Dal Khalsa UK

Dal Khalsa UK

Dal Khalsa UK's Official Facebook Page Join Now!

Dal Khalsa UK on Facebook

Tuesday, 2 June 2015

Jathedar Rajoana's Letter 23rd May 2015


ਅੱਜ ਮਿਤੀ 23-05-2015 ਨੂੰ ਵੀਰਜੀ ਸ. ਬਲਵੰਤ ਸਿੰਘ ਰਾਜੋਆਣਾ ਜੀ ਨਾਲ ਸਾਡੀ ਮੁਲਾਕਾਤ ਸੀ । ਵੀਰਜੀ ਨੇ ਜੋ ਸੁਨੇਹਾ ਖਾਲਸਾ ਪੰਥ ਲਈ ਭੇਜਿਆ ਹੈ ਉਹ ਅਸੀਂ ਖਾਲਸਾ ਪੰਥ ਨਾਲ ਸਾਂਝਾ ਕਰ ਰਹੇ ਹਾਂ ।ਵੀਰਜੀ ਨੇ ਸਾਹਿਬ-ਏ-ਕਮਾਲ ਦਸ਼ਮੇਸ਼ ਪਿਤਾ ਸਰਬੰਸ ਦਾਨੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਪਵਿੱਤਰ ਨਿਸ਼ਾਨੀਆਂ ਅਤੇ ਸ਼ਸਤਰਾਂ ਦੇ ਜੋ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਿਲ ਕੇ ਸੰਗਤਾਂ ਨੂੰ ਦਰਸ਼ਨ ਕਰਵਾਏ ਜਾ ਰਹੇ ਹਨ , ਇਸ ਵਾਰੇ ਆਪਣੇ ਵਿਚਾਰ ਖਾਲਸਾ ਪੰਥ ਨਾਲ ਸਾਂਝੇ ਕੀਤੇ ਹਨ ।



ਹਮ ਹਰਿ ਸਿਉ ਧੜਾ ਕੀਆ ਮੇਰੀ ਹਰਿ ਟੇਕ ॥
ਮੈ ਹਰਿ ਬਿਨੁ ਪਖੁ ਧੜਾ ਅਵਰੁ ਨ ਕੋਈ
ਹਉ ਹਰਿ ਗੁਣ ਗਾਵਾ ਅਸੰਖ ਅਨੇਕ ॥ ( 366 ਅੰਗ )
ਸਤਿਕਾਰਯੋਗ ਖਾਲਸਾ ਜੀ ,
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫ਼ਤਹਿ॥
ਸੱਭ ਤੋਂ ਪਹਿਲਾਂ ਮੈਂ ਸਮੁੱਚੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਉਸ ਅਕਾਲ-ਪੁਰਖ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ । ਖਾਲਸਾ ਜੀ , ਅੱਜ ਮੈਂ ਤੁਹਾਡੇ ਨਾਲ ਸਾਹਿਬ-ਏ-ਕਮਾਲ ਦਸ਼ਮੇਸ਼ ਪਿਤਾ ਸਰਬੰਸ ਦਾਨੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਪਵਿੱਤਰ ਨਿਸ਼ਾਨੀਆਂ ਅਤੇ ਸ਼ਸਤਰਾਂ ਦੇ ਜੋ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਿਲ ਕੇ ਸੰਗਤਾਂ ਨੂੰ ਦਰਸ਼ਨ ਕਰਵਾਏ ਜਾ ਰਹੇ ਹਨ , ਇਸ ਵਾਰੇ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਨਾ ਚਾਹੁੰਦਾ ਹਾਂ । ਖਾਲਸਾ ਜੀ , ਐਸੇ ਗੁਰੂ ਜਿੰਨ੍ਹਾਂ ਨੇ ਆਪਣਾ ਸਾਰਾ ਕੁਝ ਧਰਮ ਤੋਂ, ਸੱਚ ਤੋਂ ਅਤੇ ਖਾਲਸਾ ਪੰਥ ਤੋਂ ਕੁਰਬਾਨ ਕਰ ਦਿੱਤਾ ਦੀ ਕਿਸੇ ਵੀ ਨਿਸ਼ਾਨੀ ਜਾਂ ਸ਼ਸਤਰਾਂ ਦੇ ਦਰਸ਼ਨ ਕਰਨੇ ਸੱਚਮੁੱਚ ਹੀ ਬਹੁਤ ਵੱਡੇ ਭਾਗਾਂ ਵਾਲੀ ਗੱਲ ਹੈ । ਐਸੇ ਗੁਰੂ ਨੂੰ ਕੋਟਿਨ-ਕੋਟਿਨ ਵਾਰ ਪ੍ਰਣਾਮ ਹੈ ।
ਖਾਲਸਾ ਜੀ , ਇਹ ਪਵਿੱਤਰ ਨਿਸ਼ਾਨੀਆਂ ਅਤੇ ਸ਼ਸਤਰ ਸਾਡੇ ਉਨ੍ਹਾਂ ਗੁਰੂ ਸਾਹਿਬਾਨ ਦੇ ਹਨ ਜਿੰਨ੍ਹਾਂ ਨੇ ਆਪਣਾ ਸਾਰਾ ਸਰਬੰਸ ਤੋਂ , ਖਾਲਸਾ ਪੰਥ ਤੋਂ ਕੁਰਬਾਨ ਕਰ ਦਿੱਤਾ , ਪਰ ਇਨ੍ਹਾਂ ਨਿਸ਼ਾਨੀਆਂ ਅਤੇ ਸ਼ਸਤਰਾਂ ਦੇ ਦਰਸ਼ਨ ਕਰਵਾਉਣ ਵਾਲੇ ਪੰਜਾਬ ਦੀ ਸੱਤਾ ਤੇ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ ਤੇ ਕਾਬਜ ਉਹ ਸਰਮਾਏਦਾਰ ਹੁਕਮਰਾਨ ਹਨ ਜਿੰਨ੍ਹਾਂ ਨੇ ਆਪਣੀਆਂ ਤਿਜੌਰੀਆਂ ਭਰਨ ਦੇ ਲਈ ਅਤੇ ਆਪਣੀ ਮਾਇਆ ਇਕੱਠੀ ਕਰਨ ਦੀ ਭੁੱਖ ਤੋਂ ਧਰਮ ਨੂੰ ਹੀ ਕੁਰਬਾਨ ਕਰ ਦਿੱਤਾ ਹੈ ਤਾਂਹੀ ਅੱਜ ਸਿੱਖੀ ਆਪਣੇ ਵਿਹੜੇ ਵਿੱਚ ਆਪਣੀ ਹੋਂਦ ਅਤੇ ਹਸਤੀ ਨੂੰ ਬਚਾਉਣ ਲਈ ਜਦੋਜਹਿਦ ਕਰ ਰਹੀ ਹੈ । ਇਹ ਪਵਿੱਤਰ ਨਿਸ਼ਾਨੀਆਂ ਅਤੇ ਸ਼ਸਤਰ ਸਾਡੇ ਉਨ੍ਹਾਂ ਗੁਰੂ ਸਾਹਿਬਾਨ ਦੇ ਹਨ ਜਿੰਨ੍ਹਾਂ ਨੇ ਖਾਲਸਾ ਪੰਥ ਨੂੰ ਸਰੀਰਕ ਅਤੇ ਮਾਨਸਿਕ ਤੌਰ ਤੇ ਤੰਦਰੁਸਤ ਬਨਾਉਣ ਲਈ , ਜ਼ੁਲਮ ਦੇ ਖਿਲਾਫ਼ ਲੜਨ ਲਈ ਅਤੇ ਉਸ ਅਕਾਲ-ਪੁਰਖ ਵਾਹਿਗੁਰੂ ਨਾਲ ਜੋੜਨ ਦੇ ਲਈ ਸਾਨੂੰ ਅੰਮ੍ਰਿਤ ਦੀ ਅਨਮੋਲ ਦਾਤ ਬਖ਼ਸਿਸ ਕੀਤੀ ਪਰ ਇੰਨ੍ਹਾਂ ਪਵਿੱਤਰ ਨਿਸ਼ਾਨੀਆਂ ਦੇ ਦਰਸ਼ਨ ਕਰਵਾਉਣ ਵਾਲੇ ਸਰਮਾਏਦਾਰ ਹੁਕਮਰਾਨ ਉਹ ਲੋਕ ਹਨ ਜਿੰਨ੍ਹਾਂ ਨੇ ਸਾਡੀ ਨੌਜਵਾਨ ਪੀੜ੍ਹੀ ਦੀ ਅਣਖ਼ ਅਤੇ ਗੈਰਤ ਨੂੰ ਖ਼ਤਮ ਕਰਨ ਲਈ , ਸਰੀਰਕ ਅਤੇ ਮਾਨਸਿਕ ਤੌਰ ਤੇ ਕਮਜ਼ੋਰ ਕਰਨ ਲਈ , ਸਾਨੂੰ ਸਦਾ ਲਈ ਗੁਲਾਮ ਬਣਾਈ ਰੱਖਣ ਵਾਸਤੇ ਤਰ੍ਹਾਂ ‐ਤਰ੍ਹਾਂ ਦੇ ਨਵੇਂ ‐ਨਵੇਂ ਨਸ਼ਿਆਂ ਦੀ ਖੋਜ ਕੀਤੀ ਉਨ੍ਹਾਂ ਨੂੰ ਘਰ- ਘਰ ਤੱਕ ਪਹੁੰਚਾਇਆ ਅਤੇ ਪੰਜਾਬ ਦੀ ਧਰਤੀ ਤੇ ਨਸ਼ਿਆਂ ਦਾ ਛੇਵਾਂ ਦਰਿਆ ਵਗਾ ਕੇ ਇਸ ਧਰਤੀ ਤੇ ਵਸਦੇ ਲੋਕਾਂ ਨੂੰ ਉਹ ਦਰਦ ਦਿੱਤਾ ਜਿਸ ਵਿਚੋਂ ਨਿਕਲਣਾ ਸਾਡੇ ਲਈ ਬਹੁਤ ਮੁਸ਼ਕਲ ਹੋ ਰਿਹਾ ਹੈ । ਖਾਲਸਾ ਜੀ , ਇਹ ਪਵਿੱਤਰ ਨਿਸ਼ਾਨੀਆਂ ਸਾਡੇ ਉਨ੍ਹਾਂ ਗੁਰੂ ਸਾਹਿਬਾਨ ਦੀਆਂ ਹਨ ਜਿੰਨ੍ਹਾਂ ਨੇ ਧਰਮ ਦੀ ਰਾਖੀ ਲਈ ਪਹਿਲਾਂ ਪਿਤਾ ਨੂੰ ਕਰਬਾਨ ਕੀਤਾ, ਫਿਰ ਆਪਣੇ ਹੱਥਾਂ ਨਾਲ ਆਪਣੇ ਸਾਹਿਬਜਾਦਿਆਂ ਨੂੰ ਜੰਗ ਨੂੰ ਤੋਰਿਆ , ਧਰਮ ਦੀ ਰੱਖਿਆ ਲਈ ਆਪਣਾ ਸਾਰਾ ਸਰਬੰਸ ਕੁਰਬਾਨ ਕਰ ਦਿੱਤਾ , ਪਰ ਇਨ੍ਹਾਂ ਪਵਿੱਤਰ ਨਿਸ਼ਾਨੀਆਂ ਦੇ ਦਰਸ਼ਨ ਕਰਵਾਉਣ ਵਾਲੇ ਹੁਕਮਰਾਨ ਉਹ ਲੋਕ ਹਨ ਜਿੰਨ੍ਹਾਂ ਦੇ ਸਾਹਮਣੇ ਜਦੋਂ ਸਾਡੇ ਧਰਮ ਤੇ ਦਿੱਲੀ ਦੇ ਕਾਂਗਰਸੀ ਹੁਕਮਰਾਨਾਂ ਨੇ ਹਮਲਾ ਕੀਤਾ “ਸ੍ਰੀ ਅਕਾਲ ਤਖ਼ਤ ਸਾਹਿਬ” ਜੀ ਨੂੰ ਟੈਕਾਂ ਅਤੇ ਤੋਪਾਂ ਨਾਲ ਢਹਿ ਢੇਰੀ ਕੀਤਾ, ਹਜ਼ਾਰਾਂ ਨਿਰਦੋਸ਼ ਸ਼ਰਧਾਲੂਆਂ ਦਾ ਕਤਲੇਆਮ ਕੀਤਾ ਉਸ ਸਮੇਂ ਇਹ ਲੋਕ ਧਰਮ ਦੀ ਰੱਖਿਆ ਕਰਨ ਦੀ ਬਜਾਇ ਹੱਥ ਖੜ੍ਹੇ ਕਰ ਕੇ ਦੁਸ਼ਮਣਾਂ ਦੇ ਪੈਰਾ ਵਿੱਚ ਜਾ ਪਏ , ਜ਼ੁਲਮ ਦੇ ਖਿਲਾਫ਼ ਲੜਨ ਲਈ ਆਪਣੇ ਬੱਚਿਆਂ ਨੂੰ ਜੰਗ ਨੂੰ ਤੋਰਨ ਦੀ ਬਜਾਇ ਇੰਨ੍ਹਾਂ ਹੁਕਮਰਾਨਾਂ ਨੇ ਆਪਣੇ ਬੱਚਿਆਂ ਨੂੰ ਸੱਤ ਸਮੁੰਦਰ ਪਾਰ ਵਿਦੇਸ਼ਾਂ ਵਿਚ ਪੜ੍ਹਨ ਲਈ ਭੇਜ ਦਿੱਤਾ ।ਜਦੋਂ ਕਿ ਹਜ਼ਾਰਾਂ ਅਣਖ਼ੀ ਸਿੱਖ ਨੌਜਵਾਨ ਧਰਮ ਦੀ ਹੋਈ ਬੇਪਤੀ ਦਾ ਬਦਲਾ ਲੈਣ ਲਈ ਮੈਦਾਨੇ ਜੰਗ ਵਿਚ ਦੁਸ਼ਮਣਾਂ ਨਾਲ ਜੂਝਦੇ ਰਹੇ , ਸ਼ਹਾਦਤਾਂ ਪ੍ਰਾਪਤ ਕਰਦੇ ਰਹੇ । ਖਾਲਸਾ ਜੀ, ਇਹ ਪਵਿੱਤਰ ਨਿਸ਼ਾਨੀਆਂ ਸਾਡੇ ਉਨ੍ਹਾਂ ਗੁਰੂ ਸਾਹਿਬਾਨ ਦੀਆਂ ਹਨ ਜਿੰਨ੍ਹਾਂ ਨੇ ਆਪਣਾ ਸਾਰਾ ਧਨ ਦੌਲਤ ਖਾਲਸਾ ਪੰਥ ਤੋਂ , ਧਰਮ ਤੋਂ ਕੁਰਬਾਨ ਕਰ ਦਿੱਤਾ , ਪਰ ਇਨ੍ਹਾਂ ਪਵਿੱਤਰ ਨਿਸ਼ਾਨੀਆਂ ਦੇ ਦਰਸ਼ਨ ਕਰਵਾਉਣ ਵਾਲੇ ਉਹ ਲੋਕ ਹਨ ਜੋ ਪੰਜਾਬ ਦੀ ਜਨਤਾ ਨੂੰ ਹਰ ਮੋੜ , ਹਰ ਗਲੀ ਵਿਚ ਲੁੱਟ ਰਹੇ ਹਨ , ਜੋ ਗਰੀਬ ਜਨਤਾ ਦੀ ਹੱਕ ਅਤੇ ਸੱਚ ਦੀ ਕਮਾਈ ਨੂੰ ਲੁੱਟਣ ਲਈ ਪੰਜਾਬ ਦੇ ਸਾਰੇ ਪ੍ਰਮੁੱਖ ਕਾਰੋਬਾਰਾਂ ਤੇ ਕਾਬਜ ਹੋ ਬੈਠੇ ਹਨ । ਸਾਡੀਆਂ ਧਾਰਮਿਕ ਸੰਸਥਾਵਾਂ ਇਨ੍ਹਾਂ ਲਈ ਕਮਾਊ ਪੁੱਤਰਾਂ ਦੀ ਤਰ੍ਹਾਂ ਹਨ , ਇਹ ਹੁਕਮਰਾਨ ਜਨਤਾ ਤੇ ਤਰ੍ਹਾਂ ‐ਤਰ੍ਹਾਂ ਦੇ ਜ਼ੁਲਮ ਢਾਹ ਰਹੇ ਹਨ ।ਖਾਲਸਾ ਜੀ , ਇਹ ਪਵਿੱਤਰ ਨਿਸ਼ਾਨੀਆਂ ਅਤੇ ਸ਼ਸਤਰ ਉਨ੍ਹਾਂ ਗੁਰੂ ਸਾਹਿਬਾਨ ਦੇ ਹਨ ਜਿੰਨ੍ਹਾਂ ਨੇ ਸਮੇਂ ਦੇ ਜ਼ਾਲਮ ਹੁਕਮਰਾਨ ਔਰੰਗਜੇਬ ਨੂੰ ਜਫ਼ਰਨਾਮਾ ਲਿਖ ਕੇ ਲਾਹਣਤਾਂ ਪਾਈਆਂ , ਪਰ ਇਨ੍ਹਾਂ ਪਵਿੱਤਰ ਨਿਸ਼ਾਨੀਆਂ ਦੇ ਦਰਸ਼ਨ ਕਰਵਾਉਣ ਵਾਲੇ ਹੁਕਮਰਾਨ ਉਹ ਲੋਕ ਹਨ ਜਿੰਨ੍ਹਾਂ ਨੇ ਜੂਨ 1984 ਨੂੰ ਧਰਮ ਤੇ ਹਮਲਾ ਕਰਕੇ ਹਜ਼ਾਰਾਂ ਨਿਰਦੋਸ਼ ਸਰਧਾਲੂਆਂ ਦਾ ਕਤਲੇਆਮ ਕਰਨ ਵਾਲੀ , “ਸ੍ਰੀ ਅਕਾਲ ਤਖ਼ਤ ਸਾਹਿਬ” ਜੀ ਨੂੰ ਢਹਿ ਢੇਰੀ ਕਰਨ ਵਾਲੀ ਇੰਦਰਾਂ ਗਾਂਧੀ ਨੂੰ ਪੰਜਾਬ ਵਿਧਾਨ ਸਭਾ ਵਿਚ ਸਰਧਾਂਜਲੀ ਭੇਟ ਕਰਕੇ ਸਜਦਾ ਕੀਤਾ , ਜਿੰਨ੍ਹਾ ਨੇ ਹਜ਼ਾਰਾਂ ਸਿੱਖ ਨੌਜਵਾਨਾਂ ਦੇ ਕਾਤਲ ਪੁਲਿਸ ਅਫ਼ਸਰਾਂ ਨੂੰ ਉੱਚ ਅਹੁਦੇ ਦੇ ਕੇ ਸਨਮਾਨਿਆ ।
ਖਾਲਸਾ ਜੀ , ਜਿੱਥੇ ਸਾਡੇ ਉਨ੍ਹਾਂ ਮਹਾਨ ਗੁਰੂ ਸਾਹਿਬਾਨ ਦਾ ਜੀਵਨ , ਉਨ੍ਹਾਂ ਦੀਆਂ ਪਵਿੱਤਰ ਨਿਸ਼ਾਨੀਆਂ , ਉਨ੍ਹਾਂ ਦੇ ਸ਼ਸਤਰ , ਉਨ੍ਹਾਂ ਦੀ ਹੋਂਦ ਅਤੇ ਹਸਤੀ ਸਾਡੇ ਹਨੇਰੇ ਰਾਹਾਂ ਨੂੰ ਰੁਸ਼ਨਾਉਂਦੀ ਹੈ , ਸਾਨੂੰ ਔਖੇ ਰਾਹਾਂ ਤੇ ਚੱਲਣ ਦੀ ਪ੍ਰੇਰਨਾ ਅਤੇ ਸ਼ਕਤੀ ਦਿੰਦੀ ਹੈ ।ਕਿਸੇ ਵੀ ਤਰ੍ਹਾਂ ਦੇ ਜ਼ੁਲਮ ਦੇ ਖਿਲਾਫ਼ ਅਤੇ ਧਰਮ ਦੀ ਰਾਖੀ ਲਈ ਹਥਿਆਰ ਚੁੱਕਣ ਦੀ ਪ੍ਰੇਰਨਾ ਦਿੰਦੀ ਹੈ । ਉਥੇ ਸਾਡੇ ਤੇ ਰਾਜ ਕਰਦੇ ਅਤੇ ਸਾਡੀਆਂ ਸਾਰੀਆਂ ਧਾਰਮਿਕ ਸ਼ੰਸਥਾਵਾਂ ਤੇ ਕਾਬਜ ਹੋ ਬੈਠੇ ਇਹ ਹੁਕਮਰਾਨ ਸਾਡੇ ਰਾਹਾਂ ਵਿਚ ਕੰਡੇ ਵਿਛਾ ਰਹੇ ਹਨ , ਇਸ ਧਰਤੀ ਤੇ ਝੂਠ , ਧੋਖਾ , ਫਰੇਬ , ਨਸ਼ੇ ਅਤੇ ਭ੍ਰਿਸਟਾਚਾਰ ਰੂਪੀ ਅੰਧਕਾਰ ਫੈਲਾ ਕੇ ਸਾਡੇ ਜੀਵਨਾਂ ਦੇ ਰਾਹ ਔਖੈ ਕਰ ਰਹੇ ਹਨ ।ਸਾਨੂੰ ਸਰੀਰਕ ਅਤੇ ਮਾਨਸਿਕ ਤੌਰ ਤੇ ਕਮਜੋਰ ਅਤੇ ਪ੍ਰੇਸ਼ਾਨ ਕਰ ਰਹੇ ਹਨ । ਇਨ੍ਹਾਂ ਦਾ ਜੀਵਨ ਸੱਚ ਅਤੇ ਧਰਮ ਦਾ ਨਹੀਂ ਸਗੋਂ ਝੂਠ, ਧੋਖੇ ਅਤੇ ਜ਼ੁਲਮ ਦਾ ਪ੍ਰਤੀਕ ਹੈ ।
ਖਾਲਸਾ ਜੀ , ਸਾਡੇ ਤੇ ਰਾਜ ਕਰਦੇ ਅਤੇ ਸਾਡੀਆਂ ਧਾਰਮਿਕ ਸੰਸ਼ਥਾਵਾਂ ਤੇ ਕਾਬਜ ਹੋ ਬੈਠੇ , ਗੁਰੂ ਸਾਹਿਬਾਨ ਦੀਆਂ ਪਵਿੱਤਰ ਨਿਸ਼ਾਨੀਆਂ ਅਤੇ ਸ਼ਸਤਰਾਂ ਦੇ ਸੰਗਤਾਂ ਨੂੰ ਦਰਸ਼ਨ ਕਰਵਾ ਰਹੇ ਇੰਨ੍ਹਾਂ ਹੁਕਮਰਾਨਾਂ ਤੋਂ ਇਹ ਪੁੱਛਿਆ ਜਾਣਾ ਚਾਹੀਦਾ ਹੈ ਕਿ ਗੁਰੂ ਸਾਹਿਬਾਨ ਨੇ ਇਹ ਸ਼ਸਤਰ ਧਰਮ ਦੀ ਰਾਖੀ ਲਈ ਅਤੇ ਜ਼ੁਲਮ ਦੇ ਖਿਲਾਫ਼ ਚੁੱਕੇ ਸਨ ।ਪਰ ਇਨ੍ਹਾਂ ਹੁਕਮਰਾਨਾਂ ਦੀ ਅੱਖਾਂ ਦੇ ਸਾਹਮਣੇ ਸਿੱਖ ਕੌਮ ਤੇ ਏਨਾ ਜ਼ੁਲਮ ਹੋਇਆ , ਸਾਡਾ ਅਕਾਲ ਤਖ਼ਤ ਸਾਹਿਬ ਢਹਿ ਢੇਰੀ ਕਰ ਦਿੱਤਾ ਗਿਆ , ਹਜ਼ਾਰਾ ਨਿਰਦੋਸ਼ ਸ਼ਰਧਾਲੂਆਂ ਦਾ ਕਤਲੇਆਮ ਕਰ ਦਿੱਤਾ ਗਿਆ , ਦਿੱਲੀ ਦੀਆਂ ਗਲੀਆਂ ਵਿਚ ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਕਤਲੇਆਮ ਕੀਤਾ ਗਿਆ , ਸਾਡੀਆਂ ਧੀਆਂ ਭੈਣਾਂ ਨਾਲ ਬਲਾਤਕਾਰ ਕਰਕੇ ਉਨ੍ਹਾਂ ਨੂੰ ਕੋਹ- ਕੋਹ ਕੇ ਮਾਰ ਦਿੱਤਾ ਗਿਆ , ਇਨ੍ਹਾਂ ਜ਼ੁਲਮ ਹੋਇਆ ਪੰਜਾਬ ਦੀ ਧਰਤੀ ਤੇ 25.000 ਨਿਰਦੋਸ਼ ਸਿੱਖ ਨੋਜਵਾਨਾਂ ਨੂੰ ਉਨ੍ਹਾਂ ਦੇ ਘਰਾਂ ਤੋਂ ਚੁੱਕ ਕੇ ਸ਼ਹੀਦ ਕਰ ਦਿੱਤਾ ਗਿਆ ਅਤੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਲਾਵਾਰਿਸ ਕਹਿ ਕੇ ਸਾੜ ਦਿੱਤਾ ਗਿਆ , ਇਨ੍ਹਾਂ ਹੁਕਮਰਾਨਾਂ ਨੂੰ ਇਹ ਪੁੱਛਿਆ ਜਾਣਾ ਚਾਹੀਦਾ ਹੈ ਕਿ ਜੇਕਰ ਤੁਸੀਂ ਗੁਰੂ ਸਾਹਿਬਾਨ ਦੀ ਸੋਚ ਦੇ ਸੱਚੇ ਅਤੇ ਅਸਲ ਵਾਰਿਸ ਸੀ ਤਾਂ ਤੁਸੀ ਗੁਰੂ ਦੇ ਦੱਸੇ ਮਾਰਗ ਤੇ ਚੱਲ ਕੇ ਹਥਿਆਰ ਕਿਉਂ ਨਹੀਂ ਚੁੱਕੇ? ਤੁਸੀਂ ਹਥਿਆਰਬੰਦ ਸ਼ੰਘਰਸ ਕਰ ਰਹੇ ਸਿੱਖ ਨੌਜਵਾਨਾਂ ਦੇ ਸੰਘਰਸ਼ ਦੀ ਹਮਾਇਤ ਕਿਉਂ ਨਹੀਂ ਕੀਤੀ ? ਜੇਕਰ ਸਿੱਖ ਕੌਮ ਤੇ ਹੋਏ ਏਨੇ ਜ਼ੁਲਮ ਤੋਂ ਬਾਅਦ ਵੀ ਤੁਹਾਡਾ ਕਿਸੇ ਵੀ ਤਰ੍ਹਾਂ ਦੇ ਹਥਿਆਰਬੰਦ ਸ਼ੰਘਰਸ ਨਾਲ ਕੋਈ ਨਾਤਾ ਨਹੀਂ ਰਿਹਾ ਤਾਂ ਤੁਹਾਨੂੰ ਇਨ੍ਹਾਂ ਸ਼ਸਤਰਾਂ ਦੇ ਅਤੇ ਨਿਸ਼ਾਨੀਆਂ ਦੇ ਵਾਰਿਸ ਬਣਕੇ ਇੰਨਾਂ ਦੇ ਸੰਗਤਾਂ ਨੂੰ ਦਰਸ਼ਨ ਕਰਵਾਉਣ ਦਾ ਕੀ ਨੈਤਿਕ ਹੱਕ ਹੈ ?
ਖਾਲਸਾ ਜੀ , ਮੇਰੀ ਸਮੁੱਚੇ ਖਾਲਸਾ ਪੰਥ ਅੱਗੇ ਇਹ ਬੇਨਤੀ ਹੈ ਕਿ ਸਾਨੂੰ ਗੁਰੂ ਸਾਹਿਬਾਨ ਦੀਆਂ ਇਨ੍ਹਾਂ ਪਵਿੱਤਰ ਨਿਸ਼ਾਨੀਆਂ ਦੇ ਅਤੇ ਸ਼ਸਤਰਾਂ ਦੇ ਦਰਸ਼ਨ ਕਰਕੇ ਆਪਣਾ ਜੀਵਨ ਜ਼ਰੂਰ ਸਫ਼ਲ ਕਰਨਾ ਚਾਹੀਦਾ ਹੈ ਪਰ ਗੁਰੂ ਸਾਹਿਬਾਨ ਦੀਆਂ ਇਨ੍ਹਾਂ ਪਵਿੱਤਰ ਨਿਸ਼ਾਨੀਆਂ ਅਤੇ ਸ਼ਸਤਰਾਂ ਦੇ ਦਰਸ਼ਨ ਕਰਦੇ ਸਮੇਂ ਸਾਨੂੰ ਇਸ ਗੱਲ ਤੇ ਜ਼ਰੂਰ ਸੋਚ ਵਿਚਾਰ ਕਰਨੀ ਚਾਹੀਦੀ ਹੈ ਕਿ ਸਾਡੇ ਗੁਰੂ ਸਾਹਿਬਾਨ ਨੇ ਤਾਂ ਰਿਹ ਸ਼ਸਤਰ ਜ਼ੁਲਮ ਦੇ ਖਿਲਾਫ਼ ਉਠਾਏ ਸਨ ਪਰ ਇਨ੍ਹਾਂ ਪਵਿੱਤਰ ਨਿਸ਼ਾਨੀਆਂ ਅਤੇ ਸ਼ਸਤਰਾਂ ਦੇ ਦਰਸ਼ਨ ਕਰਵਾ ਰਹੇ ਹੁਕਮਰਾਨ ਤਾਂ ਅਸਲ ਵਿਚ ਉਹ ਲੋਕ ਹਨ ਜਿੰਨ੍ਹਾਂ ਨੇ ਪਹਿਲਾਂ ਦੇਸ਼ ਦੇ ਕਾਂਗਰਸੀ ਹੁਕਮਰਾਨਾਂ ਨਾਲ ਮਿਲ ਕੇ ਧਰਮ ਤੇ ਹਮਲਾ ਕਰਵਾਇਆ , ਫਿਰ ਪੰਜਾਬ ਦੀ ਧਰਤੀ ਤੇ ਹਜ਼ਾਰਾਂ ਸਿੱਖ ਨੌਜਵਾਨਾਂ ਦਾ ਕਤਲੇਆਮ ਕਰਵਾਇਆ ਕਿਉਂਕਿ ਪੁਲਿਸ ਅਧਿਕਾਰੀਆਂ ਨੂੰ ਉੱਚ ਅਹੁਦੇ ਦੇਣੇ ਇਸ ਗੱਲ ਦਾ ਸਬੂਤ ਹੈ ਕਿ ਇਨ੍ਹਾਂ ਅਕਾਲੀ ਹੁਕਮਰਾਨਾਂ ਨੇ ਕਾਂਗਰਸੀ ਹੁਕਮਰਾਨਾਂ ਨਾਲ ਮਿਲ ਕੇ ਖੇਡੀ ਸੀ ਇਹ ਖੂਨੀ ਖੇਡ । ਸੱਚ ਤਾਂ ਇਹ ਹੈ ਕਿ ਇਹ ਗੁਰੂ ਸਾਹਿਬਾਨ ਦੀਆਂ ਪਵਿੱਤਰ ਨਿਸ਼ਾਨੀਆਂ ਦੇ ਦਰਸ਼ਨਾ ਦੀ ਆੜ ਵਿੱਚ ਆਪਣੇ ਪਾਪਾਂ ਤੇ ਪਰਦਾ ਪਾਉਣ ਦਾ ਯਤਨ ਕਰਦੇ ਇਹ ਹੁਕਮਰਾਨ ਗੁਰੂ ਸਾਹਿਬਾਨ ਦੀ ਸੋਚ ਦੇ ਵਾਰਿਸ ਨਹੀਂ ਹਨ ਸਗੋਂ ਇਹ ਤਾਂ ਕਾਤਲਾਂ ਨੂੰ ਉੱਚ ਅਹੁਦੇ ਦੇਣ ਵਾਲੇ , ਸਾਡੇ ਧਰਮ ਤੇ ਹਮਲਾ ਕਰਨ ਵਾਲੇ ਅਤੇ ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਕਾਤਲਾਂ ਨਾਲ ਸਬੰਧ ਰੱਖਣ ਵਾਲੇ ਸੂਬਾ ਸਰਹਿੰਦ , ਔਰੰਗਜੇਬ ਅਤੇ ਇੰਦਰਾਂ ਗਾਂਧੀ ਦੇ ਵਾਰਿਸ ਹਨ ।ਇਨ੍ਹਾਂ ਮਖੌਟਾਧਾਰੀਆਂ ਦੇ ਅਸਲ ਸੱਚ ਨੂੰ ਪਹਿਚਾਨਣਾ ਬਹੁਤ ਜ਼ਰੂਰੀ ਹੋ ਗਿਆ ਹੈ ।
ਖਾਲਸਾ ਜੀ , ਆਉ ਆਪਾਂ ਸਾਰੇ ਮਿਲ ਕੇ ਸਾਡੇ ਤੇ ਰਾਜ ਕਰ ਰਹੇ ਅਤੇ ਸਾਡੀਆਂ ਧਾਰਮਿਕ ਸੰਸਥਾਵਾਂ ਤੇ ਕਾਬਜ ਹੋ ਬੈਠੇ ਇਨ੍ਹਾਂ ਜ਼ਾਲਮ , ਲੁਟੇਰੇ ਅਤੇ ਅਧਰਮੀ ਲੋਕਾਂ ਤੋਂ ਇਸ ਧਰਤੀ ਨੂੰ ਅਤੇ ਸਾਡੀਆਂ ਧਾਰਮਿਕ ਸੰਸਥਾਵਾਂ ਨੂੰ ਆਜਾਦ ਕਰਵਾਈਏ । ਦੂਸਰੇ ਧਰਮਾਂ ਵਰਗਾਂ ਦੇ ਸੱਚ ਨੂੰ ਪਿਆਰ ਕਰਨ ਵਾਲੇ ਲੋਕਾਂ ਨੂੰ ਨਾਲ ਲੈ ਕੇ ਇਸ ਧਰਤੀ ਤੇ ਸੱਚ ਦੀ ਸਥਾਪਨਾ ਵੱਲ ਨੂੰ ਕਦਮ ਵਧਾਈਏ ਫਿਰ ਹੀ ਸਾਡੇ ਇਨ੍ਹਾਂ ਪਵਿੱਤਰ ਨਿਸ਼ਾਨੀਆਂ ਦੇ ਦਰਸ਼ਨ ਕਰਨੇ ਸਫ਼ਲ ਹੋਣਗੇ ।
ਇਸ ਧਰਤੀ ਤੇ ਸੱਚ ਦੇ ਰਾਜ ਸਥਾਪਨਾ ਦਾ ਚਾਹਵਾਨ
ਵੱਲੋਂ
ਸ. ਬਲਵੰਤ ਸਿੰਘ ਰਾਜੋਆਣਾ
ਕੋਠੀ ਨੰ: 16
ਮਿਤੀ 23-5-2015 ਕੇਂਦਰੀ ਜੇਲ੍ਹ ਪਟਿਆਲਾ
ਪੰਜਾਬ

Blog Archive

Dal Khalsa UK's Facebook Page