Dal Khalsa UK

Dal Khalsa UK

Dal Khalsa UK's Official Facebook Page Join Now!

Dal Khalsa UK on Facebook

Wednesday, 15 February 2012

Dal Khalsa's Sarbjit Singh Ghuman At The House Of Shaheed Kulwant Singh Ji

ਸ਼ਹੀਦਾਂ ਦੇ ਘਰ ਵੱਲ ਫੇਰੀ-੩..ਸਰਬਜੀਤ ਸਿੰਘ ਘੁਮਾਣ ੯੭੮੧੯-੯੧੬੨੨
by Sarbjit Singh Ghuman on Tuesday, February 14, 2012 at 5:46pm ·

"ਪਟਿਆਲੇ ਜੱਜ ਕਹਿੰਦਾ,ਦੱਸ ਮਾਤਾ ਤੈਨੂੰ ਕਿੰਨੇ ਪੈਸੇ ਦਵਾਂ ਦਿਆਂ,ਇਨ੍ਹਾਂ ਤੋਂ?? ਮੈਂ ਕਿਹਾ ਮੈਂ ਸ਼ਹੀਦ ਪੁੱਤ ਨੂੰ ਵੇਚਣ ਆਈ ਆਂ?" ਮਾਤਾ ਪਰੀਤਮ ਕੌਰ ਰੋਹ ਨਾਲ ਬੋਲੀ,ਭਾਂਵੇ ਰੋਂਦੀ ਦੇ ਉਹਦੇ ਅੱਥਰੂ ਠੱਲੇ ਨਹੀ ਸੀ ਜਾਂਦੇ,ਮੈਂ ਉਹਨੂੰ ਬੁਕਲ ਵਿਚ ਲਿਆ, "ਬੱਸ,ਹੁਣ ਰੋਣਾ ਨਹੀ,ਮੈਂ ਵੀ ਤੇਰਾ ਪੁੱਤ ਈ ਆਂ,ਗੱਲ ਕਰ"ਪਰ ਉਹ ਹੁਭਕੀ ਰੋਂਦੀ ਰਹੀ,ਉਹਦੇ ਦਰਦ ਤੇ ਕਰੁਣਾ ਭਰੇ ਬੋਲ ਮੈਨੂੰ ਵਿੰਨੀ ਜਾ ਰਹੇ ਸੀ,ਜਿਵੇਂ ਹਿੱਕ ਵਿਚ ਤੀਰ ਖੁਭਿਆ ਹੋਵੇ,ਕੋਲ ਬੈਠੇ ਮਾਸਟਰ ਮੁਕੰਦ ਸਿੰਘ ਜੀ ਤੇ ਮੇਰਾ ਦੋਸਤ ਸਰਵਕਾਰ ਸਿੰਘ ਹੈਰਾਨ-ਪਰੇਸ਼ਾਨ ਸਨ। ਕੋਲ ਕੁਰਸੀ ਤੇ ਸ਼ਹੀਦ ਕੁਲਵੰਤ ਸਿੰਘ ਦਾ ਬਿਰਧ ਬਾਪ,ਕਮਿਕਰ ਸਿੰਘ ਹੱਡੀਆਂ ਦੀ ਮੁਠ ਬਣਿਆ ਬੈਠਾ ਸੀ,,ਉਹਨੂੰ ਆਪਣੇ ਉਤੇ ਹੋਏ ਪੁਲਿਸ ਤਸ਼ੱਦਦ ਦਾ ਚੇਤਾ ਕਰਕੇ ਝੁਣਝੁਣੀਆਂ ਆਂ ਰਹੀਆਂ ਸੀ।ਮਾਤਾ ਆਪਣੇ ਪੁਲਿਸ ਹੱਥੋਂ ਕਤਲ ਹੋਏ ਪੁੱਤ ਦੀ ਯਾਦ ਵਿਚ ਦੋਹਾਈ ਦੇ ਰਹੀ ਸੀ, " ਇਨਾਂ ਬੁਚੜਾਂ ਨੇ ਮੇਰਾ ਪੁੱਤ ਮਾਰਿਆ..ਪੁੱਤ!…..ਪੁੱਤ ਕਿਤੇ ਐਵੇ ਮਿਲ ਜਾਂਦੇ ਆ..ਮੇਰਾ ਕੱਲਾ-ਕੱਲਾ ਪੁੱਤ ਮਾਰਿਆ ਇਨਾਂ ਪਾਪੀਆਂ ਨੇ..ਚਾਹਲ ਸੀ ਐਸ.ਐਸ. ਪੀ, , ਸ਼ਿਵ ਕੁਮਾਰ ਤੇ ਪਿੰਕੀ ਕੈਟ.ਇਨਾਂ ਨੇ ਮਾਰਿਆਂ ਮੇਰਾ ਕੁਲਵੰਤ..ਹਾਏ ਪੁੱਤਾ..ਤੂੰ ਮੈਨੂੰ ਕੋਈ ਮਾੜਾ ਲਫਜ਼ ਈ ਬੋਲ ਦਿੰਦਾ..ਮੈਂ ਯਾਦ ਕਰਦੀ ਰਹਿੰਦੀ ਬਈ ਮੈਨੂੰ ਗਲਤ ਬੋਲਿਆ.ਪਰ ਕਿਥੇ ਪੁੱਤ! ਸ਼ਰੀਫ ਐਨਾ ਸੀ ਕਿ ਉਹਦੇ ਤਾਂ ਮ੍ਹੂਹ ਵਿਚ ਜਿਵੇਂ ਜੀਭ ਹੀ ਨਹੀ ਸੀ,ਕਦੇ ਉਚੀ ਨਾ ਬੋਲਣਾ,ਕਦੇ ਨਾ ਖਿਝਣਾ,ਟਰੱਕ ਚਲਾਂਉਦਾ ਸੀ ਮੇਰਾ ਸੋਨਾ,,,ਮੈਨੂੰ ਚਾਅ ਹੋਣਾ ਬਈ ਆਊਗਾ,ਪਰ ਹੁਣ ਕਿਥੇ??ਬੇੜੀ ਬਹਿਜੇ ਗਵਾਹ ਦੀ ਜਿਹੜਾ ਮੁਕਰਿਆ,ਨਹੀ ਤਾਂ ਦਿਖਾ ਦਿੰਦੀ ਇਨਾਂ ਬੁਚੜਾਂ ਨੂੰ ਬਈ ਕਿਵੇਂ ਨਜੈਜ ਬੰਦਾ ਮਾਰੀਦਾ.."

ਪਿੰਡ ਚੌਕੀਮਾਨ ਵਿਚ ਅਸੀ ਸ਼ਹੀਦ ਹਰਬੰਸ ਸਿੰਘ ਤੇ ਸ਼ਹੀਦ ਬਲਜਿੰਦਰ ਸਿੰਘ ਦੇ ਘਰੀਂ ਜਾਕੇ ਵੀਰ ਅਵਤਾਰ ਸਿੰਘ ਕੈਨੇਡਾ ਦੀ ਭੇਜੀ ਮੱਦਦ ਦੇਣ ਮਗਰੋਂ ਸ਼ਹੀਦ ਕੁਲਵੰਤ ਸਿੰਘ ਦੇ ਘਰ ਪੁਜੇ।ਅਸੀਂ ੧੦ ਹਜਾਰ ਹਰ ਪਰਿਵਾਰ ਨੂੰ ਦੇਣ ਦੀ ਮਨਸ਼ਾ ਨਾਲ ਚੱਲ ਰਹੇ ਸੀ।ਵੈਸੈ ਵੀ ਇਨਾਂ ਪਰਿਵਾਰਾਂ ਨੇ ਆਪਣੀਆਂ ਲੋੜਾਂ ਸੀਮਿਤ ਜਿਹੀਆਂ ਕਰ ਲਈਆਂ ਨੇ।ਉਹ ਤਾਂ ਪਿਆਰ-ਸਤਿਕਾਰ ਦੇ ਭੁੱਖੇ ਨੇ। ਜਦੋਂ ਅਸੀਂ ਕਿਹਾ ਕਿ ਮਾਤਾ ਹੋਰ ਲੋੜ ਐ? ਤਾਂ ਮਾਤਾ ਪਰੀਤਮ ਕੌਰ ਹੌਂਸਲੇ ਨਾਲ ਕਹਿੰਦੀ, " ਨਾ ਪੁਤ,ਇਹ ਵੀ ਤੈਂ ਬਹੁਤਾ ਕਿਹਾ,ਤਾਂ ਵਾ,ਨਹੀ ਤਾਂ ਸਾਨੂੰ ਜੱਜ ਜੋਰ ਲਾਂਉਦਾ ਰਿਹਾ,ਇਕ ਵਾਰ ਪਿੰਕੀ ਕੈਟ,ਚਾਹਲ ਤੇ ਹੋਰਾਂ ਪੁਲਸੀਆਂ ਦੇ ਬੰਦੇ ਆਗੇ ਇਥੇ,ਜਿਹਨਾਂ 'ਤੇ ਆਪਾਂ ਮੁਕਦਮਾ ਕੀਤਾ ਸੀ,,ਪਿੰਕੀ ਕਰੇ ਬੀਬੀ ਥੋਨੂੰ ਰੋਟੀ ਤੋਂ ਭੁੱਖਾ ਨਹੀ ਮਰਨ ਦਿੰਦੇ,ਬੋਲ ਕੀ ਚਾਹੀਦਾ? ਮੈਂ ਕਿਹਾ ਜਾਹ ਤੂੰ,ਆਇਆ ਵੱਡਾ,ਭਲੇਸਾ ਦੇਕੇ ਦਸਖਤ ਕਰਵਾਉਣ,ਮੈਂ ਕਿਹਾ ਬਈ ਤੁਸੀ ਬੱਸ ਚਲੇ ਜਾਓ,ਪੈਸੇ ਦੀ ਕੋਈ ਲੋੜ ਨਹੀ ਮੈਨੂੰ,,ਪੁਤ! ਆਪਾਂ 'ਉਹਦਾ'ਮੁਲ ਵੱਟਣਾ ਸੀ ਕੋਈ? ਪੈਸੇ ਪੈਸੇ ਕਰੀ ਜਾਂਦਾ ਸੀ,ਮੈਂ ਪਿੰਕੀ ਨੂੰ ਕਿਹਾ ਪੈਸੇ ਨਾਲ ਕੁਲਵੰਤ ਆਜੂ? ਤੂੰ ਮਾਰ ਖਾਂ ਆਪਣੇ ਪੁੱਤ ਨੂੰ ,ਤੈਨੂੰ ਪਤਾ ਲੱਗੇ ਬਈ ਕੀ ਹੁੰਦਾ ਪੁੱਤ ਦਾ ਦੱਖ,ਤੂੰ ਨਿਕਲ ਇਥੋਂ,ਮੈਨੂੰ ਚੰਗਾ ਲੱਗਦਾ ਤੂੰ ਇਥੇ ਮੇਰੇ ਪੁਤ ਦਾ ਕਾਤਲ"

"ਪੁਤ ਉਹਨਾਂ ਦੇ ਲੱਖਾਂ ਨਾਲੋਂਂ ਤੇਰੇ ਆਲੇ ਆਹੀ ਕਰੋੜਾਂ ਨੇ ਮੇਰੇ ਲਈ,ਬੱਸ ਪੁੱਤ ਆ ਜਾਇਆ ਕਰੋ ਮਿਲਣ,ਤੇਰੇ ਵਰਗੇ ਹੋਰ ਵੀ ਨੇ ਜਿਹੜੇ ਮੱਦਦ ਕਰਦੇ ਨੇ ਪੁੱਤ ,ਲੁਧਿਆਣੇ ਆਲਾ ਦਲਜੀਤ ਸਿਹੁੰ ਬਿੱਟੂ ਵੀ ਮੱਦਦ ਕਰਦਾ ਰਿਹਾ,,ਹੁਣ ਤਾਂ ਫੜਕੇ ਅੰਦਰ ਕਰਤ ਪਾਪੀਆਂ ਨੇ,ਦੁਖ ਤਾਂ ਆਹੀ ਆ ਬਈ ਇਹ ਸਰਕਾਰ ਦੇ ਦੁਖੀ ਕੀਤੇ ਲੋਕਾਂ ਦੀ ਗੱਲ ਕਿਉਂ ਸੁਣਦੇ ਨੇ! ਤੂੰ ਵੀ ਖਿਆਲ ਰੱਖੀਂ ਪੁਤ,ਇਹ ਬੜੇ ਕੁਤੇ ਨੇ,ਤੇਰਾ ਕੰਮ ਠੀਕ ਆ ਪਰ ਇਹ ਨਹੀ ਜਰ ਸਕਦੇ,ਐਵੇ ਕੇਸ ਪਾ ਦੇਣਗੇ..ਪਰ ਅਸੀ ਆਪਦੀ ਕੌਮ ਤੋਂ ਲਵਾਂਗੇ ਜੋ ਲੈਣਾ,ਇਨਾਂ ਪਾਪੀਆਂ ਤੋਂ ਕਿਉਂ ਲੈਣਾ ਜਿੰਨਾਂ ਸਾਡੇ ਮੁੰਡੇ ਨਜੈਜ ਮਾਰੇ ਵਾ"।

ਮਾਸਟਰ ਮੁਕੰਦ ਸਿੰਘ ਕਹਿੰਦੇ, " ਮਾਤਾ,ਉਨਾਂ ਕੁਲਵੰਤ ਨੂੰ ਮਾਰਿਆ ਕਿਉਂ ਆ?"

ਮਾਤਾ ਸਪੱਸ਼ਟ ਬੋਲੀ, " ਇਹ ਤਰਸੇਮ ਸਿੰਘ ਦੀ ਭੂਆ ਦਾ ਪੁਤ ਜੋ ਸੀ,ਇੰਨਾਂ ਕਸੂਰ ਥੋੜਾ ਇਨ੍ਹਾਂ ਲਈ!"

ਦਰਅਸਲ ਮਾਤਾ ਪਰੀਤਮ ਕੌਰ ਜਗਰਾਂਓ ਏਰੀਏ ਦਾ ਪ੍ਰਸਿੱਧ ਖਾੜਕੂ ਭਾਈ ਤਰਸੇਮ ਸਿੰਘ ਕਾਂਉਕੇ ਦੀ ਸਕੀ ਭੂਆ ਹੈ। ਭਾਈ ਤਰਸੇਮ ਸਿੰਘ ਕਾਂਉਕੇ ਨੂੰ ਫੜ੍ਹਨ ਲਈ ਪੁਲਸ ਨੇ ਇਕ ਜਾਲ ਫੈਲਾਇਆ। ਚੌਕੀਮਾਨ ਪਿੰਡ ਦਾ ਗੁਰਦੀਪ ਸਿੰਘ ਪੁਲਿਸ ਨੇ ਚਾਲੂ ਕਰ ਲਿਆ ਪਰ ਜਦ ਖਾੜਕੂ ਤਰਸੇਮ ਸਿੰਘ ਸੇਮੇ ਨੂੰ ਦੁਧ ਵਿਚ ਜਹਿਰ ਪਾਕੇ ਦੇਣ ਮਗਰੋਂ ਗੁਰਦੀਪ ਦੀ ਘਰਵਾਲੀ ਅੰਦਰ ਗਈ ਤਾਂ ਸੇਮੇ ਨੇ ਦੁਧ ਪੀਤਾ ਹੀ ਨਾ,ਸਗੋਂ ਪਤਾ ਨਹੀ ਕਿਉਂ ਇਕਦਮ ਉਸ ਘਰੋਂ ਬਾਹਰ ਆ ਗਿਆ। ਪਿੰਡੋਂ ਬਾਹਰ ਬਾਹਰ ਫਿਰਨੀ ਤੇ ਸੇਮੇ ਦਾ ਮੇਲ ਕੁਦਰਤੀ ਹੀ ਆਪਣੀ ਭੂਆ ਨਾਲ ਹੋਗਿਆ। ਮਾਤਾ ਪਰੀਤਮ ਕੌਰ ਦੱਸਦੀ ਹੈ, " ਪੁਤ! ਸੇਮਾ ਮੈਨੂੰ ਮਿਲਿਆ ਤੇ ਕਹਿੰਦਾ ਬਈ ਦੀਪ ਕਿਆਂ ਨੇ ਕੋਈ ਗੜਬੜ ਕੀਤੀ ਆ,ਇਕ ਦੋ ਗੱਲਾਂ ਕਰਕੇ ਤੁਰ ਗਿਆ, ਮੈਂ ਉਹਨੂੰ ਫਸਲ ਵਿਚ ਵੜਦੇ ਨੂੰ ਦੇਖਦੀ ਰਹੀ,ਉਦਣ ਛਪਾਰ ਦਾ ਮੇਲਾ ਸੀ,ਪੁਲਿਸ ਉਥੋਂ ਆਉਣੀ ਸੀ,ਇਨਾਂ ਨੂੰ ਸੀ ਬਈ ਸੇਮਾ ਤਾਂ ਜ਼ਹਿਰ ਨਾਲ ਮਰ ਜਾਣਾ ਫਿਰ ਅਸੀਂ ਨੰਬਰ ਬਣਾ ਲਾਂਗੇ,ਪਰ ਕਰਨੀ ਰੱਬ ਦੀ,ਉਹ ਬਚ ਗਿਆ,ਵਧੀ ਹੋਈ ਸੀ,ਫਿਰ ਦੀਪ ਨੇ ਖੇਡ ਖੇਡੀ,ਜਿਹੜਾ ਪਿਸਤੌਲ ਦਿਤਾ ਸੀ ਉਹਨੂੰ ਪੁਲਿਸ ਨੇ ਨਾ,ਉਹਦੇ ਨਾਲ ਆਪਣੇ ਹੱਥ ਵਿਚਦੀ ਗੋਲ਼ੀ ਕੱਢਲੀ ਬਈ ਪੁਲਸ ਨੂੰ ਕਹਿਦੂੰ ਕਿ ਸੇਮਾ ਮੇਰੇ ਗੋਲੀ ਮਾਰ ਗਿਆ,ਪਰ ਪੁਲਸ ਛੱਡਦੀ ਆ ਗੱਲ,ਉਹਨੇ ਆਉਣ ਸਾਰ ਇਹ ਕਾਬੂ ਕਰਲੇ। ੮ ਕੁ ਵਜੇ ਇਧਰ ਆਏ ਪੁਲਸੀਏ,ਤਲਾਸ਼ੀ ਲੈਕੇ ਚਲੇ ਗੇ,ਦੁਬਾਰਾ ਰਾਤ ਨੂੰ ੧੧ ਕੁ ਵਜੇ ਛਾਪਾ ਮਾਰਿਆ ਤੇ ਮੈਨੂੰ ਕੁਲਵੰਤ ਨੂੰ ਤੇ ਇਹਦੇ ਬਾਪੂ ਨੂੰ ਲੈ ਗੇ"।

ਜਗਰਾਂਓ ਲਿਜਾਕੇ ਕਮਿਕਰ ਸਿੰਘ ਤੇ ਕੁਲਵੰਤ ਸਿੰਘ ਨੂੰ ਅੱਡ ਕਰ ਲਿਆ ਤੇ ਮਾਤਾ ਪਰੀਤਮ ਕੌਰ ਨੂੰ ਪੁਲਸੀਏ ਇਕ ਚੁਬਾਰੇ ਵਿਚ ਲੇ ਗਏ,ਜਿਥੇ ਹੋਰ ਬਹੁਤ ਸਾਰੀਆਂ ਕੁੜੀਆਂ-ਬੁੜੀਆਂ ਦੇਖਕੇ ਉਹ ਹੈਰਾਨ ਰਹਿ ਗਈ।ਪਹਿਲਾਂ ਤਾਂ ਉਹਨੂੰ ਸਮਝ ਨਾ ਪਈ ਕਿ ਇਹ ਕੌਣ ਨੇ ਪਰ ਪੁੱਛਣ ਤੇ ਉਨਾਂ ਦੱਸਿਆ , "ਅਸੀ ਵੀ ਤੇਰੇ ਵਾਂਗ ਵਕਤ ਦੀਆਂ ਮਾਰੀਆਂ ਹਾਂ" ਉਹ ਸਾਰੀਆਂ ਖਾੜਕੂ ਸਿੰਘਾਂ ਦੀ ਰਿਸ਼ਤੇਦਾਰੀਆਂ ਵਿਚੋਂ ਸਨ ਜਿੰਨ੍ਹਾਂ ਨੂੰ ਅੱਡ ਅੱਡ ਥਾ ਤੋਂ ਫੜਕੇ ਇਥੇ ਕੈਦ ਕੀਤਾ ਹੋਇਆ ਸੀ। ਮੀਰ ਮੰਨੂੰ ਦੀ ਕੈਦ ਵਾਲੀ ਕਹਾਣੀ ਪਰਤੱਖ ਹੋਈ ਪਈ ਸੀ

"ਇਕ ਦਿਨ ਪੁਲਸੀਏ ਮੈਨੂੰ ਉਸ ਘਰੋਂ ਲੈ ਆਏ,ਰੇਲਵੇ ਟੇਸ਼ਨ ਵੱਲ ਇਕ ਗੱਡੀ ਖੜ੍ਹੀ,ਕਹਿੰਦੇ ਵਿਚ ਬਹਿਜਾ,ਮੈਂ ਕਿਹਾ,ਮੈਂ ਨਹੀ ਜਾਣਾ,ਮੈਨੂੰ ਉਥੇ ਈ ਛੱਡ ਆਓ,ਜਦ ਮੈਂ ਅੜ ਗਈ ਤਾਂ ਗੱਡੀ ਵਿਚੋਂ ਮੇਰੇ ਪੁਤ ਕੁਲਵੰਤ ਤੋਂ ਕਹਾਇਆ।ਐਨੇ ਚਿਰ ਬਾਦ ਪੁਤ ਦੀ ਵਾਜ ਸੁਣੀ," ਬੀਬੀ ਆਜਾ" ਮੈਂ ਗੱਡੀ ਵਿਚ ਦੇਖਿਆ ਕਿ ਸਾਡੇ ਪਿੰਡ ਦੇ ਬਹੁਤ ਸਾਰੇ ਮੁੰਡੇ ਸੀਗੇ।ਫੇਰ ਭਾਈ ਲ਼ੈਗੇ ਪੁਲੀਸ ਵਾਲੇ ਕਿਤੇ,ਦੇਖਿਆ ਤਾਂ ਇਕ ਵੱਡਾ ਰੱਸਾ ਟੰਗਿਆ ਹੋਇਆ,ਮੈਂ ਕਿਹਾ ਬਈ ਹੁਣ ਮੇਰੇ ਪੁਤ ਨੂੰ ਮੇਰੇ ਸਾਹਮਣੇ ਏਸ ਰੱਸੇ ਨਾਲ ਲਮਕਾਉਣਗੇ।ਮਨ ਮਜਬੂਤ ਕਰਾਂ,ਬਈ ਭਾਣਾ ਉਹਦਾ! ਉਥੇ ਸਾਨੂੰ ਅੱਡ ਅੱਡ ਥਾਂ ਬੰਦ ਕਰਤਾ।ਊਂ ਇਕ ਮੋਰੀ ਵਿਚਦੀ ਦਿਖਦਾ ਸੀ ਜਿਥੇ ਸਾਰਿਆਂ ਨੂੰ ਮਾਰਦੇ –ਕੁਟਦੇ ਸੀ। ਉਥੇ ਇਕ ਤਾਂ ਆਪਣਾ ਕੁਲਵੰਤ ਸੀ,ਇਕ ਗੁਰਦੀਪ ਸੀ ਜੀਹਨੇ ਸੇਮੇ ਨੂੰ ਮਰਵਾਉਣ ਦਾ ਜਿੰਮਾ ਲਿਆ ਸੀ,ਇਕ ਪਿੰਡੋਂ ਹੋਰ ਸੀ ਬਲਜੀਤ, ਇਕ ਰਾਏਕੋਟ ਕੋਲੋਂ ਬਿੰਝਲ਼ ਦਾ ਸੀ ਉਜਾਗਰ ਸਿਹੁੰ।ਇਕ ਰਾਤ ਨੂੰ ਕੱਢ ਲਿਆ,ਏਹਨਾਂ ਬੁਚੜਾਂ ਨੇ ਚਾਰੇ ਮੁਡਿਆਂ ਨੂੰ! ਮੈਨੂੰ ਨਾਲਦੇ ਕਮਰੇ ਵਿਚੋਂ ਪੁਤ ਦੀਆਂ ਲੇਰਾਂ ਸੁਣੀਆਂ," ਬੀਬੀ ਲੈ ਚੱਲੇ,ਹੁਣ ਨੀ ਛੱਡਦੇ" ਨਾਲੇ ਕਹੇ ਕਿ ਬੀਬੀ ਤੂੰ ਗੁਰਦੀਪ (ਦੋਹਤਾ)ਨੂੰ ਆਪਦਾ ਪੁਤ ਬਣਾਲੀਂ। ਮੈਂ ਮੋਰੀ ਵਿਚਦੀ ਦੇਖਿਆ,ਹਾਲ-ਪਾਅਰਿਆ ਪਾਈ,ਉਧਰੋਂ ਕੁਲਵੰਤ ਦੀ ਦੋਹਾਈ ਸੁਣੇ," ਬੀਬੀ ਤੇਰਾ ਪੁਤ ਚੱਲਿਆ" ਪਿੰਕੀ ਕੈਟ ਘੜੀਸਕੇ ਲੈਕੇ ਗਿਆ ਸੀ।ਆਹ ਜੇਹੜਾ ਚਾਹਲ ਆ,ਇਹਨੇ ਮੇਰੇ ਚਪੇੜਾਂ ਮਾਰੀਆਂ, ਮੈਨੂੰ ਚਲਾਕੇ ਪਰ੍ਹਾਂ ਮਾਰਿਆ। ਕਹਿੰਦਾ,ਚੁਪ ਕਰਕੇ ਬਹਿਜਾ ਨਹੀ ਤੈਨੂੰ ਵੀ ਭਰੋਵਾਲ ਵਾਲੀ ਨਹਿਰ ਚ ਰੋੜ ਦਿਆਂਗੇ" ਬੱਸ ਫੇਰ ਲੈ ਗਏ,ਕਈ ਦਿਨੀ ਸਾਨੂੰ ਛੱਡਤਾ"

ਡੇਢ ਮਹੀਨਾ ਮਾਤਾ ਪਰੀਤਮ ਕੌਰ ਨੇ ਨਰਕ ਦੇਖਿਆ।

ਜਿਦਣ ਇਹ ਭਾਣਾ ਵਾਪਰਿਆ,ਤੇ ਪੁਲਿਸ ਨੇ ਦਾਅਵਾ ਕੀਤਾ ਕਿ ਗਗੜੇ ਪਿੰਡ ਕੋਲ ,ਸੇਮ ਦੀ ਪੁਲੀ ਤੇ ਪੁਲਿਸ ਮੁਕਾਬਲੇ ਵਿਚ ਇਹ "ਚਾਰੇ ਖਤਰਨਾਕ ਖਾੜਕੂ"ਮਾਰੇ ਗਏ ਹਨ ਤਾਂ ਇਹ ਖਬਰ ਸੁਣਕੇ ਭਾਈ ਤਰਸੇਮ ਸਿੰਘ ਕਾਉਂਕੇ ਆਪਣੀ ਦੂਜੀ ਭੂਆ ਕੋਲ ਡੱਲੇ ਪਿੰਡ ਗਿਆ । ਮਾਤਾ ਅਨੁਸਾਰ, " ਉਹ ਰੋਂਦਾ ਫਿਰੇ,ਕਹਿੰਦਾ," ਮੈਂ ਭੂਆ ਪੱਟਤੀ,ਜੇ ਮੈਂ ਗਿਆ ਚੌਂਕੀਮਾਨ ਤਾਂ ਹੀ ਭੂਆ ਦੇ ਘਰ ਪੁਲਿਸ ਗਈ,ਤਾਂਹੀ ਕੁਲਵੰਤ ਮਾਰਿਆ ਗਿਆ।ਮੇਰੇ ਕਰਕੇ ਕੁਲਵੰਤ ਮਰ ਗਿਆ"

"ਮਗਰੋਂ ਪੁਤ ਮੈਂ ਚੰਡੀਗੜੋਂ ਰਾਜਪੂਤ ਵਕੀਲ ਤੋਂ ਕੇਸ ਕਰਵਾਤਾ ਇਨਾਂ ਬੁਚੜਾਂ ਤੇ।ਜਦ ਇਨਾਂ ਨੂੰ ਸੰਮਨ ਆਏ,ਫਿਰਨ ਭੱਜੇ।ਵਿਚੇ ਚਾਹਲ,ਵਿਚੇ ਪਿੰਕੀ,ਵਿਚੇ ਸ਼ਿਵ ਕੁਮਾਰ ਤੇ ਇਕ ਲਖਬੀਰ ਸੀਗਾ,ਮੈਂ ਸਾਰਿਆਂ ਦੇ ਨਾਂ ਲਿਖਾਤੇ।੨-੩ ਸਾਲ ਕੇਸ ਚੱਲਿਆ ਪਟਿਆਲੇ ਸੀ.ਬੀ.ਆਈ ਦੇ। ਪਰ ਜੱਜ ਤਾਂ ਆਪ ਕਹੀ ਜਾਵੇ, "ਦੱਸ ਕਿੰਨੇ ਪੈਸੇ ਚਾਹੀਦੇ ਨੇ" ਇਨਸਾਫ ਕੀ ਕਰਨਾ ਸੀ ,ਦੱਸ ਮੈਂ ਪੁਤ ਦੇ ਹੱਡ ਵੇਚ ਦਿੰਦੀ! ਇਥੇ ਆਜਿਆ ਕਰਨ,ਇਹ ਪੁਲਸ ਵਾਲੇ,ਕਿਹੜਾ ਨੀ ਆਇਆ,ਸਾਰੇ ਮੂੰਹ ਚੱਕਕੇ ਆਜਿਆ ਕਰਨ,ਅਖੇ ਪੈਸੇ ਲੈ ਤੇ ਗੱਲ ਨਬੇੜ!ਹੋਰ ਲੋਕਾਂ ਤੋਂ ਵੀ ਆਹੀ ਸੁਨੇਹੇ ਲਵਾਈ ਜਾਣ। ਮੈਂ ਕਿਹਾ," ਨਾਲੇ ਮੇਰਾ ਮੁੰਡਾ ਮਾਰਤਾ,ਹੁਣ ਪੈਸੇ ਚੱਕੀ ਫਿਰਦੇ ਓਂ?ਪੈਸੇ ਕੀ ਕਰਨੇ ਆਂ! ਟੈਮ ਪਾਸ ਹੋਈ ਜਾਂਦਾ।ਜਾਓ"

"ਪੁਤ! ਹੁਣ ਰੋਟੀ ਖਾਈ ਜਾਂਨੇ ਆਂ,ਆਂਢ-ਗੁਆਂਢ ਚੰਗਾ,ਜਿਹੜਾ ਦੁਖ-ਸੁਖ ਦੇਖਦਾ ਸਾਡਾ,ਬਾਕੀ ਤੇਰੇ ਵਰਗੇ ਜਿਉਂਦੇ ਰਹਿਣ! ਜਦ ਮੈਂ ਤੇਰੇ ਵਰਗਿਆਂ ਤੋਂ ਲੈਨੀ ਆਂ ਪੁਤ,ਮੇਰਾ ਮਾਣ ਵੀ ਆ,ਉਨਾਂ ਪਾਪੀਆਂ ਤੋਂ ਕਿਉਂ ਲੈਂਦੀ ਮੈਂ?ਮੈਂ ਕੋਈ ਡੈਣ ਆਂ ਜੋ ਪੁਤ ਵੇਚ ਦਿੰਦੀ? ਪੈਸੇ ਨਹੀ ਲਏ,ਪਰ ਸਮਝ ਆਗੀ ਬਈ ਇਨਸਾਫ ਨਹੀ ਮਿਲਣਾ,ਸਾਰੇ ਰਲੇ ਹੋਏ ਨੇ,ਫਿਰ ਗਵਾਹ ਮੁਕਰਗੇ,ਕੇਸ ਬਹਿ ਗਿਆ। ਹੁਣ ਕੀ ਕਰ ਸਕਦੇ ਆਂ ਪੁਤ?"

ਮਾਤਾ ਨਾਲ ਗੱਲਾਂ ਕਰਦਿਆਂ ਗੂਹੜਾ ਹਨੇਰਾ ਪੈ ਗਿਆ,ਜਿਵੇਂ ਚਾਰੇ ਪਾਸੇ ਈ ਹਨੇਰ ਹੋਵੇ।ਅੰਮ੍ਰਿਤਸਰੋਂ ਆਉਦਿਆਂ ਮੈਂ ਇਕ ਕਿਤਾਬ ਪੜ੍ਹਦਾ ਆਇਆ ਸੀ ਜਿਹੜੀ ਕਿ ਐਸ.ਐਸ.ਪੀ. ਚਾਹਲ ਨੇ ਆਪਣੀ ਸਵੈਜੀਵਨੀ ਲਿਖੀ ਆਂ, " ਮੇਰੇ ਹਿਸੇ ਦਾ ਪੰਜਾਬ"..ਇਸ ਕਿਤਾਬ ਨੂੰ ਪੜ੍ਹਨ ਵਾਲਾ ਸਮਝੇਗਾ ਕਿ ਚਾਹਲ ਇਕ ਸੰਵੇਦਨਸ਼ੀਲ,ਗਲਤ ਕੰਮ ਨਾ ਕਰਨ ਵਾਲਾ,ਝੂਠੇ ਮੁਕਾਬਲੇ ਨਾ ਬਣਾਉਣ ਵਾਲਾ ਸੂਰਮਾ ਅਫਸਰ ਹੋਣਾ ਹੈ ਪਰ ਮਾਤਾ ਪਰੀਤਮ ਕੌਰ ਤੇ ਚੌਕੀਮਾਨ ਪਿੰਡ ਦੇ ਲੋਕ ਹੀ ਜਾਣਦੇ ਹਨ ਕਿ ਚਾਹਲ ਕਿੰਨਾ ਕੁ ਈਮਾਨਦਾਰ ਅਫਸਰ ਹੈ!ਹੋਰ ਪਤਾ ਨਹੀ ਕਿੰਨੇ ਕੁ ਘਰਾਂ ਦੇ ਚਿਰਾਗ ਬੁਝਾਏ ਹੋਣਗੇ। ਕਿਤਾਬ ਵਿਚ ਉਹਨੇ ਆਪਣੇ ਬਾਰੇ ਬੜਾ ਵਧੀਆ-ਵਧੀਆ ਲਿਖਿਆ ਹੈ,ਖਾਸ ਕਰਕੇ ਖਾਪੜਖੇੜੀ ਵਾਲੇ ਭੋਲੇ ਤੇ ਅੱਜ ਦੀ ਆਵਾਜ ਦੇ ਸੰਪਾਦਕ ਬਲਜੀਤ ਸਿੰਘ ਬਰਾੜ ਤੇ ਹੋਰ ਕਈ ਘਟਨਾਵਾਂ ਦੇ ਬਹਾਨੇ ਸੱਚ-ਪੁਤ ਬਣਨ ਦੀ ਕੋਸ਼ਿਸ਼ ਕੀਤੀ ਹੈ ਪਰ ਜਗਰਾਂਓ ਖੇਤਰ ਦੇ ਲੋਕ ਸਭ ਜਾਣਦੇ ਨੇ!

ਮੈਂ ਕਿਹਾ ਮਾਤਾ ਕੋਈ ਫੋਨ ਨੰਬਰ ਹੈਗਾ ਤਾਂ ਲਿਖਾ,ਕਿਸੇ ਨੇ ਗੱਲ ਈ ਕਰਨੀ ਹੁੰਦੀ ਆ,ਹੋਰ ਨਹੀ ਤਾਂ ਜਿੰਨਾਂ ਨੇ ਪੈਸੇ ਭੇਜੇ ਆ,ਉਹੀ ਪੁਛ ਲੈਣਗੇ ਕਿ ਮਾਤਾ! ਘੁਮਾਣ ਕੰਮ ਸਹੀ ਕਰਦਾ ਕਿ ਨਹੀ? ਮਾਤਾ ਕਹਿੰਦੀ ,ਹਾਂ ਪੁਤ,ਆਹ ਫੋਨ ਹੈਗਾ," ੦੧੬੨੪-੬੯੫੯੬੭"

ਮੈਂ ਅੰਬਰਸਰ ਨੂੰ ਜਾਣ ਲਈ ਲੁਧਿਆਣੇ ਤੋਂ ਰੇਲ ਗੱਡੀ ਫੜ੍ਹਨੀ ਸ਼ੀ,ਠੰਡ ਤੇ ਰਾਤ ਤੇਜੀ ਨਾਲ ਵਧ ਰਹੇ ਸੀ, ਜਦ ਮੈਂ ਤੁਰਨ ਲੱਗਾ ਤਾਂ ਮਾਤਾ ਫਿਰ ਰੋਣ ਲੱਗ ਪਈ,ਕਹਿੰਦੀ," ਪੁਤ ,ਜਦ ਮੈਂ ਪੁਲਿਸ ਹਿਰਾਸਤ ਵਿਚ ਸੀ ਨਾ,ਇਕ ਦਿਨ ਉਥੇ ਮੈਨੂੰ ਪੁਲਿਸ ਵਾਲੇ ਕਹਿੰਦੇ,ਬਈ ਰੋਟੀਆਂ ਲਹਾਓ' ਜਦ ਮੈਂ ਲੰਗਰ ਵਾਲੇ ਪਾਸੇ ਨੂੰ ਆਈ ਤਾਂ ਦੇਖਿਆ ਕਿ ਇਕ ਜਵਾਨ ਮੁੰਡਾ ਵੇਹੜੇ ਵਿਚਾਲੇ ਨਰੜਕੇ,ਕੁਟਕੇ ਸੁਟਿਆ ਪਿਆ,ਮੈਨੂੰ ਤਾਂ ਉਥੇ ਈ ਚੱਕਰ ਆ ਗਿਆ,ਫਿਰ ਇਨਾਂ ਪੁਲਸੀਆਂ ਨੇ ਹੀ ਡਾਕਟਰ ਸੱਦਕੇ ਮੈਨੂੰ ਦਵਾਈ ਦਿਵਾਈ,ਪੁਤ ਹੁਣ ਮੈਨੂੰ ਹਰ ਵੇਲੇ ਉਹ ਮੁੰਡਾ ਦਿਖਦਾ,ਪਤਾ ਨਹੀ ਉਹਦੇ ਨਾਲ ਕੀ ਬੀਤੀ ਹੋਣੀ ਆਂ?"

ਮੈਂ ਕਿਹਾ, "ਮਾਂ,ਇਥੇ ਹਜਾਰਾਂ ਪੁਤਾਂ ਨਾਲ ਇਹ ਕੁਝ ਹੋਇਆ,ਘਰਾਂ ਚੋਂ ਫੜਕੇ,ਖੇਤਾਂ ਵਿਚੋਂ ਫੜ੍ਹਕੇ,ਬੱਸਾਂ ਵਿਚੋਂ ਲਾਹਕੇ ,ਕਾਲਜਾਂ ਵਿਚੋ ਲਿਜਾਕੇ ਕੁਟ-ਕੁਟ ਮਾਰ ਦੇਣੇ ਤੇ ਫਿਰ ਕਹਿ ਦੇਣਾ ਕਿ ਖਤਰਨਾਕ ਖਾੜਕੂ ਮਾਰਿਆ ਗਿਆ"

ਰੇਲ ਗੱਡੀ ਵਿਚ ਅੰਬਰਸਰ ਨੂੰ ਆਂਉਦਿਆਂ ਮੇਰੀ ਅੱਖ ਲੱਗ ਗਈ। ਮੇਰੀਆਂ ਅੱਖਾਂ ਅੱਗੇ ਉਹ ਨਰੜਿਆ ਹੋਇਆਂ ਜਵਾਨ ਮੁੰਡਾ ਦਿਖਾਈ ਦੇ ਰਿਹਾ ਸੀ ਜਿਹਨੂੰ ਰੱਜਕੇ ਤਸੀਹੇ ਦਿਤੇ ਗਏ ਸੀ। ਮੈਨੂੰ ਲੱਗਿਆ ਜਿਵੇਂ ਉਹ ਮੈਨੂੰ ਹਾਕਾਂ ਮਾਰ ਰਿਹਾ ਹੋਵੇ, "ਬਚਾਈਂ ਬਾਈ"ਹੜਬੜਾਕੇ ਮੈਂ ਉਠ ਪਿਆ। ਗੱਡੀ ਜਲ਼ੰਧਰ ਟੇਸ਼ਨ ਤੇ ਖੜ੍ਹੀ ਸੀ।ਮੇਰਾ ਸਫਰ ਜ਼ਾਰੀ ਸੀ,ਕਿਸੇ ਹੋਰ ਸ਼ਹੀਦ ਦੇ ਘਰ ਵੱਲ……ਪਤਾ ਨਹੀ ਕਦੋਂ ਮੁਕੇਗਾ ਸਫਰ!!!!

Blog Archive

Dal Khalsa UK's Facebook Page