ਰੂਟ ਮਾਰਚ ਵਿੱਚ ਸ਼ਾਮਲ ਸੰਘ ਚਾਲਕ ਜੋ ਰਾਈਫਲਾਂ ਨਾਲ ਲੈਸ ਹਨ
ਪਠਾਨਕੋਟ, 24 ਅਕਤੂਬਰ - ਅੱਜ ਇੱਥੇ ਰਾਸ਼ਟਰੀ ਸੋਇਮ ਸੇਵਕ ਸੰਘ (ਆਰਐਸਐਸ) ਵੱਲੋਂ ਵਿਜੇ ਦਸ਼ਮੀ ਦਿਵਸ ਮੌਕੇ ਸ਼ਹਿਰ ਅੰਦਰ ਰੂਟ ਮਾਰਚ ਕੀਤਾ ਗਿਆ ਅਤੇ ਆਪਣੀ ਸ਼ਕਤੀ ਦਾ ਪ੍ਰਦਰਸ਼ਨ ਕੀਤਾ ਗਿਆ। ਇਸ ਰੂਟ ਮਾਰਚ ਵਿੱਚ ਸ਼ਾਮਲ ਹੋਣ ਵਾਲੇ ਆਗੂਆਂ ਵਿੱਚ ਦਿੱਲੀ ਤੋਂ ਅਰੁਨ ਅਖਿਲ ਭਾਰਤੀਆ ਖੇਤਰੀ ਸਹਿ ਸੰਪਰਕ ਮੁਖੀ, ਅਸ਼ੋਕ ਮਹਾਜਨ ਵਿਭਾਗ ਸੰਘ ਚਾਲਕ, ਪ੍ਰੇਮ ਡੋਗਰਾ ਜ਼ਿਲ੍ਹਾ ਸੰਘ ਚਾਲਕ, ਅਸ਼ਵਨੀ ਸ਼ਰਮਾ ਸੂਬਾ ਪ੍ਰਧਾਨ ਭਾਜਪਾ, ਵਿਨੋਦ ਖੰਨਾ ਫਿਲਮੀ ਅਦਾਕਾਰ ਤੇ ਸਾਬਕਾ ਐਮਪੀ, ਦਿਨੇਸ਼ ਬੱਬੂ ਡਿਪਟੀ ਸਪੀਕਰ, ਐਸਕੇ ਪੁੰਜ ਚਾਂਸਲਰ ਅਤੇ ਮਾਸਟਰ ਮੋਹਲ ਲਾਲ ਸਾਬਕਾ ਮੰਤਰੀ ਸ਼ਾਮਲ ਸਨ।
ਇਹ ਰੂਟ ਮਾਰਚ ਸੰਤ ਆਸ਼ਰਮ ਸਕੂਲ ਦੀ ਗਰਾਊਂਡ ਵਿੱਚੋਂ ਸ਼ੁਰੂ ਹੋ ਕੇ ਡਲਹੌਜ਼ੀ ਰੋਡ, ਰੇਲਵੇ ਰੋਡ, ਇੰਦਰਾ ਕਲੋਨੀ ਮੋੜ, ਬਾਲਮੀਕ ਚੌਕ, ਡਾਕਖਾਨਾ ਚੌਕ, ਮੇਨ ਬਾਜ਼ਾਰ, ਮਿਸ਼ਨ ਰੋਡ ਰਾਹੀਂ ਹੋ ਕੇ ਵਾਪਸ ਸਕੂਲ ਦੀ ਗਰਾਊਂਡ ’ਚ ਪੁੱਜਿਆ। ਇਸ ਮੌਕੇ ਰੂਟ ਮਾਰਚ ਵਿੱਚ ਇੱਕ ਜੀਪ ਮੂਹਰੇ ਆਰਐਸਐਸ ਦੇ ਬਾਨੀ ਅਤੇ ਮੁਖੀਆਂ ਦੇ ਚਿੱਤਰ ਲਗਾਏ ਹੋਏ ਸਨ ਤੇ ਫੁੱਲਾਂ ਨਾਲ ਉਸ ਨੂੰ ਸਜਾਇਆ ਹੋਇਆ ਸੀ ਅਤੇ ਹਥਿਆਰਾਂ ਨਾਲ ਲੈਸ ਸੰਘ ਚਾਲਕ ਜੀਪ ਉੱਪਰ ਸਵਾਰ ਸਨ। ਸੰਘ ਚਾਲਕਾਂ ਦਾ ਇੱਕ ਜਥਾ ਜੋ ਰਾਈਫਲਾਂ ਨਾਲ ਲੈਸ ਸੀ, ਜੀਪ ਦੇ ਮੂਹਰੇ ਚੱਲ ਰਿਹਾ ਸੀ ਜਦਕਿ ਪਿੱਛੇ ਇੱਕ ਜਥਾ ਬੈਂਡ ਦੀਆਂ ਮਨਮੋਹਕ ਧੁਨਾਂ ਕੱਢਦਾ ਚਲ ਰਿਹਾ ਸੀ ਤੇ ਬਾਕੀ ਸੰਘ ਚਾਲਕ ਰੂਟ ਮਾਰਚ ਕਰ ਰਹੇ ਸਨ।
ਸੰਤ ਆਸ਼ਰਮ ਸਕੂਲ ਦੀ ਗਰਾਊਂਡ ’ਚ ਪੁੱਜ ਕੇ ਆਰਐਸਐਸ ਦੇ ਅਖਿਲ ਭਾਰਤੀ ਖੇਤਰ ਸਹਿ ਸੰਪਰਕ ਮੁਖੀ ਅਰੁਨ ਨੇ ਸੰਘ ਚਾਲਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਦਸਹਿਰੇ ਵਾਲੇ ਦਿਨ ਆਰਐਸਐਸ ਦੀ ਨਾਗਪੁਰ ਵਿੱਚ ਸਥਾਪਨਾ ਕੀਤੀ ਗਈ ਸੀ। ਇਸ ਕਰਕੇ ਇਸ ਦਿਨ ਨੂੰ ਸਥਾਪਨਾ ਦਿਵਸ ਵਜੋਂ ਮਨਾਇਆ ਜਾਂਦਾ ਹੈ ਅਤੇ ਹਿੰਦੂ ਸਮਾਜ ਨੂੰ ਇੱਕ ਮੰਚ ਪ੍ਰਦਾਨ ਕਰਨ ਲਈ ਇਸ ਦੀ ਸਥਾਪਨਾ ਕੀਤੀ ਗਈ ਸੀ। ਉਸਨੇ ਕਿਹਾ ਕਿ ਦੇਸ਼ ਉੱਪਰ ਜਦ ਵੀ ਮੁਸੀਬਤਾਂ ਆਈਆਂ ਸੋਇਮ ਸੇਵਕਾਂ ਨੇ ਹਮੇਸ਼ਾ ਮੂਹਰੇ ਹੋ ਕੇ ਉਨ੍ਹਾਂ ਮੁਸੀਬਤਾਂ ਦਾ ਸਾਹਮਣਾ ਕੀਤਾ ਤੇ ਪੀੜਤ ਲੋਕਾਂ ਦੀ ਮਦਦ ਕੀਤੀ। ਉਸਨੇ ਕਿਹਾ ਕਿ ਚੀਨ ਤੋਂ ਭਾਰਤ ਨੂੰ ਅੱਜ ਖ਼ਤਰਾ ਹੈ ਪਰ ਸਾਡੇ ਦੇਸ਼ ਦੇ ਹਾਕਮ ਆਗੂ ਉਸ ਖ਼ਿਲਾਫ਼ ਇੱਕ ਸ਼ਬਦ ਵੀ ਬੋਲਣ ਨੂੰ ਤਿਆਰ ਨਹੀਂ। ਉਸਨੇ ਸੰਘ ਚਾਲਕਾਂ ਨੂੰ ਕਿਹਾ ਕਿ ਬੁਰਾਈਆਂ ਦਾ ਡੱਟ ਕੇ ਵਿਰੋਧ ਕਰਨਾ ਚਾਹੀਦਾ ਹੈ।