ਅੰਮ੍ਰਿਤਸਰ ,4 ਮਾਰਚ (ਸਤਵਿੰਦਰ ਜੱਜ)ਗਿਆਨੀ ਬਲਵੰਤ ਸਿੰਘ ਨੰਦਗੜ ਅਤੇ ਸਿੱਖ ਪ੍ਰਚਾਰਕ ਬਾਬਾ ਬਲਜੀਤ ਸਿੰਘ ਦਾਦੂਵਾਲ ਵਿਚਾਲੇ ਚੱਲ ਰਿਹਾ ਵਾਕ ਯੁਧ ਉਸ ਵੇਲੇ ਚਰਮ ਸੀਮਾਂ ਤੇ ਪਹੁੰਚ ਗਿਆ ਜਦ ਬਾਬਾ ਦਾਦੂਵਾਲ ਨੇ ਜਥੇਦਾਰ ਨੰਦਗੜ ਨੂੰ ਉਨਾਂ ਦੀ ਬਜੁਰਗੀ ਦਾ ਵਾਸਤਾ ਪਾਉਂਦਿਆਂ ਕਿਹਾ ਕਿ ਉਹ ਉਮਰ ਦਾ ਲਿਹਾਜ ਕਰਕੇ ਬਿਆਨਬਾਜੀ ਕਰਨ । ਬਾਬਾ ਦਾਦੂਵਾਲ ਨੇ ਕਿਹਾ ਕਿ ਕੱਲ ਤੱਕ ਮੈਨੂੰ ਸੰਤ ਸਿਪਾਹੀ ਦਾਦੂ ਸਾਹਿਬ ਜਿਹੇ ਲਕਬ ਦੇਣ ਵਾਲੇ ਨੰਦਗੜ ਅੱਜ ਕਿਸੇ ਡੂੰਘੀ ਸਾਜਿਸ਼ ਦੇ ਅਧੀਨ ਮੇਰੇ ਨਾਲ ਬੇਤੁਕਾ ਵਿਵਾਦ ਕਰ ਰਹੇ ਹਨ। ਉਨਾਂ ਕਿਹਾ ਕਿ ਕੰਧਾਂ ਟੱਪ ਕੇ ਕੌਣ ਭੱਜਾ ਹੈ ਇਸ ਬਾਰੇ ਗਿਆਨੀ ਨੰਦਗੜ ਬਿਹਤਰ ਜਾਣਦੇ ਹਨ ?ਉਨਾਂ ਕਿਹਾ ਕਿ ਵਪਾਰ ਮੈਂ ਨਹੀਂ ਬਲਕਿ ਗਿਆਨੀ ਨੰਦਗੜ ਕਰ ਰਹੇ ਹਨ। ਉਨਾਂ ਕਿਹਾ ਕਿ 20 ਸਾਲ ਤੋਂ ਮੇਰਾ ਉਹੀ ਘਰ ਹੈ ਜਦ ਕਿ ਗਿਆਨੀ ਨੰਦਗੜ ਦਾ ਸਾਰਾ ਪਰਿਵਾਰ ਤਖਤ ਸਾਹਿਬ ਤੇ ਨਿਰਭਰ ਕਰਦਾ ਹੈ। ਉਨਾਂ ਕਿਹਾ ਕਿ ਗਿਆਨੀ ਨੰਦਗੜ ਦੀਆਂ ਦੋਗਲੀਆਂ ਨੀਤੀਆਂ ਕਾਰਣ ਹੀ ਡੇਰਾ ਵਾਦ ਦੇ ਖਿਲਾਫ ਜਹਾਦ ਲੜਨ ਵਾਲੀ ਏਕਨੂਰ ਖਾਲਸਾ ਫੌਜ ਫੇਲ ਹੋ ਗਈ ਹੈ। ਬਾਬਾ ਦਾਦੂਵਾਲ ਨੇ ਕਿਹਾ ਕਿ ਉਨਾਂ ਕੋਲ ਜੋ ਕੁਝ ਵੀ ਹੈ ਉਹ ਸੰਗਤ ਦਾ ਹੈ ਗਿਆਨੀ ਨੰਦਗੜ ਆਪਣੀ ਸਥਿਤੀ ਸਪੱਸ਼ਟ ਕਰਨ। ਗਿਆਨੀ ਨੰਦਗੜ ਵਲੋਂ ਬਾਬਾ ਦਾਦੂਵਾਲ ਦੇ ਕਿਰਦਾਰ ਤੇ ਕੀਤੀਆਂ ਟਿੱਪਣੀਆਂ ਤੇ ਚੁੱਟਕੀ ਲੈਂਦਿਆਂ ਬਾਬਾ ਦਾਦੂਵਾਲ ਨੇ ਕਿਹਾ ਕਿ ਗਿਆਨੀ ਨੰਦਗੜ ਉਨਾਂ ਦੇ ਬਜੁਰਗਾਂ ਦੇ ਸਮਾਨ ਹਨ। ਜੇਕਰ ਉਨਾਂ ਨੂੰ ਮੇਰੇ ਵਿਆਹ ਦਾ ਏਨਾ ਫਿਕਰ ਹੈ ਤਾਂ ਕੋਈ ਯੋਗ ਰਿਸ਼ਤਾ ਲੱਭ ਕੇ ਆਪਣਾ ਬਜੁਰਗਾਂ ਵਾਲਾ ਫਰਜ ਪੂਰਾ ਕਰਨ। ਸ੍ਰ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਵਲੋਂ ਬਾਬਾ ਦਾਦੂਵਾਲ ਪ੍ਰਤੀ ਵਰਤੀ ਸ਼ਬਦਾਵਲੀ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਬਾਬਾ ਦਾਦੂਵਾਲ ਨੇ ਕਿਹਾ ਕਿ ਲਿਫਾਫੇ ਵਿੱਚੋਂ ਨਿਕਲੇ ਵਿਅਕਤੀ ਦੀ ਕਿਸੇ ਗੱਲ ਦਾ ਜਵਾਬ ਦੇਣਾ ਉਹ ਯੋਗ ਨਹੀ ਸਮਝਦੇ ਉਨਾਂ ਕਿਹਾ ਕਿ ਮੈਂ ਗੁਰਮਤਿ ਦਾ ਪ੍ਰਚਾਰਕ ਹਾਂ ਅਤੇ ਆਪਣੀ ਭਾਸ਼ਾ ਵਿੱਚ ਸਭਿਅਤਾ ਰੱਖਣੀ ਜਾਣਦਾ ਹਾਂ।ਜਥੇਦਾਰ ਮੱਕੜ ਚਾਪਲੂਸੀ ਛੱਡ ਕੇ ਆਪਣੇ ਅਹੁਦੇ ਦਾ ਮਾਣ ਸਨਮਾਨ ਕਾਇਮ ਰੱਖਣ ਲਈ ਪਹਿਲ ਕਦਮੀ ਕਰਨ। ਬੀਤੇ ਕਲ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵਲੋਂ ਦੋਵਾਂ ਧਿਰਾਂ ਨੂੰ ਚੁੱਪ ਰਹਿਣ ਦੀ ਹਦਾਇਤ ਤੇ ਬੋਲਦਿਆਂ ਬਾਬਾ ਦਾਦੂਵਾਲ ਨੇ ਕਿਹਾ ਕਿ ਪੰਥ ਅੱਗੇ ਹੋਰ ਵੀ ਕਈ ਮਸਲੇ ਹਨ,ਪਰ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵਉਚਤਾ ਨੂੰ ਪ੍ਰਵਾਨ ਕਰਦਿਆਂ ਉਹ ਅੱਜ ਤੋਂ ਗਿਆਨੀ ਨੰਦਗੜ ਦੇ ਖਿਲਾਫ ਕੋਈ ਬਿਆਨਬਾਜੀ ਨਹੀਂ ਕਰਨਗੇ।