Dal Khalsa UK

Dal Khalsa UK

Dal Khalsa UK's Official Facebook Page Join Now!

Dal Khalsa UK on Facebook

Friday, 4 July 2014

Interview With Guggu Don - Bhai Navtej Singh - Sikh Hero ਵਿਸ਼ੇਸ਼ ਇੰਟਰਵਿਊ : ਸ੍ਰ. ਨਵਤੇਜ ਸਿੰਘ ਗੁੱਗੂ

Below is an interview of Sikh Hero - Guggu Don - Bhai Navtej Singh Ji who alongside Bhai Harchand Singh Ji eliminted the killer of Sikhs - Phoola Nang in Jail.

ਪੂਹਲਾ ਕੌਮ ਦੇ ਮੱਥੇ ਤੇ ਕਲੰਕ ਸੀ......
ਵਿਸ਼ੇਸ਼ ਇੰਟਰਵਿਊ : ਸ੍ਰ. ਨਵਤੇਜ ਸਿੰਘ ਗੁੱਗੂ
ਨਕਲੀ ਨਿਹੰਗ ਦੁਸ਼ਟ ਪੂਹਲਾ ਕਤਲ ਕੇਸ ਵਿੱਚੋਂ ਬਰੀ ਹੋ ਕੇ ਸ੍ਰ. ਨਵਤੇਜ ਸਿੰਘ ਗੁੱਗੂ ਪਿਛਲੇ ਦਿਨੀਂ ਆਪਣੇ ਘਰ ਪਹੁੰਚੇ। ਬਟਾਲਾ ਸ਼ਹਿਰ ਦੇ ਵਿੱਚ ਸ੍ਰ. ਨਵਤੇਜ ਸਿੰਘ ਗੁੱਗੂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਤੇ 'ਵੰਗਾਰ' ਵੱਲੋਂ ਭਾਈ ਪਪਲਪ੍ਰੀਤ ਸਿੰਘ ਨੇ ਉਹਨਾਂ ਨਾਲ਼ ਇੱਕ ਵਿਸ਼ੇਸ਼ ਗੱਲਬਾਤ ਕੀਤੀ, ਜੋ ਪਾਠਕਾਂ ਦੀ ਜਾਣਕਾਰੀ ਲਈ ਹੇਠਾਂ ਪ੍ਰਕਾਸ਼ਿਤ ਕੀਤੀ ਜਾ ਰਹੀ ਹੈ – ਸੰਪਾਦਕ
ਸ੍ਰ. ਨਵਤੇਜ ਸਿੰਘ ਗੁੱਗੂ ਦੇ ਸੂਖ਼ਮ ਮਨ ਦੀ ਇਹ ਵਿਸ਼ਾਲਤਾ ਭਰੀ ਮਿਸਾਲ ਹੋਵੇਗੀ ਕਿ ਜਦ ਉਹ 12 ਜੂਨ 2014 ਦੀ ਦੇਰ ਸ਼ਾਮ ਵੱਡੇ ਕਾਫ਼ਲੇ ਦੇ ਰੂਪ ਵਿੱਚ ਬਟਾਲਾ ਪਹੁੰਚੇ ਤਾਂ ਉਹਨਾਂ ਦੇ ਮਿੱਤਰ ਅਤੇ ਪ੍ਰਸੰਸਕ ਖ਼ੁਸ਼ੀ ਵਿੱਚ ਆਤਿਸ਼ਬਾਜ਼ੀ ਕਰ ਰਹੇ ਸਨ। ਸ੍ਰ. ਨਵਤੇਜ ਸਿੰਘ ਨੇ ਉਹਨਾਂ ਨੂੰ ਰੋਕ ਦਿੱਤਾ। ਇਸ ਦਾ ਕਾਰਨ ਉਹਨਾਂ ਦੱਸਿਆ ਕਿ ਉਹਨਾਂ ਦਾ ਖ਼ਿਆਲ ਹੈ ਕਿ ਪੂਹਲੇ ਦੀ ਮਾਤਾ ਦੁੱਖ ਮਹਿਸੂਸ ਨਾ ਕਰੇ। ਗੱਲ ਨੂੰ ਥੋੜ੍ਹਾ ਖੋਲ੍ਹਦਿਆਂ ਸ੍ਰ. ਗੁੱਗੂ ਨੇ ਕਿਹਾ ਕਿ ਮਾਂ ਤਾਂ ਮਾਂ ਹੈ, ਚਾਹੇ ਉਹ ਰਾਮ ਦੀ ਹੋਵੇ ਜਾਂ ਰਾਵਣ ਦੀ। ਮੇਰੇ ਵੱਲੋਂ ਕੀਤੇ ਕੁੱਲ 18 ਸਵਾਲਾਂ ਦੇ ਜਵਾਬ ਉਹਨਾਂ ਫ਼ਰਾਖ਼ਦਿਲੀ ਨਾਲ਼ ਦਿੱਤੇ, ਜੋ ਹੇਠਾਂ ਹਾਜ਼ਰ ਹਨ:-
ਸਵਾਲ: ਤੁਹਾਨੂੰ ਪੂਹਲਾ ਕੇਸ ਵਿੱਚ ਬਰੀ ਹੋਣ ਦੀਆਂ ਮੁਬਾਰਕਾਂ, ਇਹ ਖ਼ੁਸ਼ੀ ਕਿੰਝ ਮਹਿਸੂਸ ਹੋ ਰਹੀ ਹੈ ?
ਜਵਾਬ: ਇੱਕ ਨਵੀਂ ਜ਼ਿੰਦਗੀ ਮਿਲ਼ੀ ਹੈ, ਇਸ ਜ਼ਿੰਦਗੀ ਨੂੰ ਮੈਂ ਆਪਣੀ ਨਹੀਂ ਸਮਝਦਾ, ਗੁਰੂ ਦਸਮੇਸ਼ ਜੀ ਵੱਲੋਂ ਨਵਾਂ ਜੀਵਨ ਅਤੇ ਜਨਮ ਸਮਝਦਾ ਹਾਂ। ਇਸ ਖ਼ੁਸ਼ੀ ਦੀ ਤਾਕਤ ਨਾਲ਼ ਸਮਾਜਿਕ ਕੁਰੀਤੀਆਂ ਖ਼ਿਲਾਫ਼ ਜੂਝਦਾ ਰਹਾਂਗਾ।
ਸਵਾਲ: ਹੋਰ ਸਵਾਲਾਂ ਤੋਂ ਪਹਿਲਾਂ ਤੁਹਾਡੇ ਪਿਛੋਕੜ ਦੀ ਗੱਲ ਕਰਾਂ, ਬਟਾਲਾ ਸ਼ਹਿਰ ਵਿੱਚ ਤੁਹਾਨੂੰ 'ਗੁੱਗੂ ਡਾਨ' ਵਜੋਂ ਜਾਣਿਆ ਜਾਂਦਾ ਰਿਹਾ ਹੈ, ਅਜਿਹਾ ਕਿਉਂ ?
ਜਵਾਬ: 1998-99 ਦੀ ਗੱਲ ਹੈ। ਸਾਡਾ ਇੱਕ ਝਗੜਾ ਹੋ ਗਿਆ ਸੀ, ਜੋ ਨਸਲੀ ਰੂਪ ਧਾਰਨ ਕਰ ਗਿਆ। ਵਿਰੋਧੀ ਧਿਰ ਬਹੁਤ ਮਜ਼ਬੂਤ ਸੀ, ਸਾਨੂੰ ਮਜ਼ਬੂਤ ਹੋਣ ਲਈ ਜਥੇਬੰਦ ਹੋਣਾ ਪਿਆ। ਅਸੀਂ ਸ਼ਹਿਰ ਦੇ ਪੰਜ ਕਾਲਜਾਂ ਵਿੱਚ ਆਪਣੇ ਨਾਲ਼ ਸੰਬੰਧਿਤ ਵਿਦਿਆਰਥੀਆਂ ਨੂੰ ਪ੍ਰਧਾਨ ਬਣਾਇਆ। ਉਹਨਾਂ ਪੰਜਾਂ ਕਾਲਜ ਪ੍ਰਧਾਨਾਂ ਨੇ ਮੈਨੂੰ ਪ੍ਰਧਾਨ ਚੁਣ ਲਿਆ। ਵਿਰੋਧੀ ਧਿਰ ਨਾਲ਼ ਦੋ ਹੱਥ ਕੀਤੇ। ਮੇਰੀ ਉਮਰ ਨੇ ਮੇਰੇ ਲਹੂ ਵਿੱਚ ਗਰਮਾਇਸ਼ ਪੈਦਾ ਕੀਤੀ। ਲੋਕ ਮੈਨੂੰ 'ਡਾਨ-ਡਾਨ' ਕਹਿਣ ਲੱਗ ਪਏ। ਇੰਞ ਹੀ ਇਹ ਨਾਮ ਸ਼ਹਿਰ ਬਟਾਲਾ ਅਤੇ ਨੇੜਲੇ ਇਲਾਕਿਆਂ ਵਿੱਚ ਮਕਬੂਲ ਹੋ ਗਿਆ।
ਸਵਾਲ: ਤੁਹਾਡੀ ਨਜ਼ਰ ਵਿੱਚ ਪੂਹਲੇ ਦਾ ਕਿਰਦਾਰ ਕਿਹੋ ਜਿਹਾ ਸੀ ?
ਜਵਾਬ: ਪੂਹਲਾ ਕਤਲ ਕਰਨ ਤੋਂ ਬਾਅਦ ਕਤਲ ਹੋਣ ਵਾਲ਼ੇ ਦੀ ਲਾਸ਼ ਦੁਆਲ਼ੇ ਜਸ਼ਨ ਮਨਾਇਆ ਕਰਦਾ ਸੀ। ਬੱਚੀਆਂ ਅਤੇ ਔਰਤਾਂ ਨਾਲ਼ ਕੁਕਰਮ ਕਰਦਾ ਸੀ। ਗੁਰੂ ਦਾ ਬਾਣਾ ਪਾ ਕੇ ਜ਼ੁਲਮ ਕਰਦਾ ਸੀ। ਪੁਰਾਣਿਕ ਕਥਾਵਾਂ ਵਾਲ਼ੇ ਰਾਖ਼ਸ਼ਾਂ ਤੋਂ ਵੀ ਵੱਧ ਸੀ। ਪੂਹਲੇ ਦੇ ਨਾਮ ਨਾਲ਼ 'ਸਿੰਘ' ਲੱਗਦਾ ਸੀ। ਸਿਰ ਤੇ ਫੱਰਰਾ ਛੱਡਦਾ ਸੀ, ਜੋ ਨਿਹੰਗ ਸਿੰਘਾਂ ਵਿੱਚ ਜਥੇਦਾਰੀ ਦੀ ਨਿਸ਼ਾਨੀ ਹੁੰਦੀ ਹੈ। ਕੁੱਲ ਮਿਲ਼ਾ ਕੇ ਸਿੱਖੀ ਦੇ ਨਾਮ ਤੇ ਕਲੰਕ ਸੀ। ਕਿਸੇ ਵੱਲੋਂ ਪੁਲੀਸ ਨਾਲ਼ ਰਲ਼ ਕੇ ਸਿੰਘਾਂ ਦਾ ਨੁਕਸਾਨ ਕਰਨਾ ਇੱਕ ਵੱਖਰਾ ਵਿਸ਼ਾ ਹੈ, ਪਰ ਬਾਣਾ ਪਾ ਕੇ ਮਸੂਮਾਂ ਨੂੰ ਮਾਰਨਾ, ਕੁਕਰਮ ਕਰਨੇ ਸਿੱਖੀ ਦੇ ਬਿਲਕੁਲ ਉਲ਼ਟ ਜਾਂਦੀ ਗੱਲ ਸੀ। ਆਮ ਲੋਕਾਂ ਵਿੱਚ ਇਸ ਦਾ ਸੰਦੇਸ਼ ਬਹੁਤ ਗ਼ਲਤ ਜਾਂਦਾ ਸੀ ਕਿ ਸਿੱਖ ਜਾਂ ਨਿਹੰਗ ਸਿੰਘ ਇੰਞ ਦੇ ਹੁੰਦੇ ਹਨ ? ਇਸ ਕਰ ਕੇ ਇਹ ਕੌਮ ਦੇ ਮੱਥੇ ਤੇ ਕਲੰਕ ਸੀ।
ਸਵਾਲ: ਸੂਰਮਿਆਂ ਵਿੱਚੋਂ ਕਿਸ ਸੂਰਮੇ ਦਾ ਪ੍ਰਭਾਵ ਆਪਣੀ ਸ਼ਖ਼ਸੀਅਤ ਉੱਤੇ ਮੰਨਦੇ ਹੋ ?
ਜਵਾਬ: ਸ਼ਹੀਦ ਊਧਮ ਸਿੰਘ ਜੀ ਦਾ, ਉਹਨਾਂ ਦੀ ਸ਼ਹੀਦੀ ਜ਼ੁਲਮ ਦੇ ਖ਼ਿਲਾਫ਼ ਹੋਈ ਹੈ। ਉਹਨਾਂ ਨਿਰਦੋਸ਼ਾਂ ਦੀਆਂ ਸੈਂਕੜੇ ਲਾਸ਼ਾਂ ਵੇਖ ਕੇ ਪ੍ਰਣ ਕੀਤਾ ਸੀ ਕਿ ਮੈਂ ਇਸ ਦੀ ਸਜ਼ਾ ਦੋਸ਼ੀ ਨੂੰ ਜ਼ਰੂਰ ਦੇਵਾਂਗਾ। ਉਹਨਾਂ ਦੀ ਸੋਚ ਇਨਸਾਨੀਅਤ ਦੇ ਜਜ਼ਬਾਤਾਂ ਵਿੱਚ ਭਿੱਜੀ ਹੋਈ ਸੀ। 21 ਸਾਲ ਬਾਅਦ ਲੰਡਨ ਦੇ ਕਾਕਸਟਨ ਹਾਲ ਵਿੱਚ ਮਾਈਕਲ ਅਡਵਾਇਰ ਨੂੰ ਮਾਰ ਕੇ ਜਿਨ੍ਹਾਂ ਸਿੱਖ ਸੱਚ ਨੂੰ ਸੰਸਾਰ ਭਰ ਵਿੱਚ ਉਭਾਰਿਆ।
ਸਵਾਲ: ਮੌਜੂਦਾ ਸਿੱਖ ਸੰਘਰਸ਼ ਦੀ ਚੜ੍ਹਤ ਦੇ ਦਿਨ ਤੁਹਾਡੇ ਬਚਪਨ ਦੌਰਾਨ ਬੀਤੇ ਹਨ। ਬਚਪਨ ਨਾਲ਼ ਜੁੜੀ ਕੋਈ ਯਾਦ ਸਾਂਝੀ ਕਰੋ, ਜੋ ਸੰਘਰਸ਼ ਨਾਲ਼ ਰਾਬਤਾ ਰੱਖਦੀ ਹੋਵੇ ?
ਜਵਾਬ: ਪਹਿਲਾਂ ਅਸੀਂ ਆਪਣੇ ਪਿੰਡ ਰਹਿੰਦੇ ਸਾਂ। ਓਦੋਂ ਮੈਂ ਦੂਸਰੀ ਜਮਾਤ ਵਿੱਚ ਪੜ੍ਹਦਾ ਸੀ, ਜੋ ਗੱਲ ਸੁਣਾਉਣ ਲੱਗਾਂ। 1986-87 ਦੀ ਗੱਲ ਹੋਵੇਗੀ। ਸਕੂਲ ਤੋਂ ਵਾਪਸ ਆਉਂਦਿਆਂ ਰਾਹ ਵਿੱਚ ਤਾਈ ਦੀਪੋ ਜੀ ਦਾ ਘਰ ਆਉਂਦਾ ਸੀ। ਉਹਨਾਂ ਦੇ ਘਰ ਸ਼ਹੀਦ ਭਾਈ ਸਤਵੰਤ ਸਿੰਘ, ਅਗਵਾਨ ਦੀ ਤਸਵੀਰ ਲੱਗੀ ਹੁੰਦੀ ਸੀ। ਮੇਰੇ ਖ਼ਿਆਲ ਵਿੱਚ ਉਹ ਤਸਵੀਰ ਮੱਸਿਆ ਮੇਲਿਆਂ ਵਿੱਚ ਵਿਕਿਆ ਕਰਦੀ ਹੁੰਦੀ ਸੀ। ਮਨ ਵਿੱਚ ਇਹ ਹੁੰਦਾ, ਜਿਨ੍ਹਾਂ ਨੇ ਇੰਦਰਾ ਗਾਂਧੀ ਨੂੰ ਮਾਰਿਆ ਹੈ, ਉਹਨਾਂ ਦੀ ਤਸਵੀਰ ਤਾਈ ਦੀਪੋ ਜੀ ਦੇ ਘਰ ਲੱਗੀ ਹੋਈ ਹੈ। ਤਾਈ ਜੀ ਉਹਨਾਂ ਦਿਨਾਂ ਵਿੱਚ ਬਜ਼ੁਰਗ ਸਨ। ਕਾਫ਼ੀ ਸਾਲ ਪਹਿਲਾਂ ਉਹਨਾਂ ਦੀ ਮੌਤ ਹੋ ਚੁੱਕੀ ਹੈ। ਉਹ ਬਹੁਤ ਧਾਰਮਿਕ ਖ਼ਿਆਲਾਂ ਦੇ ਸਨ। ਸਕੂਲ ਤੋਂ ਛੁੱਟੀ ਹੋਣ ਵੇਲ਼ੇ ਘਰ ਵਾਪਸ ਮੁੜਦਿਆਂ ਤਾਈ ਜੀ ਦੇ ਘਰ ਜਾਇਆ ਕਰਨਾ ਅਤੇ ਸ਼ਹੀਦ ਭਾਈ ਸਤਵੰਤ ਸਿੰਘ ਦੀ ਅੰਗੀਠੀ ਤੇ ਲੱਗੀ ਛੋਟੀ ਜਿਹੀ ਤਸਵੀਰ ਨੂੰ ਮੈਂ ਚੁੰਮਿਆ ਕਰਨਾ, ਮੱਥੇ ਨੂੰ ਲਾਇਆ ਕਰਨਾ। ਤਾਈ ਜੀ ਨੇ ਕਾੜ੍ਹਨੇ 'ਚੋਂ ਮਲਾਈ ਕੱਢ ਕੇ, ਚਾਹ ਵਿੱਚ ਪਾ ਕੇ ਪਿਆਉਣੀ, ਮੈਨੂੰ ਅੱਜ ਵੀ ਯਾਦ ਹੈ, ਤਾਈ ਜੀ ਮੇਰੇ ਖ਼ਿਆਲਾਂ ਦੀ ਬਹੁਤ ਕਦਰ ਕਰਦੇ ਸਨ। ਹੁਣ ਕਈ ਵਾਰ ਸੋਚਦਾਂ ਕਿ ਮੇਰੇ ਵਿਚਾਰ ਬਚਪਨ ਤੋਂ ਹੀ ਧਾਰਮਿਕ ਰਹੇ ਹਨ। ਕੌਮ ਦੇ ਸ਼ਹੀਦਾਂ ਦਾ ਮੇਰੇ ਤੇ ਹਮੇਸ਼ਾ ਅਸਰ ਰਿਹਾ ਹੈ।
ਸਵਾਲ: ਪੂਹਲਾ ਕੇਸ ਦੇ ਸ਼ੁਰੂਆਤੀ ਦਿਨਾਂ ਵਿੱਚ ਇਹ ਗੱਲ ਰਸਾਲਿਆਂ ਵਿੱਚ ਛਪੀ ਸੀ ਕਿ ਤੁਸੀਂ ਸ਼ਹੀਦ ਭਾਈ ਜੁਗਰਾਜ ਸਿੰਘ ਤੁਫ਼ਾਨ ਤੋਂ ਬਹੁਤ ਪ੍ਰਭਾਵਿਤ ਹੋ? ਵਿਸਥਾਰ ਨਾਲ਼ ਚਾਨਣਾ ਪਾਓ।
ਜਵਾਬ: ਹਾਂ ਜੀ, ਮੈਨੂੰ ਕਚਹਿਰੀ ਵਿੱਚ ਪੇਸ਼ੀ ਤੇ ਆਏ ਦੌਰਾਨ ਬਾਹਰ ਜਾਂਦੇ ਨੂੰ ਕਿਸੇ ਨੇ ਪੁੱਛਿਆ ਸੀ, ਫਿਰ ਮੈਂ ਸ਼ਹੀਦ ਭਾਈ ਜੁਗਰਾਜ ਸਿੰਘ ਤੁਫ਼ਾਨ ਵਾਲ਼ੀ ਗੱਲ ਕਹੀ ਸੀ। ਕੇਸ ਤੋਂ ਪਹਿਲਾਂ ਦੀ ਗੱਲ ਹੈ, ਸ਼ਾਇਦ 2007 ਸੰਨ ਹੋਵੇਗਾ। ਮੈਂ ਅਤੇ ਮਨਜੋਤ ਸਿੰਘ ਮੋਤੀ (ਸ੍ਰ. ਗੁੱਗੂ ਦੇ ਕਰੀਬੀ ਦੋਸਤ) ਸ਼ਹੀਦ ਭਾਈ ਜੁਗਰਾਜ ਸਿੰਘ ਦੇ ਘਰ ਚੀਮਾ ਖੁੱਡੀ ਗਏ ਸਾਂ। ਜਦ ਅਸੀਂ ਉਹਨਾਂ ਦੇ ਘਰ ਗਏ ਤਾਂ ਜਿਹੜੀ ਮੰਜੀ ਤੇ ਮਾਤਾ ਜੀ ਬੈਠੇ ਸਨ, ਉਹ ਟੁੱਟੀ ਹੋਈ ਸੀ। ਭਾਈ ਸਾਹਿਬ ਦੇ ਵੱਡੇ ਭੈਣ ਜੀ ਮੱਝ ਨੂੰ ਨੁਹਾ ਰਹੇ ਸਨ। ਸੁੱਕੀਆਂ ਛਮੀਟ੍ਹੀਆਂ ਦੀ ਅੱਗ 'ਤੇ ਉਹਨਾਂ ਚੁੱਲੇ ਤੇ ਚਾਹ ਬਣਾ ਕੇ ਸਾਨੂੰ ਪਿਆਈ। ਪਹਿਲਾਂ ਤਾਂ ਮਾਤਾ ਜੀ ਨੇ ਮੈਨੂੰ ਓਪਰਾ ਜਿਹਾ ਸਮਝਿਆ, ਕਿਉਂਕਿ ਮੇਰੇ ਸਿਰ ਤੇ ਟੋਪੀ ਸੀ। ਉਹ ਕਹਿਣ ਲੱਗੇ:- "ਤੁਸੀਂ ਸੀ.ਆਈ.ਡੀ. ਵਾਲ਼ਿਆਂ ਸੂਹੀਆਂ ਨੇ ਪਹਿਲਾਂ ਹੀ ਸਾਡੀ ਬੜੀ ਜਾਨ ਖਾਧੀ ਆ, ਹੋਰ ਸਾਥੋਂ ਤੁਸੀਂ ਕੀ ਲੈਣਾ ਜੇ……?"
ਮੈਂ ਬਚਪਨ ਦੀਆਂ ਯਾਦਾਂ ਦੀ ਗੰਢ ਖੋਲ੍ਹਣੀ ਸ਼ੁਰੂ ਕੀਤੀ। ਕਿਹਾ, ਮਾਤਾ ਜੀ ਜਦ ਭਾਈ ਸਾਹਿਬ ਸ਼ਹੀਦ ਹੋਏ, ਮੈਂ ਛੋਟਾ ਜਿਹਾ ਸਾਂ। ਉਹਨਾਂ ਦੇ ਗਿੱਟੇ ਤੇ ਗੋਲ਼ੀ ਲੱਗੀ ਸੀ, ਉਹਨਾਂ ਦੇ ਕਦਮਾਂ ਦੇ ਲਹੂ ਵਾਲ਼ੇ ਨਿਸ਼ਾਨ ਸੜਕ ਉੱਤੇ ਲੱਗੇ ਹੋਏ ਸਨ। ਉਹਨਾਂ ਨਿਸ਼ਾਨਾਂ ਦੁਆਲ਼ੇ ਇੱਟਾਂ ਰੱਖੀਆਂ ਹੋਈਆਂ ਸਨ ਅਤੇ ਇੱਟਾਂ ਦੇ ਦੁਆਲ਼ੇ ਫੁੱਲ ਰੱਖੇ ਹੋਏ ਸਨ। ਮੇਰੇ ਕੋਲ਼ ਉਹਨੀਂ ਦਿਨੀਂ ਰੇਂਜਰ ਸਾਈਕਲ ਹੁੰਦਾ ਸੀ। ਮੈਂ ਸਾਈਕਲ ਭਜਾ ਕੇ ਉਸ ਥਾਂ ਤੇ ਪਹੁੰਚਿਆ ਸਾਂ, ਜਿੱਥੇ ਭਾਈ ਜੁਗਰਾਜ ਸਿੰਘ ਤੁਫ਼ਾਨ ਸ਼ਹੀਦ ਹੋਏ ਸਨ। ਜਿੱਥੇ ਕਦਮਾਂ ਦੇ ਨਿਸ਼ਾਨ ਲੱਗੇ ਸਨ, ਮੈਂ ਉਹਨਾਂ ਨੂੰ ਚੁੰਮਿਆ। ਇੱਕ ਬਜ਼ੁਰਗ ਨੇ ਜਜ਼ਬਾਤੀ ਹੋ ਕੇ ਮੈਨੂੰ ਗਲ਼ ਨਾਲ਼ ਲਾਇਆ ਸੀ। ਟਰੈਕਟਰ ਦੇ ਜਿਸ ਮਡਗਾਰਡ ਉੱਤੇ ਉਹਨਾਂ ਦਾ ਲਹੂ ਡੁੱਲ੍ਹਿਆ ਸੀ, ਮੈਂ ਉਸ ਨੂੰ ਵੀ ਚੁੰਮਿਆ। ਰਾਤ ਨੂੰ ਜਿਸ ਘਰ ਭਾਈ ਸਾਹਿਬ ਅਤੇ ਸਾਥੀਆਂ ਨੇ ਅਰਾਮ ਕੀਤਾ ਸੀ, ਮੈਂ ਉਸ ਘਰ ਵੀ ਗਿਆ ਸਾਂ। ਉਸ ਬੈੱਡ ਤੇ ਹੱਥ ਫੇਰਿਆ ਅਤੇ ਸਿਰ੍ਹਾਣੇ ਨੂੰ ਚੁੰਮਿਆ।
ਮੇਰੇ ਕੋਲ਼ੋਂ ਜਦ ਮਾਤਾ ਜੀ ਨੇ ਇਹ ਸਭ ਕੁਝ ਸੁਣਿਆ ਤਾਂ ਉਹਨਾਂ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ। ਉਹਨਾਂ ਮੈਨੂੰ ਪਿਆਰ ਦਿੱਤਾ। ਆਪਣੀ ਗੱਲ ਸੁਣਾ ਕੇ ਮੈਂ ਮਾਤਾ ਜੀ ਨੂੰ ਭਾਈ ਜੁਗਰਾਜ ਸਿੰਘ ਤੁਫ਼ਾਨ ਬਾਰੇ ਪੁੱਛਿਆ ਕਿ ਉਹ ਕੀ-ਕੀ ਕਿਹਾ ਕਰਦੇ ਸਨ, ਉਹਨਾਂ ਦਾ ਸੁਭਾਅ ਦੱਸੋ। ਮਾਤਾ ਜੀ ਕਹਿਣ ਲੱਗੇ:- "ਮੇਰਾ ਪੁੱਤ ਮਜ਼ਲੂਮਾਂ ਦੇ ਕਤਲਾਂ ਦੇ ਖ਼ਿਲਾਫ਼ ਸੀ, ਉਹ ਕਿਹਾ ਕਰਦਾ ਸੀ ਮੈਂ ਹੁਣ ਕੌਮ ਦਾ ਪੁੱਤ ਬਣ ਚੁੱਕਾ ਹਾਂ, ਦਸਵੇਂ ਪਾਤਸ਼ਾਹ ਦੇ ਹਵਾਲੇ ਹੋ ਚੁੱਕਾ ਹਾਂ, ਮੇਰੀ ਉਡੀਕ ਨਾ ਕਰਿਆ ਕਰੋ।"
ਮਾਤਾ ਜੀ ਨੇ ਦੱਸਿਆ ਕਿ ਮੈਨੂੰ ਆਪਣੇ ਪੁੱਤ ਦੀ ਤਸਵੀਰ ਵੀ ਹੁਣ ਚੰਗੀ ਤਰ੍ਹਾਂ ਨਹੀਂ ਦਿਸਦੀ। ਉਹਨਾਂ ਦੀਆਂ ਅੱਖਾਂ ਦੀ ਰੌਸ਼ਨੀ ਘਟ ਗਈ ਸੀ। ਮੈਂ ਕਿਹਾ, 'ਮੈਂ ਚਾਹੁੰਦਾ ਹਾਂ ਕਿ ਤੁਹਾਡੀਆਂ ਅੱਖਾਂ ਦਾ ਅਪਰੇਸ਼ਨ ਕਰਵਾਵਾਂ।' ਮਾਤਾ ਜੀ ਕਹਿਣ ਲੱਗੇ, 'ਮੇਰੇ ਜਵਾਈ_ਭਾਈ ਗ਼ੁੱਸਾ ਕਰਨਗੇ।' ਮੈਂ ਕਿਹਾ ਕਿ ਮੈਂ ਉਹਨਾਂ ਨਾਲ਼ ਗੱਲ ਕਰ ਲੈਂਦਾ ਹਾਂ। ਮਾਤਾ ਜੀ ਕਹਿੰਦੇ, ਮੈਂ ਆਪ ਵੀ ਉਹਨਾਂ ਨੂੰ ਨਹੀਂ ਕਹਿੰਦੀ। ਮੈਨੂੰ ਮਹਿਸੂਸ ਹੋ ਰਿਹਾ ਸੀ ਕਿ ਮਾਤਾ ਜੀ ਕੋਲ਼ ਪੈਸੇ ਨਹੀਂ ਹਨ ਤੇ ਕੋਈ ਇਲਾਜ ਕਰਵਾਉਣ ਵਾਲ਼ਾ ਵੀ ਨਹੀਂ ਹੈ। ਮੇਰੀ ਸੋਚ ਮੁਤਾਬਿਕ ਅਸੀਂ ਸਾਰੇ ਸ਼ਹੀਦਾਂ ਦੇ ਪਰਿਵਾਰਾਂ ਦੀ ਸਾਂਭ-ਸੰਭਾਲ਼ ਕਰਨ ਵਿੱਚ ਅਸਫਲ ਰਹੇ ਹਾਂ, ਅਵੇਸਲੇ ਰਹੇ ਹਾਂ। ਹੁਣ ਮਾਤਾ ਜੀ ਨੇ ਵਾਪਸ ਨਹੀਂ ਆਉਣਾ, ਪਰ ਦੁੱਖ ਸਦਾ ਰਹਿਣਾ ਹੈ।
ਸਵਾਲ: ਕਿਤਾਬਾਂ ਤੁਹਾਡੀ ਜ਼ਿੰਦਗੀ ਵਿੱਚ ਕੀ ਅਰਥ ਰੱਖਦੀਆਂ ਹਨ ?
ਜਵਾਬ: ਬਹੁਤ ਜ਼ਿਆਦਾ ਅਰਥ ਰੱਖਦੀਆਂ ਹਨ। ਸ੍ਰੀ ਏ.ਆਰ.ਦਰਸ਼ੀ ਦੀ ਲਿਖੀ ਕਿਤਾਬ 'ਜਾਂਬਾਜ਼ ਰਾਖਾ' ਨੇ ਮੇਰੀ ਜ਼ਿੰਦਗੀ ਵਿੱਚ ਨਿਖ਼ਾਰ ਲੈ ਆਂਦਾ। ਇਹ ਕਿਤਾਬ ਮੈਂ ਸੰਨ 2005 ਵਿੱਚ ਗੁਰਦਾਸਪੁਰ ਜੇਲ੍ਹ ਅੰਦਰ ਪੜ੍ਹੀ ਸੀ। ਸੰਤ ਭਿੰਡਰਾਂਵਾਲ਼ਿਆਂ ਬਾਰੇ ਵਿਸਥਾਰ ਨਾਲ਼ ਪਤਾ ਲੱਗਾ। ਇਸ ਤੋਂ ਇਲਾਵਾ ਪਿੰਗਲਵਾੜਾ ਵਾਲ਼ੇ ਭਗਤ ਪੂਰਨ ਸਿੰਘ ਜੀ ਦੀ ਜੀਵਨੀ ਮੇਰੀ ਮਨਪਸੰਦ ਕਿਤਾਬ ਹੈ। ਉਹਨਾਂ ਇਨਸਾਨੀਅਤ ਲਈ ਆਪਣੀ ਸਾਰੀ ਉਮਰ ਲਾ ਦਿੱਤੀ।
ਤੀਜੀ ਕਿਤਾਬ ਸ੍ਰ. ਬਲਜੀਤ ਸਿੰਘ ਖ਼ਾਲਸਾ ਦੀ ਲਿਖੀ ਹੈ 'ਹਿੰਦੁਸਤਾਨੀ ਅੱਤਵਾਦ', ਜੋ ਮੈਂ ਅੰਮ੍ਰਿਤਸਰ ਜੇਲ੍ਹ ਵਿੱਚ ਪੜ੍ਹੀ ਸੀ। ਉਸ ਕਿਤਾਬ ਵਿੱਚ ਖਾਨਪੁਰ ਦੇ ਸ਼ਹੀਦਾਂ ਦੀਆਂ ਤਸਵੀਰਾਂ ਹਨ। ਇੱਕ ਤਸਵੀਰ ਵਿੱਚ ਸ਼ਹੀਦ ਹੋਈ ਮਾਂ ਦੇ ਕੋਲ਼ ਦੁੱਧ ਚੁੰਘਦੀ ਉਮਰ ਦੀ ਬੱਚੀ (ਸ਼ਹੀਦ ਬੱਚੀ ਗੁਰਜੰਟ ਕੌਰ, ਉਮਰ 9 ਮਹੀਨੇ) ਹੈ। ਸ਼ਹੀਦ ਮਾਂ (ਸ਼ਹੀਦ ਬੀਬੀ ਹਰਜਿੰਦਰ ਕੌਰ) ਦਾ ਹੱਥ ਆਪਣੀ ਸ਼ਹੀਦ ਬੱਚੀ ਵੱਲ ਨੂੰ ਗਿਆ ਹੋਇਆ ਹੈ। ਮੈਨੂੰ ਤਸਵੀਰ ਵੇਖ ਕੇ ਪ੍ਰਤੀਤ ਹੁੰਦਾ ਸੀ ਕਿ ਇਹ ਤਸਵੀਰ ਮੇਰੇ ਨਾਲ਼ ਗੱਲਾਂ ਕਰ ਰਹੀ ਹੈ, ਜਿਵੇਂ ਮੈਨੂੰ ਕਹਿ ਰਹੀ ਹੋਵੇ ਕਿ ਇਸ ਬੰਦੇ (ਪੂਹਲਾ) ਨੂੰ ਕਦੇ ਸਜ਼ਾ ਮਿਲ਼ੇਗੀ ? ਇਹ ਕਿਤਾਬ ਸਾਡੇ ਕੇਸ ਦੀ ਫ਼ਾਈਲ ਵਿੱਚ ਵੀ ਲੱਗੀ ਹੋਈ ਹੈ।
ਸਵਾਲ: 12 ਜੂਨ ਤੁਹਾਡੀ ਰਿਹਾਈ ਦਾ ਦਿਨ ਸੀ, ਗੁਰਦੁਆਰਾ ਅੱਚਲ ਸਾਹਿਬ ਦੇ ਬਾਹਰ ਸਵਾਗਤ ਕਰਤਾ ਵੀਰਾਂ ਵਿੱਚ ਤੁਹਾਡੇ ਮੂੰਹੋਂ ਕੁਝ ਸ਼ਬਦ ਕਵਿਤਾ ਰੂਪ ਵਿੱਚ ਸੁਣੇ ਸਨ, ਉਹ ਕੀ ਸ਼ਬਦ ਸਨ ?
ਜਵਾਬ: ਹਾਂ ਜੀ, ਮੈਨੂੰ ਲਿਖਣ ਦਾ ਸ਼ੌਂਕ ਹੈ। ਆਪਣੇ ਜਜ਼ਬਾਤਾਂ ਨੂੰ ਲਿਖਦਾ ਰਹਿੰਦਾ ਹਾਂ। ਉਹ ਇਹ ਸਤਰਾਂ ਹਨ:-
ਬਚਪਨ ਤੋਂ ਹੀ ਤਾਂਘ ਸੀ, ਆਪਣੀ ਕੌਮ ਲਈ ਕੁਝ ਕਰਨ ਦੀ,
ਇੱਕ ਵੱਡਾ ਜਿਹਾ ਰਿਸਕ ਲੈਣ ਦੀ,
ਜ਼ੁਲਮ ਨਾਲ਼ ਲੜ ਕੇ ਮਰਨ ਦੀ,
ਜਦ ਪਤਾ ਹੈ ਇੱਕ ਦਿਨ ਮਰ ਜਾਣਾ,
ਫਿਰ ਲੋੜ ਕੀ ਮੌਤ ਤੋਂ ਡਰਨ ਦੀ ?
ਸਵਾਲ: ਤੁਹਾਡੀ ਰਿਹਾਈ ਦੇ ਸਵਾਗਤ ਵਿੱਚ 100 ਤੋਂ ਵੱਧ ਗੱਡੀਆਂ ਦਾ ਕਾਫ਼ਲਾ ਹੋਣ ਪਿੱਛੇ ਕੀ ਕਾਰਨ ਹਨ ?
ਜਵਾਬ: ਇਹ ਦੋ ਗੱਲਾਂ ਕਾਰਨ ਸੀ। ਇੱਕ ਕਾਰਨ ਮੇਰਾ ਪੂਹਲਾ ਕਤਲ ਕੇਸ ਵਿੱਚੋਂ ਬਰੀ ਹੋਣ ਤੇ ਖ਼ੁਸ਼ ਸਿੱਖਾਂ ਦਾ ਇਕੱਠ ਹੈ। ਦੂਜਾ ਕਾਰਨ ਕੇਸ ਤੋਂ ਪਹਿਲਾਂ ਦੇ ਨਿੱਜੀ ਪ੍ਰਭਾਵ ਕਾਰਨ ਹੈ, ਜੋ ਅਸੀਂ ਗਰੁੱਪ ਵਜੋਂ ਵਿਚਰਦੇ ਹੋਏ ਆਮ ਲੋਕਾਂ ਦੇ ਕੰਮ ਆਉਂਦੇ ਰਹੇ ਹਾਂ।
ਸਵਾਲ: ਆਮ ਲੋਕਾਂ ਦੇ ਕੰਮ ਕਿਵੇਂ ਆਉਂਦੇ ਸੀ ? ਕੋਈ ਵਾਕਿਆ ਯਾਦ ਹੈ ?
ਜਵਾਬ: ਇਹ ਗੱਲ ਜੋ ਸੁਣਾਉਣ ਲੱਗਾ ਹਾਂ, ਸੰਨ 2000 ਦੀ ਹੈ। ਹਰ ਐਤਵਾਰ ਬਟਾਲਾ ਸ਼ਹਿਰ ਦੇ ਹਸਪਤਾਲਾਂ ਵੱਲ ਜਾਣਾ ਸਾਡਾ ਫ਼ਰਜ਼ ਬਣ ਚੁੱਕਾ ਸੀ। ਦੋਸਤਾਂ ਕੋਲ਼ੋਂ ਪੈਸੇ ਇਕੱਠੇ ਕਰ ਕੇ ਗ਼ਰੀਬ ਮਰੀਜ਼ਾਂ ਦੀ ਮਦਦ ਕਰਿਆ ਕਰਦੇ ਸਾਂ। ਇੰਞ ਹੀ ਅਸੀਂ ਇੱਕ ਵਾਰ ਸਿਵਲ ਹਸਪਤਾਲ ਗਏ ਸਾਂ, ਐਤਵਾਰ ਦਾ ਦਿਨ ਸੀ। ਇੱਕ 40-42 ਸਾਲ ਉਮਰ ਦੀ ਬੀਬੀ ਨੂੰ ਅਸੀਂ ਖ਼ੂਨ ਦੀਆਂ ਉਲਟੀਆਂ ਕਰਦਿਆਂ ਵੇਖਿਆ। ਅਸੀਂ ਮੌਕੇ ਦੇ ਡਾਕਟਰ ਨੂੰ ਛੇਤੀ ਇਲਾਜ ਸ਼ੁਰੂ ਕਰਵਾਉਣ ਦਾ ਕਿਹਾ। ਉਸ ਡਾਕਟਰ ਨੇ ਉਲ਼ਟਾ ਸਾਡੇ ਨਾਲ਼ ਦੁਰਵਿਹਾਰ ਕੀਤਾ। ਤੁਰੰਤ ਅਸੀਂ ਐਸ.ਐਮ.ਓ. (ਸੀਨੀਅਰ ਮੈਡੀਕਲ ਅਫ਼ਸਰ) ਕੋਲ਼ ਗਏ। ਉਹਨਾਂ ਐਕਸ਼ਨ ਲੈਂਦਿਆਂ ਐਂਬੂਲੈਂਸ ਮੰਗਵਾਈ। ਜਦ ਐਂਬੂਲੈਂਸ ਆਈ ਤਾਂ ਉਸ ਦਾ ਡਰਾਈਵਰ ਸ਼ਰਾਬੀ ਨਿਕਲ਼ਿਆ। ਸਾਡੀ ਉਸ ਨਾਲ਼ ਵੀ ਬਹਿਸ ਹੋਈ। ਉਸ ਬੀਬੀ ਦੀਆਂ ਤਿੰਨ ਧੀਆਂ ਰੋ ਰਹੀਆਂ ਸਨ। ਇੱਕ ਪਾਸੇ ਕੁਝ ਰਿਸ਼ਤੇਦਾਰ ਬੈਠੇ ਸਨ, ਜਿਵੇਂ ਸਭ ਕੁਝ ਅਸਮਰੱਥ ਜਿਹਾ ਹੋ ਰਿਹਾ ਹੋਵੇ। ਅਸੀਂ ਦੋਸਤਾਂ ਨੇ ਬੀਬੀ ਨੂੰ ਚੁੱਕ ਕੇ ਐਂਬੂਲੈਂਸ ਵਿੱਚ ਲਿਟਾਇਆ, ਤਾਂ ਜੋ ਅੰਮ੍ਰਿਤਸਰ ਤੋਂ ਇਲਾਜ ਸ਼ੁਰੂ ਹੋ ਸਕੇ। ਐਂਬੂਲੈਂਸ ਤੁਰਨ ਲੱਗੀ, ਤਾਂ ਬੀਬੀ ਦੀ ਵੱਡੀ ਧੀ ਨੇ ਕਿਹਾ, "ਵੀਰ ਜੀ, ਸਾਡੇ ਕੋਲ਼ ਤਾਂ ਪੈਸੇ ਵੀ ਨਹੀਂ…।"
ਅਸੀਂ ਦੋਸਤਾਂ ਨੇ ਜੇਬਾਂ ਵਿੱਚ ਹੱਥ ਮਾਰ ਕੇ ਵੇਖਿਆ, ਜੋ ਇਲਾਜ ਲਈ ਬਹੁਤ ਘੱਟ ਪੈਸੇ ਸਨ। ਇਹਨਾਂ ਪਲ਼ਾਂ ਵਿੱਚ ਹੀ ਐਂਬੂਲੈਂਸ ਤੁਰ ਪਈ। ਮੈਂ ਆਪਣੀ ਸੋਨੇ ਦੀ ਚੈਨ ਗਲ਼ ਵਿੱਚੋਂ ਲਾਹ ਕੇ ਉਹਨਾਂ ਨੂੰ ਦੇ ਦਿੱਤੀ। ਸਾਨੂੰ ਬਾਅਦ ਵਿੱਚ ਪਤਾ ਲੱਗਾ ਕਿ ਬੀਬੀ ਜੀ ਦੀ ਵੇਰਕਾ ਕੋਲ਼ ਪਹੁੰਚ ਕੇ ਮੌਤ ਹੋ ਗਈ ਸੀ। ਬੀਬੀ ਜੀ ਬਹੁਤ ਮਿਹਨਤੀ ਸਨ, ਬਟਾਲੇ ਦੇ ਹੰਸਲੀ ਵਾਲ਼ੇ ਪੁਲ਼ ਕੋਲ਼ ਪਲਾਸਟਿਕ ਦੇ ਡੱਬੇ ਵੇਚ ਕੇ ਪਰਿਵਾਰ ਪਾਲਦੇ ਸਨ। ਉਹਨਾਂ ਦੀ ਇਲਾਜ ਦੀ ਘਾਟ ਕਾਰਨ ਹੋਈ ਮੌਤ ਦਾ ਮੈਨੂੰ ਸਦਾ ਦੁੱਖ ਰਹਿੰਦਾ ਹੈ।
ਸਵਾਲ: ਤੁਹਾਡੇ ਤੋਂ ਸਵਾਲਾਂ ਦੇ ਉੱਤਰ ਲੈਂਦਿਆਂ ਤੁਸੀਂ ਬਹੁਤ ਜਜ਼ਬਾਤੀ ਜਾਪਦੇ ਹੋ, ਤੁਹਾਨੂੰ ਆਪਣਾ ਸੁਭਾਅ ਜਜ਼ਬਾਤੀ ਹੋਣਾ ਪਸੰਦ ਹੈ ?
ਜਵਾਬ: ਤੁਹਾਡੇ ਸਵਾਲ ਨਾਲ਼ ਮੈਨੂੰ ਅੰਮ੍ਰਿਤਸਰ ਜੇਲ੍ਹ ਦੀ ਪੁਰਾਣੀ ਗੱਲ ਯਾਦ ਆ ਗਈ ਹੈ, ਜਿੱਥੇ ਮੈਨੂੰ ਭਾਈ ਦਲਜੀਤ ਸਿੰਘ ਬਿੱਟੂ ਮਿਲ਼ੇ ਸਨ। ਉਹਨਾਂ ਕਿਹਾ ਸੀ ਕਿ ਇਕਦਮ ਜਜ਼ਬਾਤੀ ਨਹੀਂ ਹੋਣਾ। ਉਹਨਾਂ ਹੋਰ ਸਮਝਾਉਂਦਿਆਂ ਸੁਭਾਅ ਉੱਤੇ ਗੌਰ ਕਰਨ ਦਾ ਵੀ ਕਿਹਾ ਸੀ। ਮੇਰੇ ਅਨੁਸਾਰ ਮੇਰੇ ਜਜ਼ਬਾਤੀ ਹੋਣ ਕਾਰਨ ਹੀ ਲੋਕ ਮੈਨੂੰ ਏਨਾ ਪਿਆਰ ਕਰਦੇ ਹਨ।
ਸਵਾਲ: ਤੁਹਾਡੇ ਬਰੀ ਹੋ ਕੇ ਬਟਾਲਾ ਪਹੁੰਚਣ ਦੇ ਸਵਾਗਤ ਵਿੱਚ ਥਾਂ-ਥਾਂ ਸਵਾਗਤੀ ਬੋਰਡ ਲੱਗੇ ਹੋਏ ਸਨ। ਇੱਕ ਬੋਰਡ ਵੇਖ ਕੇ ਮੈਂ ਹੈਰਾਨ ਸੀ ਕਿ ਉਹ ਬੋਰਡ ਸ਼ਿਵ ਸੈਨਾ ਨਾਲ਼ ਸੰਬੰਧਿਤ ਕਿਸੇ ਇਨਸਾਨ ਵੱਲੋਂ ਸੀ, ਇਸ ਦਾ ਕੀ ਕਾਰਨ ਮੰਨਦੇ ਹੋ ?
ਜਵਾਬ: ਸ਼ਿਵ ਸੈਨਾ ਵਿੱਚ ਬਹੁਤ ਮਾੜੇ ਅਨਸਰ ਹਨ, ਜੋ ਫ਼ੋਕੀ ਸ਼ੋਹਰਤ ਖੱਟਣ ਲਈ ਬਹੁਤ ਮਾੜੇ ਬਿਆਨ ਅਖ਼ਬਾਰਾਂ ਵਿੱਚ ਦਿੰਦੇ ਹਨ। ਹੋ ਸਕਦਾ ਹੈ ਜਿਸ ਵੀਰ ਨੇ ਉਹ ਬੋਰਡ ਲਵਾਇਆ, ਉਹ ਇਨਸਾਨੀਅਤ ਪਸੰਦ ਹੋਵੇ। ਸ਼ਹਿਰ ਵਿੱਚ ਜੋ ਮੈਂ ਸਾਥੀਆਂ ਸਮੇਤ ਵਿਚਰਦਾ ਰਿਹਾਂ, ਉਸ ਤੋਂ ਵੀ ਉਹ ਵੀਰ ਪ੍ਰਭਾਵਿਤ ਹੋ ਸਕਦਾ ਹੈ। ਅਸੀਂ ਬਿਨਾਂ ਭੇਦ-ਭਾਵ ਦੇ ਲੋਕਾਂ ਦੀ ਮਦਦ ਕਰਦੇ ਸੀ। ਇੱਥੋਂ ਤਕ ਖੁਰਕ ਖਾਧੇ ਕੁੱਤਿਆਂ ਨੂੰ ਚੁੱਕ ਚੁੱਕ ਕੇ ਦਵਾਈ ਹੱਥੀਂ ਲਾਉਂਦੇ ਸਾਂ। ਐਕਸੀਡੈਂਟਾਂ ਵਿੱਚ ਜ਼ਖ਼ਮੀ ਹੋਏ ਜਾਨਵਰਾਂ ਨੂੰ ਹਸਪਤਾਲ ਲਿਜਾਉਂਦੇ ਰਹੇ ਹਾਂ।
ਸਵਾਲ: ਤੁਹਾਡੇ ਕੇਸ ਦੀ ਪੈਰਵਾਈ ਦੌਰਾਨ ਮਾਪਿਆਂ ਨੂੰ ਕਿਹੋ ਜਿਹਾ ਸੰਘਰਸ਼ ਕਰਨਾ ਪਿਆ ?
ਜਵਾਬ: ਜਦ ਕੇਸ ਸ਼ੁਰੂ ਹੋਇਆ ਸੀ, ਤਾਂ ਉਹਨੀਂ ਦਿਨੀਂ ਪਿਤਾ ਜੀ ਅਮਰੀਕਾ ਸਨ। ਓਥੋਂ ਬਾਰੇ ਮੈਨੂੰ ਬਹੁਤਾ ਪਤਾ ਨਹੀਂ, ਪਰ ਜਦ ਵਾਪਸ ਪੰਜਾਬ ਪਰਤੇ ਤਾਂ ਉਹਨਾਂ ਬਹੁਤ ਮਿਹਨਤ ਕੀਤੀ। ਇੰਞ ਹੀ ਮੇਰੇ ਮਾਤਾ ਜੀ ਦੀ ਮਿਹਨਤ ਵੀ ਉਸੇ ਦਿਨ ਤੋਂ ਸ਼ੁਰੂ ਹੋ ਗਈ ਸੀ, ਜਿਸ ਦਿਨ ਪੂਹਲੇ ਵਾਲ਼ਾ ਕੇਸ ਸ਼ੁਰੂ ਹੋ ਗਿਆ। ਇਹ ਕਹਿ ਸਕਦਾਂ ਕਿ ਮਾਪਿਆਂ ਦੀ ਬਹੁਤ ਘਾਲਣਾ ਰਹੀ ਹੈ। ਮਾਤਾ ਜੀ ਦੇ ਦੋਹਾਂ ਹੱਥਾਂ ਵਿੱਚ ਭਾਰੇ-ਭਾਰੇ ਲਿਫ਼ਾਫ਼ੇ ਮੇਰੇ ਲਈ ਹੁੰਦੇ, ਜਦ ਵੀ ਮੈਨੂੰ ਮਿਲ਼ਣ ਆਉਂਦੇ ਰਹੇ। ਮੈਂ ਸੱਤ ਸਾਲ ਜੇਲ੍ਹ 'ਚ ਰਿਹਾਂ ਤੇ ਮਾਤਾ ਜੀ ਕਚਹਿਰੀਆਂ ਦੇ ਚੱਕਰਾਂ ਵਿੱਚ ਰਹੇ।
ਸਵਾਲ: ਸੱਤ ਸਾਲ ਦੀ ਜੇਲ੍ਹ ਤੋਂ ਬਾਅਦ, ਘੁਟਨ ਭਰੇ ਮਾਹੌਲ ਤੋਂ ਅਜ਼ਾਦ ਫ਼ਿਜ਼ਾ ਵਿੱਚ ਵਿਚਰਨਾ, ਮਨ ਤੇ ਕਿਹੋ ਜਿਹਾ ਅਸਰ ਪਾ ਰਿਹਾ ਹੈ?
ਜਵਾਬ: ਇੱਕ ਨਵੀਂ ਜ਼ਿੰਦਗੀ ਵਰਗਾ ਅਸਰ ਹੈ। ਜ਼ੁਲਮ ਖ਼ਿਲਾਫ਼ ਸੱਚ ਦੀ ਰਾਹ ਤੇ ਚੱਲੇ ਸਾਂ। ਸਾਡਾ ਚੱਲਣਾ ਜਿਵੇਂ ਅਕਾਲ ਪੁਰਖ ਨੇ ਪ੍ਰਵਾਨ ਕਰ ਲਿਆ ਹੈ। ਮੇਰਾ ਤੁਹਾਡੇ ਸਭ ਦੇ ਵਿੱਚ ਹੋਣਾ ਸਿੱਖ ਸੰਗਤ ਦੀਆਂ ਅਰਦਾਸਾਂ ਸਦਕਾ ਹੈ। ਆਪਣੀ ਸਿੱਖ ਕੌਮ ਦਾ ਸ਼ੁਕਰਗੁਜ਼ਾਰ ਹਾਂ।
ਸਵਾਲ: ਤੁਹਾਡੇ ਪਰਮ ਮਿੱਤਰ ਮਨਜੋਤ ਸਿੰਘ ਮੋਤੀ ਦਾ ਤੁਹਾਡੇ ਕੇਸ ਦੀ ਪੈਰਵਾਈ ਦੌਰਾਨ ਕਿਵੇਂ ਦਾ ਰੋਲ ਰਿਹਾ?
ਜਵਾਬ: ਬਹੁਤ ਅਹਿਮ ਰੋਲ ਹੈ ਵੀਰ ਮੋਤੀ ਦਾ, ਕੁਝ ਅਜਿਹੀਆਂ ਗੱਲਾਂ ਜਿੱਥੇ ਮਾਪੇ ਸਾਥ ਨਹੀਂ ਦੇ ਸਕਦੇ, ਓਥੇ ਵੀਰ ਨੇ ਮੇਰਾ ਸਾਥ ਦਿੱਤਾ। ਬਹੁਤ ਵਧੀਆ ਮਿੱਤਰਤਾ ਨਿਭ ਰਹੀ ਹੈ।
ਸਵਾਲ: ਕੁਝ ਉਹਨਾਂ ਦੋਸਤਾਂ ਦਾ ਜ਼ਿਕਰ ਕਰੋ, ਜੋ 'ਹਿੱਕ ਦਾ ਵਾਲ਼' ਮਹਿਸੂਸ ਹੁੰਦੇ ਹਨ ?
ਜਵਾਬ: ਵੀਰ ਰਾਣਾ ਵਰਸੋਲਾ, ਹੈਪੀ ਔਜਲਾ, ਸ਼ੇਰੂ ਬਟਾਲਾ, ਸ਼ੌਂਕੀ ਪਹਿਲਵਾਨ, ਗੁਰਦਾਸਪੁਰ ਵਾਲ਼ੇ ਕਾਫ਼ੀ ਦੋਸਤ। ਇਹ ਗਿਣਤੀ ਕਾਫ਼ੀ ਵੱਡੀ ਹੈ। ਪੂਹਲਾ ਕੇਸ ਤੋਂ ਪਹਿਲਾਂ 300 ਤੋਂ ਵੱਧ ਨੌਜਵਾਨ ਮੇਰੇ ਸੰਪਰਕ ਵਿੱਚ ਰਹੇ ਹਨ, ਮੈਨੂੰ ਨਹੀਂ ਲੱਗਦਾ ਕਿ ਕਿਸੇ ਨੌਜਵਾਨ ਨੇ ਮੇਰਾ ਸਾਥ ਛੱਡਿਆ ਹੋਵੇ।
ਸਵਾਲ: ਤੁਹਾਡਾ ਪੱਖ ਜਾਣਨ ਲਈ ਜੇ ਮੈਂ ਇਹ ਕਹਿ ਲਵਾਂ ਕਿ ਮੌਕਾ ਮਿਲ਼ਣ ਤੇ ਤੁਹਾਨੂੰ ਅਕਾਲੀ-ਭਾਜਪਾ ਜਾਂ ਕਾਂਗਰਸ ਰਾਹੀਂ ਰਾਜਨੀਤੀ ਵਿੱਚ ਜਾਣਾ ਪਵੇ ਤਾਂ ਜਾਓਗੇ ?
ਜਵਾਬ: ਮੈਂ ਅਕਾਲੀ-ਭਾਜਪਾ ਜਾਂ ਕਾਂਗਰਸ ਵਿੱਚ ਸ਼ਾਮਲ ਹੋ ਕੇ ਪਾਪੀ ਇਨਸਾਨ ਨਹੀਂ ਬਣਨਾ ਚਾਹੁੰਦਾ, ਬੱਸ ਇਹੋ ਮੇਰਾ ਉੱਤਰ ਹੈ।
ਸਵਾਲ: ਆਖ਼ਰੀ ਸਵਾਲ, ਨੌਜਵਾਨੀ ਦੇ ਨਾਮ ਤੁਹਾਡੇ ਸੰਦੇਸ਼ ?
ਜਵਾਬ: ਸਿੱਖ ਨੌਜਵਾਨੀ ਨੂੰ ਇਤਿਹਾਸ ਤੋਂ ਸਬਕ ਸਿੱਖਣਾ ਚਾਹੀਦਾ ਹੈ। ਸਮੂਹ ਨੌਜਵਾਨੀ ਨਸ਼ਿਆਂ ਤੋਂ ਬਚ ਕੇ ਰਹੇ। ਮੌਜੂਦਾ ਸਮੇਂ ਵਿੱਚ ਨਸ਼ੇ ਸਾਡੀ ਕੌਮ ਦੀ ਨਸਲਕੁਸ਼ੀ ਕਰਨ ਦਾ ਹਥਿਆਰ ਬਣੇ ਹੋਏ ਹਨ। ਕੁਝ ਸਤਰਾਂ ਸੁਣਾਉਂਦਾ ਹਾਂ:-
ਵੱਡਾ-ਨਿੱਕਾ ਘਲੂਘਾਰਾ,
ਫਿਰ ਉੱਨੀ ਸੌ ਚੁਰਾਸੀ,
ਫਿਰ ਕਤਲੇਆਮ ਚੁਰਾਸੀ ਦਾ,
ਤੇ ਹੁਣ ਨਸ਼ਿਆਂ ਦੀ ਵਾਰੀ,
ਲੱਗਦਾ ਮੇਰੇ ਪੰਜਾਬ ਦੀ,
ਤਕਦੀਰ ਹੀ ਲਿਖ'ਤੀ ਮਾੜੀ।
-ਪਪਲਪ੍ਰੀਤ ਸਿੰਘ
#9814601050

Blog Archive

Dal Khalsa UK's Facebook Page