ਅੰਮ੍ਰਿਤਸਰ, 15 ਜਨਵਰੀ - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੁੰਭ ਮੇਲੇ ਉਤੇ ਸਿੱਖ ਪ੍ਰਦਰਸ਼ਨੀ ਲਾਉਣ ਦੇ ਫੈਸਲੇ ਬਾਰੇ ਦਲ ਖਾਲਸਾ ਨੇ ਆਖਿਆ ਹੈ ਕਿ ਇਸ ਸਿੱਖ ਸੰਸਥਾ ਨੂੰ ਹੁਣ ਈਦ ਅਤੇ ਕ੍ਰਿਸਮਸ ਮੌਕੇ ਵੀ ਸਿੱਖਾਂ ਨਾਲ ਸਬੰਧਤ ਸਾਹਿਤ ਦੀ ਪ੍ਰਦਰਸ਼ਨੀ ਅਤੇ ਲੰਗਰ ਲਾਉਣ ਲਈ ਮਤਾ ਪਾਸ ਕਰ ਲੈਣਾ ਚਾਹੀਦਾ ਹੈ। 
ਦਲ ਦੇ ਬੁਲਾਰੇ ਕੰਵਰਪਾਲ ਸਿੰਘ ਅਤੇ ਜਨਰਲ ਸਕੱਤਰ ਡਾ. ਮਨਜਿੰਦਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦੀ ਨਿਖੇਧੀ ਕਰਦਿਆਂ ਕਿਹਾ ਕਿ ਲੀਡਰਸ਼ਿਪ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੂੰ ਮਜਬੂਰ ਕਰਕੇ ਕੁੰਭ ਦੇ ਮੇਲੇ ਉਤੇ ਪ੍ਰਦਰਸ਼ਨੀ ਲਾਉਣ ਦੇ ਹੱਕ ਵਿਚ ਮਤਾ ਪਾਸ ਕਰਨ ਲਈ ਜ਼ੋਰ ਪਾਇਆ ਹੈ। ਉਨ੍ਹਾਂ ਦੱਸਿਆ ਕਿ ਅੰਤਰਿੰਗ ਕਮੇਟੀ ਦੀ ਮੀਟਿੰਗ ਦੌਰਾਨ ਤਿੰਨ ਸੀਨੀਅਰ ਮੈਂਬਰਾਂ ਨੇ ਇਸ ਮਤੇ ਦੇ ਵਿਰੋਧ ਵਿਚ ਸਟੈਂਡ ਲਿਆ ਸੀ ਪਰ ਇਸ ਦੇ ਬਾਵਜੂਦ ਜਥੇਦਾਰ ਮੱਕੜ ਡਟੇ ਰਹੇ।  ਉਨ੍ਹਾਂ ਦੋਸ਼ ਲਾਇਆ ਕਿ ਬਾਦਲਕਿਆਂ ਨੇ ਰਾਜਨੀਤਿਕ ਕਾਰਨਾਂ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਹਿੰਦੂਤਵੀ ਤਾਕਤਾਂ (ਭਾਜਪਾ) ਦੇ ਅਧੀਨ ਕੀਤਾ ਹੀ ਹੋਇਆ ਹੈ, ਹੁਣ ਉਨ੍ਹਾਂ ਆਰ.ਐਸ.ਐਸ ਦਾ ਕੁੰਭ ਦੇ ਮੇਲੇ ਵਿਚ ਸ਼ਾਮਿਲ ਹੋਣ ਦਾ ਸੱਦਾ ਪ੍ਰਵਾਨ ਕਰਕੇ ਸ਼੍ਰੋਮਣੀ ਕਮੇਟੀ ਦੀ ਅੱਡਰੀ ਪਛਾਣ ਅਤੇ ਇਸ ਦੀ ਖੁਦਮੁਖਤਿਆਰੀ ਨੂੰ ਵੀ ਦਾਅ ਉਤੇ ਲਾ ਦਿੱਤਾ ਹੈ।
ਉਨ੍ਹਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਬਿਆਨ ਕਿ ਕੁੰਭ ਦੇ ਮੇਲੇ ਵਿਚ ਸ਼ਾਮਿਲ ਹੋਣ ਵਾਲੇ ਲੋਕਾਂ ਨੂੰ ਸਿੱਖ ਧਰਮ ਬਾਰੇ ਜਾਣਕਾਰੀ ਦੇਣ ਲਈ ਇਕ ਪ੍ਰਦਰਸ਼ਨੀ ਅਤੇ ਲੰਗਰ ਲਾਏ ਜਾ ਰਹੇ ਹਨ, ਦਾ ਹਵਾਲਾ ਦਿੰਦਿਆਂ ਟਿੱਪਣੀ ਕੀਤੀ ਕਿ ਸ਼੍ਰੋਮਣੀ ਕਮੇਟੀ ਨੂੰ ਹੁਣ ਇਸੇ ਤਰ੍ਹਾਂ ਦੀ ਪ੍ਰਦਰਸ਼ਨੀ ਈਦ ਮੌਕੇ ਜਾਮਾ ਮਸਜਿਦ ਅਤੇ ਕ੍ਰਿਸਮਸ ਮੌਕੇ ਗੋਆ ਦੇ ਸਭ ਤੋਂ ਵੱਡੇ ਗਿਰਜਾਘਰ ਵਿਖੇ ਲਾਉਣ ਦਾ ਮਤਾ ਵੀ ਪਾਸ ਕਰ ਹੀ ਲੈਣਾ ਚਾਹੀਦਾ ਹੈ।