Dal Khalsa UK

Dal Khalsa UK

Dal Khalsa UK's Official Facebook Page Join Now!

Dal Khalsa UK on Facebook

Thursday, 3 November 2016

Jathedar Bhai Balwant Singh Rajoana Begins Hunger Strike

ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਜ ਮਾਸੰਦਾਂ ਵੱਲੋਂ ਕੀਤੇ ਗਏ ਧੋਖੇ ਦੇ ਕਾਰਣ ਕੇਂਦਰੀ ਗ੍ਰਹਿ ਮੰਤਰਾਲੇ ਮੇਰੀ ਸਜ਼ਾ ਨਾਲ ਸਬੰਧਿਤ ਫੈਸਲਾ ਲੈਣ ਵਿੱਚ ਬਿਨਾਂ ਕੋਈ ਕਾਰਣ ਦੱਸੇ ਕੀਤੀ ਜਾ ਰਹੀ ਬੇਲੋੜੀ ਦੇਰੀ ਦੇ ਰੋਸ ਵਜੋਂ ਮੈਂ ਅੱਜ 03-11-2016 ਤੋਂ ਆਪਣੀ ਭੁੱਖ ਹੜਤਾਲ ਸ਼ੁਰੂ ਕਰਦਾ ਹਾਂ ।

ਸਤਿਕਾਰਯੋਗ ਖਾਲਸਾ ਜੀਓ ,
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫ਼ਤਹਿ॥
ਸੱਭ ਤੋਂ ਪਹਿਲਾਂ ਮੈਂ ਸਮੁੱਚੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਉਸ ਅਕਾਲ-ਪੁਰਖ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ । ਖਾਲਸਾ ਜੀ , ਹਰ ਸਾਲ ਜਦੋਂ ਵੀ ਜੂਨ ਅਤੇ ਨਵੰਬਰ ਦਾ ਮਹੀਨਾ ਆਉਂਦਾ ਹੈ ਤਾਂ ਹਰ ਗੈਰਤਮੰਦ ਸਿੱਖ ਨੂੰ 1984 ਵਿੱਚ ਸਿੱਖ ਕੌਮ ਤੇ ਹੋਏ ਭਿਆਨਕ ਜ਼ੁਲਮ ਦੇ ਦਰਦ ਦੀ ਚੀਸ ਆਪਣੇ ਅੰਦਰ ਮਹਿਸੂਸ ਹੋਣ ਲੱਗ ਪੈਂਦੀ ਹੈ । ਦਿੱਲੀ ਦੇ ਤਖ਼ਤ ਤੇ ਬੈਠੇ ਉਸ ਸਮੇਂ ਦੇ ਕਾਂਗਰਸੀ ਹੁਕਮਰਾਨਾਂ ਵੱਲੋਂ ਸਿੱਖ ਮਾਨਸਿਕਤਾ ਨੂੰ ਦਿੱਤੇ ਜਖ਼ਮ ਰਿਸਣ ਲੱਗ ਪੈਂਦੇ ਹਨ । ਕਿ ਕਿਵੇਂ ਇਨ੍ਹਾਂ ਹੁਕਮਰਾਨਾਂ ਨੇ ਦੇਸ਼ ਦੀ ਸੱਤਾ ਤੇ ਕਾਬਜ ਹੋਣ ਲਈ ਇੱਕ ਸੋਚੀ ਸਮਝੀ ਸਾਜਿਸ਼ ਦੇ ਤਹਿਤ ਸਿੱਖ ਕੌਮ ਨੂੰ ਆਪਣੀਆਂ ਸ਼ਾਤਰ ਚਾਲਾਂ ਅਤੇ ਜ਼ੁਲਮ ਦਾ ਸ਼ਿਕਾਰ ਬਣਾਇਆ । ਪਹਿਲਾਂ ਸਿੱਖ ਧਰਮ ਤੇ ਟੈਕਾਂ ਅਤੇ ਤੋਪਾਂ ਨਾਲ ਹਮਲਾ ਕਰਕੇ ਹਜ਼ਾਰਾਂ ਨਿਰਦੋਸ਼ ਸਰਧਾਲੂਆਂ ਦਾ ਕਤਲੇਆਮ ਕੀਤਾ , ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਢਹਿ ਢੇਰੀ ਕੀਤਾ ਫਿਰ ਨਵੰਬਰ 1984 ਨੂੰ ਦਿੱਲੀ ਦੀਆਂ ਗਲੀਆਂ ਵਿੱਚ ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਕਤਲੇਆਮ ਕਰਕੇ , ਸਿੱਖਾਂ ਦੀਆਂ ਧੀਆਂ ਭੈਣਾਂ ਨਾਲ ਬਲਾਤਕਾਰ ਕਰਕੇ ਉਨ੍ਹਾਂ ਨੂੰ ਕੋਹ ਕੋਹ ਕੇ ਮਾਰ ਕੇ ਸਿੱਖ ਮਾਨਸਿਕਤਾ ਨੂੰ ਕਦੇ ਵੀ ਨਾ ਭਰਨ ਵਾਲੇ ਜਖ਼ਮ ਦਿੱਤੇ । ਇੰਨਾਂ ਹੁਕਮਰਾਨਾਂ ਨੇ ਸੰਵਿਧਾਨ ਦੀਆਂ ਖਾਧੀਆਂ ਕਸਮਾਂ ਨਾਲ ਧੋਖਾ ਕਰਕੇ ਕਾਤਲਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਨੂੰ ਸਜਾਵਾਂ ਦੇਣ ਦੀ ਬਜਾਏ ਉਨ੍ਹਾਂ ਨੂੰ ਉੱਚ ਅਹੁਦਿਆਂ ਨਾਲ ਸਨਮਾਨਿਤ ਕੀਤਾ । ਇਸ ਜ਼ੁਲਮ ਦਾ ਸ਼ਿਕਾਰ ਹੋਏ ਹਜ਼ਾਰਾਂ ਨਿਰਦੋਸ਼ ਸਿੱਖਾਂ ਦੀਆਂ ਰੂਹਾਂ ਅੱਜ 32 ਸਾਲਾਂ ਬਾਅਦ ਵੀ ਇਨਸਾਫ਼ ਲਈ ਦਰ ਦਰ ਭਟਕਦੀਆਂ ਫਿਰਦੀਆਂ ਮਹਿਸੂਸ ਹੁੰਦੀਆਂ ਹਨ
ਖਾਲਸਾ ਜੀ , ਦਿੱਲੀ ਦੇ ਤਖ਼ਤ ਤੇ ਬੈਠੇ ਉਸ ਸਮੇਂ ਦੇ ਕਾਂਗਰਸੀ ਹੁਕਮਰਾਨਾਂ ਵੱਲੋਂ ਸਿੱਖ ਕੌਮ ਤੇ ਕੀਤੇ ਭਿਆਨਕ ਜ਼ੁਲਮ , ਬੇਇਨਸਾਫ਼ੀਆਂ ਅਤੇ ਧੱਕੇਸਾਹੀਆਂ ਦੇ ਖਿਲਾਫ਼ ਕੌਮ ਦੀ ਅਣਖ ਅਤੇ ਗੈਰਤ ਲਈ , ਕੌਮੀ ਮਾਨ-ਸਨਮਾਨ ਲਈ ਆਪਣੇ ਗੁਰੁ ਦੇ ਉਪਦੇਸ਼ਾਂ ਨੂੰ ਮੰਨ ਕੇ ਹਜ਼ਾਰਾਂ ਸਿੱਖ ਨੌਜਵਾਨਾਂ ਨੇ ਹਥਿਆਰ ਚੁੱਕੇ ਅਤੇ ਆਪਣੇ ਕੌਮੀ ਫ਼ਰਜ ਅਦਾ ਕਰਦੇ ਹੋਏ ਜ਼ੁਲਮ ਦੇ ਖਿਲਾਫ਼ ਜੂਝਦੇ ਹੋਏ ਸ਼ਹੀਦ ਹੋ ਗਏ । ਦੂਜੇ ਪਾਸੇ ਸਿੱਖ ਕੌਮ ਦੇ ਰਾਜਸੀ ਅਤੇ ਧਾਰਮਿਕ ਆਗੂ ਆਪਣੇ ਕੌਮੀ ਫ਼ਰਜ ਅਦਾ ਕਰਨ ਵਿੱਚ ਅਤੇ ਕੌਮੀ ਇਨਸਾਫ਼ ਲੈਣ ਵਿੱਚ ਨਾਕਾਮ ਰਹੇ । ਕਿਸੇ ਇੱਕ ਵੀ ਕਾਤਲ ਨੂੰ ਗ੍ਰਿਫਤਾਰ ਨਹੀਂ ਕਰਵਾ ਸਕੇ । ਇਤਿਹਾਸ ਦੇ ਪੰਨਿਆਂ ਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਇਹ ਸਵਾਲ ਹਮੇਸ਼ਾਂ ਕਰਦੀਆਂ ਰਹਿਣਗੀਆਂ ਅਤੇ ਸਾਡੇ ਰਾਜਸੀ ਅਤੇ ਧਾਰਮਿਕ ਆਗੂਆਂ ਨੂੰ ਕਟਹਿਰੇ ਵਿੱਚ ਖੜ੍ਹਾ ਕਰਕੇ ਪੁੱਛਦੀਆਂ ਰਹਿਣਗੀਆਂ ਕਿ ਤੁਸੀਂ ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਕਾਤਲਾਂ ਨੂੰ ਗ੍ਰਿਫਤਾਰ ਕਰਵਾ ਕੇ ਸਜਾਵਾਂ ਕਿਉਂ ਨਹੀਂ ਦਿਵਾ ਸਕੇ ? ਤੁਸੀਂ ਇਸ ਜ਼ੁਲਮ ਦੇ ਅਤੇ ਬੇਇਨਸਾਫ਼ੀਆਂ ਦੇ ਖਿਲਾਫ਼ ਕੋਈ ਕੌਮੀ ਸ਼ੰਘਰਸ਼ ਕਿਉਂ ਨਹੀਂ ਕੀਤਾ ? ਕਿਹੜੇ ਕਾਰਣਾਂ ਕਰਕੇ ਤੁਸੀ ਆਪਣੇ ਕੌਮੀ ਫ਼ਰਜ ਅਦਾ ਕਰਨ ਤੋਂ ਮੁਨਕਰ ਹੋਏ?
ਖਾਲਸਾ ਜੀ , ਸੰਸਾਰ ਪੱਧਰ ਤੇ ਉਹੀ ਕੌਮਾਂ ਮਾਨ-ਸਨਮਾਨ ਹਾਸਿਲ ਕਰਦੀਆਂ ਹਨ ਜਿਹੜੀਆਂ ਆਪਣੇ ਹੱਕਾਂ ਅਤੇ ਫ਼ਰਜਾਂ ਪ੍ਰਤੀ ਪੂਰੀ ਤਰ੍ਹਾਂ ਸੁਚੇਤ ਰਹਿੰਦੀਆਂ ਹਨ । ਆਪਣੇ ਹੱਕਾਂ ਦੀ ਪ੍ਰਾਪਤੀ ਲਈ ਹਮੇਸ਼ਾਂ ਸ਼ੰਘਰਸ਼ਸੀਲ ਅਤੇ ਯਤਨਸ਼ੀਲ ਰਹਿੰਦੀਆਂ ਹਨ। ਇਹ ਸਾਡੀ ਕੌਮ ਦੀ ਤਰਾਸਦੀ ਹੈ ਕਿ ਸਾਡੀ ਕੌਮ ਦੇ ਰਾਜਸੀ ਆਗੂ ਆਪਣੇ ਕੌਮੀ ਫ਼ਰਜ ਅਦਾ ਕਰਨ ਦੀ ਬਜਾਏ ਆਪਣੇ ‐ਆਪਣੇ ਕਾਰੋਬਾਰਾਂ ਦੀ ਫਿਕਰ ਜਿਆਦਾ ਕਰਦੇ ਹਨ । ਸਾਡੀ ਕੌਮ ਦੇ ਧਾਰਮਿਕ ਆਗੂ ਆਪਣੇ ਕੌਮੀ ਫ਼ਰਜ ਅਦਾ ਕਰਨ ਦੀ ਬਜਾਏ ਇੰਨਾਂ ਕਾਰੋਬਾਰੀ ਰਾਜਸੀ ਆਗੂਆਂ ਦੀ ਚਾਕਰੀ ਕਰਨ ਵਿੱਚ ਵੱਧ ਮਾਣ ਮਹਿਸੂਸ ਕਰਦੇ ਹਨ । ਸਾਡੀ ਕੌਮ ਦੇ ਰਾਜਸੀ ਅਤੇ ਧਾਰਮਿਕ ਆਗੂ ਆਪਣੀ ‐ਆਪਣੀ ਸੱਤਾ ਅਤੇ ਚੌਧਰ ਕਾਇਮ ਰੱਖਣ ਲਈ ਸਿੱਖ ਕੌਮ ਦੀਆਂ ਭਾਵਨਾਵਾਂ ਨਾਲ ਤਰ੍ਹਾਂ ਤਰ੍ਹਾਂ ਦੀਆਂ ਖੇਡਾਂ ਖੇਡਣ ਵਿੱਚ ਵਿਅਸਥ ਹਨ ।
ਖਾਲਸਾ ਜੀ , ਸਾਡੀ ਕੌਮ ਦੇ ਇਹ ਰਾਜਸੀ ਅਤੇ ਧਾਰਮਿਕ ਆਗੂ ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਕਾਤਲਾਂ ਨੂੰ ਗ੍ਰਿਫਤਾਰ ਨਹੀਂ ਕਰਵਾ ਸਕੇ ਅਤੇ ਕੌਮ ਦੇ ਮਾਨ-ਸਨਮਾਨ ਲਈ ਸ਼ੰਘਰਸ ਕਰਨ ਵਾਲੇ ਸਿੱਖ ਨੋਜਵਾਨਾਂ ਨੂੰ ਰਿਹਾਅ ਨਹੀਂ ਕਰਵਾ ਸਕੇ । ਇਸ ਦੇਸ਼ ਵਿੱਚ ਪਿੰਕੀ ਕੈਟ ਵਰਗੇ ਲੋਕਾਂ ਦੀ ਉਮਰ ਕੈਦ 7 ਸਾਲ ਵਿੱਚ ਪੂਰੀ ਹੋ ਜਾਂਦੀ ਹੈ , ਹੋਰ ਘਿਨੌਣੇ ਤੋਂ ਘਿਨੌਣਾ ਜ਼ੁਰਮ ਕਰਨ ਵਾਲੇ ਲੋਕਾਂ ਦੀ ਉਮਰਕੈਦ ਕਿਸੇ ਦੀ 10 ਸਾਲਾਂ ਵਿੱਚ , ਕਿਸੇ ਦੀ 12 ਸਾਲਾਂ ਵਿੱਚ ਬਾਕੀ ਸਾਰਿਆਂ ਦੀ 14 ਸਾਲਾਂ ਵਿੱਚ ਪੂਰੀ ਹੋ ਜਾਂਦੀ ਹੈ । ਸਾਡੇ ਇੰਨਾਂ ਰਾਜਸੀ ਅਤੇ ਧਾਰਮਿਕ ਆਗੂਆਂ ਦੇ ਆਪਣੇ ਕੌਮੀ ਫ਼ਰਜਾਂ ਤੋਂ ਮੁਨਕਰ ਹੋਣ ਦੇ ਕਾਰਣ ਕੌਮੀ ਮਾਨ ‐ਸਨਮਾਨ ਲਈ ਸ਼ੰਘਰਸ ਕਰਨ ਵਾਲੇ ਸਿੱਖ ਨੌਜਵਾਨਾਂ ਦੀ ਉਮਰ ਕੈਦ 20-20 ਅਤੇ 25-25 ਸਾਲਾਂ ਬਾਅਦ ਵੀ ਪੂਰੀ ਨਹੀਂ ਹੋ ਰਹੀ । ਇਹ ਗੱਲ ਸਾਡੇ ਕੌਮੀ ਆਗੂਆਂ ਦੀ ਕਾਤਲਾਂ ਨਾਲ ਮਿਲੀ ਭੁਗਤ ਹੋਣ ਵੱਲ ਇਸ਼ਾਰਾ ਕਰਦੀ ਹੈ । ਜਿੰਨਾ ਰਾਜਸੀ , ਧਾਰਮਿਕ ਅਤੇ ਧੋਖੇਬਾਜ ਸ਼ੰਘਰਸੀ ਲੋਕਾਂ ਨੂੰ ਸਿੱਖ ਕੌਮ ਆਪਣਾ ਰਹਿਬਰ ਸਮਝ ਬੈਠਦੀ ਹੈ ਅਸਲ ਵਿੱਚ ਇਹੀ ਲੋਕ ਕੌਮ ਨੂੰ ਮਿਲਣ ਵਾਲੇ ਇਨਸਾਫ਼ ਅਤੇ ਕੌਮ ਦੀ ਚੜ੍ਹਦੀ ਕਲਾ ਵਿਚਲਾ ਫਾਸਲਾ ਹਨ ।
ਖਾਲਸਾ ਜੀ , ਕੌਮੀ ਮਾਨ-ਸਨਮਾਨ ਦੇ ਸ਼ੰਘਰਸ ਵਿੱਚ ਸਾਮਿਲ ਹੋਣ ਅਤੇ ਇਸ ਦੌਰਾਨ ਗ੍ਰਿਫਤਾਰ ਹੋਣ ਤੋਂ ਬਾਅਦ ਮੈਂ ਅਦਾਲਤ ਵਿੱਚ ਖੜ੍ਹ ਕੇ ਆਪਣਾ ਕੇਸ ਲੜ੍ਹਨ ਤੋਂ ਇਨਕਾਰ ਕਰਕੇ ਆਪਣੇ ਵੱਲੋਂ ਕੀਤੇ ਹੋਏ ਕੰਮ ਨੂੰ ਸਵੀਕਾਰ ਕੀਤਾ ਅਤੇ ਅਦਾਲਤ ਨੂੰ ਦੱਸਿਆ ਕਿ ਇਹ ਸੱਭ ਅਸੀਂ ਕਿਉਂ ਕੀਤਾ । ਮੈਂ ਅਦਾਲਤ ਦੇ ਹਰ ਪੰਨੇ ਤੇ ਸਿੱਖ ਕੌਮ ਤੇ ਹੋਏ ਜ਼ੁਲਮ , ਬੇਇਨਸਾਫ਼ੀਆਂ ਅਤੇ ਧੱਕੇਸ਼ਾਹੀਆਂ ਨੂੰ ਦਰਜ ਕਰਵਾਉਂਦਾ ਹੋਇਆ ਅਤੇ ਦੇਸ਼ ਦੇ ਹੁਕਮਰਾਨਾਂ ਨੂੰ ਸੰਬੋਧਨ ਹੋ ਕੇ ਕੌਮੀ ਦਰਦ ਦਾ ਅਹਿਸਾਸ ਕਰਵਾਉਂਦਾ ਹੋਇਆ ਜ਼ਾਲਮ ਹੁਕਮਰਾਨਾਂ ਦੇ ਜ਼ੁਲਮ ਦਾ ਸ਼ਿਕਾਰ ਹੋਏ ਹਜ਼ਾਰਾਂ ਨਿਰਦੋਸ਼ ਸਿੱਖਾਂ ਨੂੰ ਆਪਣੇ ਵੱਲੋਂ ਸਰਧਾ ਦੇ ਫੁੱਲ ਭੇਟ ਕਰਨ ਦੀ ਨਿਮਾਣੀ ਜਿਹੀ ਕੋਸ਼ਿਸ ਕਰ ਰਿਹਾ ਹਾਂ ਅਤੇ ਦੇਸ਼ ਦੇ ਹੁਕਮਰਾਨਾਂ ਵੱਲੋਂ ਸੁਣਾਏ ਜਾਣ ਵਾਲੇ ਆਖ਼ਰੀ ਫ਼ੈਸਲੇ ਦਾ ਇੰਤਜਾਰ ਕਰ ਰਿਹਾ ਹਾਂ ।
ਖਾਲਸਾ ਜੀ , ਅਦਾਲਤ ਵੱਲੋਂ ਮੈਨੂੰ ਦਿੱਤੀ ਫਾਂਸੀ ਦੀ ਸਜ਼ਾ ਦੇ ਖਿਲਾਫ਼ ਮੈਂ ਕੌਮੀ ਰੋਸ ਵਜੋਂ ਇਹ ਕਹਿ ਕੇ ਕੋਈ ਵੀ ਅਪੀਲ ਬੇਨਤੀ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਕਿ ਜਿਹੜੀਆਂ ਅਦਾਲਤਾਂ ਨੂੰ ਅਤੇ ਦੇਸ਼ ਦੇ ਜਿਹੜੇ ਹੁਕਮਰਾਨਾਂ ਨੂੰ ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਕਾਤਲ ਨਜ਼ਰ ਨਹੀਂ ਆਉਂਦੇ ਜਾਂ ਜਿਹੜਾ ਕਾਨੂੰਨ ਇੰਨ੍ਹਾਂ ਕਾਤਲਾਂ ਤੇ ਲਾਗੂ ਨਹੀਂ ਹੁੰਦਾ ਮੈਂ ਉਸ ਅੱਗੇ ਕੋਈ ਅਪੀਲ ਕਿਉਂ ਕਰਾਂ ? ਮਾਰਚ 2012 ਵਿੱਚ ਮੇਰੀ ਫਾਂਸੀ ਦੀ ਤਾਰੀਕ ਤਹਿ ਹੋਣ ਤੋਂ ਬਾਅਦ ਕੌਮੀ ਇਨਸਾਫ਼ ਲਈ ਖਾਲਸਾ ਪੰਥ ਵੱਲੋਂ ਕੀਤੇ ਸ਼ੰਘਰਸ ਦੇ ਰੋਹ ਨੂੰ ਦੇਖਦੇ ਹੋਏ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੇਰੀ ਇਜਾਜਤ ਅਤੇ ਸਹਿਮਤੀ ਤੋਂ ਬਿਨਾਂ ਹੀ ਦਾਇਰ ਕੀਤੀ ਪਟੀਸ਼ਨ ਤੇ ਉਸ ਸਮੇਂ ਦੇ ਰਾਸ਼ਟਰਪਤੀ ਨੇ 28 ਮਾਰਚ 2012 ਨੂੰ ਮੇਰੀ ਫਾਂਸੀ ਦੀ ਸਜਾ ਤੇ ਅਣਮਿੱਥੇ ਸਮੇਂ ਲਈ ਰੋਕ ਲਗਾ ਦਿੱਤੀ ਸੀ । ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਪਟੀਸ਼ਨ ਦਾਇਰ ਕਰਨ ਤੋਂ ਬਾਅਦ ਇਸ ਪਟੀਸ਼ਨ ਤੇ ਸੁਣਵਾਈ ਲਈ ਅਤੇ ਇਸ ਤੇ ਫੈਸਲਾ ਲੈਣ ਲਈ ਅੱਜ ਤੱਕ ਕੋਈ ਉਪਰਾਲਾ ਨਹੀਂ ਕੀਤਾ ਗਿਆ । ਜੇਕਰ ਇਨ੍ਹਾਂ ਮਾਸੰਦਾਂ ਨੇ ਇਸ ਪਟੀਸ਼ਨ ਦੀ ਪੈਰਵੀ ਕਰਨੀ ਹੀ ਨਹੀਂ ਸੀ ਤਾਂ ਫਿਰ ਇੰਨਾਂ ਨੂੰ ਇਹ ਪਟੀਸ਼ਨ ਦਾਇਰ ਹੀ ਨਹੀਂ ਸੀ ਕਰਨੀ ਚਾਹੀਦੀ ਕਿਉਂਕਿ ਅਜਿਹਾ ਕਰਨਾ ਤਾਂ ਫਿਰ ਕੌਮੀ ਭਾਵਨਾਵਾਂ ਨਾਲ ਧੋਖਾ ਕਰਨਾ ਹੈ ।
ਖਾਲਸਾ ਜੀ , ਖਾਲਸਾ ਪੰਥ ਨੇ ਹਮੇਸ਼ਾਂ ਸੱਚ ਲਈ , ਕੌਮੀ ਹੱਕਾਂ ਲਈ ਅਤੇ ਕੌਮੀ ਇਨਸਾਫ਼ ਲਈ ਆਪਣੀ ਆਵਾਜ਼ ਬੁਲੰਦ ਕੀਤੀ ਹੈ । ਚਾਹੇ 1989 ਦੀਆਂ ਲੋਕ ਸਭਾ ਦੀਆਂ ਚੋਣਾਂ ਹੋਣ , ਚਾਹੇ ਮਾਰਚ 2012 ਦਾ ਕੇਸਰੀ ਵਰਤਾਰਾ ਹੋਵੇ ਜਾਂ “ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ” ਦੀ ਥਾਂ ਥਾਂ ਹੋ ਰਹੀ ਬੇਅਦਬੀ ਦੇ ਰੋਸ ਵਜੋਂ ਸੜਕਾਂ ਜਾਮ ਕਰਕੇ ਕੀਤਾ ਗਿਆ ਸ਼ੰਘਰਸ ਹੋਵੇ । ਪਰ ਇਹ ਸਾਰੇ ਸ਼ੰਘਰਸ ਹਮੇਸ਼ਾਂ ਹੀ ਸਾਡੇ ਧਾਰਮਿਕ ਅਤੇ ਰਾਜਸੀ ਆਗੂਆਂ ਦੇ ਧੋਖੇ ਦਾ ਸ਼ਿਕਾਰ ਹੁੰਦੇ ਰਹੇ ਹਨ । ਹਰ ਸਾਲ ਨਵੰਬਰ ਦਾ ਪਹਿਲਾਂ ਹਫਤਾ ਜਿੱਥੇ ਦਿੱਲੀ ਦੇ ਤਖ਼ਤ ਤੇ ਬੈਠੇ ਉਸ ਸਮੇਂ ਦੇ ਕਾਂਗਰਸੀ ਹੁਕਮਰਾਨਾਂ ਵੱਲੋਂ ਸਿੱਖ ਮਾਨਸਿਕਤਾ ਨੂੰ ਦਿੱਤੇ ਗਹਿਰੇ ਜਖ਼ਮਾਂ ਦੀ ਯਾਦ ਦਿਵਾਉਂਦਾ ਹੈ ਉਥੇ ਇਹ ਦਿਨ ਕੌਮੀ ਇਨਸਾਫ਼ ਨਾ ਲੈ ਸਕਣ ਕਾਰਣ ਸਾਡੀ ਹੋਈ ਕੌਮੀ ਹਾਰ ਵੱਲ ਵੀ ਇਸ਼ਾਰਾ ਕਰਦੇ ਹਨ । ਵੱਡੇ ‐ਵੱਡੇ ਚੋਲੇ ਪਾ ਕੇ ਤਿੰਨ ਫੁੱਟ ਦੀ ਕਿਰਪਾਨ ਹੱਥ ਵਿੱਚ ਫੜ੍ਹ ਕੇ ਅਤੇ ਮੁੱਛਾਂ ਖੜ੍ਹੀਆਂ ਕਰਕੇ ਵਿਚਰਦੇ ਸਾਡੇ ਧਾਰਮਿਕ ਅਤੇ ਰਾਜਸੀ ਆਗੂਆਂ ਨੂੰ ਲਾਹਣਤਾਂ ਵੀ ਪਾਉਂਦੇ ਹਨ ।
ਖਾਲਸਾ ਜੀ , ਦੇਸ਼ ਦੇ ਹੁਕਮਰਾਨਾਂ ਵੱਲੋਂ , ਕਾਨੂੰਨੀ ਅਤੇ ਨਿਆਂਇਕ ਸਿਸਟਮ ਵੱਲੋਂ ਅਪਣਾਏ ਜਾਂਦੇ ਦੋਹਰੇ ਮਾਪਦੰਡਾਂ ਦੇ ਕਾਰਣ ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਕਾਤਲਾਂ ਨੂੰ 32 ਸਾਲਾਂ ਬਾਅਦ ਵੀ ਗ੍ਰਿਫਤਾਰ ਕਰਕੇ ਕਿਸੇ ਵੀ ਜੇਲ੍ਹ ਵਿੱਚ ਨਹੀਂ ਭੇਜਿਆ ਗਿਆ । ਜਦੋਂ ਕਿ ਮੈਂ ਪਿਛਲੇ 21 ਸਾਲਾਂ ਤੋਂ ਜੇਲ੍ਹ ਵਿੱਚ ਬੰਦ ਹਾਂ ਅਤੇ ਦੇਸ਼ ਦੇ ਹੁਕਮਰਾਨਾਂ ਵੱਲੋਂ ਸੁਣਾਏ ਜਾਣ ਵਾਲੇ ਫੈਸਲੇ ਦਾ ਇੰਤਜ਼ਾਰ ਕਰ ਰਿਹਾ ਹਾਂ । ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਜ ਮਾਸੰਦਾਂ ਵੱਲੋਂ ਕੀਤੇ ਗਏ ਧੋਖੇ ਦੇ ਕਾਰਣ ਕੇਂਦਰੀ ਗ੍ਰਹਿ ਮੰਤਰਾਲੇ ਮੇਰੀ ਸਜ਼ਾ ਨਾਲ ਸਬੰਧਿਤ ਫੈਸਲਾ ਲੈਣ ਵਿੱਚ ਬਿਨਾਂ ਕੋਈ ਕਾਰਣ ਦੱਸੇ ਕੀਤੀ ਜਾ ਰਹੀ ਬੇਲੋੜੀ ਦੇਰੀ ਦੇ ਰੋਸ ਵਜੋਂ ਮੈਂ ਅੱਜ ਤੋਂ ਆਪਣੀ ਭੁੱਖ ਹੜਤਾਲ ਸ਼ੁਰੂ ਕਰਦਾ ਹਾਂ । ਮੇਰੀ ਇਹ ਹੜਤਾਲ ਫੈਸਲਾ ਹੋਣ ਤੱਕ ਜਾਂ ਇਸ ਸਬੰਧੀ ਕੋਈ ਸਮਾਂ ਸੀਮਾ ਤਹਿ ਹੋਣ ਤੱਕ ਜਾਂ ਫਿਰ ਮਰਨ ਤੱਕ ਜਾਰੀ ਰਹੇਗੀ । ਇਸ ਸ਼ੰਘਰਸ ਦੇ ਦੌਰਾਨ ਜੇਕਰ ਮੇਰੀ ਮੌਤ ਹੁੰਦੀ ਹੈ ਤਾਂ ਮੇਰੀ ਮੌਤ ਤੁਹਾਨੂੰ ਕੌਮੀ ਇਨਸਾਫ਼ ਲਈ ਆਪਣੇ ਬਣਦੇ ਫ਼ਰਜ ਅਦਾ ਕਰਨ ਦਾ ਸੁਨੇਹਾ ਦੇਵੇਗੀ ਅਤੇ ਕੌਮੀ ਗੱਦਾਰਾਂ ਦੀ ਪਹਿਚਾਣ ਵੀ ਕਰਵਾਏਗੀ । ਮੇਰਾ ਕਿਸੇ ਵੀ ਰਾਜਨੀਤਿਕ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ । ਮੇਰਾ ਇਹ ਸ਼ੰਘਰਸ ਕੌਮੀ ਇਨਸਾਫ਼ ਲਈ ਕੌਮੀ ਹੱਕਾਂ ਅਤੇ ਕੌਮੀ ਮਾਨ-ਸਨਮਾਨ ਲਈ ਹੈ । ਹਮੇਸ਼ਾਂ ਹੀ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਵਿੱਚ ਦੇਖਣ ਦਾ ਚਾਹਵਾਨ
ਮਿਤੀ 3-11-2016 ਤੁਹਾਡਾ ਆਪਣਾ
ਬਲਵੰਤ ਸਿੰਘ ਰਾਜੋਆਣਾ
ਕੋਠੀ ਨੰ: 16
ਕੇਂਦਰੀ ਜੇਲ੍ਹ ਪਟਿਆਲਾ ਪੰਜਾਬ


Blog Archive

Dal Khalsa UK's Facebook Page

About Us

My photo

Dal Khalsa UK - Dal Khalsa International's unit in Britain working for the Sikh Rights,Right to Self Determination - Khalistan,Justice & educating the Sikh Nation as well as others
Mission
Independence & Sovereignty Of The Sikh Nation - Khalistan

#iPledgeKhalistan #Rajoana #Khalistan