬਲਾਤਕਾਰੀ ਸਾਡੇ ਸੁਪਨਿਆਂ ਦੇ ਅਸਲ ਕਾਤਲ । ਬਾਕੀ ਵੱਖ-ਵੱਖ ਗਰਮ ਖਿਆਲੀ ਸਿੱਖੀ ਮਾਖੌਟਿਆਂ ਵਿਚ ਵਿਚਰਦੇ ਇਨ੍ਹਾਂ ਕਾਤਲਾਂ ਦੇ ਕਰਿੰਦੇ । ਤੀਸਰੀ ਕੋਈ ਧਿਰ ਹੈ ਹੀ ਨਹੀਂ ਜਿਹੜੀ ਆਪਣੀ ਇਸ ਧਰਤੀ ਮਾਂ ਦੇ ਕੌਮੀ ਸਵੈਮਾਨ ਨੂੰ ਅਤੇ ਆਪਣੇ ਕੌਮੀ ਫਰਜਾਂ ਨੂੰ ਸਮਰਪਿਤ ਹੋਵੇ । ਖਾਲਸਾ ਪੰਥ ਵਿਚ ਜੋਸ਼ ਅਤੇ ਜਜ਼ਬੇ ਦੀ ਕੋਈ ਘਾਟ ਨਹੀਂ ਹੈ । ਜੇ ਘਾਟ ਹੈ ਤਾਂ ਯੋਗ ਅਗਵਾਈ ਦੀ ਜਿਹੜੀ ਆਪਣੇ ਕੌਮੀ ਹਿੱਤਾਂ ਲਈ ਕੁਝ ਵੀ ਕਰਨ ਦਾ ਮਾਦਾ ਰੱਖਦੀ ਹੋਵੇ ਇਹ ਅਜੇ ਕਿਤੇ ਦੂਰ ਦੂਰ ਤੱਕ ਵੀ ਨਜ਼ਰ ਨਹੀਂ ਆਉਂਦੀ ।

ਖਾਲਸਾ ਜੀ , ਜਦੋਂ ਤੱਕ ਅਸੀਂ ਇੰਨਾਂ ਕੌਮੀ ਫਰਜਾਂ ਤੋਂ ਭਗੌੜੇ , ਕੌਮੀ ਹੱਕ ਅਤੇ ਕੌਮੀ ਇਨਸਾਫ਼ ਲੈਣ ਤੋਂ ਮੁਨਕਰ ਕਾਰੋਬਾਰੀਆਂ ਅਤੇ ਵਪਾਰੀਆਂ ਦੇ ਬੋਝ ਨੂੰ ਆਪਣੇ ਉਪਰ ਬਰਦਾਸ਼ਤ ਕਰਦੇ ਰਹਾਂਗੇ । ਜਦੋਂ ਤੱਕ ਇਹ ਦਿੱਲੀ ਦੇ ਕਾਤਲ ਹੁਕਮਰਾਨਾਂ ਦੇ ਸਿੱਖੀ ਮਾਖੌਟੇ ਵਿਚ ਗਰਮ ਖਿਆਲੀਆਂ ਦੇ ਰੂਪ ਪਾਲੇ ਹੋਏ ਦਿੱਲੀ ਦਰਬਾਰ ਦੇ ਕਰਿੰਦੇ ਖਾਲਸਾਈ ਸੋਚ ਨੂੰ ਫਿਰਕੂ ਰੰਗ ਦੇ ਕੇ ਕੌਮੀ ਭਾਵਨਾਵਾਂ ਅਤੇ ਖਾਲਸਾ ਰਾਜ ਦੇ ਅਸਲ ਸੰਕਲਪ ਨੂੰ ਗੁੰਮਰਾਹ ਕਰਕੇ ਸਿੱਖ ਸ਼ੰਘਰਸ ਦੀ ਪਿੱਠ ਵਿਚ ਛੁਰੇ ਮਾਰਦੇ ਰਹਿਣਗੇ ਉਦੋਂ ਤੱਕ ਅਸੀਂ ਗੁਲਾਨੀ ਦੀਆਂ ਜ਼ੰਜੀਰਾਂ ਨੂੰ ਤੋੜ ਨਹੀਂ ਸਕਾਂਗੇ । ਕਿਉਂਕਿ ਜਦੋਂ ਵੀ ਖਾਲਸਾ ਪੰਥ ਕਿਸੇ ਕੌਮੀ ਕਾਰਜ ਨੂੰ ਲੈ ਕੇ ਕੋਈ ਸ਼ੰਘਰਸ ਸ਼ੁਰੂ ਕਰਦਾ ਹੈ ਅਤੇ ਆਪਣੇ ਘਰਾਂ ਤੋਂ ਬਾਹਰ ਨਿਕਲਦਾ ਹੈ ਤਾਂ ਭਾਰਤੀ ਖੁਫੀਆਂ ਏਜੰਸੀਆਂ ਅਤੇ ਸਿੱਖੀ ਭੇਸ ਵਿਚ ਗਰਮ ਖਿਆਲੀ ਅਤੇ ਸ਼ੰਘਰਸੀ ਮਾਖੌਟਾ ਪਾਈ ਫਿਰਦੇ ਦਿੱਲੀ ਦਰਬਾਰ ਦੇ ਕਰਿੰਦੇ ਬਿਨਾਂ ਬੁਲਾਏ ਹੀ ਖਾਲਸਾ ਪੰਥ ਦੀ ਅਤੇ ਸ਼ੰਘਰਸ ਦੀ ਅਗਵਾਈ ਕਰਨ ਦਾ ਢੋਂਗ ਕਰਕੇ ਕਿਸੇ ਵੀ ਸਿੱਖ ਸ਼ੰਘਰਸ ਨੂੰ ਫਿਰਕੂ ਰੰਗ ਦੇ ਕੇ , ਫਿਰਕਿਆਂ ਵਿਚ ਟਕਰਾਅ ਪੈਦਾ ਕਰਕੇ ਦੂਸਰੇ ਫਿਰਕੇ ਦੇ ਲੋਕਾਂ ਨੂੰ ਸ਼ੰਘਰਸ ਦੇ ਵਿਰੁੱਧ ਅਤੇ ਕਾਤਲਾਂ ਦੇ ਹੱਕ ਵਿਚ ਭੁਗਤਣ ਲਈ ਅਧਾਰ ਤਿਆਰ ਕਰਦੇ ਹਨ ਅਤੇ ਕਿਸੇ ਵੀ ਸ਼ੰਘਰਸ ਨੂੰ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਸ ਤੇ ਕਾਬਜ ਹੋ ਕੇ ਉਸਨੂੰ ਖ਼ਤਮ ਕਰਨ ਦੀਆਂ ਕੋਸ਼ਿਸਾਂ ਸ਼ੁਰੂ ਕਰਕੇ ਦਿੱਲੀ ਦਰਬਾਰ ਨਾਲ ਵਫ਼ਾ ਅਤੇ ਕੌਮੀ ਭਾਵਨਾਵਾਂ ਨਾਲ ਧੋਖਾ ਕਰਦੇ ਹਨ । ਇਹ ਲੋਕ ਪਿਛਲੇ 29 ਸਾਲਾਂ ਤੋਂ ਹੀ ਸਰਗਰਮ ਹਨ । ਇੰਨ੍ਹਾਂ ਦੀ ਬਦੌਲਤ ਹੀ ਅਸੀਂ ਇੰਨੀਆਂ ਕੁਰਬਾਨੀਆਂ ਤੋਂ ਬਾਅਦ ਵੀ ਕੁਝ ਪ੍ਰਾਪਤ ਨਹੀਂ ਕਰ ਸਕੇ ।

ਖਾਲਸਾ ਜੀ , ਸਿੱਖ ਧਰਮ ਤੇ ਹਮਲਾ ਕਰਨ ਅਤੇ ਹਜ਼ਾਰਾਂ ਹੀ ਨਿਰਦੋਸ਼ ਸਿੱਖਾਂ ਦੀਆਂ ਕਾਤਲ ਤਾਕਤਾਂ ਨੂੰ ਪੰਜਾਬ ਦੀ ਧਰਤੀ ਤੇ ਚੋਣਾਂ ਵਿਚ ਜਿਤਾਉਣ ਦੀਆਂ ਅਪੀਲਾਂ ਕਰਨ ਵਾਲੇ ਇਹ ਸ਼ੰਘਰਸੀ ਅਤੇ ਗਰਮ ਖਿਆਲੀ ਮਾਖੌਟਾ ਪਾਈ ਫਿਰਦੇ ਲੋਕ ਦਿੱਲੀ ਦਰਬਾਰ ਦੇ ਕਰਿੰਦੇ ਤਾਂ ਹੋ ਸਕਦੇ ਹਨ ਪਰ ਇੰਨਾਂ ਕਾਤਲ ਤਾਕਤਾਂ ਦੇ ਖਿਲਾਫ਼ ਜੂਝਦੇ ਹੋਏ ਸ਼ਹੀਦ ਹੋਏ ਮੇਰੀ ਕੌਮ ਦੇ ਸ਼ਹੀਦਾਂ ਦੇ ਵਾਰਿਸ ਨਹੀਂ ਹੋ ਸਕਦੇ । ਵਿਦੇਸ਼ਾਂ ਵਿਚ ਵਸਦੀ ਸੰਗਤ ਵੱਲੋਂ ਇੰਨਾਂ ਕਰਿੰਦਿਆਂ ਨੂੰ ਦਿੱਤਾ ਕਿਸੇ ਵੀ ਤਰ੍ਹਾਂ ਦਾ ਸਹਿਯੋਗ ਦਿੱਲੀ ਨੂੰ ਮਜਬੂਤ ਕਰਨਾ ਹੀ ਹੈ ।

ਖਾਲਸਾ ਜੀ , ਸਿੱਖ ਹੋਣ ਦਾ ਮਤਲਵ ਹਿੰਦੂਆਂ ਨੂੰ ਨਫ਼ਰਤ ਕਰਨਾ ਨਹੀਂ ਹੈ , ਨਾ ਹੀ ਦੂਸਰੇ ਧਰਮਾਂ ਨੂੰ ਨੀਵਾਂ ਅਤੇ ਆਪਣੇ ਆਪ ਹੀ ਨੂੰ ਸ਼੍ਰੇਸਠ ਸਮਝਣਾ ਹੈ । ਸਿੱਖ ਹੋਣ ਦਾ ਮਤਲਬ ਤਾਂ ਆਪਣੇ ਗੁਰੂ ਵੱਲੋਂ ਦਿਖਾਏ ਮਾਰਗ ਤੇ ਚੱਲ ਕੇ ਉਸ ਇੱਕ ਅਕਾਲ-ਪੁਰਖ ਵਾਹਿਗੁਰੂ ਅੱਗੇ ਹੀ ਸ਼ਸਿ ਝੁਕਾਉਣਾ , ਦੂਸਰੇ ਧਰਮਾਂ ਦਾ ਅਤੇ ਦੂਸਰੇ ਧਰਮਾਂ ਦੇ ਲੋਕਾਂ ਦੀਆਂ ਭਾਵਨਾਵਾਂ ਦਾ ਬਰਾਬਰ ਸਤਿਕਾਰ ਕਰਨਾ , ਸਮੁੱਚੀ ਮਾਨਵਤਾ ਨੂੰ ਹੀ ਉਸ ਇੱਕ ਅਕਾਲ-ਪੁਰਖ ਵਾਹਿਗੁਰੂ ਦਾ ਰੂਪ ਜਾਨਣਾ ਹੈ । ਖਾਲਸਾ ਰਾਜ ਦੇ ਸੰਕਲਪ ਦਾ ਧਾਰਨੀ ਹਰ ਸਿੱਖ ਆਪਣੀਆਂ ਦੋਨੋਂ ਬਾਹਾਂ ਫੈਲਾ ਕੇ ਸਮੁੱਚੀ ਮਾਨਵਤਾ ਨੂੰ ਉਸ ਅਕਾਲ-ਪੁਰਖ ਵਾਹਿਗੁਰੂ ਦਾ ਰੂਪ ਜਾਣ ਉਸ ਨੂੰ ਆਪਣੇ ਕਲਾਵੇ ਵਿਚ ਲੈਣਾ ਲੋਚਦਾ ਹੈ । ਸਾਡੇ ਗੁਰੂ ਦੇ ਖਾਲਸਾ ਰਾਜ ਦਾ ਇਹੀ ਸੰਕਲਪ ਹੈ , ਮੈਂ ਇਸੇ ਸੰਕਲਪ ਅੱਗੇ ਹੀ ਸਿਜਦਾ ਕਰਦਾ ਹਾਂ ।

ਖਾਲਸਾ ਜੀ , ਅੱਜ ਲੋੜ ਹੈ ਕਿ ਅਸੀਂ ਆਪਣੇ ਗੁਰੂ ਦੇ ਖਾਲਸਾ ਰਾਜ ਦੇ ਸੰਕਲਪ ਨੂੰ ਪੂਰੀ ਦੁਨੀਆਂ ਨੂੰ ਦੱਸੀਏ ਜਿਸ ਨੂੰ ਭਾਰਤੀ ਖੁਫ਼ੀਆਂ ਏਜੰਸੀਆਂ ਨੇ ਅਤੇ ਸਿੱਖੀ ਭੇਸ ਵਿਚ ਪਾਲੇ ਹੋਏ ਇੰਨਾਂ ਦੇ ਕਰਿੰਦਿਆਂ ਨੇ ਆਪਣੀਆਂ ਜੀਅ ਤੋੜ ਕੋਸ਼ਿਸਾਂ ਸਦਕਾ ਗਲਤ ਸਾਬਤ ਕਰਨ ਲਈ ਖ਼ਾਲਿਸਤਾਨ ਨਾਮ ਦੀ ਧਾਰਨਾ ਹੀ ਦਹਿਸ਼ਤ, ਫਿਰਕੂ , ਕੱਟੜਤਾ , ਗੋਲੀਆਂ ਚਲਾਉਣਾ , ਬੰਦੇ ਮਾਰਨਾ ਬਣਾ ਦਿੱਤੀ ਹੈ । ਆਉ ਆਪਾਂ ਪੂਰੀ ਦੁਨੀਆਂ ਨੂੰ ਦੱਸੀਏ ਕਿ ਸਿੱਖ ਨੌਜਵਾਨਾਂ ਨੇ ਹਥਿਆਰ ਜ਼ੁਲਮ ਕਰਨ ਜਾਂ ਦਹਿਸ਼ਤ ਫੈਲਾਉਣ ਲਈ ਨਹੀਂ ਸਨ ਚੁੱਕੇ ਸਨ । ਖ਼ਾਲਿਸਤਾਨੀ ਹੋਣ ਦਾ ਮਤਲਵ ਡੱਬ ਵਿਚ ਪਿਸਟਿਲ ਰੱਖਣਾ , ਏ .ਕੇ . ਸੰਤਾਲੀ ਚੁੱਕਣਾ ਹੀ ਨਹੀਂ ਹੈ ਸਗੋਂ ਖ਼ਾਲਿਸਤਾਨੀ ਹੋਣ ਦਾ ਮਤਲਵ ਤਾਂ ਆਪਣੇ ਆਪ ਨੂੰ , ਆਪਣੇ ਜੀਵਨ ਨੂੰ ਸੱਚ ਨੂੰ ਸਮਰਪਿਤ ਕਰਨਾ ਹੈ । ਬਿਨਾਂ ਕਿਸੇ ਡਰ ‐ਭੈਅ ਦੇ ਕਿਸੇ ਵੀ ਤਰ੍ਹਾਂ ਦੀ ਧੱਕੇਸਾਹੀ ਦੇ , ਜ਼ੁਲਮ ਦੇ ਖਿਲਾਫ਼ ਆਪਣੀ ਅਵਾਜ਼ ਬੁਲੰਦ ਕਰਨਾ ਹੈ । ਦੂਸਰੇ ਦੇ ਹੱਕ ਮਾਰਨੇ ਨਹੀਂ ਆਪਣੇ ਹੱਕ ਛੱਡਣੇ ਨਹੀਂ ਦੀ ਸੋਚ ਦੇ ਧਾਰਨੀ ਬਣਨਾ ਹੈ । ਅੱਜ ਲੋੜ ਹਥਿਆਰਾਂ ਦੀ ਨਹੀਂ ਸਗੋਂ ਵਿਚਾਰਾਂ ਦੀ ਹੈ , ਸਾਨੂੰ ਆਪਣੇ ਵਿਚਾਰਾਂ ਨਾਲ , ਆਪਣੇ ਜੀਵਨ ਨਾਲ ਦੂਸਰੇ ਧਰਮਾਂ ਦੇ ਲੋਕਾ ਦਾ ਵਿਸ਼ਵਾਸ ਜਿੱਤ ਕੇ ਉਨ੍ਹਾਂ ਤੋਂ ਸਹਿਯੋਗ ਲੈਣਾ ਚਾਹੀਦਾ ਹੈ । ਦਿੱਲੀ ਦਰਬਾਰ ਦੀ ਹਰ ਚਾਲ ਨੂੰ ਨਾਕਾਮ ਕਰਨਾ ਚਾਹੀਦਾ ਹੈ ਤਦ ਹੀ ਅਸੀਂ ਆਪਣੀ ਮੰਜ਼ਿਲ ਵੱਲ ਨੂੰ ਕਦਮ ਵਧਾ ਸਕਾਂਗੇ ।

ਖਾਲਸਾ ਪੰਥਨੂੰ ਹਮੇਸ਼ਾਂ ਹੀ ਚੜ੍ਹਦੀ ਕਲਾ ਵਿਚ ਅਤੇ ਸੁਚੇਤ ਦੇਖਣ ਦਾ ਚਾਹਵਾਨ
ਤੁਹਾਡਾ ਆਪਣਾ ਬਲਵੰਤ ਸਿੰਘ ਰਾਜੋਆਣਾ
ਕੋਠੀ ਨੰ: 16
ਕੇਂਦਰੀ ਜੇਲ੍ਹ ਪਟਿਆਲਾ
ਪੰਜਾਬ
ਮਿਤੀ9-7-2013

Blog Archive

Dal Khalsa UK's Facebook Page