ਸ਼ਾਂਤੀ ਨਹੀਂ,
ਸੰਘਰਸ਼ ਦੀ ਗੱਲ ਕਰੋ ਵੀਰੋ
/ ਗਜਿੰਦਰ ਸਿੰਘ, ਦਲ ਖਾਲਸਾ । ੧੩-੬-੨੦੧੪ ।
ਜਦੋਂ ਕਦੇ ਵੀ ਸਿੱਖ ਆਪਣੇ ਕੌਮੀ ਹੱਕਾਂ ਦੀ ਗੱਲ ਕਰਦੇ ਨੇ, ਜਦੋਂ ਕਦੇ ਵੀ ਸਿੱਖ ਆਜ਼ਾਦੀ ਦੀ ਗੱਲ ਕਰਦੇ ਨੇ, ਤਾਂ ਭਾਰਤੀ ਮੀਡੀਆ, ਲੇਖਕ, ਤੇ ਸਿਆਸਤਦਾਨ "ਸ਼ਾਤੀ ਭੰਗ" ਹੋਣ ਦੇ ਖਤਰੇ ਦੇ ਅਲਾਰਮ ਵਜਾਣਾ ਸ਼ੁਰੂ ਕਰ ਦਿੰਦੇ ਨੇ ।
ਸਾਮਰਾਜੀ ਤੇ ਕਾਬਜ਼ ਤਾਕਤਾਂ ਅਕਸਰ ਹੀ ਸ਼ਾਂਤੀ ਦੇ ਰੌਲੇ ਨੂੰ ਸ਼ੰਘਰਸ਼ਸ਼ੀਲ ਲੋਕਾਂ ਦੀ ਆਵਾਜ਼ ਨੂੰ ਦਬਾਣ ਲਈ ਹਥਿਆਰ ਵਾਂਗ ਵਰਤਦੀਆਂ ਆਈਆਂ ਨੇ ।
ਜੂਨ ੮੪ ਦੇ ਘੱਲੂਘਾਰੇ ਦੇ ਤੀਹ ਵਰ੍ਹੇ ਪੂਰੇ ਹੋਣ ਤੇ ਦੁਨੀਆਂ ਭਰ ਦੇ ਸਿੱਖਾਂ ਵੱਲੋਂ ਜੋ ਰੋਹ ਭਰੇ ਮਾਰਚ ਤੇ ਮੁਜ਼ਾਹਰੇ ਹੋਏ ਨੇ, ਉਸ ਤੋਂ ਘਬਰਾ ਕੇ ਫਿਰ ਇਕ ਵਾਰ ਹਰ ਪਾਸਿਓਂ "ਸ਼ਾਂਤੀ ਭੰਗ" ਹੋਣ ਦੇ ਖਤਰੇ ਦੀਆਂ ਆਵਾਜ਼ਾਂ ਦਾ ਰੌਲਾ ਖੜ੍ਹਾ ਕੀਤਾ ਜਾ ਰਿਹਾ ਏ । ਕਦੇ ਕਦੇ ਕੁੱਝ ਭੁੱਲੜ੍ਹ ਸਿੱਖ ਵੀਰ ਵੀ ਇਸ ਰੌਲੇ ਦਾ ਹਿੱਸਾ ਬਣ ਜਾਂਦੇ ਨੇ ।
ਅਸੀਂ ਸ਼ਾਂਤੀ ਭੰਗ ਨਹੀਂ ਕਰਨਾ ਚਾਹੁੰਦੇ, ਪਰ ਸੰਘਰਸ਼ ਹਰ ਹਾਲ ਵਿੱਚ ਜਾਰੀ ਰੱਖਣ ਲਈ ਦ੍ਰਿੜ ਹਾਂ । ਸ਼ਾਂਤੀ ਭੰਗ ਹਮੇਸ਼ਾਂ ਹਕੂਮਤੀ ਤਾਕਤਾਂ ਕਰਦੀਆਂ ਹੁੰਦੀਆਂ ਨੇ, ਜਦੋਂ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲਦੀ ਜਾਂਦੀ ਹੈ ।
ਦਿੱਲੀ ਵਾਲਿਓ, ਅੱਜ ਸਾਂਤੀ ਸਾਡਾ ਮੁੱਦਾ ਨਹੀਂ ਹੈ, ਤੁਹਾਡਾ ਹੈ । ਤੁਸੀਂ ਕਾਬਜ਼ ਹੋਂ ਸਾਡੇ ਘਰ ਉੱਤੇ, ਤੁਸੀਂ ਜ਼ਾਲਮ ਹੋ, ਸਾਡੇ ਕਾਤਲ ਹੋ, ਤੇ ਗੁਨਾਹਗਾਰ ਹੋ ਦਰਬਾਰ ਸਾਹਿਬ ਉਤੇ ਹਮਲੇ ਦੇ । ਸਾਡਾ ਮੁੱਦਾ ਸੰਘਰਸ਼ ਹੈ, ਜ਼ੁਲਮ ਦੇ ਖਿਲਾਫ, ਤੁਹਾਡੇ ਕਬਜ਼ੇ ਦੇ ਖਿਲਾਫ । ਸ਼ਾਂਤੀ ਦੀ ਗੱਲ ਅਸੀਂ ਆਪਣੀ ਆਜ਼ਾਦੀ ਤੋਂ ਬਾਦ ਕਰਾਂਗੇ ।
ਸੰਘਰਸ਼ ਕਲਮ ਦਾ ਹੋਵੇ ਜਾਂ ਤਲਵਾਰ ਨਾਲ, ਸੰਘਰਸ਼ ਆਪਣੇ ਹੱਕ ਲਈ ਹੁੰਦਾ ਹੈ, ਕਿਸੇ ਦਾ ਹੱਕ ਮਾਰਨ ਜਾਂ ਖੋਹਣ ਲਈ ਨਹੀਂ । ਕਲਮ ਨਾਲ ਸੰਘਰਸ਼ ਦਾ ਮਤਲਬ ਇਹ ਨਹੀਂ ਹੁੰਦਾ ਕਿ ਆਜ਼ਾਦੀ ਪਸੰਦ ਤਲਵਾਰ ਚੁੱਕਣ ਦਾ ਆਪਣਾ ਹੱਕ ਛੱਡ ਦੇਣ । ਆਜ਼ਾਦੀ ਪਸੰਦਾਂ ਦੇ ਇੱਕ ਹੱਥ ਵਿੱਚ ਕਲਮ ਤੇ ਦੂਜੇ ਹੱਥ ਤਲਵਾਰ ਹੀ ਸ਼ੋਭਦੀ ਹੈ । ਵਿਚਾਰ ਤੋਂ ਤਲਵਾਰ ਤੱਕ ਦਾ ਸਫਰ ਸੰਘਰਸ਼ ਕਰਨ ਵਾਲਿਆਂ ਨੂੰ ਕਾਬਜ਼ ਤਾਕਤ ਵੱਲੋਂ ਮਜਬੂਰ ਕੀਤੇ ਜਾਣ ਤੇ ਕਰਨਾ ਪੈਂਦਾ ਹੈ, ਕਿਸੇ ਸ਼ੋਕ ਵਿੱਚ ਨਹੀਂ ।
ਇਹ ਫੈਸਲਾ ਹੁਣ ਵੀ ਦਿੱਲੀ ਦੇ ਹਾਕਮਾਂ ਨੇ ਕਰਨਾ ਹੈ ਕਿ ਉਹ ਕੈਨੇਡਾ ਤੇ ਹੋਰ ਸਭਿਅੱਕ ਮੁਲਕਾਂ ਵਾਂਗ ਕਲਮ ਦੀ ਜ਼ੁਬਾਨ ਸੁਣ ਕੇ ਸਾਨੂੰ ਆਪਣੀ ਕਿਸਮੱਤ ਦੇ ਆਪ ਮਾਲਕ ਬਣਨ ਦਾ ਹੱਕ ਦੇਣ ਦਾ ਰਾਹ ਚੁਣਦੇ ਹਨ, ਜਾਂ ਫਿਰ ਅਗਲੀ ਗੱਲ ਲਈ ਮਜਬੂਰ ਕਰਨਾ ਚਾਹੁੰਦੇ ਹਨ ।
ਇਹਨਾਂ ਖਿਆਲਾਂ ਵਿੱਚ ਗੋਤੇ ਲਾਉਂਦੇ ਨੇ ਮੈਂ ਦੋ ਕੂ ਦਿਨ ਪਹਿਲਾਂ ਇੱਕ ਕਵਿਤਾ ਲਿਖੀ ਸੀ, ਜੋ ਆਪ ਨਾਲ ਸਾਂਝੀ ਕਰ ਰਿਹਾ ਹਾਂ…………
ਸ਼ਾਂਤੀ ਨਹੀਂ,
ਸੰਘਰਸ਼ ਦੀ ਗੱਲ ਕਰੋ ਵੀਰੋ
ਸ਼ਾਂਤੀ ਨਹੀਂ,
ਸੰਘਰਸ਼ ਦੀ ਗੱਲ ਕਰੋ ਵੀਰੋ
ਗੁਲਾਮਾਂ ਦੀ ਸ਼ਾਂਤੀ ਬਹਾਦਰੀ ਨਹੀਂ,
ਬੁਜ਼ਦਿਲੀ ਹੁੰਦੀ ਹੈ
ਹਾਲੇ ਸੰਘਰਸ਼ ਕਰਨਾ ਹੈ
ਹਾਲੇ ਨਿੱਤ ਜੀਣਾ ਮਰਨਾ ਹੈ
ਸਿਰ ਦੇਣੇ ਤੇ ਲੈਣੇ ਨੇ
ਹਾਲੇ ਕਈ ਕਰਜ਼ ਲਾਹਣੇ ਨੇ
ਹਾਲੇ ਘਰ ਘਾਟ ਬਣਨਾ ਹੈ
ਹਾਲੇ ਬੜਾ ਕੁੱਝ ਕਰਨਾ ਹੈ
ਹਾਲੇ ਨਿੱਤ ਜੀਣਾ ਮਰਨਾ ਹੈ
ਹਾਲੇ ਸ਼ਾਤੀ ਨਹੀਂ,
ਸੰਘਰਸ਼ ਦੀ ਗੱਲ ਕਰੋ ਵੀਰੋ
ਹਾਲੇ ਮੁੱਲ ਤਾਰਨੈ
ਇਕ ਇਕ ਜ਼ਖਮ ਦਾ
ਹਾਲੇ ਮੁੱਲ ਤਾਰਨੈ
ਇਕ ਇਕ ਕਸਮ ਦਾ
ਹਾਲੇ ਸ਼ਹੀਦ ਵੀਰਾਂ ਨਾਲ
ਕੀਤੇ ਵਾਅਦੇ ਪੂਰੇ ਕਰਨੇ ਨੇ
ਫਤਿਹ ਤੋਂ ਬਾਦ ਹੀ
ਇਹ ਸੀਸ
ਗੁਰੂ ਚਰਨਾ 'ਚ ਧਰਨੇ ਨੇ
ਹਾਲੇ ਸ਼ਾਂਤੀ ਨਹੀਂ,
ਸੰਘਰਸ਼ ਦੀ ਗੱਲ ਕਰੋ ਵੀਰੋ
ਸਿਰ ਜੋ ਐਵੇਂ ਮੋਢਿਆਂ ਤੇ ਚੁੱਕੀ ਫਿਰਦੇ ਹਾਂ
ਜੇ ਜੀਣਾ ਹੈ ਸਵੈਮਾਣ ਨਾਲ
ਇਹ ਸੀਸ ਤਲੀ ਤੇ ਧਰੋ ਵੀਰੋ
ਹਾਲੇ ਉਹ ਵਕਤ ਆਣਾ ਹੈ
ਜਦੋਂ ਧਤਰੀ ਦੀ ਹਿੱਕ ਉਤੇ
ਨਵਾਂ ਨਕਸ਼ਾ ਬਣਾਣਾ ਹੈ
ਤੇ ਫਿਰ ਉਸ ਨਕਸ਼ੇ ਉਤੇ
ਆਪਣਾ ਝੰਡਾ ਝੁਲਾਣਾ ਹੈ
ਤੇਰੇ ਨਾਮ ਦਾ ਬਾਬਾ
ਮੁੜ੍ਹ ਸਿੱਕਾ ਚਲਾਣਾ ਹੈ
ਹਾਲੇ ਬੜਾ ਕੁੱਝ ਕਰਨਾ ਹੈ
ਹਾਲੇ ਨਿੱਤ ਜੀਣਾ ਮਰਨਾ ਹੈ
ਸ਼ਾਂਤੀ ਨਹੀਂ,
ਸੰਘਰਸ਼ ਦੀ ਗੱਲ ਕਰੋ ਵੀਰੋ
ਸਿਰ ਜੋ ਐਵੇਂ ਮੋਢਿਆਂ ਤੇ ਚੁੱਕੀ ਫਿਰਦੇ ਹਾਂ
ਜੇ ਜੀਣਾ ਹੈ ਸਵੈਮਾਣ ਨਾਲ
ਇਹ ਸੀਸ ਤਲੀ ਤੇ ਧਰੋ ਵੀਰੋ